ਮਖਮਲੀ ਮਿਠਾਸ ਸੁਮਨ ਕਲਿਆਣਪੁਰ

ਸੁਰਿੰਦਰ ਸਿੰਘ ਤੇਜ
ਫੋਨ: 91-98555-01488
ਸੁਮਨ ਉਨ੍ਹਾਂ ਗਾਇਕਾਵਾਂ ਵਿਚ ਸ਼ੁਮਾਰ ਸੀ ਜਿਨ੍ਹਾਂ ਲਈ ਲਤਾ ਯੁੱਗ ਗ੍ਰਹਿਣ ਸਾਬਤ ਹੋਇਆ। ਉਸ ਦੀ ਆਵਾਜ਼ ਵਿਚ ਲਤਾ ਜਿੰਨੀ ਪੇਸ਼ੇਵਾਰਾਨਾ ਪੁਖ਼ਤਗੀ ਤਾਂ ਨਹੀਂ ਸੀ ਪਰ ਇਸ ਅੰਦਰਲੀ ਮਖ਼ਮਲੀ ਮਿਠਾਸ ਲਤਾ ਵਾਲੀ ਮਿਠਾਸ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸੀ। ਇਹੀ ਉਸ ਦਾ ਦੁਖਾਂਤ ਵੀ ਸੀ। ਉਸ ਵੱਲੋਂ ਗਾਏ ਗੀਤ ਬਹੁਤੀ ਵਾਰ ਲਤਾ ਵੱਲੋਂ ਗਾਏ ਸਮਝ ਲਏ ਜਾਂਦੇ ਸਨ। ਲਤਾ ਦੀ ਆਵਾਜ਼ ਨਾਲ ਇਹੋ ਸਮਾਨਤਾ ਅਤੇ ਲਤਾ ਸ਼ੈਲੀ ਵਿਚ ਹੀ ਗਾਇਕੀ ਦਾ ਅੰਦਾਜ਼ ਸੁਮਨ ਨੂੰ ਹਿੰਦੀ ਫ਼ਿਲਮ ਜਗਤ ਵਿਚ ਸਹੀ ਮੁਕਾਮ ਨਾ ਦਿਵਾ ਸਕਿਆ। ਲਤਾ ਦੀ ਗਾਇਕੀ ਤੋਂ ਕਾਇਲ ਹੋਏ ਸੰਗੀਤਕਾਰਾਂ ਨੂੰ ਸੁਮਨ ਦੀ ਲੋੜ ਉਸ ਸਮੇਂ ਭਾਸੀ, ਜਦੋਂ ਉਨ੍ਹਾਂ ਦੀ ਲਤਾ ਨਾਲ ਕਿਸੇ ਗੱਲੋਂ ਜਾਂ ਤਾਂ ਅਣਬਣ ਹੋ ਗਈ ਤੇ ਜਾਂ ਫਿਰ ਲਤਾ ਰਿਕਾਰਡਿੰਗ ਲਈ ਸਮਾਂ ਦੇਣ ਤੋਂ ਇਨਕਾਰੀ ਹੋਈ।
ਦੂਜੇ ਪਾਸੇ, ਸ਼ਾਇਦ ਸੁਮਨ ਦੀ ਆਪਣੀ ਸ਼ਖ਼ਸੀਅਤ ਦੀਆਂ ਵੀ ਕੁਝ ਅਜਿਹੀਆਂ ਸੀਮਾਵਾਂ ਸਨ ਜਿਨ੍ਹਾਂ ਕਰ ਕੇ ਉਸ ਨੂੰ ਕਿਸੇ ਵੀ ਵੱਡੇ ਸੰਗੀਤਕਾਰ ਦੀ ਸਰਪ੍ਰਸਤੀ ਹਾਸਲ ਨਹੀਂ ਹੋਈ। ਇਸ ਦਾ ਖ਼ਮਿਆਜ਼ਾ ਉਸ ਨੂੰ ਆਪਣੇ ਪੂਰੇ ਕਰੀਅਰ ਦੌਰਾਨ ਭੁਗਤਣਾ ਪਿਆ। ਆਸ਼ਾ ਭੌਂਸਲੇ ਇਸ ਪੱਖੋਂ ਵੱਧ ਖ਼ੁਸ਼ਕਿਸਮਤ ਰਹੀ। ਉਸ ਨੂੰ ਓਂਕਾਰ ਪ੍ਰਸਾਦ (ਓæਪੀæ) ਨਈਅਰ ਨੇ ਆਪਣੇ ਗੀਤਾਂ ਦੀ ਆਵਾਜ਼ ਬਣਾ ਲਿਆ। ਓæਪੀæ ਤੋਂ ਪਹਿਲਾਂ ਸਚਿਨ ਦੇਵ ਬਰਮਨ ਨੇ ਲਤਾ ਮੰਗੇਸ਼ਕਰ ਨਾਲ ਆਪਣੀ ਨਾਰਾਜ਼ਗੀ ਦੇ ਚਾਰ ਸਾਲਾਂ (1957-61) ਦੌਰਾਨ ਆਸ਼ਾ ਦੀ ਆਵਾਜ਼ ਦੀ ਵੰਨ-ਸੁਵੰਨਤਾ ਨੂੰ ਨਵਾਂ ਰੂਪ ਦਿੰਦਿਆਂ ‘ਲਾਜਵੰਤੀ’, ‘ਕਾਲ਼ਾ ਪਾਣੀ’ ਤੇ ‘ਸੁਜਾਤਾ’ ਦੇ ਗੀਤਾਂ ਰਾਹੀਂ ਅਮਰਤਾ ਬਖ਼ਸ਼ੀ। ਅਜਿਹੀ ਸਰਪ੍ਰਸਤੀ ਸੁਮਨ ਦੇ ਹਿੱਸੇ ਨਹੀਂ ਆਈ, ਹਾਲਾਂਕਿ ਦਾਦਾ ਬਰਮਨ, ਰੌਸ਼ਨ, ਸ਼ੰਕਰ ਜੈਕਿਸ਼ਨ, ਸੱਜਾਦ ਹੁਸੈਨ, ਹੇਮੰਤ ਕੁਮਾਰ ਅਤੇ ਲਤਾ ਦੇ ਮੂੰਹ-ਬੋਲੇ ਭਰਾ ਮਦਨ ਮੋਹਨ ਨੇ ਸੁਮਨ ਤੋਂ ਕੁਝ ਅਮਰ ਗੀਤ ਜ਼ਰੂਰ ਗਵਾਏ। 1962 ਵਿਚ ਬਣੀ ਫ਼ਿਲਮ ‘ਬਾਤ ਏਕ ਰਾਤ ਕੀ’ ਦਾ ਗੀਤ ‘ਨਾ ਤੁਮ ਹਮੇਂ ਜਾਨੋ, ਨਾ ਹਮ ਤੁਮ੍ਹੇ ਜਾਨੇਂ’ ਜਾਂ ‘ਯਿਹ ਕਿਸ ਨੇ ਗੀਤ ਛੇੜਾ’ (ਮੇਰੀ ਸੂਰਤ ਤੇਰੀ ਆਂਖੇ, 1963) ਦਾਦਾ ਬਰਮਨ ਦੇ ਪਸੰਦੀਦਾ ਗੀਤਾਂ ਵਿਚ ਸ਼ੁਮਾਰ ਸਨ ਪਰ ਜਿਉਂ ਹੀ ਲਤਾ ਨਾਲ ਗਿਲੇ-ਸ਼ਿਕਵੇ ਦੂਰ ਹੋਏ, ਸੁਮਨ ਡੰਪ ਕਰ ਦਿੱਤੀ ਗਈ।
ਇਹ ਸੁਮਨ ਦੀ ਫਰਾਖ਼ਦਿਲੀ ਹੈ ਕਿ ਲਤਾ ਨਾਲ ਤੁਲਨਾ ਕੀਤੇ ਜਾਣ ਨੂੰ ਉਹ ਹੁਣ ਵੀ ਆਪਣੇ ਲਈ ਸਨਮਾਨ ਮੰਨਦੀ ਹੈ। 740 ਹਿੰਦੀ, ਮਰਾਠੀ, ਬੰਗਲਾ, ਗੁਜਰਾਤੀ, ਭੋਜਪੁਰੀ ਤੇ ਪੰਜਾਬੀ ਗੀਤ ਗਾ ਚੁੱਕੀ ਸੁਮਨ ਨੂੰ ਇਸ ਗੱਲ ‘ਤੇ ਵੀ ਸ਼ਿਕਵਾ ਨਹੀਂ ਕਿ ਪੁਖ਼ਤਾ ਸੋਲੋ ਗਾਇਕਾ ਹੋਣ ਦੇ ਬਾਵਜੂਦ ਉਹ ਹਿੰਦੀ ਫ਼ਿਲਮਾਂ ਵਿਚ ਮਹਿਜ਼ ‘ਡਿਊਟ ਕੁਈਨ’ ਬਣ ਕੇ ਰਹਿ ਗਈ। 1937 ਵਿਚ ਢਾਕਾ ਦੇ ਇਕ ਬੰਗਾਲੀ ਪਰਿਵਾਰ ਵਿਚ ਜਨਮੀ ਸੁਮਨ ਦੇ ਮਾਤਾ-ਪਿਤਾ 1943 ਵਿਚ ਬੰਬਈ ਆ ਗਏ। ਉਥੇ ਉਸ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਅਤੇ 17 ਸਾਲਾਂ ਦੀ ਉਮਰ ਵਿਚ ਮਰਾਠੀ ਮੁੰਡੇ ਰਾਮਾਨੰਦ ਐਸ਼ ਕਲਿਆਣਪੁਰ ਨਾਲ ਵਿਆਹੀ ਗਈ। ਇਸੇ ਸਾਲ (1954) ਵਿਚ ਉਸ ਨੂੰ ਫ਼ਿਲਮ ‘ਦਰਵਾਜ਼ਾ’ ਵਿਚ ਤਲਤ ਮਹਿਮੂਦ ਨਾਲ ਦੋਗਾਣਾ ਗਾਉਣ ਦਾ ਮੌਕਾ ਮਿਲਿਆ। ਇਸ ਫ਼ਿਲਮ ਦੇ ਸੰਗੀਤਕਾਰ ਨੌਸ਼ਾਦ ਸਨ। ਇਸ ਮਗਰੋਂ ਜਿਨ੍ਹਾਂ ਫ਼ਿਲਮਾਂ ਵਿਚ ਸੁਮਨ ਨੇ ਸੋਲੋ ਗੀਤ ਗਾਏ, ਉਨ੍ਹਾਂ ਵਿਚ ਮੰਗੂ (1954), ਦਿਲ ਏਕ ਮੰਦਿਰ (1963), ਬਾਤ ਏਕ ਰਾਤ ਕੀ (1962), ਦਿਲ ਹੀ ਤੋ ਹੈ (1963), ਸ਼ਗੁਨ (1964), ਜਹਾਂ ਆਰਾ, ਸਾਂਝ ਔਰ ਸਵੇਰਾ, ਨੂਰ ਜਹਾਂ, ਸਾਥੀ ਅਤੇ ਪਾਕੀਜ਼ਾ ਸ਼ਾਮਲ ਹਨ। ਉਹ 1981 ਤੱਕ ਸਰਗਰਮ ਰਹੀ ਅਤੇ ਫ਼ਿਲਮ ‘ਕਸ਼ਿਸ਼’ ਲਈ ਆਖ਼ਰੀ ਗੀਤ ਗਾਇਆ।
ਹਿੰਦੀ ਫ਼ਿਲਮਾਂ ਵਿਚ ਸਰਗਰਮ ਪੰਜਾਬੀ ਸੰਗੀਤਕਾਰਾਂ- ਐਸ਼ ਮਹਿੰਦਰ, ਹੰਸ ਰਾਜ ਬਹਿਲ, ਐਸ਼ ਮਦਨ ਅਤੇ ਸਰਦੂਲ ਕਵਾਤੜਾ ਨੇ ਸੁਮਨ ਤੋਂ ਦਰਜਨਾਂ ਗੀਤ ਗਵਾਏ। ਐਸ਼ ਮਹਿੰਦਰ ਦੀਆਂ ਫ਼ਿਲਮਾਂ ‘ਸਰਫਰੋਸ਼’, ‘ਜ਼ਰਕ ਖ਼ਾਨ’ ਤੇ ‘ਬੇਖ਼ਬਰ’ ਵਿਚ ਸਾਰੇ ਸੋਲੋ ਗੀਤ ਸੁਮਨ ਦੀ ਆਵਾਜ਼ ਵਿਚ ਸਨ। 1960ਵਿਆਂ ਵਿਚ ਸੁਮਨ ਨੇ ਪੰਜਾਬੀ ਫ਼ਿਲਮਾਂ ਵਿਚ ਵੀ ਗੀਤ ਗਾਏ ਜਿਨ੍ਹਾਂ ਵਿਚੋਂ ‘ਰਾਹੇ ਰਾਹੇ ਜਾਂਦਿਆ ਰਾਹੀਆ, ਮੇਰੀ ਗੱਲ ਸਮਝਾਉਂਦਾ ਜਾ’ (ਲਾਡੋ ਰਾਣੀ, ਐਸ਼ ਮਹਿੰਦਰ), ‘ਉਸ ਪੰਛੀ ਨਾਲ ਕੀ ਨੇਹਾ ਲਾਉਣਾ, ਜਿਸ ਨੇ ਹੈ ਉੱਡ ਜਾਣਾ’ (ਸਤਲੁਜ ਦੇ ਕੰਢੇ, ਹੰਸ ਰਾਜ ਬਹਿਲ), ‘ਲੰਮੀਆਂ ਤੇ ਕਾਲ਼ੀਆਂ ਚੰਨ ਵੇ ਰਾਤਾਂ’ (ਦੋ ਲੱਛੀਆਂ, ਹੰਸ ਰਾਜ ਬਹਿਲ) ਸੱਚਮੁੱਚ ਹੀ ਯਾਦਗਾਰੀ ਕਹੇ ਜਾ ਸਕਦੇ ਹਨ। ਇਨ੍ਹਾਂ ਗੀਤਾਂ ਵਿਚ ਕਿਤੇ ਵੀ ਪੰਜਾਬੀ ਨਾ ਹੋਣ ਦਾ ਪ੍ਰਭਾਵ ਹੀ ਨਹੀਂ ਦਿੰਦੀ। ਅਜਿਹੀ ਸਮਰਪਿਤ ਕਲਾਕਾਰ ਨੂੰ ਕਿਸੇ ਦਾ ‘ਬਦਲ’ ਕਹਿਣਾ ਇਸੇ ਲਈ ਦੁਖਦਾਈ ਜਾਪਦਾ ਹੈ।

Be the first to comment

Leave a Reply

Your email address will not be published.