ਮਾਂ ਦੀ ਪਾਟੀ ਚੁੰਨੀ ਵਿਚੋਂ ਦਿਸਦੇ ਤਾਰੇ

ਡਾ ਗੁਰਬਖ਼ਸ਼ ਸਿੰਘ ਭੰਡਾਲ
ਕੀ ਹੋਇਆ ਜੇ ਮੇਰੀ ਦੁਨੀਆ ਬਹੁਤ ਛੋਟੀ ਜਹੀ ਹੈ। ਪਰ ਮੇਰੀ ਸੋਚ ਦਾ ਦਾਇਰਾ ਵੱਡਾ ਅਤੇ ਦਿੱਬ-ਦ੍ਰਿਸ਼ਟੀ ਬਹੁਤ ਵਿਸ਼ਾਲ ਹੈ। ਕੀ ਹੋਇਆ ਜੇ ਮੇਰੇ ਕਮਰੇ ਵਿਚ ਨਿੱਕੀ ਜਹੀ ਖਿੜਕੀ ਹੈ। ਪਰ ਮੇਰੀ ਅੰਬਰੀ ਉਡਾਣ ਲਈ ਵਿਸ਼ਾਲ ਅਸਮਾਨ ਜੁ ਹੈ।

ਕੀ ਹੋਇਆ ਜੇ ਮੇਰੇ ਨੈਣਾਂ ਵਿਚਲੀ ਜੋਤ ਮੱਧਮ ਹੋ ਗਈ ਹੈ। ਮੈਂ ਆਪਣੇ ਅੰਦਰਲੇ ਚਾਨਣ ਨਾਲ ਆਪਣੀਆਂ ਰਾਹਾਂ ਨੂੰ ਰੌਸ਼ਨੀ ਨਾਲ ਭਰ ਦੇਵਾਂਗਾ।
ਕੀ ਹੋਇਆ ਜੇ ਮੈਂ ਅੱਖਰਾਂ ਤੋਂ ਕੋਰਾ ਹਾਂ। ਪਰ ਆਪਣੀ ਜ਼ਿੰਦਗੀ ਦੀ ਅੱਖਰਕਾਰੀ ਵਿਚੋਂ ਹੀ ਨਵੇਂ ਸ਼ਬਦਕੋਸ਼ ਨੂੰ ਸਿਰਜ ਕੇ ਆਪਣੀ ਸਿਰਜਣਾਤਮਿਕਤਾ ਦਾ ਲੋਹਾ ਮੰਨਾਂਗਾ।
ਕੀ ਹੋਇਆ ਜੇ ਮੇਰਾ ਬਸਤਾ ਮੇਰੇ ਤੋਂ ਖੋਹ ਲਿਆ ਗਿਆ। ਪਰ ਮੈਂ ਆਲੇ-ਦੁਆਲੇ ਵਿਚੋਂ ਜੀਵਨ-ਜਾਚ ਨੂੰ ਸਿੱਖ ਕੇ ਆਪਣੀ ਤਕਦੀਰ ਦਾ ਖੁਦ ਸਿਰਜਣਹਾਰਾ ਤਾਂ ਬਣ ਹੀ ਸਕਦਾ ਹਾਂ।
ਕੀ ਹੋਇਆ ਜੇ ਮੇਰੇ ਤਨ ਤੇ ਲੀਰਾਂ ਹਨ। ਪਰ ਮੈਂ ਆਪਣੇ ਪਿੰਡੇ ਉਪਰਲੀਆਂ ਲੀਰਾਂ ਤੇ ਮਾਣ ਕਰਦਾ, ਉਨ੍ਹਾਂ ਤੋਂ ਚੰਗਾ ਹੋ ਜੋ ਸੁੰਦਰ ਲਿਬਾਸ ਨਾਲ ਆਪਣੇ ਅੰਦਰਲੇ ਕੋਹਜ ਛੁਪਾਉਂਦੇ ਹਨ।
ਕੀ ਹੋਇਆ ਜੇ ਪੈਰਾਂ ਵਿਚ ਮੈਂਨੂੰ ਸਫ਼ਰ ਉਗਾਉਣ ਦੀ ਤੌਫ਼ੀਕ ਨਹੀਂ ਮਿਲੀ ਪਰ ਮੈਂ ਆਪਣੇ ਸੋਚ-ਸਫ਼ਰ ਨੂੰ ਤਾਂ ਦੂਰ-ਦਿਸਹੱਦਿਆਂ ਤੀਕ ਫੈਲਾ ਸਕਦਾ ਹਾਂ।
ਕੀ ਹੋਇਆ ਜੇ ਮੇਰੇ ਨੈਣਾਂ ਵਿਚ ਉਗੇ ਧੁੰਧਲਕੇ ਨੇ ਮੈਂਨੂੰ ਆਪਣੇ ਰਾਹਾਂ ਨੂੰ ਪਛਾਨਣ ਵਿਚ ਦਿੱਕਤ ਪੈਦਾ ਕੀਤੀ ਪਰ ਸੋਚ-ਸੂਹ ਨੇ ਆਪੇ ਹੀ ਰਾਹਾਂ ਦੀ ਨਿਸ਼ਾਨਦੇਹੀ ਵੀ ਕਰ ਲੈਣੀ ਹੈ।
ਕੀ ਹੋਇਆ ਜੇ ਮੇਰੇ ਸੁਪਨਿਆਂ ਵਿਚ ਪਲੱਤਣਾਂ ਦਾ ਰੰਗ ਭਾਰੂ ਰਿਹਾ ਪਰ ਮੈਂਨੂੰ ਜਾਚ ਆਉਂਦੀ ਹੈ ਕਿ ਕਿਵੇਂ ਪਲੱਤਣਾਂ ਵਿਚੋਂ ਸੰਧੂਰੀ ਭਾਅ ਵੀ ਉਗਾਈ ਜਾ ਸਕਦੀ ਹੈ।
ਕੀ ਹੋਇਆ ਜੇ ਮੇਰੇ ਨੈਣਾਂ ਵਿਚੋਂ ਸੁਪਨਗੋਈ ਨੂੰ ਅਗਵਾ ਕਰ ਲਿਆ ਗਿਆ ਪਰ ਮੈਂ ਇਹ ਵੀ ਜਾਣਦਾ ਹਾਂ ਕਿ ਸੁਪਨੇ ਕਦੇ ਵੀ ਚੋਰੀ ਨਹੀਂ ਹੁੰਦੇ। ਸੁਪਨੇ ਤਾਂ ਤੁਹਾਡੀਆਂ ਸੋਚਾਂ ਵਿਚ ਹਮੇਸ਼ਾ ਹੀ ਉਗਣ ਲਈ ਕਾਹਲੇ ਹੁੰਦੇ।
ਕੀ ਹੋਇਆ ਜੇ ਮੇਰੇ ਸੁਪਨਿਆਂ ਦੀ ਸਰਜਮੀਂ ਨੂੰ ਰੱਕੜ ਦੀ ਜੂਨ ਹੰਢਾਉਣੀ ਪਈ ਪਰ ਮੈਂ ਰੱਕੜ ਵਿਚ ਮੀਂਹ ਬਰਸਾ ਕੇ ਇਸਦੀ ਵਤਰ ਧਰਾਤਲ ਤੇ ਸੁਪਨਿਆਂ ਦੀਆਂ ਕਲਮਾਂ ਲਾਉਣ ਦਾ ਆਦੀ ਹਾਂ।
ਕੀ ਹੋਇਆ ਜੇ ਮੈਂ ਕੋਰੇ ਸਫ਼ਿਆਂ ਤੇ ਮੈਂ ਕੁਝ ਲਿਖ ਨਹੀਂ ਸਕਿਆ ਪਰ ਮੈਂ ਫ਼ਿਜ਼ਾ ਵਿਚ ਉਡਦੇ ਹਰਫ਼ਾਂ ਨੂੰ ਪੜ੍ਹਨ ਜਾਣਦਾ ਹਾਂ ਅਤੇ ਇਨ੍ਹਾਂ ਦੀ ਅਰਥਕਾਰੀ ਵਿਚੋਂ ਜੀਵਨ ਨੂੰ ਨਵੀਨ ਰੂਪ ਵਿਚ ਪਰਿਭਾਸ਼ਤ ਕਰਨ ਦਾ ਵੱਲ ਵੀ ਆਉਂਦਾ ਹੈ।
ਕੀ ਹੋਇਆ ਜੇ ਮੇਰੀ ਕਲਮ ਦੀ ਨੋਕ ਹੀ ਉਹ ਤੋੜ ਗਏ ਅਤੇ ਸਿਆਹੀ ਡੋਲ ਗਏ ਪਰ ਮੈਂ ਜਾਣਦਾ ਹਾਂ ਕਿ ਲਹੂ ਵਿਚ ਡੋਬ ਕੇ ਆਪਣੀ ਉਂਗਲ ਨਾਲ ਕਿਵੇਂ ਤਵਾਰੀਖ਼ ਲਿਖੀ ਜਾਂਦੀ ਹੈ।
ਕੀ ਹੋਇਆ ਜੇ ਮੈਂ ਹੋਲੀ ਦੇ ਰੰਗਾਂ ਵਿਚ ਖੁਦ ਨੂੰ ਡੁਬੋ ਨਹੀਂ ਸਕਿਆ ਪਰ ਮੈਂ ਕਿਸਮਤ ਵਾਲਾ ਹਾਂ ਕਿ ਜ਼ਿੰਦਗੀ ਵਿਚ ਮਿਲੇ ਰੰਗਾਂ ਵਰਗੇ ਹੀ ਲੋਕਾਂ ਨੇ ਮੇਰੇ ਜੀਵਨ ਨੂੰ ਰੰਗੀਨੀਆਂ ਨਾਲ ਭਰ ਦਿਤਾ।
ਕੀ ਹੋਇਆ ਜੇ ਉਹ ਮੇਰੇ ਟਾਹਣਾਂ ਨੂੰ ਕੱਟ ਨੇ ਆਪਣੀ ਬੇਖੂਦੀ ਦੇ ਜਸ਼ਨ ਮਨਾਉਂਦੇ ਨੇ ਪਰ ਮੈਂ ਤਾਂ ਫਿਰ ਪੁੰਗਰ ਨੇ ਉਨ੍ਹਾਂ ਦੇ ਜਸ਼ਨਾਂ ਵਿਚ ਜ਼ਰੂਰ ਸ਼ਾਮਲ ਹੋਵਾਂਗਾ।
ਕੀ ਹੋਇਆ ਜੇ ਮੇਰੇ ਆਲ਼ੇ ਵਿਚ ਪਏ ਦੀਵਾ ਦਾ ਤੇਲ ਹੀ ਮੁੱਕ ਗਿਆ ਪਰ ਮੈਂ ਆਪਣੀ ਰੱਤ ਪਾ ਕੇ ਇਸਨੂੰ ਫਿਰ ਜਗਾਵਾਂਗਾ ਅਤੇ ਚੌਗਿਰਦੇ ਨੂੰ ਰੁਸ਼ਨਾਂਵਾਂਗਾ।
ਕੀ ਹੋਇਆ ਜੇ ਮੇਰੇ ਹਾਸਿਆਂ ਵਿਚ ਵਕਤ ਨੇ ਹਾਵੇ ਉਗਾਏ ਪਰ ਸਮਾਂ ਆਉਣ ਤੇ ਮੈਂ ਇਨ੍ਹਾਂ ਹਾਵਿਆਂ ਦੀ ਹਿੱਕ ਤੇ ਹਾਸਿਆਂ ਦੀ ਖੇਤੀ ਕਰਾਂਗਾ।
ਕੀ ਹੋਇਆ ਜੇ ਮੇਰੀਆਂ ਆਸਾਂ ਦੀ ਤੰਦ ਆਪਣਿਆਂ ਨੇ ਤੋੜ ਦਿਤੀ ਹੈ ਪਰ ਮੈਂਨੂੰ ਪਤਾ ਹੈ ਕਿ ਆਸ ਦੀ ਉਲਝਣ ਨੂੰ ਸੁਲਝਾ ਕੇ ਆਸ ਦੀ ਪੂਰਤੀ ਦਾ ਅਹਿਸਾਸ ਮਨ ਵਿਚ ਕਿਵੇਂ ਪੈਦਾ ਕਰਨਾ ਹੈ।
ਕੀ ਹੋਇਆ ਜੇ ਮੇਰੀਆਂ ਉਮੰਗਾਂ ਵਿਚ ਉਦਾਸ ਰੁੱਤ ਨੇ ਵਿਰਾਮ ਕੀਤਾ ਹੈ ਪਰ ਜਦ ਰੁੱਤ ਬਦਲੀ ਤਾਂ ਮੇਰੀਆਂ ਉਮੰਗਾਂ ਨੇ ਬਹਾਰ ਦੀ ਆਮਦ ਤੇ ਸ਼ਗਨ ਮਨਾਊਣ ਵਿਚ ਕੋਈ ਕਸਰ ਨਹੀਂ ਛੱਡਣੀ।
ਕੀ ਹੋਇਆ ਜੇ ਮੇਰੇ ਦੀਦਿਆਂ ਵਿਚ ਜੰਮ ਚੁੱਕੇ ਅੱਥਰੂਆਂ ਦੀ ਕਿਸੇ ਸਾਰ ਨਹੀਂ ਲਈ ਪਰ ਮੈਂ ਤਾਂ ਕਿਸੇ ਦੇ ਅੱਥਰੂਆਂ ਵਿਚ ਖੁਦ ਵੀ ਅੱਥਰੂ ਅੱਥਰੂ ਹੋ ਕੇ ਖੁਰਨਾ ਤਾਂ ਸਿੱਖ ਹੀ ਲਿਆ ਹੈ।
ਕੀ ਹੋਇਆ ਜੇ ਮੇਰੀਆਂ ਸੱਤਹੀਣ ਬਾਹਾਂ ਵਿਚ ਪੌੜੀ ਦੇ ਉਚੇ ਡੰਡਿਆਂ ਨੂੰ ਹੱਥ ਪਾਉਣ ਦਾ ਹੁਨਰ ਨਹੀਂ ਪਰ ਮੈਂ ਕਿਸੇ ਦੇ ਪੈਰਾਂ ਹੇਠੋਂ ਪੌੜੀ ਖਿਸਕਾ ਕੇ, ਉਪਰ ਉਠਣ ਦੀ ਬਜਾਏ ਖੁਦ ਉਪਰ ਉਠਣ ਦਾ ਹੀਆ ਤਾਂ ਕਰਦਾ ਹਾਂ।
ਕੀ ਹੋਇਆ ਜੇ ਮੇਰੇ ਬਾਗ ਦਾ ਮਾਲੀ ਹੀ ਮੇਰੇ ਕੋਲੋਂ ਰੁੱਸ ਗਿਆ ਪਰ ਮੈਂ ਬਾਗ ਤੇ ਦਸਤਕ ਬਣਨ ਵਾਲੀ ਬਹਾਰ ਦਾ ਤਰਲਾ ਕਰਕੇ ਪਤੱੜੱਝ ਦੇ ਪਿੰਡੇ ਬਹਾਰ ਤਾਂ ਉਗਾ ਹੀ ਸਕਦਾ ਹਾਂ।
ਕੀ ਹੋਇਆ ਜੇ ਮੈਂ ਸੂਰਜ ਦਾ ਹਾਣੀ ਨਾ ਬਣ ਸਕਿਆ ਪਰ ਮੈਂਨੂੰ ਇੰਨੀ ਤਾਂ ਸਮਝ ਹੈ ਕਿ ਇਕ ਜੁਗਨੂੰ ਬਣ ਕੇ ਵੀ ਹਨੇਰੇ ਦੀ ਵੱਖੀ ਵਿਚ ਛੇਕ ਤਾਂ ਪਾਇਆ ਹੀ ਜਾ ਸਕਦਾ।
ਕੀ ਹੋਇਆ ਜੇ ਮੇਰੇ ਕਿਰਤ-ਕਰਮ ਨੂੰ ਮਾਨਤਾ ਨਹੀਂ ਮਿਲੀ ਪਰ ਮੈਂ ਆਪਣੇ ਅੰਤਰੀਵ ਤੋਂ ਬੇਮੁਖ ਹੋ ਕੇ ਰੂਹ ਦੀ ਨਰਾਜ਼ਗੀ ਤਾਂ ਕਦੇ ਨਹੀਂ ਸਹੇੜੀ।
ਕੀ ਹੋਇਆ ਜੇ ਆਪਣਿਆਂ ਦੀਆਂ ਸਾਜਸ਼ਾਂ ਨੇ ਮੈਂਨੂੰ ਬਹੁਤ ਠੇਸ ਪਹੁੰਚਾਈ ਪਰ ਮੈਂ ਤਾਂ ਕਦੇ ਵੀ ਆਪਣਿਆਂ ਦਾ ਸਿਵਾ ਸੇਕਣਾ ਕਿਆਸ ਵੀ ਨਹੀਂ ਕਰ ਸਕਦਾ।
ਕੀ ਹੋਇਆ ਮੇਰੇ ਕਮਰੇ ਦੀ ਛੱਤ ਬੜੀ ਨੀਵੀਂ ਹੈ ਪਰ ਮੇਰੇ ਖਾਬਾਂ ਅਤੇ ਖਿਅਲਾਾਂ ਦੀ ਪ੍ਰਵਾਜ਼ ਤਾਂ ਬਹੁਤ ਹੀ ਉਚੇਰੀ ਹੈ।
ਕੀ ਹੋਇਆ ਜੇ ਮੇਰੇ ਘਰ ਦੇ ਪਿਛਵਵਾੜੇ ਨਿੱਕੀ ਜਹੀ ਛੱਪੜੀ ਸੀ ਜਿਥੇ ਮੈਂ ਕਾਗਜ ਦੀਆਂ ਬੇੜੀਆਂ ਤਾਰਦਾ ਹੁੰਦਾ ਸੀ ਪਰ ਹੁਣ ਤਾਂ ਮੈਂ ਵਸੀਹ ਸਮੁੰਦਰ ਕੰਢੇ ਬਹਿ ਕੇ ਦੂਰ ਤੀਕ ਨਿਹਾਰਦਾ ਆਪਣੀ ਨਜ਼ਰ ਨੂੰ ਵਿਸ਼ਾਲਤਾ ਤਾਂ ਅਰਪ ਹੀ ਸਕਦਾ ਹਾਂ।
ਕੀ ਹੋਇਆ ਜੇ ਮੇਰੇ ਰਾਹਾਂ ਵਿਚ ਬੜੇ ਖੱਡੇ ਤੇ ਖਾਈਆਂ ਸਨ ਪਰ ਮੇਰੇ ਪੈਰਾਂ ਨੂੰ ਵੱਜੇ ਠੁੱਡਿਆਂ ਨੇ ਹੀ ਇਨ੍ਹਾਂ ਖੱਡੇ-ਖਾਈਆਂ ਨੂੰ ਪੱਧਰਾ ਕਰਕੇ ਮੇਰੇ ਸਫ਼ਰ ਨੂੰ ਸੁਖਾਵਾਂ ਬਣਾਇਆ।
ਕੀ ਹੋਇਆ ਜੇ ਮੈਂ ਆਪਣੇ ਬਾਪ ਦੇ ਪਰਨੇ ਦੀ ਛਾਂ ਹੇਠ ਤੱਪਦੀ ਦੁਪਿਹਰ ਨੂੰ ਹੰਢਾਇਆ ਪਰ ਮੈਂ ਆਪਣੇ ਬਾਪ ਦੇ ਮੁੜਕੇ ਵਿਚੋਂ ਮੋਤਿਆਂ ਦੀ ਖੇਤੀ ਕਰਕੇ ਬਾਪ ਦੇ ਪਾਟੇ ਪਰਨੇ ਨੂੰ ਪੱਗ ਦੀ ਤਸ਼ਬੀਹ ਦੇ ਸਕਿਆ।
ਕੀ ਹੋਇਆ ਜੇ ਮੈਂ ਆਪਣੀ ਮਾਂ ਦੀ ਪਾਟੀ ਚੁੰਨੀ ਵਿਚੋਂ ਅੰਬਰ ਦੇ ਤਾਰਿਆਂ ਨੂੰ ਦੇਖਦਾ ਸੀ ਪਰ ਹੁਣ ਇਹੀ ਤਾਰੇ ਮਾਂ ਦੀ ਚੁੰਨੀ ਤੇ ਟਿਮਟਿਮਾਉਂਦੇ ਹਨ।
ਕੀ ਹੋਇਆ ਜੇ ਮੇਰੇ ਮਨ ਦੀ ਬਸਤੀ ਵਿਚ ਚੁੱਪ ਹੈ। ਪਰ ਮੇਰੇ ਮਨ ਵਿਚ ਹਤਾਸ਼ ਰੁੱਤ ਜਾਂ ਸੋਗੀ ਸਮਿਆਂ ਨੇ ਕਦੇ ਦਸਤਕ ਨਹੀਂ ਦਿਤੀ।
ਕੀ ਹੋਇਆ ਜੇ ਮੇਰੇ ਅੰਦਰਲਾ ਸੱਚ ਅਬੋਲ ਹੈ। ਪਰ ਮੈਂ ਤਾਂ ਆਪਣੇ ਅੰਦਰਲੇ ਸੱਚ ਸਾਹਵੇਂ ਹਮੇਸ਼ਾ ਸੱਚਾ ਰਹਿੰਦਾ ਹਾਂ।
ਕੀ ਹੋਇਆ ਜੇ ਮੇਰੀਆਂ ਭਾਵਨਾਵਾਂ ਅਸ਼ਬਦ ਹਨ ਪਰ ਮੈਂ ਤਾਂ ਕੋਰੇ ਵਰਕਿਆਂ ਤੇ ਵੀ ਆਪਣੀਆਂ ਸੁੱਚੀਆਂ ਭਾਵਨਾਵਾਂ ਦੇ ਨਕਸ਼ ਪਛਾਣਦਾ ਹਾਂ।
ਕੀ ਹੋਇਆ ਜੇ ਮੇਰੇ ਸੁਪਨਿਆਂ ਨੂੰ ਨਜ਼ਰ ਲੱਗ ਗਈ ਪਰ ਮੈਂਨੂੰ ਤਾਂ ਫਿਰ ਤੋਂ ਆਪਣੀ ਸੂਖ਼ਮ ਸੋਚ ਦੀ ਧਰਾਤਲ ਤੇ ਸੁਪਨਿਆਂ ਦੀ ਖੇਤੀ ਕਰਨ ਦੀ ਜਾਚ ਹੈ।
ਕੀ ਹੋਇਆ ਜੇ ਮੇਰੀਆਂ ਰਾਹਾਂ ਵਿਚ ਸੂਲਾਂ ਉਗ ਆਈਆਂ ਪਰ ਅੱਡੀਆਂ ਨਾਲ ਸੱਪਾਂ ਦੀਆਂ ਸਿਰੀਆਂ ਫੇਹਣ ਵਾਲੇ ਤਿੱਖੀਆਂ ਨੋਕਾਂ ਨੂੰ ਭੰਨ ਕੇ ਸਫ਼ਰ ਜਾਰੀ ਰੱਖਣ ਦੇ ਸ਼ੌਕੀਨ ਹਨ।
ਕੀ ਹੋਇਆ ਜੇ ਮੇਰੀਆਂ ਪੈੜਾਂ ਦੇ ਨਿਸ਼ਾਨ ਧੁੱਧਲ ਵਿਚ ਗਵਾਚ ਗਏ। ਮੈਂ ਤਾਂ ਨਵੀਆਂ ਪੈੜਾਂ ਸਿਰਜਣ ਲਈ ਸਿਰੜ, ਸਾਧਨਾ ਅਤੇ ਸਮਰਪਿੱਤਾ ਨੂੰ ਕਦੇ ਵੀ ਮੱਠਾ ਨਹੀਂ ਹੋਣ ਦੇਣਾ।
ਕੀ ਹੋਇਆ ਜੇ ਕਾਲੀ ਰਾਤ ਵਿਚ ਹਵਾ ਨੇ ਦੀਵਾ ਬੁਝਾ ਦਿਤਾ ਪਰ ਜੁਗਨੂੰ ਤਾਂ ਹਵਾ ਦੇ ਕੰਧਾੜੇ ਚੜ੍ਹ ਕੇ ਕਾਲਖ਼ ਸਮਿਆਂ ਵਿਚ ਚਾਨਣ-ਲੀਕਾਂ ਦੀ ਕਲਾ ਨਕਾਸ਼ੀ ਕਰਦੇ ਹੀ ਰਹਿੰਦੇ।
ਕੀ ਹੋਇਆ ਜੇ ਮੇਰੇ ਦੀਦਆਂ ਵਿਚ ਨੀਰ ਨਹੀਂ ਸਿਮੰਦਾ ਪਰ ਮੈਂ ਆਪਣੇ ਖ਼ੂਨ ਨਾਲ ਸੁਪਨਿਆਂ ਨੂੰ ਸਿੰਜ ਕੇ ਸੱਧਰਾਂ ਦੀ ਪੁਨਰ-ਸੁਰਜੀਤੀ ਕਰਾਂਗਾ।
ਕੀ ਹੋਇਆ ਜੇ ਮੇਰੀ ਪ੍ਰਾਪਤੀ ਤੇ ਕਿਸੇ ਨੇ ਆਪਣਾ ਨਾਮ ਲਿਖਵਾ ਲਿਆ। ਪਰ ਗਿਆਨ, ਖੋਹਿਆ, ਵੰਡਿਆ ਜਾਂ ਤਸਕਰੀ ਨਹੀਂ ਹੁੰਦੀ। ਹਰਫ਼ ਤਾਂ ਮੇਰੇ ਹੀ ਰਹਿਣੇ।
ਕੀ ਹੋਇਆ ਜੇ ਮੈਂ ਸੱਜਣਾਂ ਨੂੰ ਚਾ ਕੇ ਵੀ ਮਿਲ ਨਾ ਸਕਿਆ। ਪਰ ਮੈਂ ਆਪਣੇ ਅੰਦਰ ਵੱਸਦੇ ਦਿਲਦਾਰ ਦੇ ਹਰ ਪਲ ਅੰਗ-ਸੰਗ ਹੀ ਰਹਿੰਦਾ ਹਾਂ।
ਕੀ ਹੋਇਆ ਜੇ ਮੇਰੀਆਂ ਆਸ਼ਾਵਾਂ ਦੀ ਅਪੂਰਨਤਾ ਮੈਂਨੂੰ ਅੱਖਰਦੀ ਹੈ। ਪਰ ਮੈਂ ਅਪੂਰਨ ਆਸਾਂ ਦੀ ਪੂਰਨਤਾ ਲਈ ਕਦੇ ਵੀ ਆਸ ਦਾ ਪੱਲੂ ਨਹੀ ਛੱਡਿਆ।
ਕੀ ਹੋਇਆ ਜੇ ਮੇਰੇ ਕਦਮਾਂ ਵਿਚ ਹਿੰਮਤ ਨਹੀਂ ਰਹੀ ਪਰ ਮੇਰਾ ਜ਼ਨੂਨ, ਜ਼ਜ਼ਬਾ ਅਤੇ ਜ਼ਜ਼ਬਾਤ ਕਦੇ ਵੀ ਬੇਹਿਸ, ਬੇ-ਹਿੰਮਤੇ ਜਾਂ ਬੇਆਸ ਨਹੀਂ ਹੋਣ ਦਿੰਦੇ।
ਕੀ ਹੋਇਆ ਜੇ ਮੇਰੀਆਂ ਛਾਂਵਾਂ ਨੂੰ ਹੀ ਲੁੱਟ ਲਿਆ ਗਿਆ ਪਰ ਮੈਂ ਆਪਣੀ ਛਾਂ ਲਈ ਖੁਦ ਹੀ ਘਣਛਾਵਾਂ ਬਿਰਖ਼ ਬਣ ਜਾਂਵਾਂਗਾ।
ਕੀ ਹੋਇਆ ਜੇ ਹਵਾਵਾਂ ਦੀ ਹਿੱਕ ਵਿਚ ਮੇਰੀਆਂ ਆਹਾਂ ਦੀ ਧੁੱਖਧੁੱਖੀ ਹੈ ਪਰ ਵਕਤ ਆਉਣ ਤੇ ਮੈਂ ਪੌਣਾਂ ਦੇ ਪਿੰਡੇ ਤੇ ਅੰਤਰੀਵੀ ਨਾਦ ਦੀ ਧੁੰਨ ਧਰਾਂਗਾ।
ਕੀ ਹੋਇਆ ਜੇ ਟੁੱਟੇ ਪੱਤੇ ਦਾ ਕੋਈ ਟਿਕਾਣਾ ਨਹੀਂ ਹੁੰਦਾ ਪਰ ਉਹੀ ਪੱਤਾ ਧਰਤੀ ਵਿਚ ਸਮਾ ਕੇ ਇਕ ਦਿਨ ਨਵੇਂ ਪੱਤਿਆਂ ਦਾ ਅਧਾਰ ਤਾਂ ਬਣਦਾ ਹੀ ਹੈ।
ਕੀ ਹੋਇਆ ਜੇ ਬੋਟਾਂ ਤੋਂ ਸੱਖਣੇ ਆਲ੍ਹਣਿਆਂ ਵਿਚ ਸੁੰਨ ਪਸਰੀ ਹੈ ਪਰ ਦੇਖਣਾ! ਰੁੱਤ ਬਦਲਣ ਤੇ ਇਨ੍ਹਾਂ ਆਲ੍ਹਣਿਆਂ ਵਿਚ ਬੋਟਾਂ ਦੀ ਚੀਂ ਚੀਂ ਨੇ ਬਿਰਖ਼ ਤੇ ਆਲ੍ਹਣੇ ਨੂੰ ਧੜਕਣ ਲਾ ਦੇਣਾ।
ਕੀ ਹੋਇਆ ਜੇ ਉਦਾਸ ਚੰਦਰਮਾ ਨੂੰ ਮੱਸਿਆ ਨੇ ਲੁਕਾ ਲਿਆ ਹੈ ਪਰ `ਕੇਰਾਂ ਪੁੰਨਿਆਂ ਆਉਣ ਦਿਓ, ਚੰਦਰਮਾ ਨੇ ਸਾਰੀ ਰਾਤ ਹੀ ਝੀਲ `ਚ ਤਾਰੀਆਂ ਲਾਉਂਦਿਆਂ ਫ਼ਿਜ਼ਾ ਨਾਲ ਨਿੱਘੀ ਗੁਫ਼ਤਗੂ ਦਾ ਆਨੰਦ ਮਾਨਣਾ ਹੈ।
ਕੀ ਹੋਇਆ ਜੇ ਮੇਰਾ ਸੂਰਜ ਹੀ ਚੋਰੀ ਹੋ ਗਿਆ ਪਰ ਮੈਂ ਆਪਣੇ ਮੱਥੇ ਵਿਚ ਗਿਆਨ ਦੀਪਕ ਦੇ ਉਜਿਆਰੇ ਨੂੰ ਹੀ ਸੂਰਜ ਬਣਾ ਲੈਣਾ ਹੈ।
ਕੀ ਹੋਇਆ ਜੇ ਉਸਦੀ ਤੱਕਣੀ ਵਿਚ ਟੇਢਾਪਣ ਆ ਗਿਆ ਹੈ। ਨਜ਼ਰ ਸਵੱਲੀ ਹੋਣੀ ਚਾਹੀਦੀ ਹੈ, ਬੰਦਾ ਖੁਦ ਬ ਖੁਦ ਸਿੱਧਾ ਦੇਖਣ ਲੱਗ ਪੈਂਦਾ ਹੈ।
ਕੀ ਹੋਇਆ ਜੇ ਸਾਹਾਂ ਦਾ ਸੇਕ ਮੱਠਾ ਪੈ ਗਿਆ ਹੈ ਪਰ ਮੇਰੇ ਮੱਘਦੇ ਅਹਿਸਾਸ ਤਾਂ ਪੱਥਰ ਵੀ ਪਿੱਘਲਾ ਦਿੰਦੇ ਹਨ।
ਕੀ ਹੋਇਆ ਜੇ ਸਾਵਣ ਵਿਚ ਵੀ ਔੜ ਦੀ ਸਾੜਸੱਤੀ ਛਾਈ ਰਹੀ ਪਰ ਪੁਰੇ ਦੀਆਂ ਕਣੀਆਂ ਵਿਚ ਮੇਰੀ ਪਿਆਸ ਦੀ ਤ੍ਰਿਪਤੀ ਨੇ ਮੈਂਨੂੰ ਮੌਲਣ ਲਾ ਦੇਣਾ ਹੈ।
ਕੀ ਹੋਇਆ ਜੇ ਸੁੱਕ ਗਏ ਦਰਿਆ ਬਰੇਤਿਆਂ ਦਾ ਨਾਮਕਰਣ ਹੋ ਗਏ ਪਰ ਜਦ ਦਰਿਆ ਪੁਨਰ-ਸੰਜੀਵ ਹੋ ਗਿਆ ਤਾਂ ਬਰੇਤਿਆ ਨੇ ਕਿਧਰੇ ਵੀ ਨਹੀਂ ਥਿਆਉਣਾ।
ਕੀ ਹੋਇਆ ਜੇ ਮੇਰੇ ਹੱਥਾਂ ਦੀਆਂ ਲਕੀਰਾਂ ਵਿਚੋਂ ਦਿਲਦਾਰ ਦਾ ਨਾਮ ਹੀ ਮਿਟਾ ਦਿਤਾ ਗਿਆ ਪਰ ਮੈਂ ਆਪਣੀ ਹਥੇਲੀ ਤੇ ਉਕਰੇ ਅਦਿੱਖ ਨਾਮ ਵਿਚੋਂ ਉਸਦਾ ਬਿੰਬ ਚਿੱਤਰਾਂਗਾ।
ਕੀ ਹੋਇਆ ਜੇ ਮੇਰੀ ਤਕਦੀਰ ਹੀ ਮੈਂਥੋਂ ਰੁੱਸ ਗਈ ਪਰ ਮੈਂ ਆਪਣੀ ਤਦਬੀਰ ਰਾਹੀਂ ਆਪਣੇ ਮੱਥੇ ਦੀਆਂ ਲਕੀਰਾਂ ਖੁਣ ਕੇ ਤਕਦੀਰ ਨੂੰ ਖੁਦ ਲਿਖਾਂਗਾ।
ਕੀ ਹੋਇਆ ਜੇ ਮੇਰੀ ਫੱਟੀ ਤੇ ਪਏ ਪੂਰਨੇ ਗੈਰਾਂ ਨੇ ਪੂੰਝ ਦਿਤੇ ਪਰ ਮੈਂ ਤਾਂ ਪੂਰਨਿਆਂ ਦੀ ਹੋਂਦ ਤੇ ਹਸਤੀ ਦੀ ਰਖਵਾਲੀ ਲਈ ਦਾ ਤਹੱਈਆ ਕੀਤਾ ਹੋਇਆ ਹੈ।
ਕੀ ਹੋਇਆ ਜੇ ਮੈਂ ਆਪਣੀ ਕਾਪੀ/ ਕਿਤਾਬ ਵਿਚ ਮੋਰ ਪੰਖ ਨਹੀਂ ਰੱਖ ਸਕਿਆ ਪਰ ਮੈਂ ਮੋਰ-ਖੰਭਾਂ ਨੂੰ ਮੋਰ ਦੀ ਉਚੇਰੀ ਪਰਵਾਜ਼ ਬਣਨ ਲਈ ਹਮੇਸ਼ਾ ਉਤਸ਼ਾਹਿੱਤ ਕਰਦਾ ਹਾਂ।
ਕੀ ਹੋਇਆ ਜੇ ਮੈਂ ਬਰਾਂਡਡ ਕੱਪੜੇ ਨਹੀਂ ਪਹਿਨਦਾ ਪਰ ਮੇਰੇ ਲਈ ਬਾਪ ਦੀ ਆਖਰੀ ਵਕਤ ਪਹਿਨੀ ਹੋਈ ਟੀ-ਸ਼ਰਟ ਨੂੰ ਪਹਿਨਣਾ ਹੀ ਸੱਭ ਤੋਂ ਵਧੀਆ ਬਰਾਂਡ ਤੋਂ ਘੱਟ ਨਹੀਂ।
ਕੀ ਹੋਇਆ ਜੇ ਝੀਲ ਵਰਗੀਆਂ ਨੀਲੀਆਂ ਅੱਖਾਂ ਵਿਚ ਡੁੱਬਣ ਤੋਂ ਟਾਲ ਵੱਟਿਆ ਪਰ ਮੇਰੇ ਲਈ ਬਾਪ ਦਾ ਆਖ਼ਰੀ ਵੇਲੇ ਖੁੱਲ੍ਹੀਆਂ ਅੱਖਾਂ ਨਾਲ ਦੇਖਣਾ ਹੀ ਰੂਹਾਨੀ ਸਕੂਨ ਨਾਲ ਸਰਸ਼ਾਰ ਕਰ ਗਿਆ।
ਕੀ ਹੋਇਆ ਜੇ ਮੈਂਨੂੰ ਆਪਣਾ ਬਚਪਨਾ ਯਾਦ ਨਹੀਂ ਪਰ ਮੈਂ ਤਾਂ ਹਰ ਰੋਜ਼ ਆਪਣੇ ਦੋਹਤੇ-ਦੋਹਤਰੀਆਂ ਵਿਚ ਬੱਚਾ ਬਣ ਕੇ ਬਚਪਨੀ ਵਿਸਮਾਦ ਵਿਚ ਗੜੁੱਚ ਰਹਿੰਦਾ ਹਾਂ।
ਕੀ ਹੋਇਆ ਜੇ ਮੈਂ ਆਪਣੇ ਬੱਚਿਆਂ ਦੇ ਪੂਰੇ ਲਾਡ ਨਹੀੰ ਲਡਾ ਸਕਿਆ ਪਰ ਮੈਂ ਆਪਣੇ ਬੱਚਿਆਂ ਦੇ ਬੱਚਿਆਂ ਦੇ ਲਾਡ ਲੁਡਾਉਂਦਿਆਂ ਆਪਣੇ ਬੱਚਿਆਂ ਦੀ ਖੁਸ਼ੀ ਦਾ ਤਲਬਗਾਰ ਰਹਿੰਦਾ ਹਾਂ।
ਕੀ ਹੋਇਆ ਜੇ ਮੇਰੇ ਹਾਸਿਆਂ ਨੂੰ ਹੌਕਿਆਂ ਨੇ ਧੁਆਂਖਿਆ ਪਰ ਮੈਂ ਤਾਂ ਹਰੇਕ ਦੀ ਖੁਸ਼ੀ `ਚ ਸ਼ਰੀਕ ਹੋ ਦੂਣ ਸਵਾਇਆ ਕਰਨ ਵਿਚ ਖੁਦ ਨੂੰ ਮਖ਼ਰੂਰ ਰੱਖਦਾ ਹਾਂ।
ਕੀ ਹੋਇਆ ਜੇ ਮੇਰੇ ਆਪਣੇ ਹੀ ਮੇਰੇ ਨਹੀਂ ਰਹੇ। ਮੈਂ ਤਾਂ ਸਦਾ ਗੈਰਾਂ ਨੂੰ ਆਪਣਾ ਬਣਾਉਣ ਲਈ ਤੱਤਪਰ ਰਹਿੰਦਾ ਹਾਂ।
ਕੀ ਹੋਇਆ ਜੇ ਮੇਰੇ ਦੁੱਖਾਂ ਦੀ ਪੰਡ ਬਹੁਤ ਭਾਰੀ ਹੈ ਪਰ ਦੁੱਖ ਵਿਚੋਂ ਸੁੱਖਾਂ ਦੀਆਂ ਪਰਤਾਂ ਦੀ ਨਿਸ਼ਾਨਦੇਹੀ ਨੇ ਮੇਰੇ ਸਾਹਾਂ ਨੂੰ ਸੁਖਾਂਲਿਆਂ ਕੀਤਾ ਹੈ।
ਕੀ ਹੋਇਆ ਜੇ ਮੈਂਨੂੰ ਫ਼ਿਕਰਾਂ ਨੇ ਸਦਾ ਸੁੱਕਣੇ ਪਾਈ ਰੱਖਿਆ। ਜਦ ਤੋਂ ਮੈਂ ਫ਼ਿਕਰ ਤੋਂ ਫੱਕਰਤਾ ਵੱਲ ਨੂੰ ਤੁੱਰਿਆ ਹਾਂ, ਜ਼ਿੰਦਗੀ ਜ਼ਸਨ ਬਣ ਗਈ ਹੈ।
ਕੀ ਹੋਇਆ ਜੇ ਕੁਝ ਸਮੇਂ ਲਈ ਮੈਂ ਲੋਕਾਂ ਲਈ ਤਮਾਸ਼ਾ ਬਣਿਆ ਪਰ ਵਕਤ ਨੇ ਕੇਹੀ ਕਰਵਟ ਲਈ ਕਿ ਤਮਾਸ਼ਾ ਬਣਾਉਣ ਵਾਲੇ ਖੁਦ ਹੀ ਤਮਾਸ਼ਾ ਬਣ ਗਏ।
ਕੀ ਹੋਇਆ ਜੇ ਬੇੜੀ ਦਾ ਮਲਾਹ ਹੀ ਬੇੜੀ ਨਾਲ ਰੁੱਸ ਗਿਆ। ਲਹਿਰਾਂ ਨੇ ਤਾਂ ਬੇੜੀ ਨੂੰ ਕਿਨਾਰੇ ਲਾ ਕੇ ਬੇੜੀ ਨਾਲ ਆਪਣਾ ਧਰਮ ਪਾਲ ਹੀ ਲਿਆ।
ਕੀ ਹੋਇਆ ਜੇ ਤੱਪਦਾ ਮਾਰੂਥਲ ਸੱਸੀ ਸਾਹਵੇਂ ਬਿਫ਼ਰਿਆ ਹੀ ਰਿਹਾ। ਪਰ ਜਦ ਸੱਸੀ ਨੇ ਆਖਰੀ ਕੂਕ ਮਾਰੀ ਤਾਂ ਮਾਰੂਥਲ ਨੇ ਸੱਸੀ ਨੂੰ ਆਪਣੇ ਵਿਚ ਤਾਂ ਸਮਾ ਹੀ ਲਿਆ।
ਕੀ ਹੋਇਆ ਜੇ ਮੇਰੇ ਪਿੰਡੇ ਝੁਰੜੀਆਂ ਉਭਰ ਆਈਆਂ ਹਨ ਪਰ ਇਹੀ ਝੁਰੜੀਆਂ ਤਾਂ ਮੇਰੀਆਂ ਜੀਵਨ-ਭਰ ਦੀਆਂ ਪ੍ਰਪਤੀਆਂ ਦਾ ਬਿਰਤਾਂਤ ਹਨ।
ਕੀ ਹੋਇਆ ਜੇ ਮੇਰੇ ਪੈਰਾਂ ਵਿਚ ਬਿਆਈਆਂ ਦੇ ਨਿਸ਼ਾਨ ਮਿਟੇ ਨਹੀਂ। ਇਹ ਬਿਆਈਆਂ ਤਾਂ ਮੇਰੇ ਨੰਗੇ ਪੈਰਾਂ ਦੇ ਸਫ਼ਰ ਦਾ ਦਸਤਾਵੇਜ਼ ਹਨ।
ਕੀ ਹੋਇਆ ਜੇ ਮੇਰੇ ਹੱਥ ਦੇ ਅੰਗੂਠੇ ਤੇ ਕੱਟ ਦਾ ਨਿਸ਼ਾਨ ਹੈ ਪਰ ਇਹ ਚੇਤੇ ਕਰਵਾਉਂਦਾ ਹੈ ਕਿ ਕਦੇ ਵੀ ਪੱਠੇ ਵੱਢਣੇ ਜਾਂ ਘਾਹ ਖੋਤਣਾ ਨਾ ਭੁੱਲੀਂ।
ਕੀ ਹੋਇਆ ਜੇ ਮੈਂ ਗਿਆਨ-ਯਾਫ਼ਤਾ ਹਾਂ। ਪਰ ਮੈਂ ਗਿਆਨ ਨੂੰ ਨਿੱਜ ਤੀਕ ਸੀਮਤ ਨਹੀਂ ਰੱਖਦਾ ਸਗੋਂ ਗਿਆਨ ਵੰਡਣਾ ਹੀ ਮੇਰਾ ਕਰਮ-ਧਰਮ ਹੈ।