ਨਵੀਂ ਦਿੱਲੀ:ਜੰਗਬੰਦੀ ‘ਤੇ ਬਣੀ ਸਹਿਮਤੀ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਵਲ ਕੋਈ ਅੱਤਵਾਦੀ ਹਮਲਾ ਹੋਇਆ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਆਪ੍ਰੇਸ਼ਨ ਸਿੰਧੂਰ ਦੀ ਫੌਜੀ ਕਾਰਵਾਈ ‘ਚ ਪਾਕਿਸਤਾਨ ਦੇ ਕੁਝ ਹਾਈਟੈਕ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਨਾਲ
ਪਾਕਿਸਤਾਨ ਦੇ 40 ਜਵਾਨ ਅਤੇ ਅਧਿਕਾਰੀ ਵੀ ਮਾਰੇ ਗਏ। ਇਸ ਦੌਰਾਨ ਪੰਜ ਭਾਰਤੀ ਫ਼ੌਜੀ ਵੀ ਸ਼ਹੀਦ ਹੋਏ ਹਨ। ਭਾਰਤੀ ਹਵਾਈ ਫ਼ੌਜ ਨੇ ਇਸ ਆਪ੍ਰੇਸ਼ਨ ‘ਚ ਭਾਰਤ ਨੂੰ ਕੋਈ ਨੁਕਸਾਨ ਪੁੱਜਣ ਦਾ ਖੁਲਾਸਾ ਨਹੀਂ ਕੀਤਾ ਪਰ ਸਾਫ ਕਿਹਾ ਕਿ ਭਾਰਤ ਨੇ ਪਾਕਿ ਖ਼ਿਲਾਫ਼ ਹਮਲੇ ਦੇ ਆਪਣੇ ਟੀਚੇ ਨੂੰ ਪੂਰੀ ਤਰ੍ਹਾਂ ਹਾਸਲ ਕੀਤਾ ਹੈ ਅਤੇ ਸਾਡੇ ਸਾਰੇ ਪਾਇਲਟ ਸੁਰੱਖਿਅਤ ਹਨ। ਫ਼ੌਜ ਮੁਤਾਬਕ 10 ਮਈ ਨੂੰ ਪਾਕਿਸਤਾਨ ਦੇ ਕਈ ਮੁੱਖ ਏਅਰਬੇਸ, ਏਅਰ ਫੀਲਡ, ਫੌਜੀ ਅਦਾਰਿਆਂ ਰਡਾਰ ਤੇ ਏਅਰ ਡਿਫੈਸ ਸਿਸਟਮ ‘ਤੇ ਲਾਹੌਰ ਤੋਂ ਇਸਲਾਮਾਬਾਦ ਤੱਕ ਭਾਰਤੀ ਹਵਾਈ ਫ਼ੌਜ ਦੇ ਚੌਤਰਫ਼ਾ ਹਮਲੇ ਨਾਲ ਹੋਏ ਨੁਕਸਾਨ ਅਤੇ ਕਰਾਚੀ ‘ਤੇ ਹਮਲੇ ਲਈ ਅਰਬ ਸਾਗਰ ‘ਚ ਭਾਰਤੀ ਨੇਵੀ ਦੀ ਹਮਲਾਵਰ ਘੇਰਾਬੰਦੀ ਤੋਂ ਘਬਰਾਏ ਪਾਕਿਸਤਾਨ ਨੇ ਆਪਣੇ ਵੱਲੋਂ ਸੀਜ਼ਫ਼ਾਇਰ ਦੀ ਪਹਿਲ ਕੀਤੀ। ਆਪ੍ਰੇਸ਼ਨ ਸਿੰਧੂਰ ‘ਚ ਪਾਕਿਸਤਾਨ ਤੇ ਮਕਬੂਜ਼ਾ ਜੰਮੂ-ਕਸ਼ਮੀਰ ਦੇ 9 ਮੁੱਖ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਕੇ ਕੁਝ ਵੱਡੇ ਅੱਤਵਾਦੀ ਨਾਵਾਂ ਨਾਲ 100 ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ। ਜੰਗਬੰਦੀ ਲਈ ਐਤਵਾਰ ਦੀ ਰਾਤ ਨੂੰ ਅਹਿਮ ਦੱਸਦਿਆਂ ਭਾਰਤੀ ਫ਼ੌਜਾਂ ਨੇ ਸਾਫ਼ ਕਿਹਾ ਹੈ ਕਿ ਸੀਜ਼ਫ਼ਾਇਰ ਦੀ ਉਲੰਘਣਾ ਹੋਣ ‘ਤੇ ਭਾਰਤ ਉਸ ਦਾ ਕਿਤੇ ਵੱਧ ਕਰਾਰਾ ਜਵਾਬ ਦੇਵੇਗਾ।
ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸਿਖਰਲੇ ਫ਼ੌਜੀ ਕਮਾਂਡਰਾਂ ਨਾਲ ਸਮੀਖਿਆ ਮੀਟਿੰਗ ਤੋਂ ਬਾਅਦ ਐੱਲਓਸੀ ਅਤੇ ਪੂਰੀ ਪੱਛਮੀ ਕੌਮਾਂਤਰੀ ਸਰਹੱਦ ‘ਤੇ ਕਿਸੇ ਵੀ ਗੋਲ਼ਾਬਾਰੀ ਦਾ ਪੂਰੀ ਤਾਕਤ ਨਾਲ ਜਵਾਬ ਦੇਣ ਦਾ ਸਾਫ਼ ਨਿਰਦੇਸ਼ ਦਿੱਤਾ ਹੈ। ਉੱਧਰ, ਹਵਾਈ ਫ਼ੌਜ ਨੇ ਸਾਫ਼ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਹਾਲੇ ਵੀ ਜਾਰੀ ਹੈ ਤਾਂ ਭਾਰਤੀ ਨੇਵੀ ਨੇ ਕਿਹਾ ਕਿ ਅਰਬ ਸਾਗਰ ਵਿਚ ਉਸ ਦੀ ਆਪ੍ਰੇਸ਼ਨਲ ਤਿਆਰੀ ਹਾਲੇ ਵੀ ਪੂਰੀ ਤਰ੍ਹਾਂ ਕਾਇਮ ਹੈ। ਭਾਰਤ-ਪਾਕਿ ਦੇ ਡੀਜੀਐਮਓ ਵਿਚਾਲੇ ਸੋਮਵਾਰ ਦੁਪਹਿਰ 12 ਵਜੇ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਭਾਰਤੀ ਫ਼ੌਜਾਂ ਨੇ ਆਪਣੇ ਇਨ੍ਹਾਂ ਤੇਵਰਾਂ ਜ਼ਰੀਏ ਸਪੱਸ਼ਟ ਸੰਦੇਸ਼ ਦੇ ਦਿੱਤਾ ਕਿ ਸੀਜ਼ਫ਼ਾਇਰ ਨੂੰ ਟਿਕਾਊ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਪਾਕਿਸਤਾਨ ‘ਤੇ ਹੈ। ਫ਼ੌਜ, ਹਵਾਈ ਫ਼ੌਜ ਤੇ ਨੇਵੀ ਵੱਲੋਂ ਆਪ੍ਰੇਸ਼ਨ ਸਿੰਧੂਰ ਦਾ ਐਤਵਾਰ ਸ਼ਾਮ ਪ੍ਰੈੱਸ ਕਾਨਫਰੰਸ ‘ਚ ਵੇਰਵਾ ਸਾਂਝਾ ਕਰਦਿਆਂ ਭਾਰਤੀ ਫ਼ੌਜ ਦੇ ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਕਿ ਜੇਕਰ ਭਾਰਤੀ ਜ਼ਮੀਨ ‘ਤੇ ਸਰਹੱਦ ਪਾਰੋਂ ਅੱਤਵਾਦੀ ਹਮਲਾ ਹੋਇਆ ਤਾਂ ਪਾਕਿਸਤਾਨ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਜਦਕਿ ਪਾਕਿਸਤਾਨ ਨੂੰ ਸੀਜ਼ਫ਼ਾਇਰ ਦੀ ਪਹਿਲ ਕਰਨ ਲਈ ਮਜਬੂਰ ਕਰਨ ਵਾਲੀ 10 ਮਈ ਦੀ ਕਹਿਰ ਵਰ੍ਹਾਉਣ ਵਾਲੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਭਾਰਤੀ ਹਵਾਈ ਫ਼ੌਜ ਦੇ ਡੀਜੀ ਆਪ੍ਰੇਸ਼ਨ ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਅਸੀਂ ਲੜਾਕੂ ਜੈੱਟ ਰਾਹੀਂ ਹਵਾ ਤੋਂ ਸਤ੍ਹਾ ‘ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਪਾਕਿਸਤਾਨ ਦੇ ਕਈ ਮੁੱਖ ਫ਼ੌਜੀ ਟਿਕਾਣਿਆਂ ‘ਤੇ ਵੱਡਾ ਹਮਲਾ ਕੀਤਾ। ਇਸ ਵਿਚ ਸਰਗੋਧਾ, ਰਹੀਮਯਾਰ ਖ਼ਾਨ, ਚਕਲਾਲਾ, ਸੱਕਰ, ਭੋਲਾਰੀ ਤੇ ਜਕੋਬਾਬਾਦ ਏਅਰ ਫੀਲਡ ਨੂੰ ਤਬਾਹ ਕਰ ਕੇ ਦੁਸ਼ਮਣ ਨੂੰ ਸੰਦੇਸ਼ ਦੇ ਦਿੱਤਾ ਗਿਆ ਕਿ ਉਸ ਨੇ ਉਕਸਾਵੇ ਦੀ ਕਾਰਵਾਈ ਜਾਰੀ ਰੱਖੀ ਤਾਂ ਭਾਰਤੀ ਫ਼ੌਜਾਂ ਅੱਗੇ ਉਸ ਦਾ ਕਿਹੋ ਜਿਹਾ ਹਸ਼ਰ ਕਰਨਗੀਆਂ। ਭਾਰਤ ਨੇ ਇਕ ਤੁਰੰਤ, ਤਾਲਮੇਲ ਵਾਲੀ ਤੇ ਸੰਤੁਲਿਤ ਪ੍ਰਤੀਕਿਰਿਆ ‘ਚ ਪਾਕਿਸਤਾਨ ਦੇ ਮੁੱਖ ਫ਼ੌਜੀ ਢਾਂਚਿਆਂ ‘ਤੇ ਇਹ ਹਮਲਾ ਕੀਤਾ ਜਿਸ ‘ਚ ਪੱਛਮੀ ਮੋਰਚੇ ‘ਤੇ ਹਵਾਈ ਟਿਕਾਣੇ, ਕਮਾਂਡ ਸੈਂਟਰ, ਫ਼ੌਜੀ ਬੁਨਿਆਦੀ ਢਾਂਚੇ ਤੇ ਵਾਇਰ ਡਿਫੈਂਸ ਸਿਸ਼ਟਮਾਂ ‘ਤੇ ਹਮਲਾ ਸ਼ਾਮਲ ਸੀ। ਵਿਸ਼ੇਸ਼ ਤੌਰ ‘ਤੇ ਚਕਲਾਲਾ ਏਅਰਬੇਸ਼ ਜਿਹੜਾ ਇਸਲਾਮਾਬਾਦ ਦੇ ਨੇੜੇ ਹੈ, ਜਿੱਥੇ ਪਾਕਿਸਤਾਨ ਦੇ ਉੱਨਤ ਲੜਾਕੂ ਜੈੱਟ ਦੇ ਖੇਤ ਸਮੇਤ ਭਾਰੀ ਰਣਨੀਤਕ ਢਾਂਚੇ ਹਨ ਅਤੇ ਸਰਗੋਧਾ ਵੀ ਉਨ੍ਹਾਂ ਦੀ ਹਵਾਈ ਫ਼ੌਜ ਦਾ ਵੱਡਾ ਬੇਸ ਹੈ। ਏਅਰ ਮਾਰਸ਼ਲ ਨੇ ਸਵਾਲ-ਜਵਾਬ ਦੌਰਾਨ ਪਾਕਿਸਤਾਨ ਦੇ ਕੁਝ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਪਰ ਉਨ੍ਹਾਂ ਦੀ ਗਿਣਤੀ ਨਹੀਂ ਦੱਸੀ। ਇਹ ਵੀ ਸਾਫ਼ ਕੀਤਾ ਕਿ ਪਾਕਿਸਤਾਨ ਦਾ ਕੋਈ ਵੀ ਜਹਾਜ਼ ਭਾਰਤੀ ਸਰਹੱਦ ‘ਚ ਨਹੀਂ ਵੜ ਸਕਿਆ। ਪਾਕਿ ਵੱਲੋਂ ਭਾਰਤ ਦੇ ਰਾਫੇਲ ਲੜਾਕੂ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੇ ਦਾਅਵੇ ‘ਤੇ ਏਅਰ ਮਾਰਸ਼ਲ ਘਈ ਨੇ ਕਿਹਾ, ‘ਅਸੀ ਜੰਗ ਦੀ ਸਥਿਤੀ ‘ਚ ਹਾਂ ਤੇ ਨੁਕਸਾਨ ਪੁੱਜਣਾ ਜੰਗ ਦਾ ਇਕ ਹਿੱਸਾ ਹੈ।
ਸਵਾਲ ਇਹ ਹੈ ਕਿ ਕੀ ਅਸੀਂ ਆਪਣਾ ਟੀਚਾ ਹਾਸਲ ਕਰ ਲਿਆ ਹੈ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਟੀਚਾ ਹਾਸਲ ਕੀਤਾ। ਇਸ ਦੀ ਗਿਣਤੀ ਜਾਂ ਵੇਰਵਾ ਦੱਸਣਾ ਹਾਲੇ ਜ਼ਰੂਰੀ ਨਹੀਂ ਕਿਉਂਕਿ ਹਾਲੇ ਵੀ ਜੰਗ ਦੀ ਸਥਿਤੀ ਹੈ ਤੇ ਮੈਂ ਆਪਣੇ ਦੁਸ਼ਮਣ ਦੀ ਅਣਦੇਖੀ ਨਹੀਂ ਕਰਨਾ ਚਾਹੁੰਦਾ। ਸਾਡੇ ਸਾਰੇ ਪਾਇਲਟ ਸੁਰੱਖਿਅਤ ਵਾਪਸ ਆ ਗਏ ਹਨ।’ ਏਅਰ ਮਾਰਸ਼ਲ ਘਈ ਦੇ ਬਿਆਨ ਤੋਂ ਸਾਫ਼ ਹੈ ਕਿ ਹਵਾਈ ਫ਼ੌਜ ਨੇ ਆਪਣੇ ਲੜਾਕੂ ਜੈੱਟ ਨੂੰ ਨੁਕਸਾਨ ਪੁੱਜਣ ਤੋਂ ਇਨਕਾਰ ਨਹੀਂ ਕੀਤਾ। ਪਰ ਜੰਗੀ ਰਣਨੀਤੀ ਤਹਿਤ ਇਸ ਦਾ ਖ਼ੁਲਾਸਾ ਕਰਨਾ ਮੁਨਾਸਿਬ ਨਹੀਂ ਮੰਨ ਰਹੀ। ਡੀਜੀਐੱਮਓ ਰਾਜੀਵ ਘਈ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਅੱਤਵਾਦ ਦੀ ਸਾਜ਼ਿਸ਼ ਰਚਣ ਵਾਲਿਆਂ ਅਤੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦੇ ਆਪਣੇ ਮਿਸ਼ਨ ‘ਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਖੁਫ਼ੀਆ ਜਾਣਕਾਰੀਆਂ ਦੇ ਆਧਾਰ ‘ਤੇ ਹਮਲੇ ਦੀ ਰਣਨੀਤੀ ਬਣਾ ਕੇ ਇਨ੍ਹਾਂ ਨੂੰ ਹਵਾ ਤੋਂ ਹਵਾ ‘ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਤਬਾਹ ਕੀਤਾ ਗਿਆ ਜਿਸ ਵਿਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਤੇ ਉਨ੍ਹਾਂ ਦਾ ਢਾਂਚਾ ਤਬਾਹ ਹੋਇਆ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਰਾਤ ਜਦੋਂ ਪਾਕਿਸਤਾਨ ਨੇ ਡ੍ਰੋਨ ਭੇਜੇ ਤਾਂ ਭਾਰਤ ਦੇ ਏਅਰ ਡਿਫੈਂਸ ਨੇ ਲਗਪਗ ਸਾਰਿਆਂ ਨੂੰ ਰੋਕ ਲਿਆ ਤੇ ਇਕ ਜਵਾਬੀ ਹਮਲਾ ਵੀ ਕੀਤਾ ਜਿਸ ‘ਚ ਲਾਹੌਰ ਵਿਚ ਇਕ ਰਡਾਰ ਨੂੰ ਤਬਾਹ ਕੀਤਾ ਗਿਆ। ਇਸ ਪੂਰੇ ਆਪ੍ਰੇਸ਼ਨ ਦੌਰਾਨ ਕੰਟਰੋਲ ਲਾਈਨ ‘ਤੇ ਭਾਰਤੀ ਫ਼ੌਜ ਦੀ ਗੋਲੀਬਾਰੀ ‘ਚ ਪਾਕਿ ਦੇ 35-40 ਫ਼ੌਜੀਆਂ ਤੇ ਅਧਿਕਾਰੀਆਂ ਦੀ ਮੌਤ ਹੋਈ ਹੈ। ਏਅਰ ਮਾਰਸ਼ਲ ਭਾਰਤੀ ਨੇ ਕਿਹਾ ਕਿ ਡ੍ਰੋਨ ਤੇ ਯੂਏਵੀ ਨਾਲ ਹਮਲੇ ਕਰਨ ਤੋਂ ਬਾਅਦ ਪਾਕਿਸਤਾਨ ਦਾ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਇਸ ਤੋਂ ਵੀ ਜ਼ਾਹਿਰ ਹੁੰਦਾ ਹੈ ਕਿ ਉਸ ਨੇ ਨਾਗਰਿਕ ਜਹਾਜ਼ਾਂ ਲਈ ਲਾਹੌਰ ਦਾ ਏਅਰ ਸਪੇਸ ਬੰਦ ਨਹੀਂ ਕੀਤਾ ਜਿਸ ਨਾਲ ਭਾਰਤ ਨੂੰ ਜਵਾਬੀ ਕਾਰਵਾਈ ਕਰਨ ‘ਚ ਬਹੁਤ ਸਾਵਧਾਨੀ ਵਰਤਣੀ ਪਈ। ਇਸੇ ਤਰ੍ਹਾਂ 8-9 ਮਈ ਦੀ ਰਾਤ ਨੂੰ ਸ੍ਰੀਨਗਰ ਤੋਂ ਗੁਜਰਾਤ ਦੇ ਨਲੀਆ ਤੱਕ ਪਾਕਿਸਤਾਨ ਵੱਲੋਂ ਕੀਤੇ ਗਏ ਹਵਾਈ, ਡ੍ਰੋਨ ਤੇ ਯੂਏਵੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਜਿਸ ਵਿਚ ਉਸ ਨੇ ਹਵਾਈ ਫ਼ੌਜ ਦੇ ਕਈ ਮੁੱਖ ਏਅਰਬੇਸ ਅਤੇ ਫ਼ੌਜੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸੇ ਦਾ ਜਵਾਬ ਦੇਣ ਲਈ ਭਾਰਤ ਨੇ 10 ਮਈ ਦੀ ਸਵੇਰ ਨੂੰ ਲਾਹੌਰ ਤੋਂ ਲੈ ਕੇ ਇਸਲਾਮਾਬਾਦ ਤੱਕ ਚੌਤਰਫ਼ਾ ਹਮਲੇ ਕਰ ਕੇ ਉਸ ਦੇ ਏਅਰਬੇਸ ‘ਤੇ ਕਾਫ਼ੀ ਤਬਾਹੀ ਮਚਾਈ।
ਨੇਵੀ ਨੇ ਇਸ ਦੌਰਾਨ ਅਰਬ ਸਾਗਰ ਵਿਚ ਪਾਕਿਸਤਾਨੀ ਸਮੁੰਦਰੀ ਰਸਤੇ ਨੂੰ ਘੇਰ ਕੇ ਹਮਲਾ ਕਰਨ ਦੇ ਇਰਾਦਿਆਂ ਦਾ ਸੰਦੇਸ਼ ਦੇ ਦਿੱਤਾ। ਨੇਵੀਂ ਦੇ ਡੀਜੀ ਆਪ੍ਰੇਸ਼ਨ ਏਐੱਨ ਪ੍ਰਮੋਦ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ 96 ਘੰਟਿਆਂ ਅੰਦਰ ਹੀ ਭਾਰਤੀ ਨੇਵੀ ਨੇ ਅਰਬ ਸਾਗਰ ‘ਚ ਆਪਣੀਆਂ ਜੰਗੀ i ਤਿਆਰੀਆਂ ਨੂੰ ਆਪ੍ਰੇਸ਼ਨਲ ਮੋਡ ਵਿਚ ਕਰਦਿਆਂ ਜਹਾਜ਼-ਸਬਮਰੀਨ ਸਭ ਤਿਆਰ ਕਰ ਲਏ ਸਨ।
