ਬਲਜੀਤ ਬਾਸੀ
ਫੋਨ: 734-259-9353
ਕਈ ਵਾਕਿਫ਼ਕਾਰ ਮੈਨੂੰ ਪੁੱਛਦੇ ਰਹਿੰਦੇ ਹਨ ਕਿ ਲੋਕ ਗੱਲਬਾਤ ਵਿਚ ਕਿਸੇ ਬੰਦੇ ਲਈ ਜੋ ਗਾਲ ਜਿਹਾ ਅਪਸ਼ਬਦ ‘ਪਤੰਦਰ’ ਉਚਾਰਦੇ ਹਨ, ਉਸ ਦੇ ਅਸਲ ਮਾਅਨੇ ਕੀ ਹਨ? ਕੁਝ ਮਿਸਾਲਾਂ ਲੈਂਦੇ ਹਾਂ;‘ਇਹ ਨਹੀਂ ਹਟਦੇ ਪਤੰਦਰ ਪੰਗਾ ਲੈਣ ਤੋਂ’,’ਪਤੰਦਰ ਨੇ ਲਾਇਆ ਸ਼ਾਤਿਰ ਦਿਮਾਗ, ਆਹ ਦੇਖੋ ਕਿੱਥੇ ਲੁਕੋ ਕੇ ਲਿਆ ਰਿਹਾ ਸੀ
ਐਨਾ ਸੋਨਾ’,‘ਵੇ ਪਤੰਦਰਾ ਜੇ ਸ਼ਕਲ ਨੀ ਚੰਗੀ ਤਾਂ ਗੱਲ ਤਾਂ ਚੰਗੀ ਕਰ’। ਸਵਾਲ ਹੈ, ਕੀ ਪਤੰਦਰ ਕਹਿਣਾ ਕੋਈ ਗਾਲ ਹੈ? ਗਾਲ ਇੱਕ ਜਾਂ ਇੱਕ ਤੋਂ ਵੱਧ ਸ਼ਬਦਾਂ ਵਾਲੇ ਅਜਿਹੇ ਚੁੱਭਵੇਂ ਸਬੰਧਕੀ ਬੋਲ ਹੁੰਦੇ ਹਨ ਜੋ ਕਿਸੇ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਜਾਂ ਹੈਸੀਅਤ ਨੂੰ ਨੀਚਾ ਦਿਖਾਉਣ ਦੀ ਨੀਅਤ ਨਾਲ ਬੋਲੇ ਜਾਂਦੇ ਹਨ। ਸਾਡੀਆਂ ਬਹੁਤੀਆਂ ਗਾਲਾਂ ਸਾਡੇ ਖੂਨ ਦੀਆਂ ਰਿਸ਼ਤੇਦਾਰਨਾਂ ਵੱਲ ਸੇਧਿਤ ਹੁੰਦੀਆਂ ਹਨ ਜੋ ਉਨ੍ਹਾਂ ਦੀ ਲੈਂਗਿਕਤਾ `ਤੇ ਵਾਰ ਕਰਦੀਆਂ ਹਨ। ਇਸ ਪ੍ਰਸੰਗ ਵਿਚ ਸ਼ਿੱਦਤ ਦੇ ਪੱਖੋਂ ਦੋ ਤਰ੍ਹਾਂ ਦੀਆਂ ਗਾਲਾਂ ਹੋ ਸਕਦੀਆਂ ਹਨ: ਅਤਿ ਸਿੱLਦਤ ਵਾਲੀਆਂ ਗਾਲਾਂ ਉਹ ਹਨ ਜਿਨ੍ਹਾਂ ਨੂੰ ਅਸੀਂ ਗੰਦੀਆਂ ਗਾਲਾਂ ਕਹਿੰਦੇ ਹਾਂ, ਇਨ੍ਹਾਂ ਵਿਚ ਧੀ ਭੈਣ ਇੱਕ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਦੀ ਮੇਰੇ ਖਿਆਲ ਵਿਚ ਮਿਸਾਲ ਦੇਣ ਦੀ ਲੋੜ ਨਹੀਂ। ਦੂਜੀਆਂ ਨੂੰ ਘੱਟ ਸ਼ਿੱਦਤ ਵਾਲੀਆਂ ਕਹਿ ਸਕਦੇ ਹਾਂ। ਹੁੰਦੀਆਂ ਤਾਂ ਉਹ ਵੀ ਗਾਲ ਦੇ ਸ਼ਿਕਾਰ ਦੀਆਂ ਨਜ਼ਦੀਕੀ ਇਸਤਰੀਆਂ ਵੱਲ ਹੀ ਸੇਧਿਤ ਹਨ ਪਰ ਉਨ੍ਹਾਂ ਵਿਚ ਸਿੱਧੇ ਤੌਰ `ਤੇ ਕਾਮੁਕਤਾ ਦਾ ਉਜੱਡ ਇਜ਼ਹਾਰ ਨਹੀਂ ਹੁੰਦਾ। ਮਿਸਾਲ ਵਜੋਂ ਹਰਾਮਜ਼ਾਦਾ, ਸਾਲਾ, ਮਾਮਾ, ਸਹੁਰਾ, ਸੌਂਕਣ, ਕੁਲਗਦਾ, ਲੁੱਚਾ, ਕੰਜਰ ਆਦਿ। ਕੁਝ ਗਾਲਾਂ ਮਲ ਵੱਲ ਸੰਕੇਤਕ ਹੁੰਦੀਆਂ ਹਨ ਜਿਵੇਂ, ਗੂੰਹ-ਖਾਹ। ਕੁੱਤਾ, ਬਾਂਦਰ, ਗਧਾ, ਉੱਲੂ ਆਦਿ ਜਾਨਵਰ ਜਾਂ ਲੂਲਾ, ਲੰਗੜਾ, ਅੰਨ੍ਹਾ ਆਦਿ ਸਰੀਰਕ ਕੱਜ ਵੱਲ ਇਸ਼ਾਰਾ ਕਰਨ ਵਾਲੇ ਬੋਲ ਵੀ ਘੱਟ ਮਾਰੂ ਨਹੀਂ ਹੁੰਦੇ। ਕਿਸੇ ਕਥਿਤ ਨਿਮਨ ਜਾਤੀ ਦੇ ਵਿਅਕਤੀ ਨੂੰ ਉਸ ਦੀ ਜਾਤ ਦਾ ਨਾਂ ਲੈ ਕੇ ਬੁਲਾਉਣਾ ਵੀ ਬਹੁਤ ਵੱਡੀ ਗਾਲ ਸਮਝੀ ਜਾਂਦੀ ਹੈ।
ਸਭ ਤਰ੍ਹਾਂ ਦੀਆਂ ਗਾਲਾਂ ਦਾ ਪ੍ਰਹਾਰ ਘੱਟ ਜਾਂ ਵੱਧ ਹੋ ਸਕਦਾ ਹੈ, ਸਵਾਲ ਇਹ ਹੈ ਕਿ ਉਹ ਕਿਸ ਲਹਿਜੇ, ਪ੍ਰਸੰਗ ਜਾਂ ਅੰਦਾਜ਼ ਵਿਚ ਕੱਢੀਆਂ ਗਈਆਂ ਹਨ। ਪਿਆਰ ਨਾਲ ਕੱਢੀ ਗੰਦੀ ਤੋਂ ਗੰਦੀ ਗਾਲ ਦਾ ਵੀ ਕੋਈ ਗੁੱਸਾ ਨਹੀਂ ਕਰਦਾ। ਕਈ ਵਿਅਕਤੀਆਂ ਦਾ ਤਾਂ ਤਕੀਆ ਕਲਾਮ ਹੀ ਗਾਲ ਬਣ ਜਾਂਦਾ ਹੈ। ਕੋਈ ਮਾਨਸਿਕ ਸੰਤਾਪ ਭੋਗਦੇ ਕਈ ਲੋਕ ਆਪਣੇ ਆਪ ਨੂੰ ਵੀ ਗਾਲ ਕੱਢ ਕੇ ਹੀ ਗੱਲ ਕਰਦੇ ਹਨ। ਸੱਚ ਤਾਂ ਇਹ ਹੈ ਕਿ ਸਮਾਜਕ ਜਾਂ ਵਿਅਕਤੀਗਤ ਆਦਤ ਬਣ ਚੁੱਕੀਆਂ ਗਾਲਾਂ ਨੂੰ ਸ਼ਾਇਦ ਗਾਲਾਂ ਦੀ ਕੋਟੀ ਵਿਚ ਰੱਖਣਾ ਵੀ ਉਚਿਤ ਨਹੀਂ ਹੋਵੇਗਾ ਕਿਉਂਕਿ ਕਿਸੇ ਵੀ ਬੋਲ-ਕੁਬੋਲ ਪਿੱਛੇ ਮਨਸ਼ਾ ਵੀ ਦੇਖਿਆ ਜਾਣਾ ਚਾਹੀਦਾ ਹੈ। ਮੈਂ ਤਾਂ ਕਈ ਵੱਡੇ ਲੀਡਰਾਂ ਨੂੰ ਵੀ ਅਜਿਹੇ ਤਕੀਏ ਕਲਾਮ ਵਰਤਦਿਆਂ ਦੇਖਿਆ ਸੁਣਿਆ ਹੈ। ਇਕ ਹੋਰ ਤਰ੍ਹਾਂ ਦੇ ਸ਼ਬਦ ਹਨ ਜੋ ਕਿਸੇ ਵੇਲੇ ਹਰਾਮੀ, ਸਾਲਾ, ਦਾਦੇ ਮਹੱਗਿਆ ਵਾਂਗ ਗਾਲ ਵਾਂਗ ਵਰਤੇ ਜਾਂਦੇ ਰਹੇ ਸਨ ਪਰ ਹੌਲੀ- ਹੌਲੀ ਲੋਕ ਉਨ੍ਹਾਂ ਦੇ ਅਸਲ ਅਰਥ ਭੁੱਲ ਗਏ ਤੇ ਇਹ ਸ਼ਬਦ ਗਾਲ ਨਾ ਹੋ ਕੇ ਕਿਸੇ ਪ੍ਰਤੀ ਇੱਕ ਤਰ੍ਹਾਂ ਦਾ ਨਿੰਦਾਵਾਚਕ ਇਜ਼ਹਾਰ ਹੀ ਬਣ ਕੇ ਰਹਿ ਗਏ। ਸਮੇਂ ਦੇ ਗੇੜ ਨਾਲ ਕਈ ਸ਼ਬਦ ਆਪਣੇ ਮੁਢਲੇ ਅਰਥਾਂ ਤੋਂ ਸੱਖਣੇ ਹੋ ਜਾਂਦੇ ਹਨ। ਇਸ ਪ੍ਰਕਿਰਿਆ ਨੂੰ ਅਸੀਂ ਅਰਥ-ਅਲੋਪਣ ਕਹਿ ਸਕਦੇ ਹਾਂ। ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ‘ਤੇਰੇ ਦਾਦੇ ਮਹੱਗਿਆ’ ਦਾ ਸੰਪੂਰਨ ਰੂਪ ‘ਤੇਰੇ ਦਾਦੇ ਦੇ ਮੂੰਹ ਵਿਚ ਹੱਗਿਆ’ ਹੈ। ਫੁੱਦੂ ਸ਼ਬਦ ਇਸੇ ਕੋਟੀ ਵਿਚ ਆ ਰਿਹਾ ਹੈ। ਪਤੰਦਰ ਵੀ ਕੁਝ ਅਜਿਹਾ ਹੀ ਸ਼ਬਦ ਹੈ ਜੋ ਕਿਸੇ ਵੇਲੇ ਗਾਲ ਵਜੋਂਂ ਵਰਤਿਆ ਜਾਂਦਾ ਰਿਹਾ ਹੈ ਪਰ ਹੌਲੀ-ਹੌਲੀ ਆਪਣੀ ਟੀਸ ਖੂੰਢੀ ਕਰਵਾ ਬੈਠਾ। ਮੈਂ ਦੇਖਿਆ ਕਿ ਕਈ ਕੋਸ਼ਾਂ ਅਤੇ ਹੋਰ ਸ੍ਰੋਤਾਂ ਵਿਚ ਇਸ ਦੇ ਅਰਥਾਂ ਬਾਰੇ ਚੋਖਾ ਭੰਬਲਭੂਸਾ ਹੈ। ਅੱਜ ਕਲ੍ਹ ਇਹ ਸ਼ਬਦ ਮੁੱਖ ਤੌਰ `ਤੇ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਆਪਣੇ ਆਪ ਦਾ ਵਿਖਾਵਾ ਤਾਂ ਬਹੁਤ ਸਿਆਣਾ, ਚਤੁਰ, ਹੁਸ਼ਿਆਰ, ਚਲਾਕ, ਆਸਾਧਾਰਨ ਜਾਂ ਪੰਗੇਬਾਜ਼ ਹੋਣ ਦਾ ਕਰਦਾ ਹੈ ਪਰ ਵਿਵਹਾਰਕ ਰੂਪ ਵਿਚ ਕਈ ਵਾਰੀ ਇਸ ਤੋਂ ਪੁੱਠਾ ਸਾਬਤ ਹੁੰਦਾ ਹੈ। ਇਸ ਦਾ ਇੱਕ ਹੋਰ ਅਰਥ ਬਜ਼ੁਰਗ ਜਾਂ ਵਡੇਰਾ ਵੀ ਲਿਆ ਜਾਂਦਾ ਹੈ, ਬਲਕਿ ਕਈ ਕੋਸ਼ਾਂ ਵਿਚ ਏਹੀ ਮੁੱਖ ਅਰਥ ਹੈ। ਸਪੱਸ਼ਟ ਹੈ ਕਿ ਏਥੇ ਵੀ ਇੱਕ ਵਿਅੰਗ ਜਿਹੇ ਭਾਵ ਵਿਚ ਹੀ ਕਿਸੇ ਨੂੰ ਬਜ਼ੁਰਗੀ ਦਾ ਰੁਤਬਾ ਦਿੱਤਾ ਹੈ। ਸ਼ਾਇਦ ਵੱਡਾ ਤੋਂ ਵਡੇਰਾ, ਲੰਬਾ ਤੋਂ ਲੰਬੇਰਾ, ਮਤ ਤੋਂ ਮਤਾਂਤਰ ਦੀ ਤਰਾਂ ਪਤੰਦਰ ਨੂੰ ਪਿਤਾ ਦਾ ਦੂਜੀ ਡਿਗਰੀ ਦਾ ਸ਼ਬਦ ਸਮਝਿਆ ਗਿਆ ਹੈ ਪਰ ਅਜਿਹਾ ਨਹੀਂ ਹੈ। ਜਦੋਂ ਕਿਹਾ ਜਾਂਦਾ ਹੈ ਕਿ ‘ਪਤੰਦਰਾ ਆਹ ਕੰਮ ਕਰ ਲਾ’ ਤਾਂ ਇਸ ਤੋਂ ਭਾਵ ਹੈ ਕਿ ਆਪਣੇ ਨੂੰ ਵੱਡਾ ਸਮਝਣ ਵਾਲਿਆ ਇਹ ਕਰਨ-ਗੋਚਰਾ ਕੰਮ ਕਰ ਲੈ। ਆਮ ਤੌਰ `ਤੇ ਉਮਰ ਵਿਚ ਤਜਰਬੇ ਕਾਰਨ ਵੱਡਾ ਵਿਅਕਤੀ ਹੀ ਸਿਆਣਾ, ਅਕਲਮੰਦ ਤੇ ਫਿਰ ਚੁਸਤ-ਚਲਾਕ ਹੁੰਦਾ ਹੈ।
ਸਾਡੇ ਸਮਾਜ ਵਿਚ ਵਿਧਵਾ ਔਰਤਾਂ ਦੇ ਪੁਨਰ-ਵਿਆਹ ਦਾ ਬਹੁਤਾ ਰਿਵਾਜ ਨਹੀਂ ਸੀ ਪਰ ਜਦ ਹੁੰਦਾ ਵੀ ਸੀ ਤਾਂ ਅਕਸਰ ਘਰ ਵਿਚ ਹੀ ਦਿਉਰ, ਜੇਠ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਨਾਲ ਚਾਦਰ ਪਾ ਦਿੱਤੀ ਜਾਂਦੀ ਸੀ। ਇਹ ਰਸਮ ਕਰੇਵਾ ਕਹਾਉਂਦੀ ਸੀ। ਸਮਾਜ ਤੋਂ ਹਟਵੀਂ ਪਰਿਪਾਟੀ ਵਿਚ ਕੀਤੇ ਹੋਣ ਕਾਰਨ ਅਜਿਹੇ ਵਿਆਹ ਸਬੰਧ ਨੂੰ ਕੈਰੀ ਨਿਗਾਹ ਨਾਲ ਦੇਖਿਆ ਜਾਂਦਾ ਸੀ। ਇਹ ਨਵਾਂ ਪਤੀ ਹੀ ਪਤੰਦਰ ਕਹਾਉਂਦਾ ਸੀ। ਇਸ ਸ਼ਬਦ ਵਿਚ ਕੁਝ ਹਿਕਾਰਤ ਦੇ ਭਾਵ ਵੀ ਆ ਗਏ ਹਨ। ਪਤੰਦਰ-ਰਿਸ਼ਤੇ ਬਾਰੇ ਆਮ ਸਮਝ ਵਿਚ ਇਸ ਗੱਲੋਂ ਸ਼ੰਕਾ ਹੈ ਕਿ ਇਹ ਨਵਾਂ ਵਰਿਆ ਸ਼ਖ਼ਸ ਪਤਨੀ ਦੇ ਪਹਿਲੇ ਵਿਆਹ ਵਿਚੋਂ ਹੋਈ ਸੰਤਾਨ ਦਾ ਪਤੰਦਰ ਲਗਦਾ ਹੈ ਜਾਂ ਪਤਨੀ ਦਾ। ‘ਮਹਾਨ ਕੋਸ਼’ ਅਨੁਸਾਰ ਪਤੰਦਰ ਹੈ ਔਰਤ ਦਾ ਦੂਜਾ ਪਤੀ, ‘1. ਪਤਿ-ਅੰਤਰ, ਹੋਰ ਪਤਿ, ਮੱਲੋ ਮੱਲੀ ਬਣਿਆ ਪਤਿ, 2. ਜਾਰ, ਵਿਭਚਾਰੀ’। ਸੁਭਾਵਕ ਹੈ ਕਿ ਪਤੀ ਦੇ ਮਰ ਜਾਣ ਪਿੱਛੋਂ ਵਿਧਵਾ ਲਈ ਰੰਡੇਪਾ ਕੱਟਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਜੀਵਨ ਨਿਰਬਾਹ ਅਤੇ ਕਾਮ ਪੂਰਤੀ ਲਈ ਉਹ ਕਿਸੇ ਹੋਰ ਨਾਲ ਸਬੰਧ ਬਣਾ ਲੈਂਦੀ ਹੈ ਤੇ ਬਾਅਦ ਵਿਚ ਭਾਵੇਂ ਉਸੇ ਨਾਲ ਸਮਾਜਕ ਵਿਆਹ ਵੀ ਰਚਾ ਲੈਂਦੀ ਹੈ ਪਰ ਲੋਕਾਚਾਰ ਦੋਵਾਂ ਨੂੰ ਬਰਾਬਰ ਇੱਜ਼ਤ ਦੀਆਂ ਨਜ਼ਰਾਂ ਨਾਲ ਨਹੀਂ ਦੇਖਦਾ। ਪਤੰਦਰ ਵਿਚ ਵਿਭਚਾਰੀ ਜਿਹਾ ਭਾਵ ਵੀ ਅਜਿਹੇ ਸਬੰਧ ਕਾਰਨ ਹੀ ਆਇਆ ਕਿਉਂਕਿ ਸਮਾਜ ਇਸ ਰਿਸ਼ਤੇ ਪ੍ਰਤੀ ਸਹਿਜ ਭਾਵ ਨਹੀਂ ਰੱਖਦਾ।
ਕੁਝ ਵੀ ਹੋਵੇ, ਸ਼ਾਬਦਿਕ ਤੌਰ `ਤੇ ਪਤੰਦਰ-ਰਿਸ਼ਤਾ ਵਾਸਤਵ ਵਿਚ ਪਤਨੀ ਦੇ ਪਹਿਲੇ ਪਤੀ ਦੀ ਸੰਤਾਨ ਦੇ ਨਜ਼ਰੀਏ ਤੋਂ ਹੈ ਨਾ ਕਿ ਪਤਨੀ ਦੇ ਨਜ਼ਰੀਏ ਤੋਂ। ਦੂਜੇ ਸ਼ਬਦਾਂ ਵਿਚ ਨਵਾਂ ਪਤੀ ਮਾਂ ਲਈ ਨਹੀਂ ਬਲਕਿ ਉਸ ਦੀ ਸੰਤਾਨ ਲਈ ਪਤੰਦਰ ਹੈ। ਸੋ ਪਤੰਦਰ ਦਾ ਸਹੀ ਸਮਾਨਅਰਥਕ ਸ਼ਬਦ ਮਤਰੇਆ ਪਿਉ ਹੈ। ਇੱਕ ਲੋਕ ਗੀਤ ਦੇ ਬੋਲ ਸ਼ਾਅਦੀ ਭਰਦੇ ਹਨ, ‘ਮਾਂ ਮਤਰੇਈ ਤੇ ਪਿਉ ਪਤੰਦਰ’। ‘ਪਤੰਦਰ’ ਸਮਾਸ ਦਾ ਨਿਖੇੜਾ ਪਿਦਰ+ਅੰਦਰ ਵਜੋਂ ਦਰੁਸਤ ਹੈ ਜਿਸ ਵਿਚ ਪਿਦਰ ਅਤੇ ਅੰਦਰ ਫਾਰਸੀ ਦੇ ਸ਼ਬਦ ਹਨ: ਪਿਦਰ =ਪਿਤਾ ਅਤੇ ਅੰਦਰ = ਦੂਜਾ, ਹੋਰ- ਸੋ ਪੂਰਾ ਅਰਥ ਬਣਿਆ ‘ਦੂਜਾ ਪਿਉ’। ਇਹ ਵਿਉਤਪਤੀ ਇਸ ਤੱਥ ਤੋਂ ਵੀ ਪ੍ਰਮਾਣਤ ਹੋ ਜਾਂਦੀ ਹੈ ਕਿ ਸੰਸਕ੍ਰਿਤ ਵਿਚ ਵੀ ਮਤਰੇਅ ਪਿਤਾ ਲਈ ‘ਪਿਤ੍ਰਅੰਤਰ’ ਸ਼ਬਦ ਮੌਜੂਦ ਹੈ ਜਿਸ ਵਿਚ ਪਿਤ੍ਰ ਦਾ ਅਰਥ ਪਿਤਾ ਹੈ ਅਤੇ ਅੰਤਰ ਦਾ ਅੰਦਰ, ਹੋਰ, ਦੂਜਾ। ਪਿਦਰ/ਪਿਤਰ ਤੇ ਪਤੀ ਸ਼ਬਦਾਂ ਵਿਚ ਧੁਨੀ ਦੀ ਸਮਾਨਤਾ ਹੋਣ ਕਰਕੇ ਇਹ ਘਚੋਲਾ ਪਿਆ ਲਗਦਾ ਹੈ। ਏਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਪਤੰਦਰ ਦਰਅਸਲ ਸਾਲਾ, ਜਵਾਈ, ਸਹੁਰਾ ਵਾਂਗ ਇੱਕ ਰਿਸ਼ਤਾ ਹੈ, ਪਿਤਾ ਦੀ ਤਰ੍ਹਾਂ ਸੰਬੋਧਨੀ ਸ਼ਬਦ ਨਹੀਂ। ਮਤਰੇਅ ਬੱਚੇ ਆਪਣੇ ਨਵੇਂ ਪਿਤਾ ਨੂੰ ਪਤੰਦਰ ਨਹੀਂ ਬਲਕਿ ਪਿਤਾ, ਭਾਪਾ, ਭਾਈਆ, ਬਾਪੂ ਆਦਿ ਹੀ ਕਹਿੰਦੇ ਹੋਣਗੇ, ਭਾਵੇਂ ਝਿਜਕ ਨਾਲ ਹੀ। ਇਸ ਵਿਉਤਪਤੀ ਨੂੰ ਇਸ ਗੱਲੋਂ ਹੋਰ ਬਲ ਮਿਲਦਾ ਹੈ ਕਿ ਫਾਰਸੀ ਵਿਚ ਮਤਰੇਆ ਰਿਸ਼ਤਾ ਦਰਸਾਉਣ ਲਈ ਪਿਛੇਤਰ ਵਜੋਂ ਅੰਦਰ ਸ਼ਬਦ ਸਿਰਫ਼ ਪਿਦਰ ਨਾਲ ਹੀ ਨਹੀਂ ਲਗਦਾ ਬਲਕਿ ਮਾਦਰ, ਬਿਰਾਦਰ, ਖ਼ਵਾਹਰ ਦੇ ਨਾਲ ਵੀ ਲਗਦਾ ਹੈ। ਇਸ ਪ੍ਰਕਾਰ ‘ਬਰਾਦਰ ਅੰਦਰ’ = ਮਤਰੇਆ ਭਰਾ, ‘ਖ਼ਵਾਰ ਅੰਦਰ’ = ਮਤਰੇਈ ਭੈਣ, ‘ਮਾਦਰ ਅੰਦਰ’ = ਮਤਰੇਈ ਮਾਂ। ਇਹ ਤਾਂ ਦੱਸਣ ਦੀ ਲੋੜ ਨਹੀਂ ਕਿ ਮਤਰੇਆ ਪਤੀ ਜਾਂ ਪਤਨੀ ਨਹੀਂ ਹੋ ਸਕਦੇ। ਇਹ ਗੱਲ ਮੰਨੀ ਜਾ ਸਕਦੀ ਹੈ ਕਿ ਮਤਰੇਅ ਪਿਉ ਦਾ ਆਪਣੀ ਮਤਰੇਈ ਸੰਤਾਨ ਨਾਲ ਖੂਨੀ ਰਿਸ਼ਤਾ ਨਾ ਹੋਣ ਕਰਕੇ ਉਹ ਉਨ੍ਹਾਂ ਦੀ ਪਾਲਣ-ਪੋਸ਼ਣ ਵਿਚ ਲਾਪਰਵਾਹੀ ਵਰਤਦਾ ਹੋਵੇਗਾ। ਖੁਦ ਮਾਂ ਵੀ ਆਪਣੇ ਨਵੇਂ ਪਤੀ ਤੋਂ ਆਪਣੇ ਬੱਚਿਆਂ ਪ੍ਰਤੀ ਘਣੇ ਪਿਆਰ ਭਾਵਾਂ ਦੀ ਆਸ ਨਹੀਂ ਰਖਦੀ ਹੋਵੇਗੀ। ਇਸ ਲਈ ਪਤੰਦਰ ਸ਼ਬਦ ਕੋਈ ਸਤਿਕਾਰ ਨਾਲ ਨਹੀਂ ਬੋਲਿਆ ਜਾਂਦਾ, ਇਸ ਵਿਚ ਕੁਝ ਕਟਾਖਸ਼ ਦੀ ਮਿਸ ਹੈ। ਇਹ ਵੀ ਸੱਚ ਹੈ ਕਿ ਦੂਜੇ ਵਿਆਹ ਪਿਛੋਂ ਪਹਿਲੀ ਸੰਤਾਨ ਦੋਵਾਂ ਵਲੋਂ ਰੁਲ ਜਾਂਦੀ ਹੈ।
ਪਤੰਦਰ ਦੇ ਸ਼ਾਬਦਿਕ ਅਰਥਾਂ ਬਾਰੇ ਕੁਝ ਸ੍ਰੋਤਾਂ ਵਿਚ ਹੋਰ ਤਰ੍ਹਾਂ ਦੇ ਭੰਬਲਭੂਸੇ ਵੀ ਹਨ। ਇਕ ਹਿੰਦੀ ਸ੍ਰੋਤ ਅਨੁਸਾਰ ਇਸ ਦਾ ਮੁਢਲਾ ਫਾਰਸੀ ਰੂਪ ਪਦੰਦਰ ਹੈ ਜਿਸ ਵਿਚ ਪਦ ਸ਼ਬਦ ਦਾ ਅਰਥ ਸਥਿਤੀ ਹੈ, ਸੋ ਪਦੰਦਰ ਦਾ ਅਰਥ ਬਣਿਆ ‘ਸਥਿਤੀ ਅੰਦਰ ਰਹਿੰਦਿਆਂ, ਕਿਸੇ ਦੇ ਪ੍ਰਭਾਵ ਅਧੀਨ ਰਹਿੰਦਿਆਂ, ਅਨੁਯਾਈ’। ਕਿਆ ਹਾਸੋ-ਹੀਣੀ ਵਿਆਖਿਆ ਹੈ। ਇਕ ਕੋਸ਼ ਵਿਚ ਇਹ ਤਾਂ ਠੀਕ ਦੱਸਿਆ ਹੈ ਕਿ ਪਤੰਦਰ ਮਤਰੇਆ ਪਿਉ ਹੈ ਪਰ ਲੇਖਕ ਇਸ ਗੱਲੋਂ ਜਾਣੂ ਨਹੀਂ ਕਿ ਇਸ ਸ਼ਬਦ ਵਿਚ ਕਿਹੜਾ ਸ਼ਬਦ ਪਿਤਾ ਦਾ ਅਰਥਾਵਾਂ ਹੈ। ਉਸ ਅਨੁਸਾਰ ਵਿਧਵਾ ਔਰਤ ਘਰ ਦੀ ਪਤਘਰ ਅੰਦਰ ਹੀ ਰੱਖਣ ਲਈ ਨੇੜਲੇ ਰਿਸ਼ਤੇ ਵਿਚ ਵਿਆਹ ਕਰ ਲੈਂਦੀ ਸੀ। ਸਪੱਸ਼ਟ ਹੈ ਕਿ ਏਥੇ ਪਤੰਦਰ ਵਿਚਲੇ ਅੰਸ਼ ‘ਪਤ’ ਨੂੰ ਪਿਤਾ ਨਹੀਂ ਬਲਕਿ ਗ਼ਲਤ ਤੌਰ `ਤੇ ਇੱਜ਼ਤ ਦੇ ਅਰਥਾਂ ਨਾਲ ਜੋੜਿਆ ਗਿਆ ਹੈ। ਇਹ ਵੀ ਸੱਚ ਹੈ ਕਿ ਬਹੁਤ ਸਾਰੇ ਵਿਦਵਾਨ ਪਤੀ ਸ਼ਬਦ ਨੂੰ ਵੀ ਇੱਜ਼ਤ ਦੇ ਅਰਥਾਂ ਵਾਲੇ ਪਤ ਨਾਲ ਜੋੜਦੇ ਹਨ ਮਤਲਬ ਪਤੀ ਉਹ ਹੈ ਜੋ ਘਰ ਦੀ ਪਤ ਰੱਖਦਾ ਹੋਵੇ। ਦੰਪਤੀ ਵਾਲੇ ਲੇਖ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ। ਕੁਝ ਲੋਕ ਇਸ ਸ਼ਬਦ ਵਿਚ ਦੂਜੇ ਪਤੀ ਜਾਂ ਪਿਤਾ ਦੇ ਭਾਵ ਹੋਣ ਕਾਰਨ ਇਸ ਨੂੰ ਵਰਤਣ ਤੋਂ ਗੁਰੇਜ਼ ਕਰਨ ਲਈ ਆਖਦੇ ਹਨ। ਅਨੇਕਾਂ ਸ਼ਬਦਾਂ ਦੇ ਧੁਰ ਪਿਛੋਕੜ ਵਿਚ ਅਜਿਹੇ ਭਾਵ ਮਿਲਦੇ ਹਨ ਜੋ ਅੱਜ ਕੱਲ੍ਹ ਦੇ ਜੀਵਨ ਮੁੱਲਾਂ ਨਾਲ ਮੇਲ ਨਹੀਂ ਖਾਂਦੇ। ਪਰ ਜੇ ਉਹ ਭਾਵ ਹੁਣ ਭੁੱਲ-ਵਿਸਰ ਗਏ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਇਹ ਸ਼ਬਦ ਵਰਤਣੋਂ ਗੁਰੇਜ਼ ਕਰੀਏ। ਔਰਤ ਸ਼ਬਦ ਵਿਚ ਮੁਢਲੇ ਤੌਰ `ਤੇ ਨੰਗੇਜ ਦਾ ਭਾਵ ਹੁੰਦਾ ਹੈ ਜੋ ਹੁਣ ਨਹੀਂ ਰਿਹਾ ਪਰ ਇਸ ਕਾਰਨ ਇਸ ਸ਼ਬਦ ਦੀ ਵਰਤੋਂ ਛੱਡ ਨਹੀਂ ਦੇਣੀ ਚਾਹੀਦੀ। ਪਤਨੀ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ਵਾਇਫ਼ ਦੇ ਵੀ ਪਰਾਚੀਨ ਅਰਥ ਤਵਾਇਫ਼ ਵਾਲੇ ਸਨ।
‘ਪਿਦਰ’ ਤੇ ‘ਅੰਦਰ’ ਸ਼ਬਦਾਂ ਬਾਰੇ ਸੰਖੇਪ ਚਰਚਾ ਵੀ ਥਾਂ ਸਿਰ ਹੈ। ਦੋਵੇਂ ਸ਼ਬਦ ਭਾਰੋਪੀ ਖਾਸੇ ਵਾਲੇ ਹਨ। ਮਿਸਾਲ ਵਜੋਂ ਪਿਤਾ ਦੇ ਅਰਥਾਂ ਵਾਲੇ ਅੰਗਰੇਜ਼ੀ ਫ਼ਾਦਰ, ਡੱਚ ਵਾਡਰ, ਜਰਮਨ ਫਾਟਰ, ਫਾਰਸੀ ਪਿਦਰ ਸ਼ਬਦ ਸੰਸਕ੍ਰਿਤ ਪਿਤਰ/ਪਿਤਾ ਅਤੇ ਪੰਜਾਬੀ ਪਿਉ ਦੇ ਸਕੇ ਸੋਹਦਰੇ ਹਨ। ਅੰਦਰ ਸ਼ਬਦ, ਜਿਸ ਦਾ ਸੰਸਕ੍ਰਿਤ ਵਲੋਂ ਰੂਪ ਅੰਤਰ ਹੈ ਦੇ ਦੋ ਅਰਥ ਹਨ। 1. ਵਿਚ, ਭੀਤਰ, 2. ਹੋਰ, ਦੂਜਾ। ਪਤੰਦਰ/ਪਿਤ੍ਰਅੰਤਰ ਵਿਚ ਦੂਜਾ ਅਰਥ ਲਾਗੂ ਹੁੰਦਾ ਹੈ। ਇਹ ਦੋਵੇਂ ਅਰਥ ਕੁਝ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਹਨ। ਅੰਗਰੇਜ਼ੀ ੲenter, inter, intra, interior ਆਦਿ ਇਸ ਦੇ ਸਜਾਤੀ ਸ਼ਬਦ ਹਨ। ਇਸ ਬਾਰੇ ਵਿਸ਼ੇਸ਼ ਤੌਰ `ਤੇ ਫਿਰ ਲਿਖਿਆ ਜਾਵੇਗਾ।
