ਡਾ. ਹਰਜਿੰਦਰ ਸਿੰਘ ਦਿਲਗੀਰ
ਰਚੈਤਾ: ‘ਨਵਾਂ ਤੇ ਵਡਾ ਮਹਾਨ ਕੋਸ਼’
ਸਾਕਾ ਨੀਲਾ ਤਾਰਾ ਪੰਜਾਬੀ ਲੋਕ-ਇਤਿਹਾਸ ਦੀ ਅਤਿ ਦੁਖਦਾਈ ਘਟਨਾ ਹੈ। ਪੰਜਾਬੀ ਦੇ ਉਘੇ ਲਿਖਾਰੀ ਡਾ. ਹਰਭਜਨ ਸਿੰਘ ਨੇ ਇਸ ਨੂੰ ‘ਜੜ੍ਹਾਂ ਵਾਲਾ ਫੋੜਾ’ ਆਖਿਆ ਸੀ। ਉਨ੍ਹਾਂ ਲਿਖਿਆ ਸੀ ਕਿ ਇਹ ਅਜਿਹਾ ਲਾਇਲਾਜ ਨਾਸੂਰ ਹੈ ਜਿਹੜਾ ਲਗਾਤਾਰ ਵਗੀ ਜਾ ਰਿਹਾ ਹੈ। ਇਸ ਘਟਨਾ ਨੂੰ ਭੁੱਲਣਾ ਵਾਕਈ ਨਾਮੁਮਕਿਨ ਹੈ ਪਰ ਇਸ ਦੇ ਕਾਰਨਾਂ ਦੀ ਪੁਣਛਾਣ ਕਰ ਕੇ ਇਸ ਤੋਂ ਸਬਕ ਜ਼ਰੂਰ ਲਿਆ ਜਾ ਸਕਦਾ ਹੈ। ਇਸ ਦੀ ਵਰ੍ਹੇਗੰਢ ‘ਤੇ ਅਸੀਂ ਸਿੱਖ ਇਤਿਹਸ ਦੇ ਬਾਬਾ ਬੋਹੜ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦਾ ਲਿਖਿਆ ਬਹੁਤ ਕੀਮਤੀ ਜਾਣਕਾਰੀ ਭਰਪੂਰ ਲੇਖ ਛਾਪਣ ਦਾ ਮਾਣ ਹਾਸਿਲ ਕਰ ਰਹੇ ਹਾਂ। ਲੇਖ ਵੱਡਾ ਹੈ ਇਸ ਕਰ ਕੇ ਇਸ ਦੀ ਪਹਿਲੀ ਕਿਸ਼ਤ ਪਾਠਕਾਂ ਦੀ ਨਜ਼ਰ ਹੈ।
ਨਹਿਰੂ ਦੀ ਮੌਤ ਮਗਰੋਂ ਉਸ ਦੀ ਧੀ ਇੰਦਰਾ ਗਾਂਧੀ ਨੇ ਭਾਵੇਂ ਸਿੱਖਾਂ ਦੇ ਮਸਲੇ ‘ਤੇ ਇਹੀ ਪਾਲਸੀ ਜਾਰੀ ਰੱਖੀ ਪਰ 1965 ਦੀ ਜੰਗ ਕਾਰਨ ਜਦੋਂ ਪੰਜਾਬੀ ਸੂਬਾ ਬਣਾਉਣਾ ਪੈ ਗਿਆ ਤਾਂ ਇਸ ਵਿਚ ਵੀ ਉਸ ਨੇ ਐਂਟੀ-ਸਿੱਖ ਪਾਲਸੀ ਵਰਤ ਕੇ ਉਤਰ ਦੇ ਹਿੰਦੂ ਵੋਟਰ ਨੂੰ ਹੱਥ ਵਿਚ ਰੱਖਣ ਦੀ ਕੋਸ਼ਿਸ਼ ਕੀਤੀ (ਇਹ ਗੱਲ ਉਸ ਨੇ ਆਪਣੀ ਕਿਤਾਬ ‘ਮਾਈ ਸਟੋਰੀ’ ਵਿਚ ਵੀ ਮੰਨੀ ਹੈ)। ਬੇਸ਼ਕ ਮਗਰੋਂ 1967 ਤੋਂ 1980 ਤਕ ਉਸ ਨੇ ਗ਼ਰੀਬੀ ਹਟਾਓ ਅਤੇ ਹੋਰ ਆਰਥਕ ਨਾਅਰਿਆਂ ਨਾਲ ਵੋਟ ਬੈਂਕ ‘ਤੇ ਕਬਜ਼ਾ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ, ਪਰ ਉਸ ਨੇ ਮਹਿਸੂਸ ਕੀਤਾ ਕਿ ਹੁਣ ਇਹ ਨਾਅਰਾ ਅਗਲੀ ਵਾਰ ਕਾਮਯਾਬ ਨਹੀਂ ਹੋ ਸਕਣਾ, ਕਿਉਂ ਕਿ 1977 ਵਿਚ ਬਣੀ ਜਨਤਾ ਪਾਰਟੀ ਦੀ ਸੋਚ ਵਿਚੋਂ ਨਵੀਆਂ ਧਿਰਾਂ ਦੇ ਉਠ ਪੈਣ ਅਤੇ ਤਾਕਤ ਵਿਚ ਆਉਣ ਦੇ ਆਸਾਰ ਕਾਇਮ ਰਹਿਣੇ ਸਨ, ਇਸ ਕਰ ਕੇ ਉਸ ਨੇ ਨਵਾਂ ਵੋਟ ਬੈਂਕ ਕਾਇਮ ਕਰਨ ਦੀ ਪਲਾਨਿੰਗ ਕੀਤੀ। ਉਸ ਕੋਲ ਦੋ ਵੋਟ ਜ਼ੋਨ ਸਨ: ਮੁਸਲਿਮ, ਸਿੱਖ ਤੇ ਦਰਾਵਿੜ ਇਕ ਪਾਸੇ ਅਤੇ ਬੰਗਾਲੀ, ਮਰਹੱਟਾ ਤੇ ਪਹਾੜੀ ਲੋਕ ਦੂਜੇ ਪਾਸੇ। ਵਿਚਕਾਰਲਾ ਹਿੰਦੀ ਜ਼ੋਨ ਦਾ ਹਿੰਦੂ ਵੋਟ (ਯੂ.ਪੀ., ਐਮ.ਪੀ., ਬਿਹਾਰ ਤੇ ਕੁਝ ਕੂ ਗੁਜਰਾਤ ਤੇ ਰਾਜਸਥਾਨ)। ਇਨ੍ਹਾਂ ਸਾਰਿਆਂ ਨੂੰ ਉਹ ਇਕੱਠਿਆਂ ਵੋਟ ਬੈਂਕ ਵਜੋਂ ਨਹੀਂ ਵਰਤ ਸਕਦੀ ਸੀ। ਉਸ ਨੇ ਸਭ ਤੋਂ ਵੱਡੇ ਵੋਟ ਬੈਂਕ, ਯਾਨਿ ਹਿੰਦੂਸਤਾਨੀ ਵੋਟ ਬੈਂਕ, ਨੂੰ ਹਾਸਿਲ ਕਰਨ ਵਾਸਤੇ ਉਨ੍ਹਾਂ ਨੂੰ ਜਜ਼ਬਾਤੀ ਕਰ ਕੇ ਹੀ ਵੋਟ ਹਾਸਿਲ ਕੀਤੀ ਜਾ ਸਕਦੀ ਸੀ। ਇਸ ਵੋਟ ਨੂੰ ਹਾਸਿਲ ਕਰਨ ਵਾਸਤੇ ਉਸ ਕੋਲ ਦੋ ਹਥਿਆਰ ਸਨ: ਸਿੱਖ ਅਤੇ ਦਰਾਵਿੜ। ਇਨ੍ਹਾਂ ਦੇ ਨਾਂ ‘ਤੇ ਹੀ ਉਹ ਹਿੰਦੂਸਤਾਨੀਆਂ ਦੀਆਂ ਵੋਟਾਂ ਹਾਸਿਲ ਕਰ ਸਕਦੀ ਸੀ। ਇਸ ਸੋਚ ਨਾਲ ਉਸ ਨੇ ਪਹਿਲਾਂ ਦਰਾਵੜ ਵੋਟ ਬੈਂਕ ਵਰਤਣ ਦੀ ਸਕੀਮ ਬਣਾਈ। ਇਸ ਮਕਸਦ ਵਾਸਤੇ ਉਸ ਨੇ ਸ੍ਰੀਲੰਕਾ ਵਿਚ ਤਾਮਿਲਾਂ ਨੂੰ ਖੜ੍ਹਾ ਕੀਤਾ। ਉਸ ਨਿੱਕੇ ਜਿਹੇ ਮੁਲਕ ਵਿਚ ਤਾਮਿਲਾਂ ਦੀ ਅਜ਼ਾਦੀ ਦੇ ਨਾਂ ‘ਤੇ ਹਥਿਆਰਬੰਦ ਜੰਗ ਸ਼ੁਰੂ ਕਰਵਾਈ। ਇਸ ਪਿੱਛੇ ਉਸ ਦੇ ਦੋ ਨਿਸ਼ਾਨੇ ਸਨ: ਇਕ ਇਹ ਕਿ ਦਰਾਵਿੜ ਲੋਕ ਉਸ ਦੇ ਵਫ਼ਾਦਾਰ ਰਹਿਣਗੇ (ਅਤੇ ਵਖਰੇ ਦਰਾਵਿੜਸਤਾਨ ਦੀ ਸੋਚ ਛੱਡ ਦੇਣਗੇ) ਅਤੇ ਦੂਜਾ ਉਹ ਸ੍ਰੀ ਲੰਕਾ ਵਿਚੋਂ ਤਾਮਿਲ-ਈਲਾਮ ਆਜ਼ਾਦ ਕਰਵਾ ਕੇ ਆਪਣੇ ਆਪ ਨੂੰ 1971 ਵਿਚ ਬੰਗਲਾ ਦੇਸ਼ ਕਾਇਮ ਕਰਨ ਵਰਗਾ ਨਾਅਰਾ ਲਾ ਕੇ ਹਿੰਦੂਸਤਾਨੀ ਵੋਟਰਾਂ ਵਾਸਤੇ ਫਿਰ ਦੇਵੀ ਬਣ ਜਾਵੇਗੀ। ਪਰ ਉਸ ਨੂੰ ਇਹ ਮੋਰਚਾ ਛੱਡਣਾ ਪਿਆ ਤੇ ਇਸ ਨਾਲ ਹਿੰਦੂਸਤਾਨੀ ਵੋਟਰ ਉਸ ਦੇ ਨਾਲ ਨਾ ਜੁੜਿਆ।
ਇਸ ਮਗਰੋਂ ਉਸ ਨੇ ਸਿੱਖ ਪੱਤਾ ਵਰਤਣ ਦੀ ਸਕੀਮ ਘੜੀ। ਉਸ ਨੇ ਖ਼ੁਫ਼ੀਆ ‘ਥਰਡ ਏਜੰਸੀ’ ਕਾਇਮ ਕਰ ਕੇ ਇਸ ਰਾਹੀਂ ਪੰਜਾਬ ਵਿਚ ਗੜਬੜ ਕਰਵਾ ਕੇ ਹਿੰਦੂਆਂ ਵਿਚ ਡਰ ਅਤੇ ਨਫ਼ਰਤ ਦਾ ਅਹਿਸਾਸ ਪੈਦਾ ਕਰ ਕੇ ਅਤੇ ਸਿੱਖਾਂ ਦੇ ਖ਼ਿਲਾਫ਼ ਨਫ਼ਰਤ ਦਾ ਮਾਹੌਲ ਪੈਦਾ ਕੀਤਾ। ਪਰ ਉਸ ਦੀ ਇਸ ਪਾਲਸੀ ਨੂੰ ਉਲਟਾ ਭਾਰਤੀ ਜਨਤਾ ਪਾਰਟੀ ਅਤੇ ਇਸ ਦੀਆਂ ਸਾਥੀ ਪਾਰਟੀਆਂ ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਵਗ਼ੈਰਾ ਨੇ ਸਗੋਂ ਵਧੇਰੇ ਕੈਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੰਦਰਾ ਗਾਂਧੀ ਵਾਸਤੇ ਇਹ ਹਥਿਆਰ ਸਗੋਂ ਘਾਤਕ ਸਾਬਿਤ ਹੋਣ ਲਗ ਪਿਆ। ਪਰ ਉਹ 1984 ਦੀਆਂ ਚੋਣਾਂ ਹਰ ਹਾਲਤ ਵਿਚ ਜਿੱਤਣਾ ਚਾਹੁੰਦੀ ਸੀ ਤੇ ਉਸ ਕੋਲ ਕੋਈ ਹੋਰ ਨਾਅਰਾ ਜਾਂ ਹਥਿਆਰ ਨਹੀਂ ਸੀ। ਇਸ ਕਰ ਕੇ ਉਸ ਨੇ ਭਾਜਪਾ ‘ਤੋਂ ਅੱਗੇ ਨਿਕਲਣ ਦੀ ਸਕੀਮ ਬਣਾਈ। ਇਹ ਸੀ: ਦਰਬਾਰ ਸਾਹਿਬ ‘ਤੇ ਹਮਲਾ ਕਰ ਕੇ ‘ਹਿੰਦੂ ਰਾਸ਼ਟਰ ਦੀ ਦੇਵੀ’ ਬਣ ਕੇ ਹਿੰਦੂਸਤਾਨੀ ਵੋਟ ਹਾਸਿਲ ਕਰਨਾ।
ਦਰਬਾਰ ਸਾਹਿਬ ‘ਤੇ ਹਮਲਾ ਕਰਨ ਦਾ ਹੁਕਮ
1984 ਦੀਆਂ ਚੋਣਾਂ ਤੋਂ ਡੇਢ ਸਾਲ ਪਹਿਲਾਂ ਉਸ ਨੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਸਿੱਖ ਪੱਤਾ ਵਰਤ ਕੇ ਹੀ ਕਾਮਯਾਬ ਹੋ ਸਕੇਗੀ। ਇਸ ਸਕੀਮ ਨਾਲ ਉਸ ਨੇ 1983 ਦੀਆਂ ਗਰਮੀਆਂ ਵਿਚ ਭਾਰਤੀ ਫ਼ੌਜ ਦੇ ਮੁਖੀ ਜਨਰਲ ਐਸ. ਕੇ. ਸਿਨਹਾ ਕੋਲ ਆਪਣੀ ਖ਼ਾਹਿਸ਼ ਜ਼ਾਹਿਰ ਕੀਤੀ। ਪਰ ਜਨਰਲ ਸਿਨਹਾ ਨੇ ਇੰਦਰਾ ਗਾਂਧੀ ਨੂੰ ਇਹ ਹਰਕਤ ਕਰਨ ਤੋਂ ਰੋਕਿਆ। (ਸਿਨਹਾ ਨੇ ਇਹ ਗੱਲ 26 ਜੂਨ 2011 ਦੇ ਦਿਨ ‘ਡੇਅ ਐਂਡ ਨਾਈਟ’ ਟੀਵੀ ‘ਤੋਂ ਸ਼ਰੇਆਮ ਕਹੀ ਸੀ)। ਇੰਦਰਾ ਗਾਂਧੀ ਨੇ ਜਦ ਜਨਰਲ ਸਿਨਹਾ ‘ਤੇ ਜ਼ੋਰ ਪਾਇਆ ਤਾਂ ਉਸ ਨੇ ਅਗਾਊਂ ਰਿਟਾੲਰਿਮੈਂਟ ਹਾਸਿਲ ਕਰ ਲਈ। ਉਸ ਮਗਰੋਂ ਇੰਦਰਾ ਗਾਂਧੀ ਨੇ ਅਰੁਣ ਸ਼੍ਰੀਧਰ ਵੈਦਯਾ ਨੂੰ ਫ਼ੌਜ ਦੀ ਕਮਾਨ ਦੇ ਦਿੱਤੀ। ਸਤੰਬਰ 1983 ਵਿਚ ਇੰਦਰਾ ਨੇ ਜਨਰਲ ਵੈਦਯਾ ਨੂੰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਤੇ ਤਿਆਰੀ ਕਰਨ ਵਾਸਤੇ ਹਦਾਇਤਾਂ ਦਿੱਤੀਆਂ। ਉਸ ਦੇ ਨਾਲ ਹੀ ਵੈਸਟਰਨ ਕਮਾਂਡ ਦੇ ਜੀ.ਓ.ਸੀ. ਕ੍ਰਿਸ਼ਨ ਸਵਾਮੀ ਸੁੰਦਰਜੀ ਨੂੰ ਵੀ ਡਿਪਟੀ ਵਜੋਂ ਤਾਇਨਾਤ ਕੀਤਾ। ਇਹ ਦੋਵੇਂ ਇੰਦਰਾ ਗਾਂਧੀ ਦੇ ਵਫ਼ਾਦਾਰਾਂ ਵਾਂਙ ਉਸ ਦੇ ਹੁਕਮ ਮੰਨ ਕੇ ਦਰਬਾਰ ਸਾਹਿਬ ‘ਤੇ ਹਮਲੇ ਵਾਸਤੇ ਤਿਆਰੀ ਕਰਨ ਲਗ ਪਏ। ਇਸ ਮਕਸਦ ਵਾਸਤੇ ਸਭ ਤੋਂ ਪਹਿਲਾਂ ‘ਪੁਜ਼ੀਸਨ ਪੇਪਰ’ ਤਿਆਰ ਕੀਤਾ ਗਿਆ ਜਿਸ ਵਿਚ ਸਾਰੀ ਐਕਸ਼ਨ ਪਲਾਨ ਸੀ। ਦਸੰਬਰ 1983 ਵਿਚ ਇਸ ਪਲਾਨ ਨੂੰ ਇੰਦਰਾ ਗਾਂਧੀ ਕੋਲ ਪੇਸ਼ ਕੀਤਾ ਗਿਆ। ਉਸ ਨੇ 15 ਜਨਵਰੀ 1984 ਦੇ ਦਿਨ ਵੈਦਯ ਤੇ ਸੁੰਦਰਜੀ ਨੂੰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਸਤੇ ਤਿਆਰ ਰਹਿਣ ਦਾ ਹੁਕਮ ਦੇ ਦਿੱਤਾ। ਇਹ ਹਮਲਾ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਸੀ।
ਜਨਰਲ ਵੈਦਯਾ ਨੇ ਫ਼ੌਜ ਦੇ ਸਾਰੇ ਹਿੱਸਿਆਂ ਵਿਚ ਸਭ ਤੋਂ ਵਧੀਆ 600 ਕਮਾਂਡੋ ਚੁਣ ਕੇ ਇਕ ਫ਼ੋਰਸ ਤਿਆਰ ਕੀਤੀ ਅਤੇ ਦਿੱਲੀ ‘ਤੋਂ 296 ਕਿਲੋਮੀਟਰ ਦੂਰ, ਉਤਰਾਖੰਡ ਵਿਚ, ਚਕਰਾਤਾ ਦੀਆਂ ਪਹਾੜੀਆਂ ਵਿਚ, ਭਾਰਤੀ ਫ਼ੌਜ ਦੇ ਸਭ ਤੋਂ ਅਹਿਮ ਅੱਡੇ ਚਕਰਾਤਾ ਦੀਆਂ ਪਹਾੜੀਆਂ ਵਿਚ ਦਰਬਾਰ ਸਾਹਿਬ ਦਾ ਇਕ ਪੂਰੇ ਸਾਈਜ਼ ਦਾ ਜ਼ਿੰਦਾ ਮਾਡਲ ਤਿਆਰ ਕੀਤਾ ਗਿਆ ਅਤੇ ਦਰਬਾਰ ਸਾਹਿਬ ‘ਤੇ ਕਬਜ਼ਾ ਕਰਨ ਵਾਸਤੇ ਲਗਾਤਾਰ ਰੀਹਰਸਲ ਸ਼ੁਰੂ ਕਰ ਦਿੱਤੀ ਗਈ। ਕੁਝ ਹੀ ਹਫ਼ਤਿਆਂ ਵਿਚ ਫ਼ੌਜ ਨੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਦੀ ਪਲਾਨਿੰਗ ਕਾਮਯਾਬ ਹੋਣ ਵਿਚ ਕੋਈ ਕਸਰ ਨਹੀਂ ਹੈ ਅਤੇ ਉਹ ਹਮਲਾ ਕਰਨ ਦੇ 36 ਘੰਟਿਆਂ ਵਿਚ ਹੀ ਦਰਬਾਰ ਸਾਹਿਬ ‘ਤੇ ਕਬਜ਼ਾ ਕਰ ਲੈਣਗੇ।
ਫ਼ਰਵਰੀ 1984 ਵਿਚ ਜਨਰਲ ਵੈਦਯਾ ਤੇ ਸੁੰਦਰਜੀ ਨੇ ਇੰਦਰਾ ਗਾਂਧੀ ਨੂੰ ਕਹਿ ਦਿੱਤਾ ਸੀ ਕਿ ਉਹ ਹਮਲੇ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ। ਇੰਦਰਾ ਗਾਂਧੀ ਨੇ ਇਹ ਸਾਰਾ ਕੁਝ ਆਪਣੇ ਨਜ਼ਦੀਕੀਆਂ (ਅਰੁਣ ਨਹਿਰੂ, ਅਰੁਣ ਸਿੰਹ ਤੇ ਰਾਜੀਵ ਗਾਂਧੀ ਵਗ਼ੈਰਾ) ਨਾਲ ਵਿਚਾਰਿਆ।
ਇਸ ਦੌਰਾਨ ਇੰਦਰਾ ਗਾਂਧੀ ਨੇ ਆਪਣੀ ਖ਼ੁਫ਼ੀਆ ‘ਥਰਡ ਏਜੰਸੀ’ ਦੇ ਰਾਹੀਂ ਪੰਜਾਬ ਵਿਚ ਗੜਬੜ ਕਰਾਉਣੀ ਸ਼ੁਰੂ ਕਰ ਦਿੱਤੀ; ਇਸ ਵਿਚ ਕਈ ਕਤਲ ਅਤੇ 36 ਸਟੇਸ਼ਨ ਸਾੜਨਾ ਵੀ ਸੀ। ਇਹ ਸਾਰਾ ਕੁਝ ਅਪ੍ਰੈਲ-ਮਈ ਵਿਚ ਕੁਝ ਹੀ ਦਿਨਾਂ ਵਿਚ ਕੀਤਾ ਗਿਆ ਤਾਂ ਜੋ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣਾ ਕੇ ਦਰਬਾਰ ਸਾਹਿਬ ‘ਤੇ ਹਮਲੇ ਨੂੰ ਜਾਇਜ਼ ਠਹਿਰਾਇਆ ਜਾ ਸਕੇ। ਇਨ੍ਹਾਂ ਕਤਲਾਂ ਅਤੇ ਸਾੜ ਫੂਕ ਨੂੰ ਨਿਸ਼ਾਨਾ ਬਣਾ ਕੇ ਵਿਸ਼ਵ ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਫ਼ੌਜ ਭੇਜਣ ਦੀ ਮੰਗ ਕੀਤੀ ਅਤੇ ਇਸ ਵਾਸਤੇ ਦਿੱਲੀ ਵਿਚ ਇਕ ਜਲੂਸ ਵੀ ਕੱਢਿਆ, ਜਿਸ ਦੀ ਅਗਵਾਈ ਲਾਲ ਕਿਸ਼ਨ ਅਡਵਾਨੀ ਅਤੇ ਸਾਬਕਾ ਪ੍ਰਾਈਮ ਮਨਿਸਟਰ ਚੌਧਰੀ ਚਰਨ ਸਿੰਹੁ ਨੇ ਕੀਤੀ ਸੀ। ਇਸ ਜਲੂਸ ਦਾ ਜ਼ਿਕਰ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਨੇਸ਼ਨ’ ਵਿਚ ਵੀ ਕੀਤਾ ਹੈ।
ਰੂਸ, ਇੰਗਲੈਂਡ ਅਤੇ ਇਜ਼ਰਾਈਲ ਤੋਂ ਮਦਦ
ਇੰਦਰਾ ਗਾਂਧੀ ਨੇ 15 ਜਨਵਰੀ 1984 ਦੇ ਦਿਨ ਜਨਰਲ ਵੈਦਯਾ ਨੂੰ ਹੁਕਮ ਦੇਣ ਮਗਰੋਂ ਰੂਸ, ਇੰਗਲੈਂਡ ਅਤੇ ਇਜ਼ਰਾਈਲ ਨਾਲ ਰਾਬਤਾ ਕਾਇਮ ਕੀਤਾ। ਇੰਦਰਾ ਨੇ ਇਸ ਮਦਦ ਬਦਲੇ ਇਨ੍ਹਾਂ ਤਿੰਨਾਂ ਹੀ ਸਰਕਾਰਾਂ ਨੂੰ ਉਨ੍ਹਾਂ ਕੋਲੋਂ ਹਥਿਆਰ ਖ਼ਰੀਦਣ ਵਾਸਤੇ ਵੱਡੇ ਆਰਡਰ ਦੇਣ ਦੀ ਪੇਸ਼ਕਸ਼ ਕੀਤੀ। ਰੂਸ ਤਾਂ ਪਹਿਲਾਂ ਹੀ ਇੰਦਰਾ ਦੀ ਮਦਦ ਕਰ ਰਿਹਾ ਸੀ, ਇਸ ਕਰ ਕੇ ਉਹ ਤਾਂ ਇਕ ਦਮ ਮੰਨ ਗਿਆ। ਇਸ ਮਗਰੋਂ ਇੰਦਰਾ ਗਾਂਧੀ ਨੇ ਰਾਅ ਦੇ ਦੋ ਅਫ਼ਸਰ ਮਾਸਕੋ ਭੇਜੇ ਜਿੱਥੇ ਉਨ੍ਹਾਂ ਨੇ ਰੂਸ ਦੀ ਖ਼ੁਫ਼ੀਆ ਏਜੰਸੀ ਕੇ.ਜੀ.ਬੀ. ਅਤੇ ਰੂਸੀ ਫ਼ੌਜ ਦੇ ਸੀਨੀਅਰ ਜਰਨੈਲਾਂ ਨਾਲ ਬਹੁਤ ਸਾਰੀਆਂ ਮੁਲਾਕਾਤਾਂ ਕੀਤੀਆਂ ਤੇ ਸਿਖਲਾਈ ਹਾਸਿਲ ਕੀਤੀ। ਮਗਰੋਂ ਇਹ ਰੂਸੀ ਅਫ਼ਸਰ ਦਿੱਲੀ ਵੀ ਜਾਂਦੇ ਰਹੇ ਤੇ ਦਰਬਾਰ ਸਾਹਿਬ ‘ਤੇ ਹਮਲੇ ਦੀ ਪਲਾਨ ਬਣਾਉਣ ਵਿਚ ਅਗਵਾਈ ਦੇਂਦੇ ਰਹੇ। ਇੰਞ ਹੀ ਰਾਅ ਦੇ ਇਹ ਦੋ ਅਫ਼ਸਰ ਜੇਰੂਸਲੇਮ ਵੀ ਗਏ ਤੇ ਇਸਰਾਈਲ ਦੀ ਖ਼ੁਫ਼ੀਆ ਏਜੰਸੀ ‘ਮੌਸਾਦ’ ਤੋਂ ਵੀ ਸਲਾਹ ਲਈ।
ਬ੍ਰਿਟਿਸ਼ ਪ੍ਰਾਈਮ ਮਨਿਸਟਰ ਮਾਰਗਰੇਟ ਥੈਚਰ ਦਾ ਰੋਲ
ਦਰਬਾਰ ਸਾਹਿਬ ‘ਤੇ ਇਸ ਹਮਲੇ ਦੀ ਪਲਾਨ ਵਿਚ ਸਭ ਤੋਂ ਵੱਡਾ ਹੈਰਾਨਕੁੰਨ ਐਕਸ਼ਨ ਇੰਗਲੈਂਡ ਦੀ ਪ੍ਰਾਈਮ ਮਨਿਸਟਰ ਮਰਗਰੇਟ ਥੈਚਰ ਦਾ ਸੀ। ਹਾਲਾਂ ਕਿ ਇੰਦਰਾ ਗਾਂਧੀ ਦਾ ਇਹ ਐਕਸ਼ਨ ਇਕ ਵਿਰੋਧੀ ਸਿਆਸੀ ਪਾਰਟੀ ਦੇ ਖ਼ਿਲਾਫ਼ ਸੀ ਤੇ ਉਸ ਦੇ ਆਪਣੇ ਮੁਲਕ ਦਾ ਅੰਦਰੂਨੀ ਮਸਲਾ ਸੀ; ਪਰ, ਮਾਰਗਰੇਟ ਥੈਚਰ ਨੇ, ਭਾਰਤ ਤੋਂ ਹਥਿਆਰਾਂ ਦਾ ਵੱਡਾ ਆਰਡਰ ਹਾਸਿਲ ਕਰਨ ਵਾਸਤੇ, ਇਕ ਮੁਲਕ ਦੇ ਅੰਦਰੂਨੀ ਮਸਲੇ ਵਿਚ ਆਪਣੀ ਫ਼ੌਜ ਦਾ ਦਖ਼ਲ ਦੇਣ ਦਾ ਫ਼ੈਸਲਾ ਕਰ ਲਿਆ। ਇਹ ਨਾ ਤਾਂ ਕੌਮਾਂਤਰੀ ਅਸੂਲਾਂ ਮੁਤਾਬਿਕ ਸਹੀ ਸੀ ਤੇ ਨਾ ਹੀ ਇਨਸਾਨੀਅਤ ਦੇ ਪੱਖ ਤੋਂ। ਪਰ ਥੈਚਰ, ਜੋ ਆਪਣੇ ਆਪ ਨੂੰ ‘ਆਇਰਨ ਲੇਡੀ’ ਅਖਵਾਉਂਦੀ ਸੀ, ਉਹ ਇਕ ਬੇਅਸੂਲੀ ਤੇ ਜ਼ਾਲਮ ਔਰਤ ਨਾਲ ਮਿਲ ਕੇ, ਸਾਰੇ ਕੌਮਾਂਤਰੀ ਅਸੂਲਾਂ ਨੂੰ ਛਿੱਕੇ ਟੰਗ ਕੇ, ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਵਉਣ ਵਾਸਤੇ ਤਿਆਰ ਹੋ ਗਈ।
ਫਿਰ ਮਾਰਗਰੇਟ ਥੈਚਰ ਨੇ ਦੇਰ ਵੀ ਨਹੀਂ ਲਾਈ ਅਤੇ ਇੰਦਰਾ ਗਾਂਧੀ ਦੀ ਸਾਜ਼ਿਸ਼ ਵਿਚ ਇਕ ਦਮ ਹੀ ਸ਼ਾਮਿਲ ਹੋ ਗਈ। ਚਾਹੀਦਾ ਤਾਂ ਇਹ ਸੀ ਕਿ ਉਹ ਖ਼ੁਫ਼ੀਆ ਤੌਰ ‘ਤੇ ਪਤਾ ਕਰਦੀ ਕਿ ਇੰਦਰਾ ਗਾਂਧੀ ਦਾ ਅਸਲ ਮਨਸ਼ਾ ਕੀ ਹੈ? ਕੀ ਇਹ ਹਰਕਤ ਕੌਮਾਂਤਰੀ ਅਸੂਲਾਂ ਦੇ ਉਲਟ ਤਾਂ ਨਹੀਂ? ਕੀ ਇਸ ਦੇ ਪਿਛੋਕੜ ਵਿਚ ਕਈ ਹੋਰ ਸਾਜ਼ਿਸ਼ ਤਾਂ ਨਹੀਂ? ਪਰ, ਇਸ ਦੀ ਬਜਾਇ ਮਾਰਗਰੇਟ ਥੈਚਰ ਨੇ ਬਿਨਾ ਕਿਸੇ ਖੋਜ ਪੜਤਾਲ ਤੋਂ, ਦੋ-ਚਾਰ ਦਿਨਾਂ ਦੇ ਅੰਦਰ ਅੰਦਰ, ਆਪਣੇ ਦੋ ਸੀਨੀਅਰ ਐਸ.ਏ.ਐਸ. ਅਫ਼ਸਰ, ਖ਼ੁਫ਼ੀਆ ਤੌਰ ‘ਤੇ, ਦਿੱਲੀ ਅਤੇ ਅੰਮ੍ਰਿਤਸਰ ਭੇਜ ਦਿੱਤੇ। ਇਹ ਅਫ਼ਸਰ 17 ਫ਼ਰਵਰੀ 1984 ਦੇ ਦਿਨ ਦਰਬਾਰ ਸਾਹਿਬ ਇਕ ਯਾਤਰੂ ਦੇ ਤੌਰ ‘ਤੇ ਗਏ ਅਤੇ ਸਾਰਾ ਮੌਕਾ ਦੇਖਿਆ। ਉਸ ਦਿਨ ਰੀਹਰਸਲ ਵਜੋਂ ਦਰਬਾਰ ਸਾਹਿਬ ‘ਤੇ ਬੇਵਜਹ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ। ਇਸ ਨਾਲ ਅੱਧੀ ਦਰਜਨ ਯਾਤਰੂ ਮਾਰੇ ਗਏ; ਪਰ ਖਾੜਕੂਆਂ ਨੇ ਇਕ ਵੀ ਗੋਲੀ ਨਾ ਚਲਾਈ। ਦਰਅਸਲ ਉਹ ਆਪਣਾ ਅਸਲਾ ਜ਼ਾਇਆ ਨਹੀਂ ਕਰਨਾ ਚਾਹੁੰਦੇ ਸਨ। ਅਜਿਹਾ ਜਾਪਦਾ ਹੈ ਕਿ ਇਹ ਐਕਸ਼ਨ ਬ੍ਰਿਟਿਸ਼ ਅਫ਼ਸਰ ਦੀਆਂ ਹਦਾਇਤਾਂ ਮੁਤਾਬਿਕ ਕੀਤਾ ਗਿਆ ਸੀ ਜੋ ਇਸ ਦਾ ਜਵਾਬੇ-ਅਮਲ (ਰੀਐਕਸ਼ਨ) ਦੇਖਣਾ ਚਾਹੁੰਦਾ ਸੀ। ਇਸ ਤੋਂ ਬਾਅਦ ਉਸ ਅਫ਼ਸਰ ਨੇ ਇਕ ਪਲਾਨ ਤਿਆਰ ਕੀਤੀ ਸੀ ਜਿਸ ਨੂੰ ਇੰਦਰਾ ਗਾਂਧੀ ਨੇ ਮਨਜ਼ੂਰੀ ਦਿੱਤੀ ਸੀ। ਯਾਨਿ ਇਸ ਪਲਾਨ ਵਿਚ ਮਰਗਰੇਟ ਥੈਚਰ ਪੂਰੀ ਤਰ੍ਹਾਂ ਸ਼ਾਮਿਲ ਸੀ।
ਮਾਰਗਰੇਟ ਥੈਚਰ ਦੀ ਇਸ ਕਾਰਵਾਈ ਦਾ ਰਾਜ਼ ਖੋਲ੍ਹਦੀਆਂ ਇਹ ਖ਼ੁਫ਼ੀਆ ਚਿੱਠੀਆਂ 6 ਫ਼ਰਵਰੀ 1984 ਅਤੇ 23 ਫ਼ਰਵਰੀ 1984 ਦੀਆਂ ਹਨ। 6 ਫ਼ਰਵਰੀ ਦੀ ਚਿੱਠੀ ਬਰਾਇਨ ਹਾਲ (ਪ੍ਰਾਈਵੇਟ ਸੈਕਟਰੀ ਟੂ ਫ਼ਾਰਨ ਮਨਿਸਟਰ ਜੈਫ਼ਰੀ ਹੌਵੇ) ਦੀ 3 ਫ਼ਰਵਰੀ ਦੀ ਚਿੱਠੀ ਦੇ ਜਵਾਬ ਵਿਚ ਹੈ। ਇਹ ਚਿੱਠੀ ਐਫ਼.ਈ.ਆਰ. ਬਟਲਰ (ਪ੍ਰਿੰਸੀਪਲ ਪ੍ਰਾਈਵੇਟ ਸੈਕਟਰੀ ਟੂ ਮਾਰਗਰੇਟ ਥੈਚਰ) ਵੱਲੋਂ ਲਿਖੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ‘ਸਾਨੂੰ ਦਿੱਲੀ ਤੋਂ ਅਰਜ਼ ਆਈ ਹੈ ਕਿ ਇੰਦਰਾ ਗਾਂਧੀ ਨਾਲ ‘ਮਤਭੇਦ ਰੱਖਣ ਵਾਲੇ’ ਸਿੱਖਾਂ ਨੂੰ ਦਰਬਾਰ ਵਿਚੋਂ ਕੱਢਣ ਵਾਸਤੇ ਸਲਾਹ ਦਿੱਤੀ ਜਾਵੇ’ {ਨੋਟ: ਇਸ ਵਿਚ ਉਨ੍ਹਾਂ ਨੂੰ ਦਹਿਸ਼ਤਗਰਦ ਜਾਂ ਵੱਖਵਾਦੀ ਵੀ ਨਹੀਂ ਕਿਹਾ ਗਿਆ ਤੇ ਸਿਰਫ਼ ਸਰਕਾਰ ਨਾਲ ‘ਮਤਭੇਦ ਰੱਖਣ ਵਾਲੇ’, ਯਾਨਿ ਸਰਕਾਰ/ਇੰਦਰਾ ਗਾਂਧੀ ਦੇ ਵਿਰੋਧੀ, ਕਿਹਾ ਗਿਆ ਹੈ}। ਇਸ ਚਿੱਠੀ ਮੁਤਾਬਿਕ ਥੈਚਰ ਨੇ ਫ਼ਾਰਨ ਸੈਕਟਰੀ (ਵਜ਼ੀਰ) ਨੂੰ ਉਸ ਵੱਲੋਂ ਭਾਰਤ ਸਰਕਾਰ ਦੀ ਮਦਦ ਵਾਸਤੇ ਬਣਾਈ ਪਲਾਨ ਨੂੰ ਕਬੂਲ ਕਰ ਲਿਆ ਹੈ ਅਤੇ ਆਪਣੇ ਫ਼ੌਜੀ ਐਡਵਾਈਜ਼ਰ (ਅਫ਼ਸਰ) ਦਿੱਲੀ ਭੇਜਣ ਵਾਸਤੇ ਕਿਹਾ ਸੀ। (ਇਸ ਚਿੱਠੀ ਦੀ ਇਕ-ਇਕ ਕਾਪੀ ਡਿਫ਼ੈਂਸ ਮਨਿਸਟਰੀ ਦੇ ਰਿਚਰਡ ਮੋਟਰਾਮ ਅਤੇ ਕੈਬਨਿਟ ਦਫ਼ਤਰ ਦੇ ਰਿਚਰਡ ਹੈਟਫ਼ੀਲਡ ਨੂੰ ਵੀ ਭੇਜੀ ਗਈ ਸੀ।
ਦੂਜੀ ਚਿੱਠੀ, 23 ਫ਼ਰਵਰੀ 1984 ਦੀ ਹੈ ਜੋ ਬੀ.ਜੇ.ਪੀ ਫ਼ਾਲ (ਪ੍ਰਾਈਵੇਟ ਸੈਕਟਰੀ ਟੂ ਫ਼ਾਰਨ ਮਨਿਸਟਰ ਜੈਫ਼ਰੀ ਹੌਵੇ) ਵੱਲੋਂ ਹਿਊ ਟੇਲਰ (ਪ੍ਰਾਈਵੇਟ ਸੈਕਟਰੀ ਟੂ ਹੋਮ ਸੈਕਟਰੀ ਲਿਓਨ ਬ੍ਰਿਟਨ) ਨੂੰ ਲਿਖੀ ਗਈ ਹੈ। ਇਸ ਦਾ ਹੈਡਿੰਗ ਹੀ ‘ਸਿੱਖ ਕਮਿਊਨਿਟੀ’ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਦਰਬਾਰ ਸਾਹਿਬ ‘ਤੇ ਐਕਸ਼ਨ ਕਰਨ ਦੀ ਪਲਾਨ ਸਬੰਧੀ, ਇੰਗਲੈਂਡ ਦੀ ਸਰਕਾਰ ਦਾ ਇਕ ਐਸ.ਏ.ਐਸ. ਅਫ਼ਸਰ, ਇੰਗਲੈਂਡ ਦੀ ਪ੍ਰਾਈਮ ਮਨਿਸਟਰ ਥੈਚਰ ਦੀ ਮਨਜ਼ੂਰੀ ਨਾਲ, ਭਾਰਤ ਗਿਆ ਸੀ ਅਤੇ ਉਸ ਨੇ ਇਕ ਪਲਾਨ ਤਿਆਰ ਕੀਤੀ ਸੀ ਜਿਸ ਨੂੰ ਇੰਦਰਾ ਗਾਂਧੀ ਨੇ ਮਨਜ਼ੂਰੀ ਦਿੱਤੀ ਸੀ। (ਯਾਨਿ ਇਸ ਚਿੱਠੀ ਤੋਂ ਸਾਫ਼ ਸਪਸ਼ਟ ਹੈ ਕਿ ਇਹ ਪਲਾਨ ਇੰਗਲੈਂਡ ਦੇ ਫ਼ੌਜੀ ਅਫ਼ਸਰਾਂ ਨੇ ਹੀ ਬਣਾਈ ਸੀ)।
ਇਸੇ ਚਿੱਠੀ ਵਿਚ ਫ਼ਾਰਨ ਸੈਕਟਰੀ ਹੋਰ ਲਿਖਦਾ ਹੈ ਕਿ ਭਾਰਤ ਸਰਕਾਰ ਉਸ ਬਰਤਾਨਵੀ ਅਫ਼ਸਰ ਦੀ ਪਲਾਨ ‘ਤੇ ਜਲਦੀ ਹੀ ਐਕਸ਼ਨ ਕਰੇਗੀ। ਚਿੱਠੀ ਵਿਚ ਕਿਹਾ ਗਿਆ ਹੈ ਕਿ ਇਸ ਐਕਸ਼ਨ (ਯਾਨਿ ਦਰਬਾਰ ਸਾਹਿਬ ‘ਤੇ ਹਮਲੇ) ਦਾ ਨਤੀਜਾ ਪੰਜਾਬ ਵਿਚ ਫ਼ਿਰਕੂ ਫ਼ਸਾਦ ਭੜਕੇਗਾ ਅਤੇ ਇਸ ਦਾ ਅਸਰ ਇੰਗਲੈਂਡ ਵਿਚ ਰਹਿੰਦੇ ਭਾਰਤੀ ਭਾਈਚਾਰੇ ‘ਤੇ ਵੀ ਪਵੇਗਾ; ਖ਼ਾਸ ਕਰ ਕੇ ਜੇ ਇਹ ਰਾਜ਼ ਖੁਲ੍ਹ ਗਿਆ ਕਿ ਇੰਗਲੈਂਡ ਦਾ ਐਸ.ਏ.ਐਸ. ਅਫ਼ਸਰ ਇਸ (ਯਾਨਿ ਦਰਬਾਰ ਸਾਹਿਬ ‘ਤੇ ਹਮਲੇ) ਵਿਚ ਸ਼ਾਮਿਲ ਸੀ। {ਇਸ ਚਿੱਠੀ ਦੀ ਇਕ-ਇਕ ਕਾਪੀ ਡਿਫ਼ੈਂਸ ਮਨਿਸਟਰੀ ਦੇ ਰੌਬਿਨ ਬਟਲਰ (ਨੰਬਰ 10, ਯਾਨਿ ਪ੍ਰਾਈਮ ਮਨਿਸਟਰ ਦਫ਼ਤਰ), ਰਿਚਰਡ ਮੋਟਰਾਮ (ਮਨਿਸਟਰੀ ਆਫ਼ ਡਿਫ਼ੈਂਸ ਅਤੇ ਕੈਬਨਿਟ ਦਫ਼ਤਰ ਦੇ ਰਿਚਰਡ ਹੈਟਫ਼ੀਲਡ (ਕੈਬਨਟ ਆਫ਼ਿਸ) ਨੂੰ ਵੀ ਭੇਜੀ ਗਈ ਸੀ)।
(13 ਅਤੇ 14 ਜਨਵਰੀ 2014 ਦੇ ਦਿਨ ਇਹ ਦੋ ਚਿੱਠੀਆਂ ਇੰਟਰਨੈਟ ਰਾਹੀਂ ਸਾਰੇ ਪਾਸੇ ਫੈਲ ਗਈਆਂ ਅਤੇ ਦੁਨੀਆਂ ਭਰ ਵਿਚ ਸਾਰੇ ਪਾਸੇ ਜ਼ਬਰਦਸਤ ਤੂਫ਼ਾਨ ਉਠ ਖੜਾ ਹੋਇਆ। (ਮਗਰੋਂ 4 ਫ਼ਰਵਰੀ 2014 ਦੇ ਦਿਨ ਬਰਤਾਨੀਆ ਦੇ ਫ਼ਾਰਨ ਸੈਕਟਰੀ ਵਿਲੀਅਮ ਹੇਗ ਨੇ ਬਰਤਾਨਵੀ ਪਾਰਲੀਮੈਂਟ ਵਿਚ ਮੰਨਿਆ ਕਿ ਬਰਤਾਨੀਆ ਨੇ ਸਿਰਫ਼ ਸਲਾਹ ਦਿੱਤੀ ਸੀ ਤੇ ਫ਼ੌਜੀ ਮਦਦ ਨਹੀਂ ਦਿੱਤੀ ਸੀ)।
17 ਫ਼ਰਵਰੀ 1984 ਤੋਂ ਮਗਰੋਂ ਵੀ ਭਾਰਤ ਸਰਕਾਰ ਦੇ ਖ਼ੁਫ਼ੀਆ ਮਹਿਕਮੇ ਦੇ ਦੋ ਸੀਨੀਅਰ ਅਫ਼ਸਰ ਗੈਰੀ ਸਕਸੈਨਾ ਤੇ ਆਰ.ਐਨ.ਰਾਓ ਕਈ ਵਾਰ ਲੰਡਨ ਆਏ ਅਤੇ ਇੰਗਲੈਂਡ ਦੀਆਂ ਖ਼ੁਫ਼ੀਆ ਏਜੰਸੀਆਂ ਅਤੇ ਫ਼ੌਜ ਤੋਂ ਸਲਾਹ ਅਤੇ ਅਗਵਾਈ ਲੈਂਦੇ ਰਹੇ।
ਫ਼ਰਵਰੀ ਦੇ ਅਖ਼ੀਰ ਅਤੇ ਅਪ੍ਰੈਲ ਵਿਚ ਦੋ ਵਾਰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦਾ ਪ੍ਰੋਗਰਾਮ ਬਣਿਆ ਪਰ, ਦੋਵੇਂ ਵਾਰ, ਐਨ ਮੌਕੇ ‘ਤੇ ਇਸ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਰਿਹਾ। ਅਖ਼ੀਰ 31 ਮਈ 1984 ਦੀ ਰਾਤ ਨੂੰ ਇੰਦਰਾ ਗਾਂਧੀ ਨੇ ਜਨਰਲ ਵੈਦਯਾ ਨੂੰ ਹਮਲਾ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਪਹਿਲੀ ਜੂਨ ਨੂੰ ਤਕਰੀਬਨ ਇਕ ਲੱਖ ਫ਼ੌਜਾਂ ਅੰਮ੍ਰਿਤਸਰ ਵੱਲ ਚੱਲ ਪਈਆਂ।
