ਅੰਮ੍ਰਿਤਸਰ:ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਨੂੰ ਪੁਲੀਸ ਵੱਲੋਂ ਅਗਵਾ ਕਰਨ ਦੇ ਮਾਮਲੇ ‘ਚ ਮੁੱਖ ਗਵਾਹ ਕਿਰਪਾਲ ਸਿੰਘ ਰੰਧਾਵਾ (72) ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
ਉਹ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਾਬਕਾ ਡਿਪਟੀ ਚੇਅਰਪਰਸਨ ਵੀ ਸਨ। ਸੰਗਠਨ ਨੇ 1980ਵਿਆਂ ਅਤੇ 90ਵਿਆਂ ‘ਚ ਮਨੁੱਖੀ ਹੱਕਾਂ ਦੇ ਅੰਦੋਲਨ ‘ਚ ਮੋਹਰੀ ਨਿਭਾਈ ਸੀ।
ਸ੍ਰੀ ਰੰਧਾਵਾ ਮਰਹੂਮ ਜਸਵੰਤ ਸਿੰਘ ਖਾਲੜਾ ਨਾਲ ਜੁੜੇ ਹੋਏ ਸਨ ਅਤੇ ਉਹ 6 ਸਤੰਬਰ, 1995 ‘ਚ ਪੁਲੀਸ ਵੱਲੋਂ ਖਾਲੜਾ ਨੂੰ ਅਗਵਾ ਕੀਤੇ ਜਾਣ ਦੇ ਮੁੱਖ ਚਸ਼ਮਦੀਦ ਸਨ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਜਾਂਚ ਵਿੰਗ ਦੇ ਮੁਖੀ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਸ੍ਰੀ ਰੰਧਾਵਾ ਨੇ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਆਪਣੀ ਰਿਹਾਇਸ਼ ‘ਤੇ ਬੀਤੀ ਰਾਤ ਕਰੀਬ 10 ਵਜੇ ਅੰਤਿਮ ਸਾਹ ਲਏ। ਵੇਰਕਾ ਨੇ ਦੋਸ਼ ਲਾਇਆ ਕਿ ਕਿਰਪਾਲ ਸਿੰਘ ਰੰਧਾਵਾ ਨੂੰ ਖਾਲੜਾ ਹੱਤਿਆ ਕਾਂਡ ‘ਚ ਗਵਾਹੀ ਦੇਣ ਤੋਂ ਰੋਕਣ ਲਈ ਉਸ ਵਿਰੁੱਧ ਪੰਜਾਬ ਪੁਲਿਸ ਨੇ ਛੇ ਝੂਠੇ ਕੇਸ ਦਰਜ ਕੀਤੇ ਸਨ।
ਪਟਿਆਲਾ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਰੰਧਾਵਾ ਨੂੰ 12 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਸਨ।
ਖਾਲੜਾ ਮਿਸ਼ਨ ਸੰਗਠਨ ਦੇ ਚੇਅਰਪਰਸਨ ਹਰਮਨ ਸਿੰਘ ਸਰਹਾਲੀ ਨੇ ਰੰਧਾਵਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
