ਸੀਜ਼ਫਾਇਰ `ਚ ਕਸ਼ਮੀਰ ਦੇ ਜ਼ਿਕਰ `ਤੇ ਕਾਂਗਰਸ ਨੇ ਸਵਾਲ ਉਠਾਏ

ਨਵੀਂ ਦਿੱਲੀ:ਕਾਂਗਰਸ ਨੇ ਆਪ੍ਰੈਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਖ਼ਿਲਾਫ਼ ਕਾਰਵਾਈ ਰੋਕਣ ‘ਤੇ ਸਵਾਲ ਉਠਾਉਂਦੇ ਹੋਏ ਅਮਰੀਕੀ ਵਿਚੋਲਗੀ ਕਬੂਲ ਕਰਨ ‘ਤੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ। ਆਪ੍ਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ‘ਤੇ ਫੌਜ ਦੀ ਕਾਰਵਾਈ ਦਾ ਪੂਰਾ

ਸਮਰਥਨ ਕਰਦੇ ਹੋਏ ਪਾਰਟੀ ਨੇ ਕਸ਼ਮੀਰ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ ਅਤੇ ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਤਰਾਜੂ ਵਿਚ ਤੋਲਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੁਖ ‘ਤੇ ਵੀ ਇਤਰਾਜ਼ ਜਤਾਉਂਦੇ ਹੋਏ ਇਸ ‘ਤੇ ਸਰਕਾਰ ਤੋਂ ਤਸਵੀਰ ਸਾਫ ਕਰਨ ਦੀ ਮੰਗ ਕੀਤੀ ਹੈ। ਇਸੇ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਆਗੂ ਵਿਰੋਧੀ ਧਿਰ ਮੱਲਿਕਾਰਜੁਨ ਖੜਗੇ ਨੇ ਪੀ.ਐੱਮ. ਮੋਦੀ ਨੂੰ ਚਿੱਠੀ ਲਿਖ ਕੇ ਪਹਿਲਗਾਮ ਹਮਲੇ, ਆਪ੍ਰੇਸ਼ਨ ਸਿੰਧੂਰ ਅਤੇ ਸੀਜ਼ਫ਼ਾਇਰ ਨੂੰ ਲੈ ਕੇ ਸੰਸਦ ਦਾ ਵਿਸ਼ੇਸ਼ ਸੈਸ਼ਨ ਤੁਰੰਤ ਬੁਲਾਉਣ ਦੀ ਅਪੀਲ ਕੀਤੀ ਹੈ। ਰਾਹੁਲ ਗਾਂਧੀ ਨੇ ਵਿਰੋਧੀ ਧਿਰ ਵੱਲੋਂ ਸੰਸਦ ਸੈਸ਼ਨ ਬੁਲਾਉਣ ਦੀ ਸਹਿਮਤੀ ਨਾਲ ਕੀਤੀ ਗਈ ਅਪੀਲ ਨੂੰ ਦੁਹਰਾਉਂਦੇ ਹੋਏ ਪੱਤਰ ਵਿਚ ਕਿਹਾ ਹੈ ਕਿ ਵਿਸ਼ੇਸ਼ ਸੰਸਦ ਸੈਸ਼ਨ ਵਿਚ ਪਹਿਲਗਾਮ ਅੱਤਵਾਦੀ ਹਮਲੇ, ਆਪ੍ਰੇਸ਼ਨ ਸਿੰਧੂਰ ਅਤੇ ਸੀਜ਼ਫਾਇਰ ਜਿਸਦਾ ਐਲਾਨ ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੀਤਾ, ਉਸ ‘ਤੇ ਚਰਚਾ ਜ਼ਰੂਰੀ ਹੈ।
ਇਹ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਡੇ ਸਾਂਝੇ ਸੰਕਲਪ ਨੂੰ ਦਰਸਾਉਣ ਦਾ ਵੀ ਇਕ ਮੌਕਾ ਹੋਵੇਗਾ। ਮੱਲਿਕਾਰਜੁਨ ਖੜਗੇ ਨੇ ਵੀ ਪੀ.ਐੱਮ. ਨੂੰ ਭੇਜੇ ਪੱਤਰ ਵਿਚ ਇਨ੍ਹਾਂ ਗੱਲਾਂ ਦਾ ਜ਼ਿਕਰ ਕਰਨ ਦੇ ਨਾਲ ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ 28 ਅਪ੍ਰੈਲ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਰਾਹੁਲ ਗਾਂਧੀ ਅਤੇ ਉਨ੍ਹਾਂ ਵੱਲੋਂ ਭੇਜੇ ਗਏ ਪੱਤਰ ਦਾ ਵੀ ਜ਼ਿਕਰ ਕਰਾਇਆ ਹੈ। ਭਾਰਤ ਅਤੇ ਪਾਕਿਸਤਾਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਵੱਲੋਂ ਸੀਜ਼ਫਾਇਰ ਦੇ ਐਲਾਨ ‘ਤੇ ਇਤਰਾਜ਼ ਜਤਾਉਂਦੇ ਹੋਏ ਕਾਂਗਰਸ ਆਗੂ ਸਚਿਨ ਪਾਇਲਟ ਨੇ ਕਿਹਾ ਕਿ ਕਸ਼ਮੀਰ ਦੁਵੱਲਾ ਮੁੱਦਾ ਹੈ, ਕਿਸੇ ਤੀਜੇ ਪੱਖ ਦੀ ਵਿਚੋਲਗੀ ਸਾਨੂੰ ਕਬੂਲ ਨਹੀਂ ਹੈ। ਟਰੰਪ ਦੇ ਐਲਾਨ ਅਤੇ ਨਿਰਪੱਖ ਸਥਾਨ ‘ਤੇ ਭਾਰਤ-ਪਾਕਿ ਵਿਚਾਲੇ ਗੱਲਬਾਤ ਦੇ ਅਮਰੀਕੀ ਅਧਿਕਾਰੀਆਂ ਦੇ ਬਿਆਨ ਦਾ ਹਵਾਲਾ ਦਿੰਦਿਆਂ ਪਾਇਲਟ ਨੇ ਪੁੱਛਿਆ ਕਿ ਕੀ ਸਰਕਾਰ ਤੀਜੇ ਪੱਖ ਦੀ ਵਿਚੋਲਗੀ ਨੂੰ ਕਬੂਲ ਕਰਦੀ ਹੈ।
ਕਾਂਗਰਸ ਆਗੂ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਅੱਤਵਾਦ ਦੇ ਖ਼ਿਲਾਫ਼ ਸਾਡੀ ਲੜਾਈ ਹੈ ਅਤੇ ਕਸ਼ਮੀਰ ਨੂੰ ਇਸ ਨਾਲ ਜੋੜਨਾ ਨਾ ਮੰਨਣਯੋਗ ਹੈ। ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਤਰਾਜੂ ਵਿਚ ਤੋਲਣ ਦਾ ਅਮਰੀਕੀ ਰੁਖ ਵੀ ਕਈ ਗੰਭੀਰ ਸਵਾਲ ਖੜੇ ਕਰਦਾ ਹੈ। ਪਾਇਲਟ ਨੇ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਆਖਿਰ ਇਹ ਜੰਗਬੰਦੀ ਕਿਹੜੀਆਂ ਸ਼ਰਤਾਂ ‘ਤੇ ਹੋਈ ਹੈ ਅਤੇ ਇਸ ਦੀ ਕੀ ਗਾਰੰਟੀ ਹੈ ਕਿ ਹੁਣ ਪਾਕਿਸਤਾਨ ਵੱਲੋਂ ਅੱਤਵਾਦੀ ਹਮਲੇ ਨਹੀਂ ਹੋਣਗੇ।