ਜੰਗ ਦੌਰਾਨ ਪਾਕਿਸਤਾਨ ਦੇ ਨਿਸ਼ਾਨੇ `ਤੇ ਸੀ ਸ੍ਰੀ ਹਰਿਮੰਦਰ ਸਾਹਿਬ

ਨਵੀਂ ਦਿੱਲੀ:`ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਕੀਤੇ ਗਏ ‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ ਪਾਕਿਸਤਾਨ ਵਲੋਂ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਕਈ ਵਾਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

ਇਨ੍ਹਾਂ ਸਾਰੇ ਹਮਲਿਆਂ ਨੂੰ ਹਵਾਈ ਫ਼ੌਜ ਦੇ ਏਅਰ ਡਿਫੈਂਸ ਸਿਸਟਮ ਨੇ ਨਾਕਾਮ ਕਰ ਦਿੱਤਾ।’ ਉਕਤ ਖੁਲਾਸਾ ਸੋਮਵਾਰ ਨੂੰ ਭਾਰਤੀ ਫ਼ੌਜ ਵਲੋਂ ਕੀਤਾ ਗਿਆ। 15 ਇਨਫੇਂਟਰੀ ਡਵੀਜ਼ਨ ਦੇ ਜਨਰਲ ਆਫਿਸਰ ਇਨ ਕਮਾਂਡ (ਜੀ ਓ ਸੀ) ਮੇਜਰ ਜਨਰਲ ਕਾਰਤਿਕ ਸੀ. ਸ਼ੇਸ਼ਾਦਰੀ ਨੇ ਕਿਹਾ ਕਿ ਭਾਰਤੀ ਫ਼ੌਜ ਨੂੰ ਖਦਸ਼ਾ ਸੀ ਕਿ ਪਾਕਿਸਤਾਨ ਵਲੋਂ ਭਾਰਤ ਦੀਆਂ ਨਾਗਰਿਕ ਸੰਸਥਾਵਾਂ ਦੇ ਨਾਲ-ਨਾਲ ਉਨ੍ਹਾਂ ਦੇ ਫ਼ੌਜੀ ਠਿਕਾਣਿਆਂ ਅਤੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਜਿਸ ‘ਚ ਸ੍ਰੀ ਹਰਿਮੰਦਰ ਸਾਹਿਬ ਦਾ ਨਾਂਅ ਸਭ ਤੋਂ ਉੱਪਰ ਸੀ। ਖੁਫ਼ੀਆ ਜਾਣਕਾਰੀ ਦੇ ਮੁਤਾਬਿਕ ਇਹ ਮੁੱਖ ਟੀਚਾ ਸੀ। ਮੇਜਰ ਜਨਰਲ ਸ਼ੋਸ਼ਾਦਰੀ ਨੇ ਕਿਹਾ ਕਿ ਅਸੀਂ ਅੰਦਾਜ਼ਾ ਲਾਇਆ ਕਿ ਗੋਲਡਨ ਟੈਂਪਲ ਇਨ੍ਹਾਂ ‘ਚੋਂ ਸਭ ਤੋਂ ਪਹਿਲਾ ਨਿਸ਼ਾਨਾ ਹੋਏਗਾ। ਅਸੀਂ ਦਰਬਾਰ ਸਾਹਿਬ ਨੂੰ ਪੂਰੀ ਤਰ੍ਹਾਂ ਹਵਾਈ ਰੱਖਿਆ ਕਵਰ ਦੇਣ ਲਈ ਵਾਧੂ ਆਧੁਨਿਕ ਹਵਾਈ ਰੱਖਿਆ ਸਿਸਟਮ ਅਪਣਾਇਆ। ਮੇਜਰ ਜਨਰਲ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਡਰੋਨ ਅਤੇ ਲੰਮੀ ਦੂਰੀ ਦੀਆਂ ਮਜ਼ਾਈਲਾਂ ਸਮੇਤ ਹਵਾਈ ਹਥਿਆਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਜਿਸ ਨੂੰ ਸੈਨਾ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ 8 ਮਈ ਦੀ ਸਵੇਰ, ਤੜਕਸਾਰ ਪਾਕਿਸਤਾਨ ਨੇ ਮਨੁੱਖ ਰਹਿਤ ਹਥਿਆਰਾਂ, ਮੁੱਖ ਰੂਪ ਨਾਲ ਡਰੋਨ ਅਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਵੱਡੇ ਪੈਮਾਨੇ ‘ਤੇ ਹਵਾਈ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਪੂਰੀ ਤਰ੍ਹਾਂ ਤਿਆਰ ਸੀ, ਕਿਉਂਕਿ ਅਸੀਂ ਇਸ ਦਾ ਖਦਸ਼ਾ ਪ੍ਰਗਟਾਇਆ ਸੀ ਅਤੇ ਸਾਡੇ ਬਹਾਦਰ ਅਤੇ ਚੌਕਸ ਸੈਨਾ ਦੇ ਜਵਾਨਾਂ ਨੇ ਪਾਕਿਸਤਾਨੀ ਫ਼ੌਜ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਅਤੇ ਦਰਬਾਰ ਸਾਹਿਬ ‘ਤੇ ਨਿਸ਼ਾਨਾ ਬਣਾਉਣ ਵਾਲੇ ਸਾਰੇ ਡਰੋਨਾਂ ਅਤੇ ਮਿਜ਼ਾਈਲਾਂ ਨੂੰ ਨਸ਼ਟ ਕਰ ਸੁੱਟਿਆ।
ਦੋ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗੀਆਂ
ਭਾਰਤੀ ਫ਼ੌਜ ਵਲੋਂ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦਾ ਹੋਰ ਖੁਲਾਸਾ ਕਰਦਿਆਂ ਕਿਹਾ ਗਿਆ ਕਿ ਪਾਕਿਸਤਾਨ ਨੇ ਦਰਬਾਰ ਸਾਹਿਬ ਵੱਲ ਹਵਾ ਤੋਂ ਜ਼ਮੀਨ ਅਤੇ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਦੋ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗੀਆਂ। ਇਸ ਤੋਂ ਇਲਾਵਾ ਡਰੋਨ ਹਮਲੇ ਦੀ ਵੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸਾਰੇ ਜਾਣਦੇ ਹਨ ਕਿ ਦਰਬਾਰ ਸਾਹਿਬ ਸਿਰਫ਼ ਅੰਮ੍ਰਿਤਸਰ ਨਹੀਂ, ਸਗੋਂ ਪੂਰੇ ਦੇਸ਼ ਦੀ ਸ਼ਰਧਾ ਦਾ ਕੇਂਦਰ ਹੈ। ਇਸ ਲਈ ਅਸੀਂ ਪਹਿਲਾਂ ਤੋਂ ਹੀ ਇਸ ਦੀ ਰੱਖਿਆ ਲਈ ਤਿਆਰ ਸੀ ਅਤੇ ਪਾਕਿਸਤਾਨ ਦੇ ਸਾਰੇ ਹਮਲੇ ਨਾਕਾਮ ਕਰ ਦਿੱਤੇ।