ਸੰਯੁਕਤ ਰਾਸ਼ਟਰ:ਭਾਰਤ ਨੇ ਸਿੰਧੂ ਜਲ ਸਮਝੌਤੇ ‘ਤੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਮਾੜੇ ਪ੍ਰਚਾਰ ਦੀਆਂ ਧੱਜੀਆਂ ਉਡਾਉਂਦਿਆਂ ਕਿਹਾ ਕਿ ਇਸਲਾਮਾਬਾਦ ਨੇ ਭਾਰਤ ‘ਤੇ ਤਿੰਨ ਜੰਗਾਂ ਤੇ ਹਜ਼ਾਰਾਂ ਅੱਤਵਾਦੀ ਹਮਲੇ ਕਰ ਕੇ ਇਸ ਸਮਝੌਤੇ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ।
ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਰਵਤਨੇਨੀ ਹਰੀਸ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਸਿੰਧੂ ਜਲ ਸਮਝੌਤੇ ਦੇ ਸਬੰਧ ਵਿਚ ਪਾਕਿਸਤਾਨ ਦੇ ਪ੍ਰਤੀਨਿਧੀ ਮੰਡਲ ਵੱਲੋਂ ਫੈਲਾਈਆਂ ਜਾ ਰਹੀਆਂ ਗਲਤ ਸੂਚਨਾਵਾਂ ਦਾ ਜਵਾਬ ਦੇਣ ਲਈ ਪਾਬੰਦ ਹੋਏ ਹਾਂ। ਭਾਰਤ ਨੇ ਹਮੇਸ਼ਾ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ। ਇਹ ਪਾਕਿਸਤਾਨ ਹੈ, ਜੋ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ। ਹਰੀਸ਼ ਨੇ ਸਲੋਵੇਨੀਆ ਦੇ ਸਥਾਈ ਮਿਸ਼ਨ ਵੱਲੋਂ ਕਰਵਾਈ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਇਸ ਬੈਠਕ ਦਾ ਵਿਸ਼ਾ ‘ਹਥਿਆਰਬੰਦ ਸੰਘਰਸ਼ ਦੇ
ਦੌਰਾਨ ਪਾਣੀ ਦੀ ਸੁਰੱਖਿਆ-ਆਮ ਨਾਗਰਿਕਾਂ ਦੇ ਜੀਵਨ ਦੀ ਸੁਰੱਖਿਆ’ ਸੀ।
ਹਰੀਸ਼ ਨੇ ਦੱਸਿਆ ਕਿ ਭਾਰਤ ਨੇ ਪਿਛਲੇ ਦੋ ਸਾਲਾਂ ‘ਚ ਕਈ ਵਾਰ ਪਾਕਿਸਤਾਨ ਨੂੰ ਸਮਝੌਤੇ ਵਿਚ ਸੋਧਾਂ ‘ਤੇ ਚਰਚਾ ਕਰਨ ਲਈ ਕਿਹਾ ਪਰ ਇਸਲਾਮਾਬਾਦ ਇਸ ਤੋਂ ਇਨਕਾਰ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 65 ਸਾਲਾਂ ਵਿਚ ਨਾ ਸਿਰਫ਼ ਸਰਹੱਦੋਂ ਪਾਰ ਅੱਤਵਾਦੀ ਹਮਲਿਆਂ ਜ਼ਰੀਏ ਵਧ ਰਹੀਆਂ ਸੁਰੱਖਿਆ ਚਿੰਤਾਵਾਂ ਦੇ ਸੰਦਰਭ ‘ਚ, ਸਗੋਂ ਸਾਫ਼ ਊਰਜਾ ਉਤਪਾਦਨ, ਜਲਵਾਯੂ ਬਦਲਾਅ ਅਤੇ ਜਨਸੰਖਿਆ ਬਦਲਾਅ ਦੀਆਂ ਵਧ ਰਹੀਆਂ ਜ਼ਰੂਰਤਾਂ ਦੇ ਸੰਦਰਭ ਵਿਚ ਵੀ ਦੁਰਗਾਮੀ ਬਦਲਾਅ ਹੋਏ ਹਨ। ਕੁਝ ਪੁਰਾਣੇ ਡੈਮਾਂ ਦੇ ਸਬੰਧ ਵਿਚ ਸੁਰੱਖਿਆ ਸਬੰਧੀ ਗੰਭੀਰ ਚਿੰਤਾਵਾਂ ਹਨ। ਪਾਕਿਸਤਾਨ ਇਸ ਬੁਨਿਆਦੀ ਢਾਂਚੇ ਵਿਚ ਸਮਝੌਤੇ ਅਧੀਨ ਸਵੀਕਾਰਨਯੋਗ ਕਿਸੇ ਵੀ ਬਦਲਾਅ ਅਤੇ ਪ੍ਰਬੰਧਾਂ ਵਿਚ ਕਿਸੇ ਵੀ ਸੋਧ ਨੂੰ ਲਗਾਤਾਰ ਰੋਕਦਾ ਰਿਹਾ ਹੈ।
ਭਾਰਤੀ ਪ੍ਰਤੀਨਿਧੀ ਹਰੀਸ਼ ਨੇ ਕਿਹਾ ਕਿ 2012 ਵਿਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਵਿਚ ਤਲਬੂਲ ਪ੍ਰੋਜੈਕਟ ‘ਤੇ ਵੀ ਹਮਲਾ ਕੀਤਾ ਸੀ। ਇਹ ਨਿੰਦਣਯੋਗ ਕਾਰਾ ਸਾਡੇ ਪ੍ਰੋਜੈਕਟਾਂ ਅਤੇ ਆਮ ਨਾਗਰਿਕਾਂ ਦੇ ਜੀਵਨ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਂਦਾ ਹੈ। ਇਸੇ ਪਿਛੋਕੜ ਵਿਚ ਭਾਰਤ ਨੇ ਆਖਰਕਾਰ ਐਲਾਨ ਕੀਤਾ ਹੈ ਕਿ ਜਦ ਤੱਕ ਅੱਤਵਾਦ ਦਾ ਵਿਸ਼ਵ ਕੇਂਦਰ ਪਾਕਿਸਤਾਨ ਸਰਹੱਦ ਪਾਰੋਂ ਅੱਤਵਾਦ ਨੂੰ ਆਪਣਾ ਸਮੱਰਥਨ ਖ਼ਤਮ ਨਹੀਂ ਕਰਦਾ, ਉਦੋਂ ਤੱਕ ਇਹ ਸਮਝੌਤਾ ਰੁਕਿਆ ਰਹੇਗਾ। ਇਹ ਸਪੱਸ਼ਟ ਹੈ ਕਿ ਇਹ ਪਾਕਿਸਤਾਨ ਹੀ ਹੈ, ਜੋ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ।
ਅਤਿਵਾਦੀਆਂ ਤੇ ਆਮ ਨਾਗਰਿਕਾਂ `ਚ ਕੋਈ ਫ਼ਰਕ ਨਹੀਂ ਕਰਦਾ ਪਾਕਿਸਤਾਨ
ਹਰੀਸ਼ ਨੇ ਸੁਰੱਖਿਆ ਕੌਂਸਲ ਦੀ ਖੁੱਲ੍ਹੀ ਬਹਿਸ ‘ਚ ਪਾਕਿਸਤਾਨ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਪਾਕਿ ਦੇ ਪਾਖੰਡ ਦੀ ਨਿੰਦਾ ਕਰਦਿਆਂ ਕਿਹਾ ਕਿ ਇਕ ਅਜਿਹਾ ਦੇਸ਼ ਜੋ ਅੱਤਵਾਦੀਆਂ ਅਤੇ ਆਮ ਨਾਗਰਿਕਾਂ ਦੇ ਵਿਚਕਾਰ ਕੋਈ ਫਰਕ ਨਹੀਂ ਕਰਦਾ, ਉਸ ਨੂੰ ਆਮ ਨਾਗਰਿਕਾਂ ਦੀ ਸੁਰੱਖਿਆ ‘ਤੇ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ। ਦਰਅਸਲ, ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਰਾਜਦੂਤ ਆਸਿਮ ਇਫਤਿਖਾਰ ਅਹਿਮਦ ਨੇ ਆਪਣੇ ਭਾਸ਼ਣ ਵਿਚ ਕਸ਼ਮੀਰ ਮੁੱਦੇ ਨੂੰ ਉਠਾਇਆ ਅਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਾਲੀਆ ਸੰਘਰਸ਼ ਬਾਰੇ ਗੱਲ ਕੀਤੀ। ਹਰੀਸ਼ ਨੇ ਇਸ ‘ਤੇ ਕਿਹਾ ਕਿ ਭਾਰਤ ਨੇ ਦਹਾਕਿਆਂ ਤੋਂ ਆਪਣੀਆਂ ਸਰਹੱਦਾਂ ‘ਤੇ ਪਾਕਿਸਤਾਨ ਸਪਾਂਸਰਡ ਹਮਲਿਆਂ ਦਾ ਸਾਹਮਣਾ ਕੀਤਾ ਹੈ।
ਅਤਿਵਾਦੀ ਹਮਲਿਆਂ `ਚ ਗਈ 20 ਹਜ਼ਾਰ ਭਾਰਤੀਆਂ ਦੀ ਜਾਨ
ਭਾਰਤੀ ਪ੍ਰਤੀਨਿਧੀ ਹਰੀਸ਼ ਨੇ ਪਾਕਿਸਤਾਨ ਦੇ ਮਾੜੇ ਪ੍ਰਚਾਰ ਨੂੰ ਉਜਾਗਰ ਕਰਨ ਲਈ ਚਾਰ ਪੱਖਾਂ ‘ਤੇ ਰੋਸ਼ਨੀ ਪਾਈ। ਉਨਾਂ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਫ਼ੈਸਲਾ ਕੀਤਾ ਸੀ ਕਿ 1960 ਦੇ ਸਿੰਧੂ ਜਲ ਸਮਝੌਤੇ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇਗਾ। ਸਿੰਧੂ ਜਲ ਸਮਝੌਤੇ ਦੀ ਪ੍ਰਸਤਾਵਨਾ ਵਿਚ ਕਿਹਾ ਗਿਆ ਹੈ ਕਿ ਇਸ ਨੂੰ ‘ਸਦਭਾਵਨਾ ਤੇ ਦੋਸਤੀ ਦੀ ਭਾਵਨਾ ਨਾਲ ਕੀਤਾ ਗਿਆ। ਪਿਛਲੇ ਸਾਢੇ ਛੇ ਦਹਾਕਿਆਂ ਵਿਚ ਪਾਕਿਸਤਾਨ ਨੇ ਭਾਰਤ ‘ਤੇ ਤਿੰਨ ਜੰਗਾਂ ਅਤੇ ਹਜ਼ਾਰਾਂ ਅੱਤਵਾਦੀ ਹਮਲੇ ਕਰ ਕੇ ਸਮਝੌਤੇ ਦੀ ਭਾਵਨਾ ਦੀ ਉਲੰਘਣਾ ਕੀਤਾ ਹੈ। ਪਿਛਲੇ ਚਾਰ ਦਹਾਕਿਆਂ ਵਿਚ ਅੱਤਵਾਦੀ ਹਮਲਿਆਂ ‘ਚ 20 ਹਜ਼ਾਰ ਤੋਂ ਵੱਧ ਭਾਰਤੀਆਂ ਦੀ ਜਾਨ ਗਈ। ਇਨ੍ਹਾਂ ‘ਚ ਹੀ 22 ਅਪ੍ਰੈਲ ਨੂੰ ਪਹਿਲਗਾਮ ਵਿਚ ਸੈਲਾਨੀਆਂ ‘ਤੇ ਕੀਤਾ ਗਿਆ ਹਮਲਾ ਵੀ ਸ਼ਾਮਲ ਸੀ। ਭਾਰਤ ਨੇ ਇਸ ਪੂਰੀ ਮਿਆਦ ਵਿਚ ਅਸਾਧਾਰਨ ਸਬਰ ਤੇ ਦਿਆਲੂ ਭਾਵਨਾ ਦਿਖਾਈ ਹੈ। ਹਰੀਸ਼ ਨੇ ਕਿਹਾ ਕਿ ਫਿਰ ਵੀ ਪਾਕਿਸਤਾਨ ਦਾ ਟੀਚਾ ਭਾਰਤ ਦੇ ਆਮ ਨਾਗਰਿਕਾਂ ਦੇ ਜੀਵਨ, ਧਾਰਮਿਕ ਸਦਭਾਵਨਾ ਅਤੇ ਆਰਥਿਕ ਖੁਸ਼ਹਾਲੀ ਨੂੰ ਨੁਕਸਾਨ ਪਹੁੰਚਾਉਣਾ ਹੀ ਰਿਹਾ ਹੈ।
