ਕਤਲੇਆਮ ਅਤੇ ਤਬਾਹੀ ਦੁਆਰਾ ਸ਼ਾਂਤੀ ਬਹਾਲ ਕਰ ਰਿਹਾ ‘ਲੋਕਤੰਤਰ’

ਬੂਟਾ ਸਿੰਘ ਮਹਿਮੂਦਪੁਰ
ਪਿਛਲੇ ਦਿਨੀਂ ਪ੍ਰਮੁੱਖ ਮਾਓਵਾਦੀ ਆਗੂ ਬਸਵਾ ਰਾਜੂ ਤੇ ਹੋਰ ਮਾਓਵਾਦੀਆਂ ਦੇ ਮੁਕਾਬਲੇ ‘ਚ ਮਾਰੇ ਜਾਣ ਦੀ ਖ਼ਬਰ ਸੁਰਖ਼ੀਆਂ ਬਣੀ। ਮਾਓਵਾਦੀ ਕੌਣ ਹਨ, ਉਹ ਭਾਰਤੀ ਰਾਜ ਵਿਰੁੱਧ ਹਥਿਆਰ ਚੁੱਕ ਕੇ ਕਿਉਂ ਲੜ ਰਹੇ ਹਨ ਅਤੇ ਆਦਿਵਾਸੀਆਂ ‘ਚ ਮਕਬੂਲ ਕਿਉਂ ਹਨ। ਆਦਿਵਾਸੀ ਲੋਕ ਸੱਤਾ ਵੱਲੋਂ ਕੀਤੇ ਜਾ ਰਹੇ ‘ਵਿਕਾਸ’ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੇ। ਕੀ ਬਸਵਾ ਰਾਜੂ ਦੇ ਮਾਰੇ ਜਾਣ ਨਾਲ ਮਾਓਵਾਦੀ ਲਹਿਰ ਖ਼ਤਮ ਹੋ ਜਾਵੇਗੀ? ਇਨ੍ਹਾਂ ਸਾਰੇ ਸਵਾਲਾਂ ਦੀ ਚਰਚਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਇਸ ਵਿਸ਼ੇਸ਼ ਲੇਖ ਵਿਚ ਕੀਤੀ ਹੈ।-ਸੰਪਾਦਕ॥

21 ਮਈ ਨੂੰ ਆਨ-ਲਾਈਨ ਮੀਡੀਆ ਪਲੈਟਫਾਰਮਾਂ ਉੱਪਰ ਇਹ ਖ਼ਬਰ ਤੇਜ਼ੀ ਨਾਲ ਫਲੈਸ਼ ਹੋਈ ਕਿ ਸੁਰੱਖਿਆ ਦਸਤਿਆਂ ਨੇ ਮਾਓਵਾਦੀ ਪਾਰਟੀ ਦੇ ਜਨਰਲ ਸਕੱਤਰ ਕਾ. ਨੰਬਾਲਾ ਕੇਸ਼ਵ ਰਾਓ ਉਰਫ਼ ਬਸਵਾ ਰਾਜੂ (70 ਸਾਲ) ਨੂੰ 26 ਹੋਰ ਮਾਓਵਾਦੀਆਂ ਸਮੇਤ ਅਬੂਝਮਾੜ ਦੇ ਜੰਗਲਾਂ ਅੰਦਰ ‘ਮੁਕਾਬਲੇ’ ’ਚ ਮਾਰ ਮੁਕਾਇਆ ਹੈ। ਇਨ੍ਹਾਂ 26 ਮਾਓਵਾਦੀਆਂ ਵਿਚ ਜ਼ਿਆਦਾਤਰ 20 ਤੋਂ 30 ਸਾਲ ਦੇ ਨੌਜਵਾਨ ਆਦਿਵਾਸੀ ਮੁੰਡੇ-ਕੁੜੀਆਂ ਸਨ ਜਿਨ੍ਹਾਂ ਬਾਰੇ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬਸਵਾ ਰਾਜੂ ਸਮੇਤ ਇਹ ਸਾਰੇ 50 ਘੰਟਿਆਂ ਤੱਕ ਚੱਲੇ ਮੁਕਾਬਲੇ ਵਿਚ ਮਾਰੇ ਗਏ ਅਤੇ ਇਹ ਸਾਰੇ ਉਸਦੀ ਸੁਰੱਖਿਆ ਟੁਕੜੀ, ਕੰਪਨੀ ਨੰ. 7, ਦੇ ਇਨਾਮੀ ਮਾਓਵਾਦੀ ਸਨ। ਇਸ ਤੋਂ ਕੁਝ ਦਿਨ ਪਹਿਲਾਂ ਹੀ ਕਰੇਗੁੱਟਾ ਪਹਾੜੀਆਂ ਵਿਚ 21 ਦਿਨ ਚੱਲੇ ਵਿਸ਼ੇਸ਼ ਓਪਰੇਸ਼ਨ ਤੋਂ ਬਾਅਦ 31 ਮਾਓਵਾਦੀਆਂ ਦੇ ਮਾਰੇ ਜਾਣ ਦੀ ਰਿਪੋਰਟ ਆਈ ਸੀ। ਜਨਵਰੀ 2024 ਤੋਂ ਲੈ ਕੇ ‘ਓਪਰੇਸ਼ਨ ਕਗਾਰ’ ਤਹਿਤ ਕਤਲੇਆਮ ਵਿਚ ਖ਼ਾਸ ਤੇਜ਼ੀ ਆਈ ਹੈ ਅਤੇ 2025 ਦੇ ਪਹਿਲੇ ਪੰਜ ਮਹੀਨਿਆਂ ਵਿਚ ਹੀ ਬਸਤਰ ਵਿਚ 200 ਤੋਂ ਵਧੇਰੇ ਮਾਓਵਾਦੀ ‘ਮੁਕਾਬਲਿਆਂ’ ਵਿਚ ਮਾਰੇ ਗਏ ਹਨ, ਜਿਨ੍ਹਾਂ ਵਿਚ ਤੀਜਾ ਹਿੱਸਾ ਨੌਜਵਾਨ ਕੁੜੀਆਂ/ਔਰਤਾਂ ਹਨ। ਮਾਓਵਾਦੀ ਪਾਰਟੀ ਦੀ ਦੰਡਕਾਰਣੀਆ ਸਪੈਸ਼ਲ ਜ਼ੋਨਲ ਕਮੇਟੀ ਦੇ ਬੁਲਾਰੇ ਵਿਕਲਪ ਵੱਲੋਂ ਅਧਿਕਾਰਕ ਪ੍ਰੈੱਸ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਗਈ ਹੈ ਕਿ ਬਸਵਾ ਰਾਜੂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਕਤਲ ਕੀਤਾ ਗਿਆ।
ਨੀਮ-ਫ਼ੌਜੀ ਓਪਰੇਸ਼ਨਾਂ ਜ਼ਰੀਏ ਮਾਓਵਾਦੀਆਂ ਅਤੇ ਆਦਿਵਾਸੀ ਲੋਕਾਂ ਦੇ ਕਤਲੇਆਮ ਤਹਿਤ ਬਣਾਇਆ ਇਹ ‘ਮੁਕਾਬਲਾ’ ਦਰਅਸਲ ਅਤਿ ਘਿਣਾਉਣਾ ਰਾਜਨੀਤਕ ਕਤਲੇਆਮ ਹੈ ਜਿਸ ਨੂੰ ਖ਼ੁਦ ਮੋਦੀ ਅਤੇ ਅਮਿਤ ਸ਼ਾਹ ਨੇ ਸੁਰੱਖਿਆ ਤਾਕਤਾਂ ਦੀ ‘ਇਤਿਹਾਸਕ ਪ੍ਰਾਪਤੀ’ ਕਹਿ ਕੇ ਵਧਾਈ ਦਿੱਤੀ ਹੈ ਕਿ ਉਨ੍ਹਾਂ ਨੇ ਤਿੰਨ ਦਹਾਕਿਆਂ ਵਿਚ ਪਹਿਲੀ ਵਾਰ ਮਾਓਵਾਦੀ ਪਾਰਟੀ ਦੇ ਜਨਰਲ ਸਕੱਤਰ ਨੂੰ ਮਾਰ ਕੇ ‘ਇਤਿਹਾਸ ਰਚਿਆ’ ਹੈ। ਇਹ ਉਸ ਪ੍ਰਧਾਨ ਮੰਤਰੀ ਵੱਲੋਂ ਆਪਣੀ ਫਾਸ਼ੀਵਾਦੀ ਹਕੂਮਤ ਦੀ ਖ਼ੂੰਖ਼ਾਰ ਖਸਲਤ ਦਾ ਐਲਾਨੀਆ ਇਕਬਾਲ ਹੈ ਜਿਸ ਨੂੰ ਦੁਨੀਆ ਅੱਗੇ ਆਪਣੇ ਲਹੂ ਲਿਬੜੇ ਚਿਹਰੇ ਨੂੰ ਲੁਕੋਣ ਲਈ ਇਹ ਮਖੌਟਾ ਪਾਉਣ ਦੀ ਵਾਰ-ਵਾਰ ਲੋੜ ਪੈਂਦੀ ਹੈ ਕਿ ‘ਜਮਹੂਰੀਅਤ ਤਾਂ ਸਾਡੇ ਡੀ.ਐੱਨ.ਏ. ਵਿਚ ਹੈ।’
ਬਸਵਾ ਰਾਜੂ ਦਾ ਕਤਲ ਉਸ ਸਮੇਂ ਕੀਤਾ ਗਿਆ ਹੈ ਜਦੋਂ ਸੀ.ਪੀ.ਆਈ. (ਮਾਓਵਾਦੀ) ਵੱਲੋਂ ਇਕਤਰਫ਼ਾ ਯੁੱਧਬੰਦੀ ਦਾ ਐਲਾਨ ਕਰਕੇ ਸ਼ਾਂਤੀ ਵਾਰਤਾਵਾਂ ਲਈ ਮਾਹੌਲ ਬਣਾਉਣ ਦੀ ਮੰਗ ਕਰਦਿਆਂ ਉੱਪਰੋਥਲੀ ਛੇ ਜਨਤਕ ਬਿਆਨ ਜਾਰੀ ਕੀਤੇ ਗਏ ਹਨ। ਕੇਂਦਰ ਸਰਕਾਰ ਅਤੇ ਛੱਤੀਸਗੜ੍ਹ ਸਰਕਾਰ ਵੱਲੋਂ ਗੱਲਬਾਤ ਦੀ ਪੇਸ਼ਕਸ਼ ਨੂੰ ਹੁੰਗਾਰਾ ਦੇਣ ਦੀ ਬਜਾਏ ਸਗੋਂ ਕਰੇਗੁੱਟਾ ਪਹਾੜੀਆਂ ਦੀ ਘੇਰਾਬੰਦੀ ਕਰਕੇ ਕਤਲੇਆਮ ਕਰਨ ਲਈ 24,000 ਨੀਮ-ਫ਼ੌਜੀ ਨਫ਼ਰੀ ਝੋਕ ਦਿੱਤੀ ਗਈ। ‘ਮੁਕਾਬਲੇ’ ਦੀ ਇਹ ਕਹਾਣੀ ਉਸੇ ਤਰਜ਼ ਦੀ ਮਨਘੜਤ ਕਹਾਣੀ ਹੈ, ਜਿਸ ਬੇਹੱਦ ਬਦਨਾਮ ਬਿਰਤਾਂਤ ਦਾ ਸਹਾਰਾ ਭਾਰਤੀ ਹੁਕਮਰਾਨ ਸਟੇਟ ਵਿਰੋਧੀ ਬਾਗ਼ੀ ਲਹਿਰਾਂ ਨੂੰ ਕੁਚਲਣ ਲਈ ਕੀਤੇ ਜਾਂਦੇ ਕਤਲਾਂ ਉੱਪਰ ਪਰਦਾ ਪਾਉਣ ਲਈ ਸੱਤ ਦਹਾਕਿਆਂ ਤੋਂ ਲੈਂਦੇ ਆ ਰਹੇ ਹਨ। ਇਹ ਕਹਾਣੀ ਐਨੀ ਘਿਣਾਉਣੀ ਹੈ ਕਿ ‘ਮੁੱਖਧਾਰਾ’ ਦੀਆਂ ਸਾਰੀਆਂ ਹੀ ਖੱਬੀਆਂ ਪਾਰਟੀਆਂ ਨੇ ਇਸ ਨੂੰ ਗ਼ੈਰਅਦਾਲਤੀ ਕਤਲ ਕਰਾਰ ਦੇ ਕੇ ਨਿਰਪੱਖ ਜੁਡੀਸ਼ੀਅਲ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਇਸ ਕਤਲੇਆਮ ਵਿਰੁੱਧ ਵੱਖ-ਵੱਖ ਥਾਵਾਂ ਉੱਪਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਹੋਰ ਵੀ ਸਿਤਮ-ਜ਼ਰੀਫ਼ੀ ਇਹ ਹੈ ਕਿ ਅਧਿਕਾਰੀ ਆਂਧਰਾ-ਤੇਲੰਗਾਨਾ ਤੋਂ ਆਏ ਪਰਿਵਾਰਾਂ ਨੂੰ ਲਾਸ਼ਾਂ ਦੇਣ ਤੋਂ ਲਗਾਤਾਰ ਟਾਲ-ਮਟੋਲ ਕਰਦੇ ਰਹੇ। ਸਰਕਾਰਾਂ ਮਾਓਵਾਦੀਆਂ ਦੇ ਅੰਤਮ-ਸੰਸਕਾਰ ਮੌਕੇ ਹੋਣ ਵਾਲੇ ਵੱਡੇ ਇਕੱਠਾਂ ਹੋਣ ਤੋਂ ਭੈਭੀਤ ਹਨ। ਗਰਮੀ ਦੇ ਮੌਸਮ ਵਿਚ 27 ਲਾਸ਼ਾਂ ਬਿਨਾਂ ਫਰੀਜ਼ਰਾਂ ਤੋਂ, ਖੁੱਲ੍ਹੇ ਸ਼ੈੱਡ ਹੇਠ ਰੱਖ ਕੇ ਸੜਨ ਦਿੱਤੀਆਂ ਗਈਆਂ। ਆਖਿæਰਕਾਰ ਬਸਵਾ ਰਾਜੂ ਸਮੇਤ 7 ਮਾਓਵਾਦੀਆਂ ਦੀਆਂ ਲਾਸ਼ਾਂ ਵਾਰਿਸਾਂ ਨੂੰ ਦੇਣ ਦੀ ਬਜਾਏ ਪੁਲਿਸ ਨੇ ਧੱਕੇ ਨਾਲ ਨਰਾਇਣਪੁਰ ਵਿਚ ਹੀ ਜਲਾ ਦਿੱਤੀਆਂ। ਬਹਾਨਾ ਇਹ ਬਣਾਇਆ ਗਿਆ ਕਿ ਲਾਸ਼ਾਂ ਲੈਣ ਲਈ ਕੋਈ ਵਾਰਿਸ ਨਹੀਂ ਆਇਆ ਅਤੇ ਲਾਸ਼ਾਂ ਖਰਾਬ ਹੋ ਗਈਆਂ ਸਨ, ਜਦੋਂ ਕਿ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਤੋਂ ਸੰਬੰਧਤ ਪਰਿਵਾਰ ਨਰਾਇਣਪੁਰ ਵਿਚ ਆ ਕੇ ਕਈ ਦਿਨਾਂ ਤੋਂ ਖੱਜਲ-ਖੁਆਰ ਹੋ ਰਹੇ ਸਨ।
ਇਸ ‘ਇਤਿਹਾਸਕ ਪ੍ਰਾਪਤੀ’ ਉੱਪਰ ਭਾਰਤੀ ਰਾਜ ਦੇ ਸੱਤਾ ਦੇ ਗਲਿਆਰਿਆਂ ਵਿਚ ਜਸ਼ਨਾਂ ਦਾ ਮਾਹੌਲ ਹੈ। ਭਗਵਾ ਹਕੂਮਤ ਜਿੱਤ ਦੇ ਢੋਲ ਵਜਾ ਰਹੀ ਹੈ ਅਤੇ ਗੋਦੀ ਮੀਡੀਆ ਦਿਨ-ਰਾਤ ਧੂੰਆਂ-ਧਾਰ ਜ਼ਹਿਰ ਉਗਲ ਰਿਹਾ ਹੈ ਕਿ ਮਾਓਵਾਦੀ ਲੀਡਰਸ਼ਿੱਪ ਦਾ ਸਫ਼ਾਇਆ ਕਰ ਦਿੱਤੇ ਜਾਣ ਅਤੇ ਨਵੀਂ ਭਰਤੀ ਦੀ ਤੋਟ ਕਾਰਨ ਮਾਓਵਾਦੀ ਲਹਿਰ ਆਖ਼ਰੀ ਸਾਹ ਲੈ ਰਹੀ ਹੈ। ਹੋਰ ਵੀ ਚਿੰਤਾਜਨਕ ਇਹ ਹੈ ਕਿ ਭਗਵਾ ਪ੍ਰਚਾਰ-ਤੰਤਰ ਅਤੇ ਗੋਦੀ ਮੀਡੀਆ ਦੇ ਜ਼ਹਿਰੀਲੇ ਪ੍ਰਚਾਰ ਨਾਲ ਗੁੰਮਰਾਹ ਹੋਇਆ ਸਮਾਜ ਦਾ ਇਕ ਹਿੱਸਾ ਇਸ ਕਤਲੇਆਮ ਉੱਪਰ ਖ਼ੁਸ਼ੀ ਮਨਾ ਰਿਹਾ ਹੈ। ਕਾਰਪੋਰੇਟ ਸਰਮਾਏ ਦੇ ਬੇਸ਼ਰਮ ਦਲਾਲ ਭਗਵਾ ਕੋੜਮੇ ਅਤੇ ਹੋਰ ਹੁਕਮਰਾਨ ਧੜਿਆਂ ਲਈ ਇਸ ਤੋਂ ਵੱਡੀ ਖ਼ੁਸ਼ੀ ਕੀ ਹੋ ਸਕਦੀ ਹੈ ਕਿ ਉਸ ਪਾਰਟੀ ਦਾ ਪ੍ਰਮੁੱਖ ਆਗੂ ਮਾਰਿਆ ਗਿਆ ਜੋ ਮੌਜੂਦਾ ਪ੍ਰਬੰਧ ਨੂੰ ਜੜ੍ਹੋਂ ਖ਼ਤਮ ਕਰਨ ਦੇ ਸੁਪਨੇ ਦੇਖ ਰਹੀ ਸੀ। ਇਤਿਹਾਸ ਵਿਚ ਅਜਿਹੇ ਮੌਕੇ ਪਹਿਲਾਂ ਵੀ ਆਉਂਦੇ ਰਹੇ ਹਨ ਜਦੋਂ ਨਕਸਲੀ ਆਗੂਆਂ ਦਾ ਜਿਸਮਾਨੀ ਸਫ਼ਾਇਆ ਕਰਕੇ ਨਕਸਲਵਾਦ ਨੂੰ ਖ਼ਤਮ ਕਰ ਦੇਣ ਦੇ ਲਲਕਾਰੇ ਮਾਰੇ ਗਏ। ਨਕਸਲੀ ਲਹਿਰ ਦੇ ਮੋਢੀ ਆਗੂ ਚਾਰੂ ਮਜੂਮਦਾਰ ਨੂੰ ਹਿਰਾਸਤ ਵਿਚ ਲੈ ਕੇ ਕਤਲ ਕਰਨ ਸਮੇਂ ਵੀ, ਅਤੇ ਫਿਰ 2010 ’ਚ ਮਾਓਵਾਦੀ ਬੁਲਾਰੇ ਆਜ਼ਾਦ ਅਤੇ 2011 ’ਚ ਇਕ ਹੋਰ ਮੁੱਖ ਆਗੂ ਕਿਸ਼ਨ ਜੀ ਨੂੰ ਗ੍ਰਿਫ਼ਤਾਰ ਕਰਕੇ ਕਤਲ ਕਰਨ ਤੋਂ ਬਾਅਦ ਵੀ ਅਜਿਹੇ ਜੇਤੂ ਐਲਾਨ ਕੀਤੇ ਗਏ ਸਨ। ਇਸਦੇ ਬਾਵਜੂਦ, ਨਵੇਂ ਆਗੂ ਮਾਰੇ ਗਿਆਂ ਦੀ ਥਾਂ ਲੈਂਦੇ ਰਹੇ ਹਨ, ਵੱਡੇ ਤੋਂ ਵੱਡੇ ਨੁਕਸਾਨ ਵੀ ਆਰਜ਼ੀ ਸਾਬਤ ਹੁੰਦੇ ਰਹੇ ਹਨ ਅਤੇ ਲਹਿਰ ਮੁੜ ਜਥੇਬੰਦ ਹੁੰਦੀ ਰਹੀ ਹੈ।
ਹੁਕਮਰਾਨ ਸਿਰਫ਼ ਤੇ ਸਿਰਫ਼ ਮਾਓਵਾਦੀ ਲਹਿਰ ਦੇ ਛਾਪਾਮਾਰ ਪਹਿਲੂ ਦੀ ਇਕਤਰਫ਼ਾ ਤਸਵੀਰ ਪੇਸ਼ ਕਰਕੇ ਇਸ ਹਕੀਕਤ ਨੂੰ ਚਲਾਕੀ ਨਾਲ ਲੁਕੋ ਰਹੇ ਹਨ ਕਿ ਨਕਸਲੀ/ਮਾਓਵਾਦੀ ਲਹਿਰ ਭਾਰਤੀ ਕਮਿਊਨਿਸਟ ਦਾ ਜੁਝਾਰੂ ਹਿੱਸਾ ਹੈ, ਜਿਨ੍ਹਾਂ ਨੇ ਆਪਣਾ ਇਨਕਲਾਬ ਦਾ ਸੁਪਨਾ ਤਿਆਗ ਕੇ ਸੜਿਆਂਦ ਮਾਰਦੀ ‘ਮੁੱਖਧਾਰਾ’ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਹ ਆਪਣੀਆਂ ਜ਼ਿੰਦਗੀਆਂ ਦਾ ਮੁੱਲ ਤਾਰ ਕੇ ਬੁਨਿਆਦੀ ਸਮਾਜੀ ਤਬਦੀਲੀ ਦੇ ਸੁਪਨੇ ਨੂੰ ਜ਼ਿੰਦਾ ਰੱਖਦੇ ਹੋਏ ਇਸ ਨੂੰ ਸਾਕਾਰ ਕਰਨ ਲਈ ਤਨਦੇਹੀ ਨਾਲ ਜੁੱਟੇ ਹੋਏ ਹਨ। ਉਨ੍ਹਾਂ ਦੇ ਲੜਾਈ ਦੇ ਤਰੀਕਿਆਂ ਦੀ ਆਲੋਚਨਾ ਹੋ ਸਕਦੀ ਹੈ ਪਰ ਉਨ੍ਹਾਂ ਦਾ ਮੂਲ ਉਦੇਸ਼ ਆਮ ਲੋਕਾਈ ਨੂੰ ਲੁੱਟ, ਦਾਬੇ ਅਤੇ ਨੰਗੇ ਅਨਿਆਂ ਤੋਂ ਨਿਜ਼ਾਤ ਦਿਵਾਉਣਾ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੈ। ਇਹ ਗੱਲ ਹੁਕਮਰਾਨਾਂ ਦਾ ਇਕ ਹਿੱਸਾ ਖ਼ੁਦ ਮੰਨਦਾ ਰਿਹਾ ਹੈ ਕਿ ‘ਨਕਸਲੀ ਸੱਚੇ ਦੇਸ਼ਭਗਤ ਹਨ’। ਤ੍ਰਾਸਦੀ ਇਹ ਹੈ ਕਿ ਪਿਛਲੇ ਸਮੇਂ ’ਚ ‘ਨਕਸਲਵਾਦ ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ’ ਦਾ ਬਿਰਤਾਂਤ ਭਾਰੂ ਹੋ ਗਿਆ ਹੈ ਅਤੇ ਦੁਨੀਆ ਭਰ ’ਚ ਸਮਾਜਵਾਦੀ ਕੈਂਪ ਖ਼ਤਮ ਹੋਣ ‘ਤੋਂ ਬਾਅਦ ਇੱਥੋਂ ਦੇ ਮੱਧਵਰਗੀ ਲੋਕਾਂ ਦੇ ਵੱਡੇ ਹਿੱਸੇ ਨੇ ਸਮਾਜਿਕ ਤਬਦੀਲੀ ਪ੍ਰਤੀ ਹਮਦਰਦੀ ਤਿਆਗ ਕੇ ਆਪਣਾ ਭਵਿੱਖ ਭਗਵਾ ਫਾਸ਼ੀਵਾਦ ਅਤੇ ਖੁੱਲ੍ਹੀ ਮੰਡੀ ਦੀ ਆਰਜ਼ੀ ਜਿੱਤ ਵਿਚ ਦੇਖਣਾ ਸ਼ੁਰੂ ਕਰ ਦਿੱਤਾ ਹੈ।
ਕੇਸ਼ਵ ਰਾਓ ਅਤੇ ਹੋਰ ਮਾਓਵਾਦੀ ਇਨਕਲਾਬੀਆਂ ਦਾ ਛੱਤੀਸਗੜ੍ਹ ਤੇ ਹੋਰ ਰਾਜਾਂ ਦੇ ਜੰਗਲਾਂ-ਪਹਾੜਾਂ ਨਾਲ ਪੰਜ ਦਹਾਕੇ ਲੰਮਾ ਗੂੜ੍ਹਾ ਰਿਸ਼ਤਾ ਰਿਹਾ ਹੈ ਅਤੇ ਉਹ ਇੱਥੋਂ ਦੇ ਚੱਪੇ-ਚੱਪੇ ਦੇ ਭੇਤੀ ਹਨ। ਇਹੀ ਵਜ੍ਹਾ ਹੈ ਕਿ ‘ਅਬੂਝਮਾੜ’ ਅਤੇ ਇਸਦੇ ਨਾਲ ਲੱਗਦੇ ਸੰਘਣੇ ਜੰਗਲੀ-ਪਹਾੜੀ ਖੇਤਰਾਂ ਵਿਚੋਂ ਮਾਓਵਾਦੀ ਲਹਿਰ ਦਾ ਸਫ਼ਾਇਆ ਕਰਕੇ ਇਸ ਵਿਸ਼ਾਲ ਖੇਤਰ ਨੂੰ ਮੁਕੰਮਲ ਕਬਜ਼ੇ ਵਿਚ ਲੈਣ ਲਈ ਭਾਰਤੀ ਹੁਕਮਰਾਨਾਂ ਨੂੰ ਡੇਢ ਦਹਾਕੇ ‘ਤੋਂ ਜੰਗੀ ਪੱਧਰ ’ਤੇ ਫ਼ੌਜੀ ਓਪਰੇਸ਼ਨ ਚਲਾਉਣੇ ਪੈ ਰਹੇ ਹਨ, ਜਿਨ੍ਹਾਂ ਦਾ ਅਜੋਕਾ ਰੂਪ ‘ਓਪਰੇਸ਼ਨ ਕਗਾਰ’ (ਆਖ਼ਰੀ ਹੱਲਾ) ਹੈ। ਇਹ ਉਹ ਖੇਤਰ ਹੈ ਜਿਸ ਨੂੰ ਅੰਗਰੇਜ਼ ਹਕੂਮਤ ਵੀ ਆਪਣੇ ਰਾਜ ਦਾ ਹਿੱਸਾ ਨਹੀਂ ਸੀ ਬਣਾ ਸਕੀ ਅਤੇ ‘ਆਜ਼ਾਦੀ’ ਤੋਂ ਪੰਜ ਦਹਾਕੇ ਬਾਅਦ ਵੀ ਭਾਰਤ ਸਰਕਾਰ ਨੇ ਕਦੇ ਇਸ ਖੇਤਰ ਦੇ ਮੂਲਵਾਸੀ ਬਾਸ਼ਿੰਦਿਆਂ ਦੀ ਸਾਰ ਨਹੀਂ ਸੀ ਲਈ। ਨਕਸਲੀ ਜਥੇਬੰਦੀ ‘ਪੀਪਲਜ਼ ਵਾਰ’ ਗਰੁੱਪ ਦੇ ਆਗੂਆਂ ਨੇ ਇਸ ਸੰਘਣੇ ਜੰਗਲੀ-ਪਹਾੜੀ ਖੇਤਰ ਨੂੰ ਆਪਣੇ ਨਵ-ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਤਹਿਤ ‘ਗੁਰੀਲਾ ਆਧਾਰ ਇਲਾਕਾ’ ਬਣਾਉਣ ਲਈ ਚੁਣਿਆ। ਇਸ ਮਿਸ਼ਨ ਤਹਿਤ ਆਂਧਰਾ ਪ੍ਰਦੇਸ਼ ਤੋਂ ਭੇਜੇ ਨੌਜਵਾਨਾਂ ਦੇ ਜੱਥੇ ਇਸ ਅਣਜਾਣੇ ਖੇਤਰ ਦੇ ਧੁਰ ਅੰਦਰ ਤੱਕ ਪਹੁੰਚ ਕੇ ਇੱਥੋਂ ਦੇ ਮੂਲਵਾਸੀ ਲੋਕਾਂ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣੇ। ਉਨ੍ਹਾਂ ਨੇ ਬਾਹਰਲੀ ਦੁਨੀਆ ਤੋਂ ਅਟੰਕ ਆਦਿਵਾਸੀਆਂ ਨੂੰ ਆਪਣੇ ਨਾਲ ਜੋੜਿਆ ਅਤੇ ਉਨ੍ਹਾਂ ਨਾਲ ਰਚ-ਮਿਚ ਗਏ। ਜਦੋਂ ਭਾਰਤੀ ਹੁਕਮਰਾਨਾਂ ਨੇ ਉਦਾਰੀਕਰਨ-ਨਿੱਜੀਕਰਨ-ਵਿਸ਼ਵੀਕਰਨ ਦੇ ਕਾਰਪੋਰੇਟ ‘ਵਿਕਾਸ’ ਮਾਡਲ ਤਹਿਤ ਆਦਿਵਾਸੀ ਖੇਤਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਤਾਂ ਆਦਿਵਾਸੀ ਲੋਕ ਮਾਓਵਾਦੀਆਂ ਦੀ ਅਗਵਾਈ ਹੇਠ ਇਸ ਕਾਰਪੋਰੇਟ ਧਾਵੇ ਵਿਰੁੱਧ ਜਾਨ-ਹੂਲਵੀਂ ਲੜਾਈ ਵਿਚ ਡੱਟ ਗਏ।
ਇਸ ਟਾਕਰੇ ਨੂੰ ਖ਼ਤਮ ਕਰਨ ਲਈ ਆਲਮੀ ਅਤੇ ਭਾਰਤੀ ਕਾਰਪੋਰੇਟ ਸਰਮਾਏ ਦੇ ਸੰਦ ਭਾਰਤੀ ਰਾਜ ਨੇ 2005 ਤੋਂ ਲੈ ਕੇ ਆਦਿਵਾਸੀਆਂ ਅਤੇ ਮਾਓਵਾਦੀਆਂ ਦੇ ਮੁਕੰਮਲ ਸਫ਼ਾਏ ਲਈ ਫ਼ੌਜੀ ਮੋਰਚਾ ਖੋਲਿ੍ਹਆ ਹੋਇਆ ਹੈ। ਭਗਵਾ ਹਕੂਮਤ ਦੇ ‘ਨਕਸਲਵਾਦ ਮੁਕਤ ਭਾਰਤ’ ਦੇ ਟੀਚੇ ਅਤੇ ਕਾਰਪੋਰੇਟ ਜਗਤ ਨਾਲ ਕੀਤੇ ਇਕਰਾਰਨਾਮਿਆਂ ਦਰਮਿਆਨ ਸਿੱਧਾ ਸੰਬੰਧ ਹੈ। ਇਸੇ ਕਰਕੇ, ਘੋਰ ਜਬਰ, ਕਤਲੇਆਮ, ਗ੍ਰਿਫ਼ਤਾਰੀਆਂ, ਡਰੋਨਾਂ ਨਾਲ ਬੰਬਾਰੀ ਅਤੇ ਤਬਾਹੀ ਦੇ ਰੂਪ ’ਚ ਆਮ ਲੋਕਾਂ- ਖ਼ਾਸ ਕਰਕੇ ਸਭ ਤੋਂ ਵੱਧ ਦੱਬੇ-ਕੁਚਲੇ ਅਤੇ ਲੁੱਟੀਂਦੇ ਆਦਿਵਾਸੀ ਭਾਈਚਾਰੇ ਨੂੰ ਉਜਾੜਨ ਅਤੇ ਮਾਰਨ ਦੇ ਨੀਮ-ਫ਼ੌਜੀ ਓਪਰੇਸ਼ਨਾਂ ਨੂੰ ਦਿਨੋ-ਦਿਨ ਵੱਧ ਤੋਂ ਵੱਧ ਭਿਆਨਕ ਰੂਪ ਦਿੱਤਾ ਜਾ ਰਿਹਾ ਹੈ। ਇਸ ਦਾ ਇੱਕੋ-ਇਕ ਮਕਸਦ ਮਾਰਚ 2026 ਤੱਕ ਭਾਰਤ ਨੂੰ ‘ਨਕਸਲਵਾਦ ਮੁਕਤ’ ਬਣਾਉਣਾ ਯਾਨੀ ਕਾਰਪੋਰੇਟ ਪ੍ਰੋਜੈਕਟਾਂ ਲਈ ਅੜਿੱਕਾ ਬਣ ਰਹੇ ਆਦਿਵਾਸੀ ਟਾਕਰੇ ਨੂੰ ਖ਼ਤਮ ਕਰਨਾ ਹੈ। ਪਹਿਲਾਂ ਇਸ ਨੂੰ ‘ਸਲਵਾ ਜੁਡਮ’, ‘ਓਪਰੇਸ਼ਨ ਗਰੀਨ ਹੰਟ’, ‘ਸਮਾਧਾਨ-ਪਰਹਾਰ’ ਨਾਂ ਦਿੱਤੇ ਗਏ, ਅਤੇ ਜਨਵਰੀ 2024 ਤੋਂ ‘ਓਪਰੇਸ਼ਨ ਕਗਾਰ’ ਤੇ ਹੁਣ ‘ਓਪਰੇਸ਼ਨ ਬਲੈਕ ਫਾਰੈਸਟ’ ਦੇ ਨਾਂ ਹੇਠ ਇਨਸਾਨਾਂ ਨੂੰ ਜਾਨਵਰਾਂ ਵਾਂਗ ਘੇਰ-ਘੇਰ ਕੇ ਮਾਰਿਆ ਜਾ ਰਿਹਾ ਹੈ।
ਇਨ੍ਹਾਂ ਜੰਗਲੀ-ਪਹਾੜੀ ਜ਼ਿਲਿ੍ਹਆਂ ਵਿੱਚੋਂ ਮਾਓਵਾਦੀ ਤਾਕਤਾਂ ਨੂੰ ਖ਼ਤਮ ਕਰਕੇ ਖਣਨ ਸ਼ੁਰੂ ਕਰਨ ਦੀ ਵਿਆਪਕ ਯੋਜਨਾ ਹੈ। ਇਸੇ ਲਈ ਪੂਰੇ ਭਾਰਤ ਵਿਚ, 2015-2020 ਦਰਮਿਆਨ 6 ਲੱਖ 68400 ਹੈਕਟੇਅਰ ਜੰਗਲ ਖ਼ਤਮ ਕਰ ਦਿੱਤਾ ਗਿਆ। ਹੁਣ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਵੱਲੋਂ ਗੜ੍ਹਚਿਰੌਲੀ ਜ਼ਿਲ੍ਹੇ ਦੇ ਜੰਗਲ ਦੀ 937 ਹੈਕਟੇਅਰ ਜ਼ਮੀਨ ਲਲੋਇਡ ਮੈਟਲਜ਼ ਐਂਡ ਐਨਰਜੀ ਲਿਮ. ਦੇ ਸਟੀਲ ਪ੍ਰੋਜੈਕਟ ਲਈ ਦੇਣ ਅਤੇ 1.23 ਲੱਖ ਦਰੱਖ਼ਤ ਵੱਢਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਹ ‘ਨਕਸਲਵਾਦ-ਮੁਕਤ ਭਾਰਤ’ ਦੇ ਅਸਲ ਮਨੋਰਥ ਦਾ ਮੂੰਹ ਬੋਲਦਾ ਸਬੂਤ ਹੈ।
ਬਹੁਤ ਸਾਰੇ ਲੋਕਾਂ ਨੂੰ ਲੱਗ ਸਕਦਾ ਹੈ ਕਿ ਬਸਵਾ ਰਾਜੂ ਦੇ ਮਾਰੇ ਜਾਣ ਨਾਲ ‘ਹਿੰਸਕ’ ਟਕਰਾਅ ਦਾ ਅੰਤ ਤੈਅ ਹੋ ਗਿਆ ਹੈ। ਉਹ ਇਸ ਹਕੀਕਤ ਨੂੰ ਦੇਖਣ-ਸਮਝਣ ਤੋਂ ਅਸਮਰੱਥ ਹਨ ਕਿ ਜੋ ਕੁਝ ਬਸਤਰ ਵਿਚ ਚੱਲ ਰਿਹਾ ਹੈ, ਉਹ ਮਹਿਜ਼ ਖੇਤਰੀ ਟਕਰਾਅ ਜਾਂ ਮਾਓਵਾਦੀ ਬਗ਼ਾਵਤ ਨਹੀਂ ਹੈ। ਉਹ ਦਰਅਸਲ, ਰਾਜਕੀ ਹਿੰਸਾ ਅਤੇ ਕਾਰਪੋਰੇਟ ਲਾਲਚ ਵਿਰੁੱਧ ਮੂਲਵਾਸੀ ਵਸੋਂ ਦੀ ਹੋਂਦ, ਮਾਣ-ਸਨਮਾਨ ਅਤੇ ਸਭ ਤੋਂ ਵੱਧ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਹੱਕਾਂ ਨੂੰ ਮਾਨਤਾ ਦਿਵਾਉਣ ਲਈ ਸੰਘਰਸ਼ ਹੈ ਜਿਸਦੇ ਬਰਕਰਾਰ ਰਹਿਣ ਜਾਂ ਕੁਚਲ ਦਿੱਤੇ ਜਾਣ ਦੇ ਬਹੁਤ ਹੀ ਗੰਭੀਰ ਅਸਰ ਮੁਲਕ ਦੇ ਭਵਿੱਖ ਉੱਪਰ ਪੈਣੇ ਹਨ। ਪਰ ਇਹ ਤੈਅ ਹੈ ਕਿ ਜਦੋਂ ਤੱਕ ਬੇਕਿਰਕ ਲੁੱਟ ਅਤੇ ਦਾਬੇ ’ਤੇ ਟਿਕਿਆ ਜਾਬਰ ਪ੍ਰਬੰਧ ਮੌਜੂਦ ਹੈ, ਆਮ ਲੋਕਾਂ ਦੀ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸੰਘਰਸ਼ ਦੀ ਜ਼ਰੂਰਤ ਬਣੀ ਰਹੇਗੀ ਅਤੇ ਸੰਵੇਦਨਸ਼ੀਲ ਇਨਸਾਨ ਆਪਣਾ ਨਿੱਜ ਤਿਆਗ ਕੇ ਮਾਨਵਤਾ ਦੀ ਬੰਦ-ਖ਼ਲਾਸੀ ਲਈ ਇਨਕਲਾਬੀ ਬਣਦੇ ਰਹਿਣਗੇ।
ਭਾਰਤੀ ਰਾਜ ਫੌਜੀ ਹਮਲਿਆਂ ਰਾਹੀਂ ਕਮਿਊਨਿਸਟਾਂ ਨੂੰ ਨਸ਼ਟ ਕਰਨਾ, ਜਨਤਕ ਵਿਰੋਧ ਨੂੰ ਕੁਚਲਣਾ ਅਤੇ ਲੋਕਾਂ ਦੀ ਆਜ਼ਾਦੀ ਅਤੇ ਇਨਸਾਫ਼ ਦੀ ਰੀਝ ਨੂੰ ਪੂਰੀ ਤਰ੍ਹਾਂ ਕੁਚਲ ਦੇਣਾ ਚਾਹੁੰਦਾ ਹੈ। ਬਸਵਾ ਰਾਜੂ ਅਤੇ ਹੋਰ ਮਾਓਵਾਦੀ ਆਗੂ 1970ਵਿਆਂ ਦੇ ਸ਼ੁਰੂ ’ਚ ਨਕਸਲੀ ਲਹਿਰ ਦੇ ਮੋਢੀ ਆਗੂ ਚਾਰੂ ਮਜੂਮਦਾਰ ਅਤੇ ਹੋਰ ਹਜ਼ਾਰਾਂ ਨਕਸਲੀਆਂ ਦੇ ‘ਪੁਲਿਸ ਮੁਕਾਬਲਿਆਂ’ ਅਤੇ ਹਿਰਾਸਤ ਵਿਚ ਕਤਲਾਂ ਤੋਂ ਭਲੀ-ਭਾਂਤ ਜਾਣੂ ਸਨ। ਉਨ੍ਹਾਂ ਨੂੰ ਪਤਾ ਸੀ ਕਿ ਕਮਿਊਨਿਸਟ ਇਨਕਲਾਬੀ ਲਹਿਰ ਵਿਚ ਸ਼ਾਮਲ ਹੋਣ ਦਾ ਮਤਲਬ ਹੈ, ਆਪਣੀ ਪੂਰੀ ਜ਼ਿੰਦਗੀ ਇਸ ਮਿਸ਼ਨ ਦੇ ਲੇਖੇ ਲਾ ਦੇਣਾ। ਰਾਜ ਦੇ ਹੱਥੋਂ ਤਸ਼ੱਦਦ ਜਾਂ ਕਤਲ ਹੋਣ ਨੂੰ ਸੱਦਾ ਦੇਣਾ। ਇਸ ਖ਼ਤਰੇ ਤੋਂ ਬੇਪ੍ਰਵਾਹ ਹੋ ਕੇ ਉਹ ਆਖ਼ਰੀ ਸਾਹ ਤਕ ਨੰਗੇ ਅਨਿਆਂ ਅਤੇ ਨਬਰਾਬਰੀ ‘ਤੇ ਟਿਕੇ ਲੋਟੂ ਪ੍ਰਬੰਧ ਨੂੰ ਖ਼ਤਮ ਕਰਕੇ ਸੱਚਾ ਲੋਕ-ਜਮਹੂਰੀ ਰਾਜ ਸਥਾਪਤ ਕਰਨ ਲਈ ਸੰਘਰਸ਼ਸ਼ੀਲ ਰਹੇ। ਉਨ੍ਹਾਂ ਦੀ ਜ਼ਿੰਦਗੀ ਦੱਬੇ-ਕੁਚਲੇ ਤੇ ਬੇਵੱਸ ਬਣਾ ਦਿੱਤੇ ਗਏ ਆਮ ਲੋਕਾਂ ਦੇ ਹਿਤਾਂ ਲਈ ਨਿਰਸਵਾਰਥ ਕੰਮ ਕਰਨ ਦੀ ਉਮਦਾ ਮਿਸਾਲ ਹੈ। ਇਸਦੇ ਮੁਕਾਬਲੇ ਭਾਰਤੀ ਹਾਕਮ ਜਮਾਤੀ ਰਾਜਨੀਤਕ ਕੋੜਮੇ ਲਈ ਸੱਤਾ ਅਤੇ ਨਿੱਜੀ ਸਵਾਰਥ ਹੀ ਸਭ ਕੁਝ ਹੈ ਅਤੇ ਉਨ੍ਹਾਂ ਦੇ ਨਿਘਾਰ ਦੀ ਕੋਈ ਹੱਦ ਨਹੀਂ ਹੈ। ਤ੍ਰਾਸਦੀ ਇਹ ਹੈ ਕਿ ਹਕੂਮਤ ਕਰੂਰ ਜਬਰ ਅਤੇ ਇਕ ਹੱਦ ਤੱਕ ਲਾਲਚ ਦੇ ਜ਼ੋਰ ਆਦਿਵਾਸੀਆਂ ਦੇ ਇਕ ਹਿੱਸੇ ਨੂੰ ਕਤਲੇਆਮ ਦਾ ਸੰਦ ਬਣਾ ਕੇ ਵਰਤਣ ‘ਚ ਕਾਮਯਾਬ ਹੋ ਗਈ ਹੈ।
ਕੀ ਆਪਣਾ ਸਭ ਕੁਝ ਵਾਰ ਕੇ ਸਮਾਜ ਨੂੰ ਬਿਹਤਰ ਬਣਾਉਣ ਦਾ ਸੁਪਨਾ ਲੈਣ ਵਾਲਿਆਂ ਨੂੰ ਸਿਰਫ਼ ਉਨ੍ਹਾਂ ਦੇ ‘ਹਿੰਸਕ’ ਤਰੀਕਿਆਂ ਕਾਰਨ ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਕਹਿ ਕੇ ਰੱਦ ਕੀਤਾ ਜਾ ਸਕਦਾ ਹੈ? ਹਰਗਿਜ਼ ਨਹੀਂ। ਉਹ ਮਜ਼ਲੂਮਾਂ ਅਤੇ ਹਾਸ਼ੀਏ ’ਤੇ ਧੱਕ ਕੇ ਬੇਆਵਾਜ਼ ਬਣਾ ਦਿੱਤੇ ਗਏ ਲੋਕਾਂ ਦੀ ਆਵਾਜ਼ ਹਨ। ਉਨ੍ਹਾਂ ਨੇ ਬਸਤਰ ਅਤੇ ਹੋਰ ਖੇਤਰਾਂ ਦੇ ਆਦਿਵਾਸੀਆਂ ਤੇ ਦਲਿਤਾਂ ਨੂੰ ਆਪਣੀ ਰਾਖੀ ਲਈ ਜੂਝਣ ਦੇ ਕਾਬਲ ਬਣਾਇਆ ਹੈ। ਮਾਓਵਾਦੀ ਲਹਿਰ ਨੇ ਇਨ੍ਹਾਂ ਇਲਾਕਿਆਂ ਵਿਚ ਬਹੁਤ ਸਿਰਜਣਾਤਮਕ ਕੰਮ ਕੀਤਾ ਹੈ। ਇਨਕਲਾਬੀ ਕਵੀ ਧੂਮਿਲ ਨੇ ਕਿਹਾ ਸੀ: ‘ਇਕ ਹੀ ਸੰਵਿਧਾਨ ਥੱਲੇ ਭੁੱਖ ਨਾਲ ਵਿਲਕਦੀ ਫੈਲੀ ਹੋਈ ਹਥੇਲੀ ਦਾ ਨਾਂ ‘ਦਇਆ’ ਹੈ ਅਤੇ ਭੁੱਖ ਨਾਲ ਤਣੇ ਮੁੱਕੇ ਦਾ ਨਾਂ ਨਕਸਲਬਾੜੀ ਹੈ’। ਜਿਸ ‘ਵਿਕਾਸ’ ਦਾ ਢੰਡੋਰਾ ਭਗਵਾ ਹਕੂਮਤ ਪਿੱਟ ਰਹੀ ਹੈ ਇਹ ਵੀ ਇਨ੍ਹਾਂ ਇਲਾਕਿਆਂ ਵਿਚ ਮਾਓਵਾਦੀ ਲਹਿਰ ਦੀ ਮੌਜੂਦਗੀ ਕਾਰਨ ਹੀ ਪਹੁੰਚਿਆ ਹੈ।
ਇਹ ਸਚਾਈ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਆਪਣੇ ਹੀ ਲੋਕਾਂ ਵਿਰੁੱਧ ਭਾਰਤੀ ਰਾਜ ਇਹ ਘਿਣਾਉਣਾ ਯੁੱਧ ਕਿਉਂ ਲੜ ਰਿਹਾ ਹੈ। ‘ਵਿਕਾਸ’ ਸਿਰਫ਼ ਸੜਕਾਂ ਅਤੇ ਕੈਂਪਾਂ ਤੱਕ ਹੀ ਸੀਮਤ ਕਿਉਂ ਹੈ? ਭਾਰਤੀ ਰਾਜ ਕੋਲ 16 ਸਾਲ ਤੋਂ ਆਦਿਵਾਸੀਆਂ ਨੂੰ ਕੁਚਲਣ ਲਈ ਲੱਖਾਂ ਨੀਮ-ਫ਼ੌਜੀ ਤਾਕਤਾਂ ਲਗਾ ਕੇ ਕਤਲੇਆਮ, ਉਜਾੜੇ ਅਤੇ ਔਰਤਾਂ ਵਿਰੁੱਧ ਜਿਨਸੀ ਹਿੰਸਾ ਦੀ ਘਿਣਾਉਣੀ ਮੁਹਿੰਮ ਜਾਰੀ ਰੱਖਣ, ਬਸਤਰ ਵਿਚ ਪਹਿਲਿਆਂ ਤੋਂ ਇਲਾਵਾ ਸਾਢੇ ਤਿੰਨ ਸੌ ਨਵੇਂ ਨੀਮ-ਫ਼ੌਜੀ ਕੈਂਪ ਸਥਾਪਤ ਕਰਨ, 24000 ਸੁਰੱਖਿਆ ਦਸਤੇ, ਹੈਲੀਕਾਪਟਰ ਤੇ ਡਰੋਨ ਤਾਇਨਾਤ ਕਰਕੇ ਕਰੇਗੁੱਟਾ ਪਹਾੜੀਆਂ ਵਿਚ 21 ਦਿਨ ਓਪਰੇਸ਼ਨ ਚਲਾਉਣ ਅਤੇ ਆਪਣੇ ਹਿਤਾਂ ਤੇ ਹੱਕਾਂ ਲਈ ਜੂਝਦੇ ਲੋਕਾਂ ਨੂੰ ਫੜ-ਫੜ ਕੇ ਜੇਲ੍ਹਾਂ ਵਿਚ ਡੱਕਣ ਉੱਪਰ ਖ਼ਰਚਣ ਲਈ ਖੁੱਲ੍ਹਾ ਬਜਟ ਹੈ। ਪਰ ਲੋਕਾਈ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਮਨੁੱਖੀ ਜ਼ਿੰਦਗੀ ਲਈ ਜ਼ਰੂਰੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ, ਇੱਥੋਂ ਤੱਕ ਕਿ ਮਨਰੇਗਾ ਵਰਗੇ ਸੀਮਤ ਜਹੇ ਪ੍ਰੋਜੈਕਟਾਂ ਲਈ ਬਜਟ ਨਹੀਂ ਹੈ।
ਸਵਾਲ ਤਾਂ ਇਹ ਵੀ ਹੈ ਕਿ ਮੋਦੀ ਸਰਕਾਰ ਪਾਕਿਸਤਾਨ ਨਾਲ ਯੁੱਧਬੰਦੀ ਅਤੇ ਗੱਲਬਾਤ ਕਰ ਸਕਦੀ ਹੈ ਤਾਂ ਮਾਓਵਾਦੀ ਪਾਰਟੀ ਨਾਲ ਗੱਲਬਾਤ ਕਿਉਂ ਨਹੀਂ ਕਰ ਰਹੀ? ਸਪਸ਼ਟ ਹੈ ਕਿ ਇਸਦਾ ਮਾਓਵਾਦੀ ਲੀਡਰਸ਼ਿੱਪ ਦੀ ਗੱਲਬਾਤ ਦੀ ਪੇਸ਼ਕਸ਼ ਸਵੀਕਾਰ ਕਰਕੇ ਮਸਲੇ ਨੂੰ ਹੱਲ ਕਰਨ ਦਾ ਇਰਾਦਾ ਬਿਲਕੁਲ ਨਹੀਂ ਹੈ ।‘ਮੁਕਾਬਲਿਆਂ’ ’ਚ ਤੇਜ਼ੀ ਤੋਂ ਸਪਸ਼ਟ ਹੈ ਕਿ ਭਗਵਾ ਹਕੂਮਤ ਦਾ ਇੱਕੋ-ਇਕ ਉਦੇਸ਼ ਵੱਧ ਤੋਂ ਵੱਧ ਮਾਓਵਾਦੀਆਂ ਨੂੰ ਖ਼ਤਮ ਕਰਨਾ ਹੈ ਨਾ ਕਿ ਗ੍ਰਿਫ਼ਤਾਰ ਕਰਨਾ ਜਾਂ ਆਤਮ-ਸਮਰਪਣ ਕਰਾਉਣਾ। ਇਸ ਦਾ ਉਦੇਸ਼ ਬੁਨਿਆਦੀ ਤਬਦੀਲੀ ਦੀ ਪ੍ਰਤੀਕ ਕਿਸੇ ਵੀ ਤਾਕਤ ਨੂੰ ਖ਼ਤਮ ਕਰਨਾ ਹੈ।
ਲੋਕਾਂ ਨੂੰ ਸਮਝਣਾ ਪਵੇਗਾ ਕਿ ਭਾਰਤ ਦੀ ‘ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ’ ਨਕਸਲੀ ਲਹਿਰ ਨਹੀਂ, ਸਗੋਂ ਭਾਰਤੀ ਹਾਕਮ ਜਮਾਤ ਹੈ, ਜਿਸ ਦੀਆਂ ਸਾਮਰਾਜਵਾਦ ਅਤੇ ਕਾਰਪੋਰੇਟ ਸਰਮਾਏ ਪੱਖੀ ਨੀਤੀਆਂ ਲੋਕਾਈ ਨੂੰ ਲਗਾਤਾਰ ਲਤਾੜ, ਉਜਾੜ ਅਤੇ ਤਬਾਹ ਕਰ ਰਹੀਆਂ ਹਨ। ਜਿਸ ਕਥਿਤ ਵਿਕਾਸ ਦੇ ਨਾਂ ਹੇਠ ਇਹ ਕਤਲੇਆਮ ਅਤੇ ਤਬਾਹੀ ਕੀਤੀ ਜਾ ਰਹੀ ਹੈ, ਉਹ ਭਾਰਤ ਦੇ ਲੋਕਾਂ, ਕੁਦਰਤੀ ਵਸੀਲਿਆਂ, ਵਾਤਾਵਰਣ ਅਤੇ ਪੌਣਪਾਣੀ ਦੇ ਵਿਆਪਕ ਵਿਨਾਸ਼ ਦਾ ਮਾਡਲ ਹੈ। ਇਸ ਵਿਨਾਸ਼ਕਾਰੀ ਮਾਡਲ ਦੇ ਖ਼ੂਨੀ ਰਥ ਨੂੰ ਰੋਕਣ ਲਈ ਭਾਰਤ ਦੇ ਲੋਕਾਂ ਨੂੰ ਭਾਰਤੀ ਰਾਜ ਵਿਰੁੱਧ ਵੱਡੀ ਲੜਾਈ ਲੜਨੀ ਪੈਣੀ ਹੈ।
ਬਸਵਾ ਰਾਜੂ ਦੇ ਜੀਵਨ ਦੀ ਝਲਕ
ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਦੇ ਪਿੰਡ ਜਿਆਨਾਪੇਟਾ ਦੇ ਆਮ ਪਰਿਵਾਰ ਦੇ ਜੰਮ-ਪਲ ਕਾਮਰੇਡ ਬਸਵਾ ਰਾਜੂ ਨੇ ਆਪਣੇ ਇਨਕਲਾਬੀ ਰਾਜਨੀਤਕ ਸਫ਼ਰ ਦਾ ਆਗਾਜ਼ 1973-74 ਵਿਚ ਵਾਰੰਗਲ ਦੇ ਰਿਜਨਲ ਇੰਜੀਨੀਅਰਿੰਗ ਕਾਲਜ (ਹੁਣ ਨੈਸ਼ਨਲ ਇੰਸਟੀਚਿਊਟਿ ਆਫ ਟੈਕਨਾਲੋਜੀ) ‘ਤੋਂ ਸ਼ੁਰੂ ਕੀਤਾ, ਜਿੱਥੇ ਉਹ ਬੀ.ਟੈੱਕ ਦੀ ਡਿਗਰੀ ਕਰਦਿਆਂ ਵਿਦਿਆਰਥੀ ਆਗੂ ਬਣੇ ਅਤੇ ਐੱਮ.ਟੈੱਕ ਦੀ ਪੜ੍ਹਾਈ ਛੱਡ ਕੇ ਕੁਲ-ਵਕਤੀ ਇਨਕਲਾਬੀ ਬਣ ਗਏ। ਉਹ ਰੈਡੀਕਲ ਸਟੂਡੈਂਟਸ ਯੂਨੀਅਨ (ਆਰ.ਐੱਸ.ਯੂ.) ਦੇ ਬਾਨੀ ਮੈਂਬਰਾਂ ਵਿੱਚੋਂ ਇਕ ਸੀ। ਰਿਜਨਲ ਇੰਜੀਨੀਅਰਿੰਗ ਕਾਲਜ ਨੂੰ ‘ਰੈਡੀਕਲ ਇੰਜੀਨੀਅਰਿੰਗ ਕਾਲਜ’ ਬਣਾਉਣ ਵਿਚ ਉਸ ਦੀ ਮਹੱਤਵਪੂਰਣ ਭੂਮਿਕਾ ਰਹੀ। ਇਹ ਉਹ ਦੌਰ ਸੀ ਜਦੋਂ ਪੂਰੇ ਆਂਧਰਾ ਪ੍ਰਦੇਸ਼ ਵਿਚ ਸਾਹਿਤ ਤੇ ਕਲਾ ਦੇ ਖੇਤਰ ਦੇ ਨਾਲ ਉੱਚ ਵਿਦਿਅਕ ਸੰਸਥਾਵਾਂ ਵਿਚ ਵੀ ਨਕਸਲੀ ਸਿਆਸਤ ਦਾ ਜ਼ੋਰ ਸੀ ਅਤੇ ਪਿਛਾਖੜੀ ‘ਵਿਦਿਆਰਥੀ’ ਗੁੱਟਾਂ ਦੇ ਹਿੰਸਕ ਹਮਲੇ ਵੀ ਇਨਕਲਾਬੀ ਉਭਾਰ ਨੂੰ ਰੋਕਣ ਤੋਂ ਬੇਵੱਸ ਸਨ। ਆਰ.ਐੱਸ.ਯੂ. ਵਿਦਿਆਰਥੀਆਂ ਨੂੰ ਨਿੱਜੀ ਭਵਿੱਖ ਤਿਆਗ ਕੇ ਸਮਾਜ ਵਿਚ ਇਨਕਲਾਬੀ ਤਬਦੀਲੀ ਲਿਆਉਣ ਲਈ ਪ੍ਰੇਰਤ ਕਰਨ ਵਿਚ ਇਸ ਕਦਰ ਕਾਮਯਾਬ ਹੋਈ ਕਿ ਹਜ਼ਾਰਾਂ ਵਿਦਿਆਰਥੀ ਇਨਕਲਾਬੀ ਲਹਿਰ ਵਿਚ ਕੁੱਦ ਪਏ। ਕਿਸ਼ਨ ਜੀ, ਬਸਵਾ ਰਾਜੂ, ਭੂਪਤੀ, ਚੇਰੂਕੁਰੀ ਰਾਜਕੁਮਾਰ ਉਰਫ਼ ਆਜ਼ਾਦ ਵਰਗੇ ਚੋਟੀ ਦੇ ਮਾਓਵਾਦੀ ਆਗੂ ਅਤੇ ਹੋਰ ਵੱਖ-ਵੱਖ ਪੱਧਰ ਦੇ ਸੈਂਕੜੇ ਆਗੂ ਇਸੇ ਦੌਰ ਦੀ ਪੈਦਾਵਾਰ ਸਨ।
ਐਮਰਜੈਂਸੀ ਦੌਰਾਨ ਜਦ ਇਨਕਲਾਬੀਆਂ ਉੱਪਰ ਜ਼ੁਲਮ ਵਧੇ ਤਾਂ ਬਸਵਾ ਰਾਜੂ ਰੂਪੋਸ਼ ਹੋ ਕੇ ਪੀਪਲਜ਼ ਵਾਰ ਗਰੁੱਪ ਵਿਚ ਸਰਗਰਮ ਹੋ ਗਏ। ਆਪਣੀ ਕਾਬਲੀਅਤ ਦੇ ਜ਼ੋਰ ਉਹ ਵੱਖ-ਵੱਖ ਪੱਧਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ‘ਦੰਡਕਾਰਣੀਆ ਸਪੈਸ਼ਲ ਜ਼ੋਨਲ ਕਮੇਟੀ’ ਦੇ ਸਕੱਤਰ ਬਣੇ, ਜੋ ਕਿ ਬਸਤਰ ਅਤੇ ਇਸ ਦੇ ਆਲੇ-ਦੁਆਲੇ ਦੇ ਰਾਜਾਂ ਵਿਚ ਫੈਲੇ ਮਾਓਵਾਦੀ ਪ੍ਰਭਾਵ ਵਾਲੇ ਮੁੱਖ ਖੇਤਰ ਦੀ ਜਥੇਬੰਦੀ ਹੈ, ਅਤੇ ਪੀਪਲਜ਼ ਵਾਰ ਗਰੁੱਪ ਦੀ ਕੇਂਦਰੀ ਲੀਡਰਸ਼ਿੱਪ ਵਿਚ ਸ਼ੁਮਾਰ ਹੋ ਗਏ। ਆਪਣੇ ਇੰਜੀਨੀਅਰਿੰਗ ਦੇ ਗਿਆਨ ਦੀ ਵਰਤੋਂ ਉਸਨੇ ਗੁਰੀਲਾ ਯੁੱਧ ਲਈ ਮਾਓਵਾਦੀ ਜਥੇਬੰਦੀ ਦੇ ਮਿਲਟਰੀ ਪੱਖ ਨੂੰ ਮਜ਼ਬੂਤ ਬਣਾਉਣ ਲਈ ਕੀਤੀ ਅਤੇ ਮਾਓਵਾਦੀ ਛਾਪਾਮਾਰ ਟੁਕੜੀਆਂ ਨੂੰ ਸਿਖਲਾਈ ਦੇਣ ਵਿਚ ਉਸਦੀ ਵੱਡੀ ਭੂਮਿਕਾ ਮੰਨੀ ਜਾਂਦੀ ਹੈ। ਸੀ.ਆਰ.ਪੀ.ਐੱਫ. ਦੇ ਉੱਚ ਅਧਿਕਾਰੀਆਂ ਨੇ ਵੀ ਮੰਨਿਆ ਕਿ ਉਹ ਛਾਪਾਮਾਰ ਯੁੱਧ ਅਤੇ ਆਈਈਡੀ ਤਕਨੀਕ ਦਾ ਮਹਿਰ ਸੀ। ਉਸਨੇ ਨਕਸਲੀ ਗਰੁੱਪਾਂ ਦਾ ਰਲੇਵਾਂ ਕਰਕੇ 2004 ਵਿਚ ਸੀ.ਪੀ.ਆਈ. (ਮਾਓਵਾਦੀ) ਨਾਂ ਦੀ ਇਕਜੁੱਟ ਪਾਰਟੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ 2018 ਵਿਚ ਪਹਿਲੇ ਜਨਰਲ ਸਕੱਤਰ ਗਣਪਤੀ ਵੱਲੋਂ ਸਵੈ-ਇੱਛਾ ਨਾਲ ਆਗੂ ਭੂਮਿਕਾ ਛੱਡਣ ’ਤੇ ਉਸ ਨੂੰ ਮਾਓਵਾਦੀ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ।
ਬਸਵਾ ਰਾਜੂ ਬੀ.ਟੈੱਕ ਕਰਕੇ ਆਰਾਮਦਾਇਕ ਜ਼ਿੰਦਗੀ ਗੁਜ਼ਾਰ ਸਕਦੇ ਸਨ- ਪਰ ਉਨ੍ਹਾਂ ਨੇ ਪੀੜਤ ਅਤੇ ਬੁਨਿਆਦੀ ਮਨੁੱਖੀ ਸਹੂਲਤਾਂ ਤੋਂ ਵਾਂਝੀ ਲੋਕਾਈ ਦੇ ਹਿਤਾਂ ਲਈ ਲੜਨ ਦਾ ਰਾਹ ਚੁਣਿਆ। ਮਾਓਵਾਦੀ ਇਨਕਲਾਬੀ ਸਧਾਰਨ ਲੋਕਾਂ ਵਰਗੀ ਜ਼ਿੰਦਗੀ ਜਿਉਂਦੇ ਹਨ। ਉਹ ਇਸਦੀ ਮਿਸਾਲ ਬਣੇ ਕਿ ਲੁੱਟ-ਖਸੁੱਟ ਅਤੇ ਦਾਬੇ ਵਿਰੁੱਧ ਕਮਿਊਨਿਸਟ ਨਜ਼ਰੀਆ ਰੱਖਣ ਵਾਲਿਆਂ ਦੀ ਜ਼ਿੰਦਗੀ ਕਿਵੇਂ ਹੋਣੀ ਚਾਹੀਦੀ ਹੈ। ਬਸਵਾ ਰਾਜੂ ਨੇ ਸਖ਼ਤ ਛਾਪਾਮਾਰ ਅਨੁਸ਼ਾਸਨ ਵਾਲੀ ਜ਼ਿੰਦਗੀ ਜੀਵੀ ਅਤੇ ਹੋਰਾਂ ਲਈ ਮਿਸਾਲ ਬਣੇ। ਉਸ ਦੇ ਨਾਲ ਕੰਮ ਕਰ ਚੁੱਕੇ ਸਾਬਕਾ ਮਾਓਵਾਦੀ, ਜੋ ਆਤਮ-ਸਮਰਪਣ ਕਰਕੇ ਆਮ ਜ਼ਿੰਦਗੀ ਜੀਅ ਰਹੇ ਹਨ, ਦੱਸਦੇ ਹਨ ਕਿ ਬਸਵਾ ਰਾਜੂ ਅਤੇ ਗਣਪਤੀ ਵਰਗੇ ਪ੍ਰਮੁੱਖ ਆਗੂ ਵੀ ਆਪਣੇ ਭਾਂਡੇ ਆਪ ਧੋਂਦੇ ਹਨ ਅਤੇ ਬਾਕੀ ਛਾਪਾਮਾਰਾਂ ਦੀ ਤਰ੍ਹਾਂ ਆਪਣੇ ਹਿੱਸੇ ਆਉਂਦਾ ਮੁਸ਼ੱਕਤੀ ਕੰਮ ਖ਼ੁਦ ਕਰਦੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਦਾ ਹੀ ਪ੍ਰਭਾਵ ਹੈ ਕਿ ਉਸਦੀ ਲਾਸ਼ ਦੇਖ ਕੇ ਅਜਿਹੇ ਸਾਬਕਾ ਮਾਓਵਾਦੀ ਵੀ ਆਪਣੇ ਹੰਝੂ ਨਹੀਂ ਰੋਕ ਸਕੇ।