‘ਗਦਰੀ ਬਾਬੇ ਕੌਣ ਸਨ?’ ਲੇਖ ਲੜੀ ਤਹਿਤ ਪਹਿਲਾਂ ਵਰਿਆਮ ਸਿੰਘ ਸੰਧੂ ਦੇ ਵਿਚਾਰ ਪੜ੍ਹੇ ਅਤੇ ਹੁਣ ਡਾæ ਸਰਬਜੀਤ ਸਿੰਘ ਦੇ ਪੜ੍ਹ ਰਹੇ ਹਾਂ। ਇਨ੍ਹਾਂ ਦੋਹਾਂ ਲੇਖ ਲੜੀਆਂ ਨੂੰ ਪੜ੍ਹ ਕੇ ਮਨ ਵਿਚ ਇਕ ਸਵਾਲ ਉਠਿਆ ਕਿ ਗਦਰੀਆਂ ਦੇ ਵਾਰਸ ਬਣਨ ਲਈ ਇਹ ਲੋਕ ਆਖਰ ਇੰਨਾ ਤੜਫ ਕਿਉਂ ਰਹੇ ਹਨ? ਮੈਨੂੰ ਜਾਪਦਾ ਹੈ ਕਿ ਹੁਣ ਮਨੁੱਖ ਦੀ ਬਿਹਤਰੀ ਲਈ ਨਾ ਕਮਿਊਨਿਸਟਾਂ ਕੋਲ ਅਤੇ ਨਾ ਹੀ ਸਿੱਖਾਂ ਕੋਲ ਕੋਈ ਬੱਝਵਾਂ ਖਾਕਾ ਹੈ। ਕਮਿਊਨਿਸਟਾਂ ਨੂੰ ਸੰਸਾਰ ਭਰ ਵਿਚ ਪਛਾੜ ਵੱਜੀ ਪਰ ਇਨ੍ਹਾਂ ਨੇ ਉਸ ਪਛਾੜ ਦੇ ਕਾਰਨਾਂ ਨੂੰ ਸਮਝਣ ਦੀ ਥਾਂ ਬਹੁਤ ਢੀਠ ਹੋ ਕੇ ਉਹੀ ਪਹਿਲਾਂ ਵਾਲੀ ਮੁਹਾਰਨੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ। ਸਿੱਖਾਂ ਦੇ ਤਾਂ ਕਹਿਣੇ ਹੀ ਕੀ! ਤੇ ਉਪਰੋਂ ਇਨ੍ਹਾਂ ਨੂੰ ਮਿਲ ਗਿਆ ਅਜਮੇਰ ਸਿੰਘ ਵਰਗਾ ਸਿਧਾਂਤਕਾਰ ਜਿਹਨੇ ਰਹਿੰਦੀ-ਖੂੰਹਦੀ ਕਸਰ ਵੀ ਕੱਢ ਦਿੱਤੀ। ਅੱਜ ਲੋੜ ਗਦਰੀਆਂ ਵੱਲੋਂ ਸੋਚੀ ਲੜਾਈ ਨੂੰ ਨਵੇਂ ਸਿਰਿਉਂ, ਅੱਜ ਦੇ ਹਾਲਾਤ ਮੁਤਾਬਕ ਨਵਾਂ ਰੂਪ ਦੇਣ ਦੀ ਹੈ। ਗਦਰੀਆਂ ਨੇ ਕੋਈ ਜਾਦੂ ਦੀ ਛੜੀ ਘੁਮਾ ਕੇ ਇੰਨੀ ਵੱਡੀ ਲੜਾਈ ਲਈ ਆਧਾਰ ਤਿਆਰ ਨਹੀਂ ਸੀ ਕਰ ਲਿਆ। ਇਕ-ਇਕ ਗਦਰੀ ਇਸ ਲੜਾਈ ਦਾ ਹਿੱਸਾ ਬਣਿਆ ਅਤੇ ਗਦਰੀਆਂ ਨੇ ਆਪਣੀ ਲੜਾਈ ਨੂੰ ਵੱਡੀ ਪੱਧਰ ਉਤੇ ਲੈ ਕੇ ਜਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਨ੍ਹਾਂ ਗਦਰੀਆਂ ਨੇ ਜਾਤ-ਪਾਤ ਦੇ ਕੋਹੜ ਅਤੇ ਧਰਮ ਦੀਆਂ ਵਲਗਣਾਂ ਤੋਂ ਪਾਰ ਜਾ ਕੇ ਲੜਾਈ ਸ਼ੁਰੂ ਕਰਨ ਦੀ ਸੋਚੀ। ਜੇ ਤੁਸੀਂ ਇਕ ਵਾਰ ਉਸ ਵੇਲੇ ਦੇ ਭਾਰਤੀ ਸਮਾਜ ਤੇ ਉਸ ਵੇਲੇ ਦੀ ਸਿਆਸਤ ਉਤੇ ਨਜ਼ਰ ਮਾਰੋ ਅਤੇ ਗਦਰੀਆਂ ਦੀ ਸਿਆਸਤ ਉਤੇ ਘੋਖਵੀਂ ਨਿਗ੍ਹਾ ਸੁੱਟੋ ਤਾਂ ਫਰਕ ਪਤਾ ਲੱਗ ਜਾਂਦਾ ਹੈ। ਗਦਰੀਆਂ ਦੇ ਵੱਡੇ ਦਾਈਏ ਬਾਰੇ ਸੋਚ ਕੇ ਤਾਂ ਦਿਲ ਅਸ਼-ਅਸ਼ ਕਰ ਉਠਦਾ ਹੈ। ਇਹ ਗਦਰੀ ਕਿਸ ਮਿੱਟੀ ਦੇ ਬਣੇ ਹੋਏ ਸਨ ਜਿਹੜੇ ਇਸ ਪੱਧਰ ਦੀ ਸੋਚ ਰੱਖਦੇ ਸਨ? ਹੁਣ ਇਨ੍ਹਾਂ ਨੂੰ ਕਦੀ ਕਮਿਊਨਿਸਟ ਅਤੇ ਕਦੀ ਸਿੱਖ ਬਣਾਇਆ ਜਾ ਰਿਹਾ ਹੈ। ਇਹ ਇਨ੍ਹਾਂ ਨਾਲ ਅਤੇ ਇਨ੍ਹਾਂ ਵੱਲੋਂ ਸ਼ੁਰੂ ਕੀਤੀ ਹੱਕ-ਸੱਚ ਦੀ ਲੜਾਈ ਨਾਲ ਜ਼ਿਆਦਤੀ ਹੈ। ਇਨ੍ਹਾਂ ਗਦਰੀਆਂ ਨੂੰ ਅਜਿਹੀਆਂ ਕੰਧਾਂ ਵਿਚ ਕੈਦ ਕਰਨ ਵਾਲਿਆਂ ਨੂੰ ਇਤਿਹਾਸ ਨੇ ਕਦੀ ਮੁਆਫ ਨਹੀਂ ਕਰਨਾ।
ਰਘੁਬੀਰ ਸਿੰਘ ਬੀਰ, ਐਲ਼ਏæ।
———————
ਗੁਰਦਿਆਲ ਦਲਾਲ ਦਾ ਕਾਲਮ
ਗੁਰਦਿਆਲ ਦਲਾਲ ਦਾ ਕਾਲਮ ਪੜ੍ਹ ਕੇ ਲਗਦਾ ਹੈ ਜਿਵੇਂ ਕੁਝ ਹਾਸਲ ਕਰ ਲਿਆ ਹੋਵੇ। ਪੰਜਾਹਵਿਆਂ ਤੋਂ ਉਪਰ ਵਾਲੀ ਪੀੜ੍ਹੀ ਦਾ ਬਚਪਨ ਇਸੇ ਤਰ੍ਹਾਂ ਬੀਤਿਆ ਹੈ। ਗੁਰਦਿਆਲ ਦਲਾਲ ਨੇ ਇਨ੍ਹਾਂ ਗੱਲਾਂ ਨੂੰ ਜ਼ੁਬਾਨ ਦੇ ਕੇ ਚੰਗਾ ਕੰਮ ਕੀਤਾ ਹੈ। ਕਈ ਮੇਰੇ ਵਰਗੇ ਉਨ੍ਹਾਂ ਵੇਲਿਆਂ ਨੂੰ ਯਾਦ ਕਰ ਕੇ ਕੁਝ ਕੁ ਹੌਲੇ ਹੋ ਗਏ ਹੋਣਗੇ। ਇਸ ਵਾਰ (ਪੰਜਾਬ ਟਾਈਮਜ਼ ਅੰਕ 44) ‘ਪ੍ਰਤੱਖ ਰੱਬ ਅਮਰ ਸਿੰਘ’ ਪੜ੍ਹ ਕੇ ਅੱਖਾਂ ਗਿੱਲੀਆਂ ਹੋ ਗਈਆਂ। ਆਪਣੇ ਘਰਦਿਆਂ ਤੋਂ ਆਪਣਾ ਇਹ ਰੋਣ ਲੁਕੋਣ ਲਈ ਮੈਂ ਟਾਇਲਟ ਵਿਚ ਜਾ ਵੜਿਆ ਅਤੇ ਫਿਰ ਰੱਜ ਕੇ ਰੋਇਆ। ਫਿਰ ਇਹ ਸੋਚਣ ਲੱਗ ਪਿਆ ਕਿ ਪੰਜਾਬ ਵਿਚ ਹੁਣ ਇੱਦਾਂ ਦੇ ਬੰਦੇ ਹੈਗੇ ਵੀ ਕਿ ਨਹੀਂ। ਇਥੇ ਤਾਂ ਸਭ ਨੂੰ ਆਪਾ-ਧਾਪੀ ਪਈ ਹੋਈ ਹੈ। ਇਕ ਦਿਨ ਇਥੇ ਪਾਰਕ ਵਿਚ ਬੈਠੇ ਨੂੰ ਇਕ ਮੁੰਡਾ ਟੱਕਰ ਪਿਆ। ਮੇਰੇ ਹੀ ਪਿੰਡ ਦਾ ਸੀ। ਮੈਂ ਤਾਂ ਉਹਨੂੰ ਪਛਾਣ ਵੀ ਨਹੀਂ ਸਕਿਆ, ਉਹਨੇ ਹੀ ਪਛਾਣ ਕੇ ਫਤਿਹ ਬੁਲਾਈ। ਉਹ ਅਜੇ ਨਵਾਂ-ਨਵਾਂ ਹੀ ਪੰਜਾਬ ਤੋਂ ਇਥੇ ਆਇਆ ਸੀ। ਮੇਰੀਆਂ ਅੱਖਾਂ ‘ਚੋਂ ਉਦੋਂ ਵੀ ਹੰਝੂ ਟਪਕ ਪਏ ਸਨ। ਹੋ ਸਕਦਾ ਹੈ ਕਿ ਉਹ ਵੀ ਆਪਣੀ ਜ਼ਿੰਦਗੀ ਵਿਚ ਰੁੱਝ ਜਾਵੇ ਅਤੇ ਫਿਰ ਇਸ ਤਰ੍ਹਾਂ ਕਿਸੇ ਨੂੰ ਨਾ ਬੁਲਾਵੇ ਪਰ ਉਸ ਦਿਨ ਉਹ ਮੈਨੂੰ ਅਮਰ ਸਿੰਘ ਵਰਗਾ ਹੀ ਲੱਗਿਆ। ਮੈਂ ਚੰਗੀ-ਭਲੀ ਟੀਚਰ ਦੀ ਨੌਕਰੀ ਛੱਡ ਕੇ ਇਥੇ ਆਇਆ ਤੇ ਫਿਰ ਇਥੇ ਜੋਗਾ ਹੀ ਰਹਿ ਗਿਆ। ਹੁਣ ‘ਪੰਜਾਬ ਟਾਈਮਜ਼’ ਪੜ੍ਹ ਕੇ ਵਕਤ ਲੰਘਾ ਛੱਡਦਾ ਹਾਂ। ਬੜਾ ਆਸਰਾ ਹੈ। ਲਗਦਾ ਹੈ ਪੰਜਾਬ ਗੇੜਾ ਲੱਗ ਗਿਆ।
-ਮਹਿੰਦਰ ਸਿੰਘ, ਹਿਊਸਟਨ
Leave a Reply