ਸੋਨੇ ਦੇ ਢੇਰ ‘ਚੋਂ ਹੀਰੇ ਨੂੰ ਲੱਭਣਾ ਜਾਂ ਪਹਿਚਾਣਨਾ ਔਖਾ ਨਹੀਂ ਹੁੰਦਾ, ਕਿਉਂਕਿ ਉਸ ਦਾ ਚਮਕਣਾ ਲਾਜ਼ਮੀ ਹੁੰਦਾ ਹੈ, ਜਦ ਉਸ ਉੱਪਰ ਰੌਸ਼ਨੀ ਹੋਵੇ। ਰੂਪੀ ਗਿੱਲ ਵੀ ਪੰਜਾਬੀ ਸਿਨੇਮਾ ਲਈ ਕਿਸੇ ਹੀਰੇ ਤੋਂ ਘੱਟ ਨਹੀਂ। ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਸਦਕਾ ਉਸ ਦੀ ਮਿਹਨਤ ਨੇ ਉਸ ਨੂੰ ਪੰਜਾਬੀ ਫ਼ਿਲਮ ‘ਬੀਬੀ ਰਜਨੀ’ ਵਿਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਦਿਵਾਇਆ,
ਜਿਸ ਦੀ ਕਾਮਯਾਬੀ ਨੇ ਉਸ ਨੂੰ ਸ਼ੁਹਰਤ ਦੇ ਸਿਖਰਾਂ ‘ਤੇ ਪਹੁੰਚਾ ਦਿੱਤਾ। ਜ਼ਿਕਰਯੋਗ ਹੈ ਕਿ ਰੂਪੀ ਗਿੱਲ ਨੇ ਆਪਣੀ ਪਹਿਲੀ ਪਹਿਚਾਣ ਗੀਤਾਂ ਵਿਚ ਮਾਡਲਿੰਗ ਰਾਹੀਂ ਕਾਇਮ ਕੀਤੀ। ਗੁਰਨਾਮ ਭੁੱਲਰ ਦੇ ਗੀਤ ‘ਡਾਇਮੰਡ’ ਦੀ ਕਾਮਯਾਬੀ ਨੇ ਉਸ ਲਈ ਮਾਡਲਿੰਗ ਦੇ ਦਰਵਾਜ਼ੇ ਖੋਲ੍ਹ ਦਿੱਤੇ। ਦਿਲਜੀਤ ਦੁਸਾਂਝ ਦੇ ਗੀਤ ‘ਸਟਰੇਂਜਰ’, ਕਰਨ ਔਜਲਾ ਦੇ ਗੀਤ ‘ਯਾਰੀਆਂ ‘ਚ ਫਿੱਕ’ ਵਿਚ ਉਸ ਨੇ ਆਪਣੀ ਅਦਾਕਾਰੀ ਦਾ ਉਹ ਸੋਹਣਾ ਰੂਪ ਵਿਖਾਇਆ ਸੀ।
2018 ਵਿਚ ਰੂਪੀ ਗਿੱਲ ਪਹਿਲੀ ਵਾਰ ਪਰਦੇ ‘ਤੇ ਫ਼ਿਲਮ ‘ਅਸ਼ਕੇ’ ਨਾਲ ਨਜ਼ਰ ਆਈ ਤੇ ਇਸ ਤੋਂ ਬਾਅਦ ਉਸ ਨੇ ‘ਵੱਡਾ ਕਲਾਕਾਰ’, ‘ਲਾਈਏ ਜੇ ਯਾਰੀਆਂ’, ‘ਮਾਂ ਦਾ ਲਾਡਲਾ’, ‘ਪਰਿੰਦਾ ਪਾਰ ਗਿਆ’ ਫ਼ਿਲਮਾਂ ਵਿਚ ਅਹਿਮ ਕਿਰਦਾਰ ਨਿਭਾਏ। ਗਿੱਪੀ ਗਰੇਵਾਲ ਦੀ ਬੀਤੇ ਸਾਲ ਰਿਲੀਜ਼ ਹੋਈ ਫਿਲਮ ‘ਜੱਟ ਨੂੰ ਚੁੜੇਲ ਟੱਕਰੀ’ ਵਿਚ ਉਸ ਨੇ ਉਹ ਬਾਕਮਾਲ ਅਦਾਕਾਰੀ ਕਰਕੇ ਦਰਸ਼ਕਾਂ ਨੂੰ ਹਸਾ-ਹਸਾ ਲੋਟਪੋਟ ਕੀਤਾ ਕਿ ਉਹ ਸਭ ਦੀ ਚਹੇਤੀ ਬਣ ਗਈ। ਅਮਰ ਹੁੰਦਲ ਵਲੋਂ ਨਿਰਦੇਸ਼ਿਤ ਕੀਤੀ ਫ਼ਿਲਮ ‘ਬੀਬੀ ਰਜਨੀ’ ਦੀ ਮੁੱਖ ਭੂਮਿਕਾ ਮਿਲਣ ਸਦਕਾ ਗੰਭੀਰ ਕਿਰਦਾਰ ਨਿਭਾਉਣਾ ਉਸ ਵਾਸਤੇ ਇਕ ਵੱਡੀ ਚੁਣੌਤੀ ਸੀ। ਇਸ ਤੋਂ ਵੀ ਵੱਧ ਇਹ ਪੰਜਾਬ ਦੀ ਵਿਰਾਸਤ ਨਾਲ ਜੁੜੀ ਕਹਾਣੀ ਹੋਣ ਕਰਕੇ ਇਕ ਜ਼ਿੰਮੇਵਾਰੀ ਵਾਲਾ ਕਾਰਜ ਵੀ ਸੀ, ਜਿਸ ਨੂੰ ਰੂਪੀ ਗਿੱਲ ਨੇ ਸਮਝ ਕੇ ਸਹਿਜਤਾ ਅਤੇ ਗੰਭੀਰਤਾ ਨਾਲ ਨਿਭਾਅ ਕੇ ਉਸ ਨਾਲ ਇਨਸਾਫ਼ ਕੀਤਾ। ਦੇਵ ਖਰੌੜ ਤੇ ਗੁੱਗੂ ਗਿੱਲ ਨਾਲ ਆਈ ਮਲਟੀਸਟਾਰ ਕਾਸਟ ਵਾਲੀ ਐਕਸ਼ਨ ਫ਼ਿਲਮ ‘ਮਝੈਲ’ ਵਿਚ ਰੂਪੀ ਗਿੱਲ ਦੀ ਜਾਂਬਾਜ਼ ਅਦਾਕਾਰੀ ਨੇ ਇਕ ਵਾਰ ਫ਼ਿਰ ਦਰਸ਼ਕਾਂ ਦਾ ਦਿਲ ਜਿੱਤ ਕੇ ਸਾਬਤ ਕਰ ਦਿੱਤਾ ਕਿ ਉਹ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਦਮ ਰੱਖਦੀ ਹੈ। ਇਸ ਤੋਂ ਇਲਾਵਾ ਲੇਧਵ ਨਿਰਦੇਸ਼ਕ ਅੰਬਰਦੀਪ ਦੀ ਰੁਮਾਂਟਿਕ ਫ਼ਿਲਮ ‘ਮਿੱਠੜੇ’ ਵਿਚ ਵੀ ਰਪੀ ਗਿੱਲ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ।
