ਨਵੀਂ ਸਿੱਖਿਆ ਨੀਤੀ ਦਾ ਪਾਸਾਰਾ

2014 ਤੋਂ ਸ਼ੁਰੂ ਹੋਇਆ ਭਾਰਤੀ ਸੰਵਿਧਾਨਕ ਸੰਸਥਾਵਾਂ ਦਾ ਭਗਵਾਂਕਰਨ 2020 ਤੋਂ ਸਿੱਖਿਆ ਦੇ ਭਗਵੇਂਕਰਨ ਵਲ ਸੇਧਿਤ ਹੋ ਚੁੱਕਿਆ ਹੈ। ਨਵੀਂ ਸਿੱਖਿਆ ਨੀਤੀ 2020 ਨੂੰ ਹੌਲੀ-ਹੌਲੀ ਲਾਗੂ ਕੀਤਾ ਜਾ ਰਿਹਾ ਹੈ। ਹੋਰ ਚੀਜ਼ਾਂ ਤੋਂ ਇਲਾਵਾ ਇਸ ਨੂੰ ਭਾਰਤੀ ਗਿਆਨ ਪ੍ਰਣਾਲੀਆਂ ਅਤੇ ਭਾਰਤੀ ਪਰੰਪਰਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

ਇਤਿਹਾਸ ਨਾਲ ਸੰਬੰਧਿਤ ਤਬਦੀਲੀਆਂ ਕਰਕੇ ਦਿੱਲੀ ਸਲਤਨਤ ਤੇ ਮੁਗ਼ਲ ਸ਼ਾਸਨ ਨੂੰ ਕਿਤਾਬਾਂ ‘ਚੋਂ ਹਟਾ ਦਿੱਤਾ ਗਿਆ ਹੈ। ਇਤਿਹਾਸ ‘ਚੋਂ 7 ਸਦੀਆਂ ਦਾ ਇਤਿਹਾਸ ਗਾਇਬ ਹੋ ਗਿਆ ਹੈ। ਜਦਕਿ ਐਨ.ਸੀ.ਈ.ਆਰ.ਟੀ. ਨੇ ਪਹਿਲਾਂ ਮੁਗ਼ਲਾਂ ਤੇ ਦਿੱਲੀ ਸਲਤਨਤ ਬਾਰੇ ਪਾਠਾਂ ਨੂੰ ਛੋਟਾ ਕਰ ਦਿੱਤਾ ਸੀ, ਜਿਸ ‘ਚ ਤੁਗਲਕ, ਖਿਲਜੀ ਤੇ ‘ਲੋਧੀ ਵਰਗੇ ਰਾਜਵੰਸ਼ਾਂ ਦਾ ਵਿਸਤ੍ਰਿਤ ਬਿਰਤਾਂਤ ਸੀ, ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਸਿਲੇਬਸ ਨੂੰ ਤਰਕਸ਼ੀਲ ਬਣਾਉਣ ਦੇ ਹਿੱਸੇ ਵਜੋਂ ਮੁਗ਼ਲ ਸਮਰਾਟਾਂ ਦੀਆਂ ਪ੍ਰਾਪਤੀਆਂ ਨੂੰ ਦੋ ਪੰਨਿਆਂ ਦੀ ਸਾਰਣੀ ਤੱਕ ਸੀਮਤ ਕਰ ਦਿੱਤਾ ਸੀ।
ਹੁਣ 7ਵੀਂ ਜਮਾਤ ਦੀ ਨਵੀਂ ਪਾਠ ਪੁਸਤਕ ‘ਚੋਂ ਦਿੱਲੀ ਸਲਤਨਤ ਤੇ ਮੁਗ਼ਲ ਸ਼ਾਸਕਾਂ ਦੇ ਸਾਰੇ ਹਵਾਲੇ ਹਟਾ ਦਿੱਤੇ ਹਨ। ਹੋਰ ਕਿਤਾਬਾਂ ਤੋਂ ਇਲਾਵਾ ਜਿੱਥੇ ਵੀ ਮੁਸਲਿਮ ਸ਼ਾਸਨ ਦੇ ਹਵਾਲੇ ਸਨ, ਉਹ ਵੀ ਹਟਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜੋ ਕੁਝ ਹਟਾਇਆ ਗਿਆ ਹੈ, ਉਸ ‘ਚ 1992-93 ਤੋਂ ਬਾਅਦ ਮੁੰਬਈ ਦੀ ਹਿੰਸਾ, 2002 ਤੋਂ ਬਾਅਦ ਗੁਜਰਾਤ ਦੀ ਹਿੰਸਾ, ਨੱਥੂਰਾਮ ਗੋਡਸੇ ਦੇ ਆਰ.ਐਸ.ਐਸ. ਦੇ ਸਿਖਲਾਈ ਪ੍ਰਾਪਤ ਪ੍ਰਚਾਰਕ ਹੋਣ ਦੇ ਹਵਾਲੇ, ਗਾਂਧੀ ਦੀ ਹੱਤਿਆ ਸ਼ਾਮਿਲ ਹਨ। ਦਿਲਚਸਪ ਗੱਲ ਇਹ ਹੈ ਕਿ ਸਕੂਲਾਂ ਦੇ ਪਾਠਕ੍ਰਮ ਵਿੱਚ ਕੁੰਭ ਮੇਲੇ ਨੂੰ ਵੀ ਜਗ੍ਹਾ ਮਿਲੀ ਹੈ। ਮੁੱਖ ਮਕਸਦ ਪਾਠਕ੍ਰਮਾਂ ਵਿਚੋਂ ਉਨ੍ਹਾਂ ਹਿੱਸਿਆਂ ਨੂੰ ਹਟਾਉਣਾ ਹੈ, ਜੋ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਲਈ ਦਿੱਕਤ ਪੈਦਾ ਕਰਦੇ ਹਨ। ਮੁਸਲਮਾਨਾਂ ਨੂੰ ਸ਼ੈਤਾਨ ਦੱਸਦਿਆਂ ਉਨ੍ਹਾਂ ਵਿਰੁੱਧ ਨਫਰਤ ਫੈਲਾਉਣ ਲਈ ਮੁਗ਼ਲਾਂ ਨੂੰ ਸਾਡੇ ਇਤਿਹਾਸ ਦੇ ਮੁੱਖ ਖਲਨਾਇਕਾਂ ਵਜੋਂ ਪੇਸ਼ ਕੀਤਾ ਗਿਆ ਹੈ। ਕੁਝ ਪਹਿਲਾਂ ਦੇ ਰਾਜੇ ਜਿਵੇਂ ਕਿ ਅਲਾਉਦੀਨ ਖ਼ਿਲਜੀ ਨੂੰ ਵੀ ਹਿੰਦੁਤਵ ਦੇ ਬਿਰਤਾਂਤ ‘ਚ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਤੱਕ ਦੀ ਗੱਲ ਮੁਸਲਮਾਨਾਂ ਨੂੰ ਸ਼ੈਤਾਨ ਦੱਸਣ ਦੀ ਕੋਸ਼ਿਸ਼ ਤਹਿਤ ਮੁਸਲਿਮ ਰਾਜਿਆਂ ਦੁਆਰਾ ਮੰਦਰ ਤੋੜਨ ਦੇ ਆਲੇ-ਦੁਆਲੇ ਕੀਤੀ ਜਾਂਦੀ ਰਹੀ ਹੈ, ਜਿਸ ਦਾ ਤਰਕਸ਼ੀਲ ਇਤਿਹਾਸਕਾਰਾਂ ਨੇ ਖੰਡਨ ਕੀਤਾ। ਹਿੰਦੁਤਵ ਬਿਰਤਾਂਤ ਅਸਲ ‘ਚ ਅੰਗਰੇਜ਼ਾਂ ਦੁਆਰਾ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਅੱਗੇ ਵਧਾਉਣ ਲਈ ਸ਼ੁਰੂ ਕੀਤੀ ਗਈ ਫਿਰਕੂ ਇਤਿਹਾਸਕਾਰੀ ‘ਤੋਂ ਉਤਪੰਨ ਹੁੰਦਾ ਹੈ। ਇਸ ਵਿਚ ਰਾਜਿਆਂ ਦੇ ਸਾਰੇ ਮਨੋਰਥ ਧਰਮ ਨਾਲ ਜੁੜੇ ਹੁੰਦੇ ਹਨ ਅਤੇ ਰਾਜਿਆਂ ਨੂੰ ਸਮੁੱਚੇ ਧਾਰਮਿਕ ਭਾਈਚਾਰੇ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਹੈ।
ਹਿੰਦੂ ਫਿਰਕੂ ਇਤਿਹਾਸਕਾਰੀ ਨੇ ਇਹ ਦਾਅਵਾ ਕਰ ਕੇ ਇਸ ਨੂੰ ਹੋਰ ਅੱਗੇ ਵਧਾ ਦਿੱਤਾ ਕਿ ਮੁਸਲਮਾਨ ਤੇ ਈਸਾਈ ਵਿਦੇਸ਼ੀ ਸਨ, ਜਿਨ੍ਹਾਂ ਨੇ ਹਿੰਦੂਆਂ ਨੂੰ ਤਸੀਹੇ ਦਿੱਤੇ ਹਨ। ਇਸੇ ਤਰ੍ਹਾਂ ਮੁਸਲਿਮ ਪੱਖੀ ਫਿਰਕੂ ਇਤਿਹਾਸਕਾਰਾਂ ਨੇ ਸਿੱਕੇ ਦਾ ਦੂਜਾ ਪਾਸਾ ਪੇਸ਼ ਕੀਤਾ, ਜਿੱਥੇ ਮੁਸਲਮਾਨਾਂ ਨੂੰ ਸ਼ਾਸਕ ਤੇ ਹਿੰਦੂਆਂ ਨੂੰ ਅਧੀਨ ਪਰਜਾ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਮੁਸਲਮਾਨ ਇਸ ਧਰਤੀ ਦੇ ਤਰਕਸ਼ੀਲ ਸ਼ਾਸਕ ਹਨ। ਇਹੀ ਤਰਕ ਬਾਅਦ ਵਿਚ ਅੰਗਰੇਜ਼ਾਂ ਨੂੰ ਸਾਡੀ ਸੰਯੁਕਤ ਧਰਤੀ ਨੂੰ ਭਾਰਤ ਤੇ ਪਾਕਿਸਤਾਨ ਵਜੋਂ ਵੰਡਣ ‘ਚ ਮਦਦਗਾਰ ਸਾਬਤ ਹੋਇਆ। ਸਾਵਰਕਰ ਨੇ ਸਪੱਸ਼ਟ ਕੀਤਾ ਕਿ ਇਸ ਦੇਸ਼ ‘ਚ ਦੋ ਕੌਮਾਂ ਹਨ ਅਤੇ ਜਿਨਾਹ ਨੇ ਮੁਸਲਮਾਨਾਂ ਲਈ ਇਕ ਵੱਖਰੇ ਦੇਸ਼ ਪਾਕਿਸਤਾਨ ਦੀ ਮੰਗ ਕੀਤੀ। ਪਾਕਿਸਤਾਨ ਸ਼ੁਰੂ ਤੋਂ ਹੀ ਮੁਨੀਮ ਫਿਟਕਾਤੀ ਦੇ ਜਾਲ ‘ਚ ਫਸ ਗਿਆ ਸੀ। ਜਿੱਥੋਂ ਤੱਕ ਉਸ ਦੀਆਂ ਪਾਠ ਪੁਸਤਕਾਂ ਦਾ ਸੰਬੰਧ ਹੈ. ਉਨ੍ਹਾਂ ਨੇ 8ਵੀਂ ਸਦੀ ਵਿਚ ਮੁਹੰਮਦ ਬਿਨ ਕਾਸਿਮ ਦੇ ਹਮਲੇ ਨੂੰ ਪਾਕਿਸਤਾਨ ਦੀ ਸਥਾਪਨਾ ਲਈ ਜੱਦੋ-ਜਹਿਦ ਦੀ ਸ਼ੁਰੂਆਤ ਵਜੋਂ ਪੇਸ਼ ਕੀਤਾ। ਅੱਜ ਉਨ੍ਹਾਂ ਨੇ ਇਤਿਹਾਸ ਦੀਆਂ ਕਿਤਾਬਾਂ ‘ਚੋਂ ਹਿੰਦੂ ਸ਼ਾਸਕਾਂ ਦੇ ਹਰ ਹਵਾਲੇ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਮੁਸਲਿਮ ਫਿਰਕਾਪ੍ਰਸਤੀ ਨੇ ਹਿੰਦੂਆਂ ਵਿਰੁੱਧ ਜੋ ਨਫ਼ਰਤ ਫੈਲਾਈ ਸੀ. ਉਹ ਉਦੋਂ ਸਿਖਰ ‘ਤੇ ਪਹੁੰਚ ਗਈ ਜਦੋਂ ਉਨ੍ਹਾਂ ਸਕੂਲੀ ਪਾਠਾਂ ‘ਚੋਂ ਹਿੰਦੂ ਰਾਜਿਆਂ ਤੇ ਸੱਭਿਆਚਾਰ ਦੇ ਸਾਰੇ ਹਵਾਲੇ ਹਟਾ ਦਿੱਤੇ।
ਇਕ ਤਰ੍ਹਾਂ ਨਾਲ ਭਾਰਤ ਵੀ ਪਿਛਲੇ 3 ਦਹਾਕਿਆਂ ਤੋਂ ਪਾਕਿਸਤਾਨ ਦੇ ਨਕਸ਼ਿਆਂ ‘ਤੇ ਹੀ ਚੱਲ ਰਿਹਾ ਹੈ। ਇਸ ਨੁਕਤੇ ਨੂੰ ਪਾਕਿਸਤਾਨ ਦੀ ਕਵਿੱਤਰੀ ਫਹਮੀਦਾ ਰਿਆਜ਼ ਨੇ ਉਜਾਗਰ ਕੀਤਾ ਸੀ। ਉਸ ਨੇ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਲਿਖਿਆ ਸੀ ਕਿ ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ। ਭਾਰਤੀ ਸਿੱਖਿਆ ‘ਤੇ ਹਿੰਦੁਤਵੀ ਵਿਚਾਰਧਾਰਾ ਦੀ ਪੂਰੀ ਤਰ੍ਹਾਂ ਪਕੜ ਕਾਇਮ ਹੋਣ ਤੋਂ ਪਹਿਲਾਂ ਆਰ.ਐਸ.ਐਸ. ਦੀਆਂ ਸ਼ਾਖਾਵਾਂ ਆਪਣੇ ਸ਼ਾਖਾਬੁੱਧੀ, ਏਕਲ ਵਿਦਿਆਲਿਆ, ਸ਼ਿਸ਼ੂ ਮੰਦਰਾਂ ਵਰਗੇ ਕਈ ਤੰਤਰਾਂ ਰਾਹੀਂ ਸਮਾਜ ਅੰਦਰ ਫਿਰਕੂਪੁਣੇ ਨੂੰ ਫੈਲਾ ਰਹੀਆਂ ਸਨ । ਸਮੇਂ ਦੇ ਨਾਲ ਮੁੱਖ ਧਾਰਾ ਦਾ ਮੀਡੀਆ ਤੇ ਸੋਸ਼ਲ ਮੀਡੀਆ ਵੀ ਇਨ੍ਹਾਂ ਦੀ ਸੇਵਾ ਵਿਚ ਆ ਗਏ ਹਨ।
ਸੱਭਿਆਚਾਰ ਇਕ ਨਿਰੰਤਰ ਵਿਕਾਸਸ਼ੀਲ ਪ੍ਰਕਿਰਿਆ ਹੈ। ਹਿੰਦੁਤਵ ਦੇ ਪ੍ਰਭਾਵ ਵਾਲੇ ਇਤਿਹਾਸ ਦੇ ਸਮੇਂ ਦੌਰਾਨ ਬਹੁਤ ਸਾਰੀਆਂ ਸਮਾਜਿਕ ਤਬਦੀਲੀਆਂ ਆਈਆਂ ਹਨ। ਭਵਨ ਨਿਰਮਾਣ ਕਲਾ, ਖਾਣ-ਪੀਣ ਦੀਆਂ ਆਦਤਾਂ, ਪਹਿਰਾਵੇ ਤੇ ਸਾਹਿਤ ਦੇ ਇਲਾਵਾ ਧਰਮ ਦੇ ਖੇਤਰ ‘ਚ ਏਕੀਕਰਨ ਤੋਂ ਇਲਾਵਾ, ਭਗਤੀ ਤੇ ਸੂਫ਼ੀ ਪਰੰਪਰਾ ਜਿਹੀਆਂ ਮਹਾਨ ਪਰੰਪਰਾਵਾਂ ਦਾ ਵਿਕਾਸ ਵੀ ਹੋਇਆ। ਇਸੇ ਸਮੇਂ ਸਿੱਖ ਧਰਮ ਹੋਂਦ ‘ਚ ਆਇਆ ਤੇ ਪ੍ਰਫੁੱਲਿਤ ਹੋਇਆ। ਹੁਣ ਇਸ ਰਾਜਨੀਤਕ ਵਿਚਾਰਧਾਰਾ ਨੂੰ ਆਪਣਾ ਰਸਤਾ ਬਦਲਣਾ ਪੈ ਸਕਦਾ ਹੈ। ਮੁਸਲਿਮ ਸ਼ਾਸਕਾਂ ਦੇ ਚਲੇ ਜਾਣ ਤੋਂ ਬਾਅਦ ਹੁਣ ਉਹ ਮੁਸਲਮਾਨਾਂ ਨੂੰ ਕਿਵੇਂ ਬਦਨਾਮ ਕਰਨਗੇ? ਔਰੰਗਜ਼ੇਬ ਜਾਂ ਬਾਬਰ ਹੁਣ ਖਤਮ ਹੋ ਜਾਣਗੇ, ਕਿਉਂਕਿ ਉਨ੍ਹਾਂ ਦੀ ਥਾਂ ਲੈਣ ਲਈ ਨਵੀਆਂ ਤਕਨੀਕਾਂ ਆ ਸਕਦੀਆਂ ਹਨ।
ਰਾਸ਼ਟਰਵਾਦ ਦੀ ਧਾਰਨਾ ਲਈ ਇਤਿਹਾਸ ਬਹੁਤ ਮਹੱਤਵਪੂਰਨ ਹੈ। 1998 ਵਿਚ ਐਨ.ਡੀ.ਏ. ਦੇ ਰੂਪ ‘ਚ ਭਾਜਪਾ ਜਦੋਂ ਤੋਂ ਸੱਤਾ ‘ਚ ਆਈ ਹੈ, ਉਨ੍ਹਾਂ ਵਲੋਂ ਸਭ ਤੋਂ ਵੱਡਾ ਕੀਤਾ ਗਿਆ ਕੰਮ ‘ਸਿੱਖਿਆ ਦਾ ਭਗਵਾਂਕਰਨ’ ਹੈ। ਇੱਥੇ ਇਤਿਹਾਸ ਨੂੰ ਸ਼ਾਨਦਾਰ ਤੇ ਬਹਾਦਰ ਹਿੰਦੂ ਰਾਜਿਆਂ ਬਨਾਮ ਦੁਸ਼ਟ ਤੇ ਹਮਲਾਵਰ ਮੁਸਲਿਮ ਰਾਜਿਆਂ ਦੀ ਕਹਾਣੀ ਦੇ ਰੂਪ ‘ਚ ਪੇਸ਼ ਕੀਤਾ ਗਿਆ ਹੈ। ਦੋਸ਼ ਇਹ ਲਗਾਇਆ ਗਿਆ ਹੈ ਕਿ ਹੁਣ ਤੱਕ ਇਤਿਹਾਸ ਖੱਬੇ ਪੱਖੀ ਇਤਿਹਾਸਕਾਰਾਂ ਦੁਆਰਾ ਲਿਖਿਆ ਗਿਆ ਹੈ, ਜੋ ਦਿੱਲੀ ਦੇ ਸ਼ਾਸਕਾਂ ‘ਤੇ ਕੇਂਦ੍ਰਿਤ ਅਤੇ ਮੁਸਲਿਮ ਪੱਖੀ ਸਨ। ਨੁਕਤਾ ਇਹ ਹੈ ਕਿ ਪਾਠ ਪੁਸਤਕਾਂ ਵਿਚ ਖ਼ਾਸ ਰਾਜਵੰਸ਼ਾਂ ਦੇ ਵੇਰਵੇ ਉਨ੍ਹਾਂ ਦੇ ਸ਼ਾਸਨ ਦੀ ਇਤਿਹਾਸਕ ਮਿਆਦ ਦੇ ਆਧਾਰ ‘ਤੇ ਹੀ ਪੇਸ਼ ਕੀਤੇ ਗਏ ਸਨ। 1980 ਦੇ ਦਹਾਕੇ ਦੌਰਾਨ ਇਤਿਹਾਸ ਦੀਆਂ ਕਿਤਾਬਾਂ ਵਿਚ ਹਿੰਦੂ ਤੇ ਮੁਸਲਿਮ ਰਾਜਿਆਂ ਬਾਰੇ ਚੰਗੀ ਜਾਣਕਾਰੀ ਹੁੰਦੀ ਸੀ। ਬਿਰਤਾਂਤ ਸਿਰਫ਼ ਧਰਮ ਦੇ ਆਲੇ-ਦੁਆਲੇ ਨਹੀਂ ਘੁੰਮਦਾ ਸੀ, ਸਗੋਂ ਭਾਈਚਾਰਿਆਂ ਦੇ ਵਪਾਰ, ਸੱਭਿਆਚਾਰ, ਸਾਹਿਤ ਆਦਿ ਬਾਰੇ ਸੰਪੂਰਨ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ ਸੀ। ਫਿਰ ਵੀ ਇਹ ਸੱਚ ਹੈ ਕਿ ਸ਼ਾਸਕ ‘ਰਾਜਾ ਕੇਂਤ ਇਤਿਹਾਸ’ ਉਹ ਨਹੀਂ ਹੈ, ਜਿਸ ਦੀ ਸਾਨੂੰ ਆਪਣਾ ਭਵਿੱਖ ਬਣਾਉਣ ਲਈ ਲੋੜ ਹੈ। ਸਾਨੂੰ ਸਮਾਜ ਦੇ ਵਿਭਿੰਨ ਵਰਗਾਂ ਦਲਿਤਾਂ, ਔਰਤਾਂ, ਆਦਿਵਾਸੀਆਂ ਤੇ ਕਾਰੀਗਰਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ, ਜਿਨ੍ਹਾਂ ਨੂੰ ਅਜਿਹੀਆਂ ਕਹਾਣੀਆਂ ‘ਚ ਬਹੁਤੀ ਜਗ੍ਹਾ ਨਹੀਂ ਮਿਲਦੀ।
ਬੱਚਿਆਂ ਨੂੰ ਇਤਿਹਾਸ ਦੀ ਸਹੀ ਅਤੇ ਸੰਤੁਲਿਤ ਜਾਣਕਾਰੀ ਦੇਣ ਨਾਲ ਹੀ ਉਹ ਚੰਗੇ ਜਮਹੂਰੀ ਚਰਿੱਤਰ ਵਾਲੇ ਸ਼ਹਿਰੀ ਬਣ ਸਕਣਗੇ। ਸਿੱਖਿਆ ਜਮਹੂਰੀਅਤ ਅਤੇ ਰਾਸ਼ਟਰਵਾਦ ਦੇ ਭਾਰਤੀ ਸੰਕਲਪਾਂ ਉੱਤੇ ਹੀ ਕੇਂਦਰਿਤ ਹੋਣੀ ਚਾਹੀਦੀ ਹੈ। ਨਿਸ਼ਚੇ ਹੀ ਇਹ ਸੰਕਲਪ ਸਰਬੱਤ ਦੇ ਭਲੇ ਵਾਲਾ ਅਤੇ ਸਰਬ ਧਰਮ ਸਨਮਾਨ ਵਾਲਾ ਹੈ।