ਅੰਮ੍ਰਿਤਸਰ:ਹਿੰਦ-ਪਾਕਿ ਸਰਹੱਦ ‘ਤੇ ਤਟਾਅ ਦਾ ਸਭ ਤੋਂ ਜ਼ਿਆਦਾ ਅਸਰ ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੇ ਹੋਇਆ ਹੈ ਜੋ ਅੰਮ੍ਰਿਤਸਰ-ਅਜਨਾਲਾ ਸੜਕ ਉਤੇ ਮਹਿਜ਼ ਕੁਝ ਕਿਲੋਮੀਟਰ ਦੂਰੀ ‘ਤੇ ਸਥਿਤ ਹੈ।
ਉੱਤਰੀ ਭਾਰਤ ਦੀਆਂ ਹਵਾਈ ਉਡਾਨਾਂ ਦੇ ਧੁਰੇ ਆਖੇ ਜਾ ਸਕਦੇ ਇਸ ਏਅਰਪੋਰਟ ਤੋਂ ਰੋਜ਼ਾਨਾ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਨਾਂ ਰਨ ਵੇਅ ‘ਤੇ ਭੱਜਦੀਆਂ ਹਨ ਜੋ ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿ ਜੰਗ ਕਾਰਨ ਰੱਦ ਹੋਈਆਂ ਹਨ। ਇਹ ਹਵਾਈ ਅੱਡਾ ਯਾਤਰੀਆਂ ਲਈ ਹੀ ਨਹੀ ਬਲਕਿ ਵਪਾਰ ਨੂੰ ਲੈ ਕੇ ਵੀ ਬਹੁਤ ਮਹੱਤਵ ਪੂਰਨ ਹੈ। ਵਿਦੇਸ਼ ਦੀ ਧਰਤੀ ‘ਤੇ ਵਸੇ ਬਹੁਗਿਣਤੀ ਪੰਜਾਬੀ ਰਾਜਾਸਾਂਸੀ ਹਵਾਈ ਅੱਡੇ ਰਾਹੀਂ ਹੀ ਆਉਂਦੇ-ਜਾਂਦੇ ਹਨ। ਯਾਤਰੀਆਂ ਦੀ ਵੱਡੀ ਆਵਾਜਾਈ ਵਾਲੇ ਇਸ ਹਵਾਈ ਅੱਡੇ ‘ਤੇ ਮੌਜੂਦਾ ਹਾਲਾਤ ਦੇ ਕਾਰਨ ਹੁਣ ਚਿੜੀ ਨਹੀਂ ਫਰਕ ਰਹੀ। ਪਿਛਲੇ ਤਿੰਨ ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਅੱਤਵਾਦ ਦੀ ਖੂਨੀ ਖੇਡਣ ਵਾਲੇ ਪਾਕਿਸਤਾਨ ਦੇ ਡਰੋਨ ਅਤੇ ਮਿਜ਼ਾਇਲੀ ਹਮਲਿਆਂ ਕਾਰਨ ਇਹ ਹਵਾਈ ਅੱਡਾ ਸੁਰੱਖਿਆ ਦੀ ਦ੍ਰਿਸ਼ਟੀ ਤੋ ਅਤਿ-ਸੰਵੇਦਨਸ਼ੀਲ ਅਤੇ ਮਹੱਤਵਪੂਰਨ ਹੈ। ਭਾਵੇਂ ਦੋਵਾਂ ਮੁਲਕਾਂ ਵਿਚਾਲੇ ਜੰਗਬੰਦੀ ਦਾ ਐਲਾਨ ਹੋ ਗਿਆ ਹੈ ਪਰ ਹਵਾਈ ਅੱਡਾ ਅਥਾਰਟੀ ਕੋਈ ਜੋਖ਼ਮ ਨਹੀਂ ਲੈ ਸਕਦੀ। ਕਈ ਦਿਨਾਂ ਤੱਕ ਹਵਾਈ ਅੱਡਾ ਬੰਦ ਰਹਿਣ ਕਾਰਨ ਫਿਲਹਾਲ ਇੱਥੇ ਸੁੰਨ ਪੱਸਰੀ ਹੋਈ ਹੈ। ਸ਼ਨਿਚਰਵਾਰ ਰਾਤ ਪਾਕਿਸਤਾਨ ਵੱਲੋਂ ਹਵਾਈ ਅੱਡੇ ਉਤੇ ਡਰੋਨ ਹਮਲੇ ਕਰਨ ਦੀ ਅਫਵਾਹ ਫੈਲਣ ਕਾਰਨ ਸੀ.ਆਈ.ਐੱਫ.ਐੱਸ. ਅਤੇ ਪੰਜਾਬ ਪੁਲਿਸ ਨੇ ਇੱਥੇ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰ ਦਿੱਤੀ ਹੈ।
