ਰਕੁਲਪ੍ਰੀਤ ਸਿੰਘ

ਅਸਫਲਤਾ ਹੀ ਸਫ਼ਲਤਾ ਵਲ ਲਿਜਾਂਦੀ ਹੈ
ਆਪਣੀ ਸਖ਼ਤ ਮਿਹਨਤ ਨਾਲ ਡਰੱਗ ਵਿਵਾਦ ਦੇ ਚਲਦਿਆਂ ਵੀ ਰਕੁਲਪ੍ਰੀਤ ਨੇ ਆਪਣੀ ਪਛਾਣ ਨੂੰ ਖੋਰਾ ਨਹੀਂ ਲੱਗਣ ਦਿੱਤਾ। ਅਸਫ਼ਲਤਾ ਹਮੇਸ਼ਾ ਕਾਮਯਾਬ ਬਣਨ ਲਈ ਉਤਸ਼ਾਹਿਤ ਕਰਦੀ ਹੈ। ਇਹ ਵਿਚਾਰ ਰਕੁਲ ਦਾ ਹੈ। ਤੇਲਗੂ ਤੇ ਹਿੰਦੀ ਫ਼ਿਲਮਾਂ ਦੀ ਇਹ ਅਦਾਕਾਰਾ ਆਖ ਰਹੀ ਹੈ

ਕਿ ਸਫ਼ਲਤਾ ਦੇ ਸਵਾਦ ਦਾ ਮਜ਼ਾ ਹੀ ਤਦ ਆਉਂਦਾ ਹੈ ਜਦ ਅਸਫ਼ਲ ਹੋ ਕੇ ਥੱਕ ਗਏ, ਅੱਕ ਗਏ ਹੋਵੋ। ਓ.ਟੀ.ਟੀ. ‘ਤੇ ਰਕੁਲ ਦੀ ਫ਼ਿਲਮ ‘ਮੇਰੇ ਹਸਬੈਂਡ ਕੀ ਬੀਵੀ’ ਆਈ ਹੈ। ਉਧਰ ਰਮੇਸ਼ ਤੌਰਾਨੀ ਦੀ ਤਿਆਰੀ ਮੁਕੰਮਲ ਹੈ ਤੇ ‘ਰੇਸ-4’ ਕਿਸੇ ਵੀ ਵੇਲੇ ਸੈੱਟ ‘ਤੇ ਜਾ ਸਕਦੀ ਹੈ। ਇਸ ‘ਚ ਸੈਫ਼ ਅਲੀ ਖਾਨ ਦੀ ਵਾਪਸੀ ਹੋ ਰਹੀ ਹੈ ਤੇ ਰਕੁਲਪ੍ਰੀਤ ਇਸ ਫ਼ਿਲਮ ਦਾ ਹਿੱਸਾ ਬਣ ਰਹੀ ਹੈ। ਮੁੰਬਈ ਫੈਸ਼ਨ ਵੀਕ-2025 ‘ਤੇ ਰਕੁਲ ਨੇ ਇਸ਼ਾਰਿਆਂ ‘ਚ ਇਹ ਗੱਲ ਆਖ ਦਿੱਤੀ ਹੈ ਕਿ ਸੌ ਫ਼ੀਸਦੀ ਉਹ ‘ਰੇਸ-4’ ਦਾ ਹਿੱਸਾ ਹੋਵੇਗੀ। ਰਕੁਲ ਨੇ ਕਿਹਾ ਕਿ ਬਾਕੀਆਂ ਦਾ ਤਾਂ ਪਤਾ ਨਹੀਂ ਪਰ ਉਸ ਨੂੰ ਆਪਣੇ ਵਿਆਹ ਦਾ ਬਹੁਤ ਚਾਅ ਸੀ ਤੇ ਉਹ ਆਪ ਡਿਜ਼ਾਈਨਰ ਅਰਪਿਤਾ ਮਹਿਤਾ ਕੋਲ ਗਈ ਸੀ । ਜਿਹੜਾ ਲਹਿੰਗਾ ਰਕੁਲ ਨੇ ਪਹਿਨਣਾ ਸੀ, ਉਸ ਨੂੰ 680 ਘੰਟਿਆਂ ‘ਚ ਤਿਆਰ ਕੀਤਾ ਗਿਆ। ਮਤਲਬ ਕਿ ਫੇਰਿਆਂ ਵੇਲੇ, ਡੋਲੀ ਵੇਲੇ, ਸਹੁਰੇ ਘਰ, ਅਗਲੇ ਦਿਨ ਤੇ ਸੁਹਾਗਰਾਤ ਦੇ ਪਹਿਰਾਵੇ ਸਭ ਰਕੁਲ ਨੇ ਆਪ ਦਿਲਚਸਪੀ ਲੈ ਕੇ ਆਪਣੇ ਤਰੀਕੇ ਨਾਲ ਬਣਵਾਏ। ਸ਼ਾਇਦ ਰਕੁਲ ਇਸ ਗੱਲ ‘ਤੇ ਚਲ ਰਹੀ ਸੀ ਕਿ ਹੁੰਦਾ ਕੀਹਨੂੰ ਨਹੀਂ ਆਪਣੇ ਵਿਆਹ ਦਾ ਚਾਅ। ਪੈਂਤੀ ਸਾਲ ਦੀ ਰਕੁਲਪ੍ਰੀਤ ਸਿੰਘ ਗੋਲਫ਼ ਦੀ ਖਿਡਾਰਨ ਵੀ ਰਹੀ ਹੈ। ਦੱਖਣ ਭਾਰਤ ਦੀ ਫ਼ਿਲਮ ‘ਗਿਲੀ’ ਨਾਲ ਪਰਦੇ ‘ਤੇ ਆਈ ਰਕੁਲ ਨੇ ਗਿਆਰਾਂ ਸਾਲ ਪਹਿਲਾਂ ‘ਯਾਰੀਆਂ’ ਨਾਲ ਹਿੰਦੀ ਫ਼ਿਲਮਾਂ ‘ਚ ਪ੍ਰਵੇਸ਼ ਕੀਤਾ ਸੀ । ਰਕੁਲ ਸਿਆਣੀ ਔਰਤ ਵੀ ਬਣ ਗਈ ਹੈ। ਹੁਣ ਉਹ ਕੁਝ ਨੁਕਤੇ ਦੱਸ ਰਹੀ ਹੈ। ਕੁਦਰਤ ਨਾਲ ਜੁੜੋ ਤੇ ਖ਼ੁਸ਼ ਰਹੋ, ਪੌਸ਼ਟਿਕ ਭੋਜਨ ਖਾਓ, ਖ਼ੁਦ ਨੂੰ ਸ਼ਾਂਤ ਕਰਨ ਲਈ ‘ਧਿਆਨ’ ਕਰੋ। ਜਦ ਮਨ ਕਹੇ ਤਾਂ ਕਿਸੇ ਮੂਰਖ ਦੀ ਤਰ੍ਹਾਂ ਪੰਜ ਮਿੰਟ ਲਗਾਤਾਰ ਹੱਸਦੇ ਰਹੋ। ਇਸ ਨਾਲ ਮਨ ਨੂੰ ਅਪਾਰ ਊਰਜਾ ਤੇ ਖੁਸ਼ੀ ਮਿਲੇਗੀ। ਹੈਰਾਨ ਹੋਵੋਗੇ ਕਿ ਰਕੁਲਪ੍ਰੀਤ ਕੌਫ਼ੀ ‘ਚ ਦੇਸੀ ਘਿਓ ਪਾ ਕੇ ਪੀਂਦੀ ਹੈ। ਜੈਕੀ ਭਗਨਾਨੀ ਨਾਲ ਸਫ਼ਲ ਵਿਆਹੁਤਾ ਜੀਵਨ ਬਤੀਤ ਕਰ ਰਹੀ ਫੌਜੀ ਪਰਿਵਾਰ ਦੀ ਇਸ ਧੀ ਰਕੁਲਪ੍ਰੀਤ ਨੇ ‘ਆਪ੍ਰੇਸ਼ਨ ਸੰਧੂਰ’ ਦੀ ਪ੍ਰਸੰਸਾ ਕਰਦੇ ਕਿਹਾ ਕਿ ਉਸ ਦੇ ਪਿਤਾ ਫ਼ੌਜੀ ਸਨ ਤੇ ਫ਼ੌਜੀਆਂ ਦੀ ਬਦੌਲਤ ਅਸੀਂ ਰਾਤ ਦੀ ਨੀਂਦ ਆਰਾਮ ਨਾਲ ਸੌਂਦੇ ਹਾਂ ਤੇ ਸਾਡੇ ‘ਚ ਦੇਸ਼ ਪਿਆਰ ਦੀ ਭਾਵਨਾ ਜ਼ਰੂਰ ਹੋਣੀ ਹੈ।