ਟਰੰਪ ਨੇ ਹੁਣ ਪੁਤਿਨ ਨੂੰ ਸਨਕੀ ਕਿਹਾ

ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਨ੍ਹਾਂ ਨੇ ਸਿਰਫ਼ ਛੇ ਦਿਨ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚੰਗਾ ਵਿਅਕਤੀ ਦੱਸਿਆ ਸੀ, ਨੇ ਹੁਣ ਪੁਤਿਨ ਨੂੰ ਸਨਕੀ ਦੱਸਿਆ ਹੈ। ਟਰੰਪ ਨੇ ਇਹ ਗੱਲ ਰੂਸ ਵੱਲੋਂ ਯੂਕਰੇਨ ‘ਤੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਕਹੀ ਹੈ।

ਰੂਸ ਨੇ ਐਤਵਾਰ ਨੂੰ ਯੂਕਰੇਨ ‘ਤੇ 39 ਮਹੀਨਿਆਂ ਦੀ ਜੰਗ ਦਾ ਆਪਣਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਜਿਸ ‘ਚ ਤਿੰਨ ਬੱਚਿਆਂ ਸਣੇ 13 ਲੋਕ ਮਾਰੇ ਗਏ। ਟਰੰਪ ਨੇ ਪਿਛਲੇ ਸੋਮਵਾਰ (19 ਮਈ) ਨੂੰ ਪੁਤਿਨ ਨਾਲ ਦੋ ਘੰਟੇ ਫ਼ੋਨ ‘ਤੇ ਗੱਲ ਕੀਤੀ। ਗੱਲਬਾਤ ਦਾ ਮੁੱਖ ਮੁੱਦਾ ਯੂਕਰੇਨ ‘ਚ ਜੰਗਬੰਦੀ ਸੀ ਪਰ ਉਹ ਇਸ ਲਈ ਪੁਤਿਨ ਨੂੰ ਮਨਾਉਣ ‘ਚ ਅਸਫਲ ਰਹੇ। ਫਿਰ ਟਰੰਪ ਨੇ ਰੂਸ ‘ਤੇ ਪਾਬੰਦੀਆਂ ਲਗਾਉਣ ‘ਚ ਯੂਰਪ ਦਾ ਸਮਰਥਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਪਰ ਸੋਮਵਾਰ ਨੂੰ ਪੁਤਿਨ ਨੂੰ ਸਨਕੀ ਕਹਿਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਰੂਸ ‘ਤੇ ਨਵੀਆਂ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਟਰੰਪ ਨੇ ਇਹ ਗੱਲ ਟਰੂਥ ਸੋਸ਼ਲ ‘ਤੇ ਪੋਸਟ ਕੀਤੇ ਇਕ ਸੰਦੇਸ਼ ‘ਚ ਕਹੀ ਹੈ।
ਟਰੰਪ ਨੇ ਕਿਹਾ, ‘ਪੁਤਿਨ ਨਾਲ ਕੁਝ ਅਜਿਹਾ ਹੋਇਆ ਹੈ ਜਿਸ ਕਾਰਨ ਉਹ ਸਨਕੀ ਹੋ ਗਏ ਹਨ। ਮੈਂ ਅਕਸਰ ਕਹਿੰਦਾ ਹਾਂ ਕਿ ਉਹ (ਪ੍ਰਤਿਨ) ਪੂਰਾ ਯੂਕਰੇਨ ਚਾਹੁੰਦੇ ਹਨ, ਇਸ ਦਾ ਹਿੱਸਾ ਨਹੀਂ। ਉਹ ਆਪਣੇ ਕੰਮਾਂ ਨਾਲ ਇਸ ਕਥਨ ਨੂੰ ਸਹੀ ਸਾਬਤ ਕਰ ਰਹੇ ਹਨ।