ਨਵੀਂ ਦਿੱਲੀ:ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਦੇਸ਼ ਮਾਮਲਿਆਂ ਦੀ ਸੰਸਦੀ ਸਥਾਈ ਕਮੇਟੀ ਦੇ ਸਾਹਮਣੇ ‘ਆਪ੍ਰੇਸ਼ਨ ਸੰਧੂਰ’ ਅਤੇ ਭਾਰਤ-ਪਾਕਿ ਦਰਮਿਆਨ ਹਾਲੀਆ ਤਣਾਅ ‘ਤੇ ਜਾਣਕਾਰੀ ਦਿੱਤੀ। ਉਨ੍ਹਾਂ ਸੰਸਦੀ ਕਮੇਟੀ ਨੂੰ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਹਮੇਸ਼ਾ ਰਵਾਇਤੀ ਖੇਤਰ ਵਿਚ ਰਿਹਾ ਹੈ।
ਅਤੇ ਗੁਆਂਢੀ ਦੇਸ਼ ਵਲੋਂ ਪ੍ਰਮਾਣੂ ਹਮਲੇ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ। ਮਿਸਰੀ ਨੇ ਸਰਕਾਰ ਦੇ ਸਟੈਂਡ ਨੂੰ ਦੁਹਰਾਇਆ ਕਿ ਫ਼ੌਜੀ ਕਾਰਵਾਈਆਂ ਨੂੰ ਰੋਕਣ ਦਾ ਫ਼ੈਸਲਾ ਦੋਵੇਂ ਦੇਸ਼ਾਂ ਵਲੋਂ ਲਿਆ। ਗਿਆ ਸੀ, ਕਿਉਂਕਿ ਕੁਝ ਵਿਰੋਧੀ ਮੈਂਬਰਾਂ ਨੇ ਟਕਰਾਅ ਨੂੰ ਰੋਕਣ ਵਿਚ ਉਨ੍ਹਾਂ ਦੇ ਪ੍ਰਸ਼ਾਸਨ ਦੀ ਭੂਮਿਕਾ ਬਾਰੇ ਵਾਰ-ਵਾਰ ਕੀਤੇ ਗਏ ਦਾਅਵਿਆਂ ‘ਤੇ ਸਵਾਲ ਉਠਾਏ ਸਨ।
ਕੁਝ ਸੰਸਦ ਮੈਂਬਰਾਂ ਨੇ ਪੁੱਛਿਆ ਕਿ ਕੀ ਪਾਕਿਸਤਾਨ ਟਕਰਾਅ ‘ਚ ਚੀਨੀ ਪਲੇਟਫਾਰਮਾਂ ਦੀ ਵਰਤੋਂ ਕੀਤੀ ਸੀ। ਮਿਸਰੀ ਨੇ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਭਾਰਤ ਨੇ ਪਾਕਿਸਤਾਨੀ ਹਵਾਈ ਅੱਡਿਆਂ ‘ਤੇ ਹਮਲਾ ਕੀਤਾ। ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਮਾਮਲਿਆਂ ‘ਤੇ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ‘ਚ ਤ੍ਰਿਣਮੂਲ ਕਾਂਗਰਸ ਦੇ ਅਭਿਸ਼ੇਕ ਬੈਨਰਜੀ, ਕਾਂਗਰਸ ਦੇ ਰਾਜੀਵ ਸ਼ੁਕਲਾ ਅਤੇ ਦਪਿੰਦਰ ਹੁੱਡਾ, ਏ. ਆਈ. ਐਮ. ਆਈ. ਐਮ. ਦੇ ਅਸਦੁਦੀਨ ਓਵੈਸੀ, ਭਾਜਪਾ ਦੇ ਅਪਰਾਜਿਤਾ ਸਾਰੰਗੀ ਅਤੇ ਅਰੁਣ ਗੋਵਿਲ ਸਮੇਤ ਕਈ ਨੇਤਾਵਾਂ ਨੇ ਹਿੱਸਾ ਲਿਆ। ਹਲਕਿਆਂ ਮੁਤਾਬਕ ਕਮੇਟੀ ਦੇ ਕਈ ਮੈਂਬਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵੀਟ ਨੂੰ ਲੈ ਕੇ ਵੀ ਸਵਾਲ ਪੁੱਛਿਆ ਕਿ ਕੀ ਟਰੰਪ ਦੀ ਵਿਚੋਲਗੀ ਦੇ ਕਾਰਨ ਭਾਰਤ-ਪਾਕਿਸਤਾਨ ਦਰਮਿਆਨ ਗੋਲੀਬੰਦੀ ਦਾ ਐਲਾਨ ਹੋਇਆ, ਜਿਸ ਦੇ ਜਵਾਬ ‘ਚ ਸਰਕਾਰ ਵਲੋਂ ਕਿਹਾ ਗਿਆ ਕਿ ਇਹ ਸਹੀ ਨਹੀਂ ਹੈ। ਇਹ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲਾਮੁੱਦਾ ਸੀ ਅਤੇ ਉਸੇ ਤਰੀਕੇ ਨਾਲ ਗੋਲੀਬੰਦੀ ਦਾ ਫ਼ੈਸਲਾ ਲਿਆ ਗਿਆ। ਵਿਦੇਸ਼ ਸਕੱਤਰ ਨੇ ਸੰਸਦੀ ਕਮੇਟੀ ਨੂੰ ਦੱਸਿਆ ਕਿ ਭਾਰਤ ਨੇ ਪਹਿਲਗਾਮ ਹਮਲੇ ਦਾ ਕਰਾਰਾ ਜਵਾਬ ਦਿੱਤਾ ਹੈ ਅਤੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਵਿਦੇਸ਼ ਸਕੱਤਰ ਨੇ ਪੈਨਲ ਨੂੰ ਕਈ ਹੋਰ ਮੁੱਦਿਆਂ ‘ਤੇ ਵੀ ਜਾਣਕਾਰੀ ਦਿੱਤੀ, ਜਿਸ ‘ਚ ਇਸਲਾਮਾਬਾਦ ਦੇ ਨਾਲ ਸਫ਼ਾਰਤੀ ਸੰਬੰਧਾਂ ਦੀ ਮੌਜੂਦਾ ਸਥਿਤੀ, ਸਰਹੱਦ ਪਾਰ ਤੋਂ ਸੁਰੱਖਿਆ ਚੁਣੌਤੀਆਂ ਅਤੇ ਖੇਤਰੀ ਸਥਿਰਤਾ ‘ਤੇ ਵਿਆਪਕ ਪ੍ਰਭਾਵ ਸ਼ਾਮਿਲ ਰਹੇ।
