ਨਵੀਂ ਦਿੱਲੀ:ਆਪ੍ਰੇਸ਼ਨ ਸਿੰਧੂਰ ਬਾਰੇ ਪਾਕਿਸਤਾਨ ਨੂੰ ਪਹਿਲੀ ਜਾਣਕਾਰੀ ਇਸ ਦੇ ਸ਼ੁਰੂ ਹੋਣ ਦੇ ਅੱਧੇ ਘੰਟੇ ਬਾਅਦ ਦਿੱਤੀ ਗਈ ਸੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਸੋਮਵਾਰ ਨੂੰ ਹੋਈ ਮੀਟਿੰਗ ‘ਚ ਦਿੱਤੀ। ਕੁਝ ਦਿਨ ਪਹਿਲਾਂ ਜੈਸ਼ੰਕਰ ਨੇ ਕਿਹਾ ਸੀ ਕਿ ਆਪ੍ਰੇਸ਼ਨ ਸਿੰਧੂਰ ਸ਼ੁਰੂ ਹੋਣ ਦੇ ਨਾਲ ਹੀ ਇਸ ਦੀ ਜਾਣਕਾਰੀ ਪਾਕਿਸਤਾਨ ਨੂੰ ਦੇ ਦਿੱਤੀ ਗਈ ਸੀ।
ਇਸ ‘ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਵਾਲ ਚੁੱਕਿਆ ਸੀ ਕਿ ਇੰਨੀ ਮਹੱਤਵਪੂਰਨ ਜਾਣਕਾਰੀ ਪਾਕਿਸਤਾਨ ਨੂੰ ਪਹਿਲਾਂ ਕਿਉਂ ਦਿੱਤੀ ਗਈ। ਵਿਦੇਸ਼ ਮੰਤਰਾਲੇ ਨੇ ਇਸ ‘ਤੇ ਸਪੱਸ਼ਟੀਕਰਨ ਦਿੱਤਾ ਸੀ ਕਿ ਆਪ੍ਰੇਸ਼ਨ ਸਿੰਧੂਰ ਸ਼ੁਰੂ ਹੋਣ ਤੋਂ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਗਈ ਸੀ। ‘ਭਾਜਪਾ ਤੇ ਕਾਂਗਰਸ ‘ਚ ਇਸ ‘ਤੇ ਕਾਫ਼ੀ ਬਹਿਸਬਾਜ਼ੀ ਹੋਈ ਸੀ।
ਜੈਸ਼ੰਕਰ ਨੇ ਇਸ ਮੀਟਿੰਗ ਬਾਰੇ ਇੰਟਰਨੈੱਟ ਮੀਡੀਆ ‘ਤੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਆਪ੍ਰੇਸ਼ਨ ਸਿੰਧੂਰ ਅਤੇ ਹਰ ਤਰ੍ਹਾਂ ਦੇ ਅੱਤਵਾਦ ਦੇ ਵਿਰੁੱਧ ਭਾਰਤ ਦੀ ਜ਼ੀਰੋ-ਟਾਲਰੈਂਸ ਨੀਤੀ ‘ਤੇ ਚਰਚਾ ਹੋਈ। ਇਸ ਸਮੇਂ ਸਾਨੂੰ ਇਕਜੁੱਟ ਹੋ ਕੇ ਸੰਦੇਸ਼ ਦੇਣ ਦੀ ਲੋੜ ਹੈ। ਉਨ੍ਹਾਂ ਦੁਨੀਆ ਭਰ ‘ਚ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਸਾਰੇ ਸੰਸਦ ਮੈਂਬਰਾਂ ਤੋਂ ਸਹਿਯੋਗ ਦੀ ਉਮੀਦ ਕੀਤੀ। ਸੂਤਰਾਂ ਨੇ ਦੱਸਿਆ ਕਿ ਜੈਸ਼ੰਕਰ ਨੇ ਦੋਵਾਂ ਸਦਨਾਂ ਦੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਆਪ੍ਰੇਸ਼ਨ ਸਿੰਧੂਰ ਸ਼ੁਰੂ ਹੋਣ ਦੇ 30 ਮਿੰਟਾਂ ਬਾਅਦ ਪਾਕਿਸਤਾਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਨੂੰ ਦੱਸਿਆ ਗਿਆ ਸੀ ਕਿ ਭਾਰਤ ਨੇ ਸਿਰਫ਼ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਤੇ ਪਾਕਿਸਤਾਨ ‘ਚ ਜੰਗਬੰਦੀ ਦਾ ਫ਼ੈਸਲਾ ਦੋਵਾਂ ਦੇਸ਼ਾਂ ਦੇ ਡੀਜੀਐੱਮਓ ‘ਚ ਟੈਲੀਫੋਨ ‘ਤੇ ਗੱਲਬਾਤ ਤੋਂ ਬਾਅਦ ਕੀਤਾ ਗਿਆ ਸੀ। ਜੰਗਬੰਦੀ ਦੀ ਸ਼ੁਰੂਆਤ ਪਾਕਿਸਤਾਨ ਵੱਲੋਂ ਹੋਈ ਸੀ। ਨਾਲ ਹੀ ਸਪੱਸ਼ਟ ਕੀਤਾ ਕਿ ਡੀਜੀਐੱਮਓ ਤੋਂ ਇਲਾਵਾ ਕਿਸੇ ਵੀ ਭਾਰਤੀ ਅਧਿਕਾਰੀ ਨੇ ਪਾਕਿਸਤਾਨ ਨਾਲ ਗੱਲ ਨਹੀਂ ਕੀਤੀ ਸੀ। ਉਨ੍ਹਾਂ ਨੇ ਜੰਗਬੰਦੀ ‘ਚ ਅਮਰੀਕੀ ਹੱਥ ਹੋਣ ਸਬੰਧੀ ਸਵਾਲਾਂ ‘ਤੇ ਕਿਹਾ ਕਿ ਦੂਸਰੇ ਦੇਸ਼ਾਂ ਅੱਗੇ ਵੀ ਭਾਰਤ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਪਾਕਿਸਤਾਨ ਰੁਕੇਗਾ ਤਦ ਹੀ ਭਾਰਤ ਦਾ ਹਮਲਾ ਰੁਕੇਗਾ, ਪਾਕਿਸਤਾਨ ਵੱਲੋਂ ਹਮਲਾ ਹੋਵੇਗਾ ਤਾਂ ਭਾਰਤ ਉਸ ਦਾ ਬਹੁਤ ਸਖ਼ਤ ਜਵਾਬ ਦੇਵੇਗਾ। ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਅਮਰੀਕੀ ਬੇਨਤੀ ‘ਤੇ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਅੱਤਵਾਦ ਅਤੇ ਗੱਲਬਾਤ ਨਾਲੋ-ਨਾਲ ਨਹੀਂ ਚੱਲ ਸਕਦੇ। ਇਹ ਗੱਲ ਪਹਿਲਾਂ ਵੀ ਵਿਦੇਸ਼ ਮੰਤਰੀ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਕਈ ਵਾਰ ਕਹਿ ਚੁੱਕੇ ਹਨ।ਜੈਸ਼ੰਕਰ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਰਣਨੀਤੀ ਆਪ੍ਰੇਸ਼ਨ ਦੀ ਸ਼ੁਰੂਆਤ ਵਿਚ ਹੀ ਕੁਝ ਮਹੱਤਵਪੂਰਨ ਟੀਚਿਆਂ ‘ਤੇ ਨਿਸ਼ਾਨਾ ਸਾਧਣ ਦੀ ਸੀ। ਭਾਰਤ ਦਾ ਆਪ੍ਰੇਸ਼ਨ ਪੂਰੀ ਤਰ੍ਹਾਂ ਸਫਲ ਰਿਹਾ।
ਭਾਰਤੀ ਫੌਜ ਨੇ ਜਿੱਥੇ ਹਮਲਾ ਕਰਨਾ ਸੀ, ਉਥੇ ਹੀ ਕੀਤਾ। ਇਸ ਨਾਲ ਪਾਕਿਸਤਾਨ ਦਾ ਫੌਜੀ ਮਨੋਬਲ ਕਾਫੀ ਡਿੱਗ ਗਿਆ ਸੀ। ਉਹ ਆਪਣੇ ਦੇਸ਼ ‘ਚ ਅੱਤਵਾਦੀ ਢਾਂਚਿਆਂ ਦੀ ਰੱਖਿਆ ਨਹੀਂ ਕਰ ਸਕੇ, ਇਸ ਨਾਲ ਉਨ੍ਹਾਂ ਦੀ ਸਮਰੱਥਾ ਉਜਾਗਰ ਹੁੰਦੀ ਹੈ। ਸਿੰਧੂ ਜਲ ਸੰਧੀ ‘ਤੇ ਸੰਸਦ ਮੈਂਬਰਾਂ ਨੇ ਜਾਨਣਾ ਚਾਹਿਆ ਕਿ ਕੀ ਸਰਕਾਰ ਇਸ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਜਾਂ ਇਹ ਸਿਰਫ਼ ਪ੍ਰਤੀਕਾਰਤਮਕ ਹੈ। ਸਰਕਾਰ ਨੇ ਕਿਹਾ ਕਿ ਸੰਧੀ ਮੁਲਤਵੀ ਹੈ ਅਤੇ ਸੰਸਦ ਮੈਂਬਰਾਂ ਨੂੰ ਭਵਿੱਖ ‘ਚ ਉਠਾਏ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਸੂਤਰਾਂ ਨੇ ਕਿਹਾ, ਕਾਂਗਰਸੀ ਸੰਸਦ ਮੈਂਬਰਾਂ ਨੇ ਸਵਾਲ ਕੀਤਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਭਾਰਤ ਅੱਗੇ ਕਿਉਂ ਰੱਖਿਆ ਅਤੇ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ ਦੀ ਮਦਦ ਤੇ ਮੀਟਿੰਗ ਤੋਂ ਭਾਰਤ ਦੀ ਗੈਰ-ਮੌਜੂਦਗੀ ਦਾ ਮੁੱਦਾ ਵੀ ਚੁੱਕਿਆ।
