ਨਵੀਂ ਦਿੱਲੀ:ਪਿਛਲੇ ਸ਼ਨੀਵਾਰ ਨੂੰ ਦੋ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਦਾਅਵਾ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਉਨ੍ਹਾਂ ਨੇ ਕਰਵਾਇਆ। ਹੁਣ ਤੀਜੀ ਵਾਰ ਉਨ੍ਹਾਂ ਨੇ ਫੇਰ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪਰਮਾਣੂ ਸੰਘਰਸ਼ ਨੂੰ ਰੋਕਣ ਵਿਚ ਉਨ੍ਹਾਂ ਦੀ ਸਰਕਾਰ ਨੇ ਮੱਧਸਥਤਾ ਕੀਤੀ ਅਤੇ ਲੱਖਾਂ ਲੋਕਾਂ ਦੀ ਜਾਨ ਬਚਾਈ।
ਰਾਸ਼ਟਰਪਤੀ ਟਰੰਪ ਦਾ ਇਹ ਦਾਅਵਾ ਸੋਮਵਾਰ ਨੂੰ ਉਸ ਸਮੇਂ ਆਇਆ ਜਦੋਂ ਭਾਰਤ ਵੱਲੋਂ ਆਪਰੇਸ਼ਨ ਸੰਧੂਰ ਨੂੰ ਮੁਲਤਵੀ ਕਰਨ ਦੀ ਗੱਲ ਕੀਤੀ ਗਈ ਹੈ ਅਤੇ ਪਾਕਿਸਤਾਨ ਵੱਲੋਂ ਸੀਮਾ ‘ਤੇ ਆਮ ਤੌਰ ‘ਤੇ ਸ਼ਾਂਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਦੱਖਣੀ ਏਸ਼ੀਆ ਦੇ ਇਨ੍ਹਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਤਣਾਅ ਖਤਮ ਕਰਨ ਲਈ ਵਪਾਰ ਨੂੰ ਵੀ ਨੀਤੀ ਵਜੋਂ ਵਰਤਣ ਦੀ ਗੱਲ ਕੀਤੀ ਹੈ। ਭਾਰਤ ਸਰਕਾਰ ਦੇ ਵਿਸ਼ਵਾਸਯੋਗ ਸ੍ਰੋਤ ਇਕ ਦਿਨ ਪਹਿਲਾਂ ਹੀ ਅਮਰੀਕਾ ਦੇ ਇਸ ਦਾਅਵੇ ਨੂੰ ਖਾਰਜ ਕਰ ਚੁੱਕੇ ਹਨ। ਭਾਰਤ ਦਾ ਕਹਿਣਾ ਹੈ ਕਿ ਉਸ ਦੀ ਫ਼ੌਜੀ ਕਾਰਵਾਈ ਤੋਂ ਪਸਤ ਹੋ ਕੇ ਪਾਕਿਸਤਾਨ ਨੇ ਅਮਰੀਕਾ ਨੂੰ ਅਰਜੋਈ ਕੀਤੀ ਕਿ ਉਹ ਜੰਗਬੰਦੀ ਕਰਨ ਲਈ ਤਿਆਰ ਹੈ ਅਤੇ ਇਸ ਦੀ ਸੂਚਨਾ ਭਾਰਤ ਨੂੰ ਦਿੱਤੀ ਜਾਵੇ। ਟਰੰਪ ਨੇ ਸੋਮਵਾਰ ਨੂੰ ਕਿਹਾ- ‘ਮੈਂ ਤੁਹਾਨੂੰ ਪਿਛਲੇ ਕੁਝ ਦਿਨਾਂ ਵਿਚ ਘਟੀ ਇਕ ਇਤਿਹਾਸਕ ਘਟਨਾ ਬਾਰੇ ਦੱਸਣਾ ਹੈ। ਸ਼ਨੀਵਾਰ ਨੂੰ ਸਾਡੀ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇਕ ਵੱਡੇ ਸੰਘਰਸ਼ ਨੂੰ ਖਤਮ ਕਰਨ ਲਈ ਸਥਾਈ ਜੰਗਬੰਦੀ ਕਰਵਾਉਣ ਵਿਚ ਮਦਦ ਕੀਤੀ ਹੈ। ਇਹ ਦੋਨਾਂ ਪਰਮਾਣੂ ਹਥਿਆਰਾਂ ਨਾਲ ਸੰਪੰਨ ਦੇਸ਼ ਹਨ।
ਦੋਨਾਂ ਕੋਲ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਦੀ ਲੋੜੀਂਦੀ ਸੋਝੀ ਅਤੇ ਮਜ਼ਬੂਤੀ ਵੀ ਹੈ। ਅਸੀਂ ਉਨ੍ਹਾਂ ਦੀ ਬਹੁਤ ਮਦਦ ਕੀਤੀ। ਅਸੀਂ ਵਪਾਰ ਵਿਚ ਵੀ ਉਨ੍ਹਾਂ ਦੀ ਮਦਦ ਕੀਤੀ। ਮੈਂ ਕਿਹਾ ਕਿ ਇਸਨੂੰ ਟਾਲ ਦਿਓ ਅਤੇ ਅਸੀਂ ਦੋਨਾਂ ਦੇ ਨਾਲ ਵਪਾਰ ਕਰਨ ਲਈ ਤਿਆਰ ਹਾਂ। ਜੇ ਨਹੀਂ ਟਾਲੋਗੇ ਤਾਂ ਅਸੀਂ ਵਪਾਰ ਨਹੀਂ ਕਰ ਸਕਦੇ। ਵਪਾਰ ਦੀ ਜਿਵੇਂ ਮੈਂ ਵਰਤੋਂ ਕਰਦਾ ਹਾਂ, ਹੋਰ ਕੋਈ ਨਹੀਂ ਕਰਦਾ। ਫਿਰ ਅਚਾਨਕ ਹੀ ਦੋਨਾਂ ਨੇ ਕਿਹਾ ਹੈ ਕਿ ਅਸੀਂ ਸੰਘਰਸ਼ ਨੂੰ ਟਾਲ ਰਹੇ ਹਾਂ। ਸਪੱਸ਼ਟ ਹੈ ਕਿ ਅਸੀਂ ਇਕ ਪਰਮਾਣੂ ਸੰਘਰਸ਼ ਨੂੰ ਰੋਕਿਆ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਵੱਡਾ ਪਰਮਾਣੂ ਯੁੱਧ ਹੁੰਦਾ। ਇਸ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ।
