ਮਾਂਗੀ ਪਾਇ ਸੰਧੂਰੁ

ਬਲਜੀਤ ਬਾਸੀ
ਫੋਨ: 734-259-9353
ਪਾਕਿਸਤਾਨੀ ਦਹਿਸ਼ਤਗਰਦਾਂ ਵਲੋਂ ਪਹਿਲਗਾਮ ਵਿਚ ਸੈਲਾਨੀਆਂ ‘ਤੇ ਕੀਤੇ ਘਾਤਕ ਹਮਲੇ ਪਿਛੋਂ ਭਾਰਤੀ ਸੈਨਾ ਨੇ ਜਵਾਬੀ ਕਾਰਵਾਈ ਵਜੋਂ ਪਾਕਿਸਤਾਨ ਵਿਚ ਵਿਭਿੰਨ ਠਿਕਾਣਿਆਂ ‘ਤੇ ਹਮਲੇ ਕਰਕੇ ਉਨ੍ਹਾਂ ਨੂੰ ਤਹਿਸ-ਨਹਿਸ ਕਰਨ ਦਾ ਦਾਅਵਾ ਕੀਤਾ।

ਇਸ ਕਾਰਵਾਈ ਦਾ ਨਾਂ ‘ਓਪਰੇਸ਼ਨ ਸਿੰਦੂਰ’ ਇਸ ਲਈ ਰੱਖਿਆ ਗਿਆ ਕਿਉਂਕਿ ਇਸ ਨੂੰ ਉਨ੍ਹਾਂ ਔਰਤਾਂ ਪ੍ਰਤੀ ਸਮਰਪਿਤ ਕੀਤਾ ਗਿਆ, ਜਿਨ੍ਹਾਂ ਦੇ ਪਤੀ ਇਸ ਹਮਲੇ ਦੌਰਾਨ ਮਾਰੇ ਗਏੇ, ਅਰਥਾਤ ਜਿਨ੍ਹਾਂ ਦੀ ਮਾਂਗ ‘ਚੋਂ ਸੰਧੂਰ ਮੇਟ ਦਿੱਤੇ ਗਏ। ਇਸ ਤਰ੍ਹਾਂ ਇਹ ਓਪਰੇਸ਼ਨ ਸੰਧੂਰ ਮੇਟਣ ਵਾਲਿਆਂ ਵਿਰੁਧ ਕੀਤੀ ਗਈ ਕਾਰਵਾਈ ਬਿਆਨਿਆ ਗਿਆ। ਕਈ ਹਲਕਿਆਂ ਵਲੋਂ ਓਪਰੇਸ਼ਨ ਦੇ ਇਸ ਨਾਂ ਦੀ ਸਖਤ ਨੁਕਤਾਚੀਨੀ ਕੀਤੀ ਗਈ। ਆਲੋਚਕਾਂ ਦਾ ਕਹਿਣਾ ਹੈ ਕਿ ਰਵਾਇਤੀ ਤੌਰ ‘ਤੇ ਕਿਸੇ ਫੌਜੀ ਕਾਰਵਾਈ ਦਾ ਨਾਂ ਸੈਨਾ ਦੇ ਅਧਿਕਾਰੀ ਰੱਖਦੇ ਹਨ, ਜੋ ਆਮ ਤੌਰ ਤੇ ਅਜਿਹਾ ਹੁੰਦਾ ਹੈ ਜਿਸ ਵਿਚ ਸੈਨਾ ਦੀ ਸੂਰਬੀਰਤਾ ਝਲਕਦੀ ਹੋਵੇ। ਮੋਦੀ ਸਰਕਾਰ ਵਲੋਂ ਰੱਖੇ ਹਥਲੇ ਨਾਂ ਵਿਚੋਂ ਹਾਕਮ ਪਾਰਟੀ ਦੇ ਰਾਜਸੀ ਮੁਫਾਦ ਹਾਸਿਲ ਕਰਨ ਦਾ ਕਪਟ ਇਰਾਦਾ ਸਪੱਸ਼ਟ ਝਲਕਦਾ ਹੈ। ਹਿੰਦੂ ਵਿਆਹੁਤਾ ਇਸਤਰੀਆਂ ਸਿਰ ‘ਤੇ ਸਿੰਦੂਰ (ਪੰਜਾਬੀ ਸੰਧੂਰ) ਲਾਉਂਦੀਆਂ ਹਨ, ਇਸ ਤਰਾਂ ਇਹ ਹਿੰਦੂ ਸੰਸਕ੍ਰਿਤੀ ਦਾ ਚਿੰਨ੍ਹ ਹੈ। ਇਹ ਨਾਂ ਰੱਖ ਕੇ ਭਾਰਤੀ ਲੋਕਾਂ ਨਾ ਸੱਚ ਵੋਟਰਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਇਸ ਓਪਰੇਸ਼ਨ ਨਾਲ ਹਿੰਦੂ ਸੰਸਕ੍ਰਿਤੀ ਨੂੰ ਪਹੁੰਚਾਈ ਠੇਸ ਨੂੰ ਮੁੜ ਬਹਾਲ ਕੀਤਾ ਜਾ ਰਿਹਾ ਹੈ। ਸ਼ਬਦਾਂ ਨਾਲ ਖੇਲ੍ਹ ਕਰਨ ਵਿਚ ਮਾਹਿਰ ਮੋਦੀ ਸਾਹਿਬ ਨੇ ਤਾਂ ਹਾਲ ਹੀ ਵਿਚ ਬੰਗਾਲ ਵਿਖੇ ਇੱਕ ਰੈਲੀ ਵਿਚ ਪਾਕਿਸਤਾਨ ਨੂੰ ‘ਸਿੰਦੂਰ ਖੇਲਾ’ ਕਰਨ ਦਾ ਦਬਕਾ ਵੀ ਮਾਰਿਆ ਹੈ। ਬੰਗਾਲੀ ਖੇਲਾ, ਪੰਜਾਬੀ ਖੇਲ/ਖੇਡ ਸੰਸਕ੍ਰਿਤ ਕ੍ਰੀੜਾ ‘ਤੋਂ ਵਿਉਤਪਤ ਹੋਏ। ਬੰਗਾਲ ਵਿਚ ਦੁਰਗਾ ਪੂਜਾ ਸਮੇਂ ਵਿਆਹੁਤਾ ਔਰਤਾਂ ਇੱਕ-ਦੂਜੇ ਨੂੰ ਸੰਧੂਰ ਲਾ ਕੇ ਇਕ ਦੂਜੇ ਦੇ ਸੁਹਾਗ ਦੀ ਕਾਮਨਾ ਕਰਦੀਆਂ ਹਨ। ਇਸ ਜਸ਼ਨ ਨੂੰ ਸਿੰਦੂਰ ਖੇਲਾ ਕਿਹਾ ਜਾਂਦਾ ਹੈ। ਕਿਸੇ ਵੀ ਸਮੂਹਕ ਹਿੰਸਕ ਵਾਰਦਾਤ ਦੇ ਸਭ ਤੋਂ ਵੱਧ ਦੁਖਾਂਤਕ ਸਿੱਟੇ ਅਬਲਾਵਾਂ ਨੂੰ ਹੀ ਭੁਗਤਣੇ ਪੈਂਦੇ ਹਨ, ਉਨ੍ਹਾਂ ਦਾ ਬਲਾਤਕਾਰ ਹੁੰਦਾ ਹੈ, ਉਹ ਜਿੰLਦਗੀ ਭਰ ਵਿਧਵਾ ਰਹਿਣ ਤੇ ਮਜਬੂਰ ਹੁੰਦੀਆਂ ਹਨ। ਗੁਰੂ ਨਾਨਕ ਨੇ ਬਾਬਰ ਦੇ ਹਿੰਦੁਸਤਾਨ ‘ਤੇ ਹਮਲੇ ਦੇ ਨਤੀਜੇ ਭੁਗਤਦੀਆਂ ਇਸਤਰੀਆਂ ਦੀ ਦੁਰਦਸ਼ਾ ਦਰਸਾਉਂਦਿਆਂ ਸੰਧੂਰ ਦਾ ਪ੍ਰਤੀਕ ਵਰਤਿਆ ਹੈ:
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ
ਸੇ ਸਿਰ ਕਾਤੀ ਮੁੰਨੀਅਨਿ੍ਹ੍ਹ ਗਲ ਵਿਚਿ ਆਵੈ ਧੂੜਿ
ਸਾਹਿਤ ਅਤੇ ਲੋਕ ਜੀਵਨ ਵਿਚ ਵੀ ਸੰਧੂਰ ਭਾਰਤੀ ਇਸਤਰੀ ਦੇ ਸੁਹਾਗ, ਹੁਸਨ, ਸਵੈਮਾਨਤਾ, ਵਫਾਦਾਰੀ ਆਦਿ ਦੇ ਪ੍ਰਤੀਕ ਵਜੋਂ ਸਾਹਮਣੇ ਆਉਂਦਾ ਹੈ।
ਰੱਖੋ ਅਮਨ ਅਤੇ ਖੇੜੇ
ਰੱਖੋ ਹੰਸੂ ਹੰਸੂ ਵੇਹੜੇ
ਨਾਲੇ ਵਹੁਟੀਆਂ ਦਾ ਰੱਖਣਾ ਸੰਧੂਰ ਚਾਹੀਦਾ
-ਮੋਹਨ ਸਿੰਘ।
ਸੱਜ ਵਿਆਂਦੜਾਂ ਦੇ ਮਾਂਗ ਦੇ ਸੰਧੂਰ
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ
– ਸੰਤ ਰਾਮ ਉਦਾਸੀ।
ਮਾਂਗ ਤੇ ਸੰਧੂਰ ਭੁੱਕ ਕੇ,
ਰੰਨ ਮਾਰਦੀ ਛੱਪੜ ਤੇ ਗੇੜੇ।
ਲਾਲ ਰੰਗ ਦੇ ਇਸ ਧੂੜੇ ਨੂੰ ਲਾਲ ਸਿੱਕਾ ਕਿਹਾ ਗਿਆ ਹੈ। ਇਹ ਪਾਰੇ ਦੇ ਸਲਫਾਈਡ ਜਾਂ ਸਿੱਕੇ (ਲੲਅਦ) ਦੇ ਟੈਟਰਅਕਸਾਈਡ ‘ਤੋਂ ਬਣਾਇਆ ਜਾਂਦਾ ਹੈ। ਇਹ ਜੜੀ ਬੂਟੀਆਂ ਖਾਸ ਤੌਰ ਤੇ ਹਲਦੀ, ਆਉਲਾ, ਚੂਨਾ ਆਦਿ ਮਿਲਾ ਕੇ ਵੀ ਬਣਾਇਆ ਜਾਂਦਾ ਰਿਹਾ ਹੈ। ਅੱਜ ਕਲ੍ਹ ਸਿੰਥੈਟਿਕ ਸੰਧੂਰ ਵੀ ਚਲਦੇ ਹਨ। ਵਿਆਹ ਦੇ ਤੁਰੰਤ ਪਿੱਛੋਂ ਵਿਆਂ੍ਹਦੜ ਖੁਦ ਆਪਣੀ ਪਤਨੀ ਦੀ ਮਾਂਗ ਅਤੇ ਮੱਥੇ ਵਿਚ ਸੰਧੂਰ ਭਰਦਾ ਹੈ। ਇਸ ਰਸਮ ਨੂੰ ਸਿੰਦੂਰਦਾਨ ਕਿਹਾ ਜਾਂਦਾ ਹੈ। ਇਸ ਨੂੰ ਮਾਂਗ ਭਰਨਾ ਵੀ ਕਿਹਾ ਜਾਂਦਾ ਹੈ ਜਿਸ ਤੋਂ ਸਮਾਜਕ ਤੌਰ ਤੇ ਇਹ ਭਾਵ ਲਿਆ ਜਾਂਦਾ ਹੈ ਕਿ ਇਹ ਇਸਤਰੀ ਹੁਣ ਮਾਂਗ ਭਰਨ ਵਾਲੇ ਦੀ ਹੋ ਗਈ ਹੈ। ਕਹਿੰਦੇ ਹਨ ਕਿ ਸੰਧੂਰ ਕਦੇ ਝੂਠ ਨਹੀਂ ਬੋਲਦਾ। ਸਮਾਜ ਵਿਚ ਪ੍ਰਚਲਤ ਰਸਮਾਂ-ਰਿਵਾਜਾਂ ਦੀ ਸਮੇਂ-ਸਮੇਂ ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵੱਖ ਵੱਖ ਵੱਖ ਪ੍ਰਤੀਕਾਤਮਕ ਵਿਆਖਿਆ ਹੋਣ ਲਗਦੀ ਹੈ। ਮਾਂਗ ਦੇ ਸੰਧੂਰ ਨੂੰ ਔਰਤ ਦੇ ਸੁਹਾਗਣ ਹੋਣ, ਉਸਦੇ ਪਤੀ ਪ੍ਰਤੀ ਨਿਸ਼ਠਾਵਾਨ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ‘ਮਾਂਗ ਵਿਚ ਸੁਆਹ ਪੈਣੀ’ ਮੁਹਾਵਰੇ ਦਾ ਅਰਥ ਹੈ ਰੰਡੀ ਹੋ ਜਾਣਾ। ਪੁਰਾਣਾਂ ਵਿਚ ਸਿਖਿਆ ਦਿੱਤੀ ਗਈ ਹੈ ਕਿ ਪਤੀ ਦੀ ਦੀਰਘ ਆਯੂ ਚਾਹੁਣ ਵਾਲੀਆਂ ਪਤੀਵ੍ਰਤਾ ਔਰਤਾਂ ‘ਸਿੰਦੂਰ ਤੋਂ ਦੂਰ’ ਨਾ ਜਾਣ। ਇਹ ਮਾਨਤਾ ਲੋਕ ਮਨ ਵਿਚ ਏਨੀ ਪੱਕੀ ਹੈ ਕਿ ਸੁਹਾਗਣ ਦੀ ਸੰਧੂਰਦਾਨੀ ਉਸ ਦੀ ਅਸਥੀ ਦੇ ਨਾਲ ਹੀ ਜਾਂਦੀ ਹੈ। ਸੰਧੂਰ ਨੂੰ ਉਰਵਰਤਾ ਅਰਥਾਤ ਜਣਨ ਸ਼ਕਤੀ ਦੀ ਦੇਵੀ ਪਾਰਵਤੀ ਵਲੋਂ ਪਤਨੀ ਨੂੰ ਪਤੀ ਦੀ ਚਿਰੰਜੀਵਤਾ ਲਈ ਦਿੱਤਾ ਅਸ਼ੀਰਵਾਦ ਸਮਝਿਆ ਜਾਂਦਾ ਹੈ। ਇਸ ਦੀ ਅਧਿਆਤਮਕ ਮਹੱਤਾ ਵੀ ਦੱਸੀ ਜਾਂਦੀ ਹੈ। ਅਖੇ ਸਿਰ ਵਿਚ ਮਾਂਗ ਵਾਲੇ ਹਿੱਸੇ ਵਿਚ ਮਨੁੱਖ ਦੀ ਤੀਜੀ ਅੱਖ (ਅਜਨ ਚੱਕਰ) ਹੁੰਦਾ ਹੈ। ਸੰਧੂਰ ਇਸ ਤੀਜੀ ਅੱਖ ਨੂੰ ਖੋਲ੍ਹ ਕੇ ਜੀਵਨ ਦੀ ਸਮਝ ਨੂੰ ਉਚੇਰੇ ਪੱਧਰ ‘ਤੇ ਲੈ ਜਾਂਦਾ ਹੈ। ਇਸ ਨਾਲ ਭਾਵਕ ਸਮਤੋਲ ਵੀ ਬਣਿਆ ਰਹਿੰਦਾ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਪਰੰਪਰਕ ਤੌਰ ‘ਤੇ ਭਾਰਤ ਵਿਚ ਵਿਆਹੁਤਾ ਔਰਤਾਂ ਸ਼ਿੰਗਾਰ ਵਜੋਂ ਸੰਧੂਰ, ਬਿੰਦੀ, ਚੂੜੀਆਂ ਤੇ ਜੋ ਕੁਝ ਹੋਰ ਗਹਿਣੇ ਪਹਿਨਦੀਆਂ ਹਨ (ਜੇ ਸਾਲੂ ਵੀ ਵਿਚ ਗਿਣ ਲਈਏ) ਉਨ੍ਹਾਂ ਦਾ ਰੰਗ ਲਾਲ ਸੂਹਾ ਹੁੰਦਾ ਹੈ। ਲਾਲ ਰੰਗ ਲਹੂ ਰੰਗਾ ਹੋਣ ਕਾਰਨ ਉਤਸ਼ਾਹ, ਪ੍ਰੇਮ, ਉਰਬਰਤਾ, ਸ਼ਕਤੀ, ਲਗਨ ਅਤੇ ਜੀਵੰਤਤਾ ਦੀ ਨਿਸ਼ਾਨੀ ਸਮਝੀ ਜਾਦੀ ਹੈ। ਪੰਜਾਬੀ ਵਿਚ ਕਿਹਾ ਜਾਂਦਾ ਹੈ, ਮਾਂਗ ਵਿਚ ਸੰਧੂਰ ਵਰਸੇ। ਗੁਰੂ ਨਾਨਕ ਵੀ ਕਹਿੰਦੇ ਹਨ, ‘ਭਰੀਐ ਮਾਂਗ ਸੰਧੂਰੇ’। ਸੰਸਕ੍ਰਿਤ ਵਿਚ ਸਿੰਦੂਰਿਕਾ ਦਾ ਮਤਲਬ ਸੁਹਾਗਣ ਹੁੰਦਾ ਹੈ।
ਦੂਜੇ ਪਾਸੇ ਨਾਰੀਵਾਦੀ ਸੋਚ ਅਨੁਸਾਰ ਸੰਧੂਰ ਔਰਤ ਵਲੋਂ ਮਰਦ ਦੇ ਚੁੱਪ-ਚਾਪ ਪਿਛਲੱਗ ਬਣ ਜਾਣ ਦਾ ਪ੍ਰਤੀਕ ਹੈ ਤੇ ਇਸ ਲਈ ਇਹ ਤਿਆਗਣਯੋਗ ਹੈ। ‘ਓਪਰੇਸ਼ਨ ਸਿੰਦੂਰ’ ਤੇ ਇਸ ਦਾ ਪਰਚਾਰ ਇਸ ਨਾਰੀਵਾਦੀ ਸੋਚ ਦੇ ਵਿਰੋਧ ਵਿਚ ਔਰਤ ਦੀ ਮਰਦ ਤੇ ਨਿਰਭਰਤਾ ਨੂੰ ਦ੍ਰਿੜ ਕਰਦਾ ਹੈ: ‘ਮੈਂ ਮਾਂਗ ਭਰਾਈ ਪਰ ਮਨ ਖਾਲੀ ਸੀ’ ਜਿਹੀ ਤੁਕ ਔਰਤ ਦੀ ਮਰਜ਼ੀ ਬਿਨਾਂ ਹੋਏ ਵਿਆਹ ਵੱਲ ਸੰਕੇਤ ਕਰਦੀ ਹੈ, ਅਰਥਾਤ ਰਿਸ਼ਤਾ ਤਾਂ ਹੋਇਆ ਪਰ ਅੰਦਰੋਂ ਪਿਆਰ ਭਾਵਨਾ ਅਲੋਪ ਸੀ। ਮੇਰੀ ਜਾਚੇ ਹੋਰ ਸ਼ਿੰਗਾਰ ਸਮੱਗਰੀਆਂ ਦੀ ਤਰ੍ਹਾਂ ਸੰਧੂਰ ਵੀ ਮੁਢਲੇ ਤੌਰ ‘ਤੇ ਮਰਦ ਨੂੰ ਰਿਝਾਵਣ ਦਾ ਇਕ ਵਸੀਲਾ ਹੈ, ਬਾਕੀ ਵਿਆਖਿਆਵਾਂ ਬਾਅਦ ਦੀਆਂ ਹਨ। ਲਾਲ ਰੰਗ ਇਸਤਰੀ ਦੀ ਮਾਹਵਾਰੀ ਦਾ ਰੰਗ ਹੈ ਜਿਸ ਕਾਰਨ ਇਹ ਉਰਬਰਤਾ ਦਾ ਪ੍ਰਤੀਕ ਹੈ। ਇਸਤਰੀ ਨੂੰ ਪਰੰਪਰਕ ਤੌਰ ‘ਤੇ ਜਣਨੀ ਹੀ ਸਮਝਿਆ ਗਿਆ ਹੈ।
ਆਪਟੇ ਦੇ ਸੰਸਕ੍ਰਿਤ ਕੋਸ਼ ਅਨੁਸਾਰ ਸਿੰਦੂਰ ਦੀ ਵਿਉਤਪਤੀ ‘ਸਯੰਦ+ਊਰਨ’ ਤੋਂ ਹੈ। ਸੰਸਕ੍ਰਿਤ ਸਯੰੰਦ ਵਿਚ ਰਿਸਣ, ਟਪਕਣ, ਚੋਣ ਦੇ ਭਾਵ ਹਨ। ਕੋਸ਼ ਨੇ ਸਪੱਸ਼ਟ ਨਹੀਂ ਕੀਤਾ ਕਿ ਸਿੰਦੂਰ ਦਾ ਰਿਸਣ ਨਾਲ ਕੀ ਸਬੰਧ ਹੈ। ਕੀ ਸਿੰਦੂਰ ਮਾਂਗ ਵਿਚ ਟਪਕਾਇਆ ਜਾਂਦਾ ਹੈ? ਸਿੰਦੂਰ ਇਕ ਦਰਖਤ ਦਾ ਵੀ ਨਾਂ ਹੈ, ਸੰਭਵ ਤੌਰ ‘ਤੇ ਪਹਿਲੀਆਂ ਵਿਚ ਇਸ ਦੇ ਰਿਸਾਅ ‘ਤੋਂ ਸੰਧੂਰ ਬਣਾਇਆ ਜਾਂਦਾ ਹੋਵੇਗਾ। ਸਯੰਦ ਤੋਂ ਬਣੇ ਕੋਈ ਵੀ ਹੋਰ ਉਦਾਹਰਣ ਮੈਨੂੰ ਸੰਸਕ੍ਰਿਤ ਸਮੇਤ ਕਿਸੇ ਹੋਰ ਭਾਸ਼ਾ ਵਿਚ ਨਹੀਂ ਮਿਲੇ। ਕਿਧਰੇ ਕਿਧਰੇ ਸਿੰਧ ਦਰਿਆ ਦਾ ਨਾਂ ਵੀ ਇਸ ਨਾਲ ਜੋੜਿਆ ਮਿਲਦਾ ਹੈ। ਸੰਧੂਰ ਦੀ ਵਰਤੋਂ ਚਿੱਤਰਾਂ ਆਦਿ ਬਣਾਉਣ ਵਾਲੇ ਰੰਗ ਵਜੋਂ ਵੀ ਕੀਤੀ ਜਾਂਦੀ ਹੈ ਤੇ ਪੂਜਾ ਸਮੱਗਰੀ ਵਜੋਂ ਵੀ। ਸੰਧੂਰ ਵਰਗੇ ਲਾਲ ਰੰਗ ਨੂੰ ਸੰਧੂਰੀ ਕਿਹਾ ਜਾਂਦਾ ਹੈ, ਸੰਧੂਰ ਰੰਗੇ ਅੰਬ ਸੰਧੂਰੀ ਕਹਾਉਂਦੇ ਹਨ। ਸੰਧੂਰ ਪੂੰਝਣਾ, ਸੰਧੂਰ ਮਿਟਾਉਣਾ ਆਦਿ ਮੁਹਾਵਰੇ ਹਨ। ਸੰਧੂਰਨਾ ਦਾ ਮਤਲਬ ਹੈ ਸੰਧੂਰ ਚੜ੍ਹਾਉਣਾ। ਊਸ਼ਾ ਵੇਲੇ ਗਾਈ ਜਾਣ ਵਾਲੀ ਇੱਕ ਰਾਗਣੀ ਦਾ ਨਾਂ ਹੈ ਸੰਧੂਰੀ ਟੋਡੀ। ਕੁਝ ਹੋਰ ਭਾਸ਼ਾਵਾਂ ਵਿਚ ਸੰਧੂਰ ਲਈ ਸ਼ਬਦ ਹਨ: ਸਿੰਧੀ: ਸਿੰਦੂਰੂ, ਕਮਾਉਣੀ: ਸਿਨੂਰ ਬੰਗਾਲੀ,ਉੜੀਆ; ਸਿੰਦੁਰ, ਭੋਜਪੁਰੀ; ਸੇਨੁਰ, ਮਰਾਠੀ: ਸੇਂਦੂਰ ਆਦਿ।
ਸੰਧੂਰ ਦਾ ਜ਼ਿਕਰ ਮਾਂਗ ਤੋਂ ਬਿਨਾਂ ਅਧੂਰਾ ਹੈ। ਉਝ ਵੀ ‘ਮਾਂਗ ਭਰਨਾ’ ਦਾ ਮਤਲਬ ਹੀ ਮਾਂਗ ਵਿਚ ਸੰਧੂਰ ਭਰਨਾ ਹੈ। ਮਈਆ ਸਿੰਘ ਦੇ ਕੋਸ਼ ਵਿਚ ਮਾਂਗ ਦਾ ਅਰਥ ਹੀ ਸੰਧੂਰ ਦੱਸਿਆ ਗਿਆ ਹੈ। ਇਸ ਲਈ ਮਾਂਗ ਸ਼ਬਦ ਦੀ ਵਿਆਖਿਆ ਵੀ ਜ਼ਰੂਰੀ ਹੈ। ਮਾਂਗ ਕੇਸਾਂ ਵਿਚਕਾਰ ਵਾਲਾਂ ਨੂੰ ਦੋ ਹਿੱਸਿਆਂ ਵਿਚ ਵੰਡਦੀ ਲੀਕ ਨੂੰ ਆਖਦੇ ਹਨ। ਪੰਜਾਬੀ ਵਿਚ ਇਸ ਲਈ ਸਵੈ-ਸਿੱਧ ਸ਼ਬਦ ਚੀਰ ਹੈ। ਚੀਰ ਕਢਣਾ ਆਮ ਮੁਹਾਵਰਾ ਹੈ। ਗੌਰਤਲਬ ਹੈ ਕਿ ਚੀਰ ਸ਼ਬਦ ਮਰਦ ਦੇ ਪਟਿਆਂ ਨੂੰ ਦੋ ਹਿੱਸਿਆਂ ਵਿਚ ਵੰਡਦੀ ਰੇਖਾ ਨੂੰ ਵੀ ਕਿਹਾ ਜਾ ਸਕਦਾ ਹੈ ਪਰ ਮਾਂਗ ਸਿਰਫ਼ ਇਸਤਰੀ ਦੇ ਚੀਰ ਲਈ ਰਾਖਵਾਂ ਹੋ ਗਿਆ ਹੈ। ਬੰਗਾਲੀ ਮਰਦਾਂ ਦੀ ਬੋਲ-ਚਾਲ ਵਿਚ ਮਾਂਗ ਨੂੰ ਯੋਨੀ ਦੇ ਅਰਥਾਂ ਵਿਚ ਵੀ ਲਿਆ ਜਾਂਦਾ ਹੈ। ਸੰਸਕ੍ਰਿਤ ਵਲੋਂ ਆਏ ਮਾਂਗ ਸ਼ਬਦ ਦਾ ਇੱਕ ਅਰਥ ਅਵੱਸ਼ਕਤਾ, ਲੋੜ, ਚਾਹ, ਜਾਚਨਾ ਜਿਹਾ ਹੈ, ਜਿਸ ਦਾ ਪੰਜਾਬੀ ਰੂਪ ਮੰਗ ਹੈ। ਇਕ ਸ੍ਰੋਤ ਨੇ ਉਲ-ਜਲੂਲ ਦਲੀਲਾਂ ਨਾਲ ਇਸ ਚੀਰ ਵਾਲੀ ਮਾਂਗ ਨੂੰ ਲੋੜ ਦੇ ਅਰਥਾਂ ਵਾਲੇ ਮਾਂਗ ਸ਼ਬਦ ਨਾਲ ਜੋੜ ਦਿੱਤਾ ਹੈ। ਇਸ ਅਨੁਸਾਰ ਮਾਂਗ ਦੀ ਲੀਕ ਜਾਂ ਚੀਰ ਔਰਤ ਦੇ ਸਿਰ ਦੀ ਉਹ ਰੇਖਾ ਹੈ ਜਿਸ ਉਪਰ ਪਤੀ ਅਧਿਕਾਰ ਜਮਾ ਲੈਂਦਾ ਹੈ ਅਰਥਾਤ ਜਿਸ ਦੀ ਪਤੀ ਨੇ ਮਾਂਗ (ਮੰਗ) ਕੀਤੀ ਹੈ। ਸੰਧੂਰ ਇਸ ਦਾਅਵੇ ਦੇ ਪ੍ਰਮਾਣ ਦੀ ਨਿਸ਼ਾਨੀ ਹੈ, ਅਰਥਾਤ ਇਸ ਮੰਗ ਦੀ ਪੂਰਤੀ ਹੋ ਗਈ ਹੈ। ਇਸ ਵਿਆਖਿਆ ਨੂੰ ਹੋਰ ਪੁਸ਼ਟ ਕਰਨ ਲਈ ਕੁੜਮਾਈ ਦੇ ਅਰਥਾਂ ਵਾਲਾ ਮੰਗਣੀ ਸ਼ਬਦ ਪ੍ਰਸਤੁਤ ਕਰ ਦਿੱਤਾ, ਮੰਗਣੀ ਰਾਹੀਂ ਭਾਵੀ ਪਤੀ ਕਿਸੇ ਨਾਰ ਨੂੰ ਆਪਣੀ ਪਤਨੀ ਬਣਨ ਦੀ ਮੰਗ ਕਰਦਾ ਹੈ।
ਹਕੀਕਤ ਵਿਚ ਮਾਂਗ ਸ਼ਬਦ ਰਾਹ, ਪੰਥ ਦੇ ਅਰਥਾਂ ਵਾਲੇ ‘ਮਾਰਗ’ ਸ਼ਬਦ ਨਾਲ ਸਬੰਧਤ ਹੈ। ਦੋ ਪਾਸਿਆਂ ਵਿਚ ਵੰਡੇ ਹੋਏ ਸਿਰ ਦੇ ਵਾਲਾਂ ਦੀ ਵਿਚਕਾਰਲੀ ਲੀਕ ਇੱਕ ਮਾਰਗ ਦਾ ਭੁਲੇਖਾ ਹੀ ਤਾਂ ਪਾਉਂਦੀ ਹੈ। ਮਾਰਗ ਤੋਂ ਪ੍ਰਾਕ੍ਰਿਤ ਵਿਚ ਮੱਗ ਸ਼ਬਦ ਬਣਦਾ ਹੈ, ਜਿਸ ਤੋਂ ਅੱਗੇ ਮਾਂਗ ਵਿਉਤਪਤ ਹੁੰਦਾ ਹੈ। ਮਾਰਗ ਤੇ ਇਸ ਨਾਲ ਜੁੜਦੇ ਸ਼ਬਦਾਂ ਬਾਰੇ ਬਹੁਤ ਪਹਿਲਾਂ ਲਿਖਿਆ ਗਿਆ ਸੀ, ਪਰ ਉਦੋਂ ਹਥਲੇ ਮਾਂਗ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ। ਸੰਖੇਪ ਵਿਚ ਦੁਹਰਾਈ ਜ਼ਰੂਰੀ ਹੈ। ਇਸ ਸ਼ਬਦ ਦਾ ਸੰਸਕ੍ਰਿਤ ਧਾਤੂ ਮ੍ਰਗ ਹੈ ਜਿਸ ਵਿਚ ਲੱਭਣਾ, ਖੋਜਣਾ, ਤਲਾਸ਼ਣਾ ਦੇ ਭਾਵ ਹਨ। ਸ਼ਿਕਾਰ ਕਰਦਿਆਂ ਜਾਨਵਰ ਆਪਣੇ ਸ਼ਿਕਾਰ ਦੀ ਖੋਜ ਹੀ ਕਰਦੇ ਹਨ, ਇਸ ਲਈ ਖੋਜ ਦੀ ਪ੍ਰਕਿਰਿਆ ਕਿਸੇ ਰਸਤੇ ਡੰਡੀ ‘ਤੇ ਹੁੰਦੀ ਹੈ। ਐਨ ਪੰਥ ਦੀ ਤਰ੍ਹਾਂ ਧਰਮ, ਦਰਸ਼ਨ, ਵਿਚਾਰਧਾਰਾ ਆਦਿ ਦੇ ਪ੍ਰਸੰਗ ਵਿਚ ਮਾਰਗ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇ ਜੈਨ ਮਾਰਗ। ਪੰਥ ਸ਼ਬਦ ਵਿਚ ਵੀ ਮਾਰਗ ਜਾਂ ਇਕ ਵਿਸ਼ੇਸ਼ ਮਾਰਗ ਦੇ ਭਾਵ ਨਿਹਿਤ ਹਨ। ਇਸ ਲਈ ਮੁਢਲੇ ਤੌਰ ‘ਤੇ ਮਾਰਗ ਉਹ ਹੀ ਰਸਤਾ ਹੈ ਜਿਸ ਵਿਚ ਦੀ ਜਾਨਵਰ ਆਪਣੇ ਸ਼ਿਕਾਰ ਲਈ ਤੁਰਦਾ ਹੈ। ਪ੍ਰਾਚੀਨ ਵਿਚ ਮਿਰਗ ਸ਼ਬਦ ਦਾ ਅਰਥ ਕੋਈ ਵੀ ਚੌਪਾਇਆ ਜਾਨਵਰ ਸੀ, ‘ਬਨ ਕਾ ਮਿਰਗੁ ਮੁਕਤਿ ਸਭੁ ਹੋਗ’-ਕਬੀਰ। ਭਾਵੇਂ ਕਿ ਅੱਜ ਅਸੀਂ ਇਸ ਨੂੰ ਹਿਰਨ ਦੇ ਅਰਥਾਂ ਵਿਚ ਹੀ ਜਾਣਦੇ ਹਾਂ। ਮਿਰਗ ਸ਼ਬਦ ਹਿਰਨਾਂ ਜਿਹੇ ਹੋਰ ਜਾਨਵਰਾਂ ਜਿਵੇਂ ਸਾਂਬਰ, ਬਾਰਾਂਸਿੰਗਾ ਆਦਿ ਲਈ ਆਮ ਸ਼ਬਦ ਹੈ। ਮਿਰਗ ਤ੍ਰਿਸ਼ਨਾ ਵਿਚ ਵੀ ਪਾਣੀ ਦੀ ਖੋਜ ਦਾ ਹੀ ਭਾਵ ਹੈ। ਹਿਰਨ ਦੇ ਸਿਰ ਜਿਹਾ ਹੋਣ ਕਰਕੇ ਇੱਕ ਨਛੱਤਰ ਦਾ ਨਾਂ ਮਿਰਗਸ਼ੀਰਸ਼ ਹੈ। ਦੇਸੀ ਨੌਵੇਂ ਮਹੀਨੇ ਦਾ ਨਾਂ ਇਸ ਪਿੱਛੇ ਹੀ ਰੱਖਿਆ ਗਿਆ ਹੈ। ਇਸ ‘ਤੋਂ ਵਿਗੜ ਕੇ ਪੰਜਾਬੀ ਮੱਘਰ ਬਣਿਆ। ਫਾਰਸੀ ਵਲੋਂ ਆਇਆ ਮੁਰਗ ਸ਼ਬਦ ਇਸ ਦਾ ਸਜਾਤੀ ਹੈ। ਫਾਰਸੀ ਵਿਚ ਮੁਰਗ ਕਿਸੇ ਵੀ ਪੰਛੀ ਨੂੰ ਆਖਦੇ ਹਨ ਭਾਵੇਂ ਕਿ ਮੁਰਗਾ ਦੇ ਰੂਪ ਵਿਚ ਅਸੀਂ ਇਸ ਨੂੰ ਕੁੱਕੜ ਦੇ ਅਰਥਾਂ ਵਿਚ ਹੀ ਲੈਂਦੇ ਹਾਂ। ਮੁਰਗਾਬੀ (ਮੁਰਗ+ਆਬ) ਪਾਣੀ ਵਿਚ ਤੈਰਨ ਵਾਲਾ ਪੰਛੀ ਹੈ।