ਜਲੰਧਰ:ਜੰਗਬੰਦੀ ਦੇ ਐਲਾਨ ਤੋਂ ਬਾਅਦ ਜ਼ਿੰਦਗੀ ਪਟੜੀ ‘ਤੇ ਪਰਤਣੀ ਸ਼ੁਰੂ ਹੋ ਗਈ ਹੈ ਤੇ ਲੋਕ ਆਪੋ-ਆਪਣੇ ਕੰਮਾਂ-ਕਾਰਾਂ ‘ਤੇ ਪਰਤ ਆਏ ਹਨ। ਭਾਰਤ-ਪਾਕਿ ਜੰਗ ਕਾਰਨ ਲੋਕ ਜਿੱਥੇ ਭਾਰੀ ਦਹਿਸ਼ਤ ਦੇ ਸਾਏ ਹੇਠ ਸਨ, ਉਨ੍ਹਾਂ ਨੇ ਜੰਗਬੰਦੀ ਦਾ ਸਵਾਗਤ ਕਰਦੇ ਹੋਏ ਸੁੱਖ ਦਾ ਸਾਹ ਲਿਆ ਹੈ।
ਜੰਗ ਕਾਰਨ ਲੋਕ ਆਪਣੇ ਭਵਿੱਖ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਸਨ ਪਰ ਸ਼ਾਮ ਸਮੇਂ ਜੰਗਬੰਦੀ ਦੇ ਐਲਾਨ ਤੋਂ ਬਾਅਦ ਬਜ਼ਾਰਾਂ ਵਿਚ ਹੀ ਨਹੀਂ ਸਗੋਂ ਲੋਕਾਂ ਦੇ ਚਿਹਰਿਆਂ ‘ਤੇ ਵੀ ਰੌਣਕ ਪਰਤ ਆਈ ਹੈ। ਇੱਥੇ ਹੀ ਬੱਸ ਨਹੀਂ ਬਲੈਕਆਊਟ ਕਾਰਨ ਜਿੱਥੇ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰ ਅਤੇ ਪਿੰਡ ਰਾਤ ਦੇ ਘੁੱਪ ਹਨ੍ਹੇਰੇ ‘ਚ ਗੁਆਚ ਗਏ ਸਨ, ਉਹ ਵੀ ਮੁੜ ਜਗਮਾਉਣ ਲੱਗੇ ਹਨ।
ਸੀ. ਸੀ. ਟੀ. ਵੀ. ਕੈਮਰਿਆਂ ਤੇ ਸੋਲਰ ਲਾਈਟਾਂ ਤੋਂ ਪਰਦੇ ਹਟਾ ਦਿੱਤੇ ਗਏ ਹਨ ਅਤੇ ਸਟਰੀਟ ਲਾਈਟਾਂ ਵੀ ਜਗਣ ਲੱਗੀਆਂ ਹਨ। ਸ਼ਾਮ ਸਮੇਂ ਬਾਜ਼ਾਰ ਵੀ ਆਮ ਦੀ ਤਰ੍ਹਾਂ ਖੁੱਲ੍ਹ ਗਏ ਤੇ ਲੋਕਾਂ ਨੇ ਬਿਨ੍ਹਾਂ ਕਿਸੇ ਡਰ ਖੌਫ ਦੇ ਖਰੀਦਦਾਰੀ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਜੰਗ ਦੇ ਸੰਘਣੇ ਹੁੰਦੇ ਜਾ ਰਹੇ ਬੱਦਲਾਂ ਦੇ ਦਰਮਿਆਨ ਲੋਕਾਂ ਵਲੋਂ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਦੀ ਖਰੀਦ ਹੀ ਨਹੀਂ ਕੀਤੀ ਜਾ ਰਹੀ ਸੀ ਬਲਕਿ ਉਨ੍ਹਾਂ ਵਲੋਂ ਇਨ੍ਹਾਂ ਵਸਤਾਂ ਦਾ ਭੰਡਾਰ ਵੀ ਕੀਤਾ ਜਾਣ ਲੱਗਾ ਸੀ ਪਰ ਹੁਣ ਜੰਗਬੰਦੀ ਦੇ ਐਲਾਨ ਤੋਂ ਬਾਅਦ ਲੋਕਾਂ ਵਲੋਂ ਜ਼ਰੂਰੀ ਵਰਤੋਂ ਦਾ ਸਾਮਾਨ ਤਾਂ ਖਰੀਦਿਆ ਜਾ ਰਿਹਾ ਹੈ ਪਰ ਹੁਣ ਭੰਡਾਰ ਕਰਨ ਲਈ ਵਾਧੂ ਸਾਮਾਨ ਨਹੀਂ ਖਰੀਦਿਆ ਜਾ ਰਿਹਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਜਲੰਧਰ, ਪਠਾਨਕੋਟ, ਹੁਸ਼ਿਆਰਪੁਰ, ਫਿਰੋਜ਼ਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਸਮੇਤ ਹੋਰਨਾਂ ਜ਼ਿਲਿ੍ਹਆਂ ‘ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਕੀਤੇ ਜਾ ਰਹੇ ਡਰੋਨ ਹਮਲਿਆਂ ਕਾਰਨ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਸੀ ਤੇ ਪ੍ਰਸ਼ਾਸਨ ਵਲੋਂ ਵੀ ਅਹਿਤਿਆਤ ਦੇ ਤੌਰ ‘ਤੇ ਕਈ ਸ਼ਹਿਰਾਂ ‘ਚ ਦਿਨ ਵੇਲੇ ਵੀ. ਬਾਜ਼ਾਰ ਆਦਿ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਪਰ ਹੁਣ ਜੰਗਬੰਦੀ ਦੇ ਐਲਾਨ ਤੋਂ ਬਾਅਦ ਜਨ-ਜੀਵਨ ਆਮ ਦੀ ਤਰ੍ਹਾਂ ਹੋ ਗਿਆ ਹੈ ਤੇ ਲੋਕ ਆਪੋ-ਆਪਣੇ ਕੰਮਾਂ-ਕਾਰਾਂ ‘ਚ ਰੁਝ ਗਏ ਹਨ।
ਹਾਲਾਂਕਿ ਸਰਹੱਦੀ ਪਿੰਡਾਂ ਦੇ ਲੋਕ, ਜੋ ਜੰਗ ਕਾਰਨ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਸਨ, ਉਨ੍ਹਾਂ ਨੂੰ ਆਪਣੇ ਘਰਾਂ ‘ਚ ਪਰਤਣ ‘ਤੇ ਅਜੇ ਸਮਾਂ ਲੱਗੇਗਾ ਪਰ ਜਲਦ ਹੀ ਉਨ੍ਹਾਂ ਦੀ ਜ਼ਿੰਦਗੀ ਲੀਹ ‘ਤੇ ਪਰਤ ਆਉਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਹੋਰਨਾਂ ਗੁਰਧਾਮਾਂ, ਮੰਦਰਾਂ ਅਤੇ ਧਾਰਮਿਕ ਅਸਥਾਨਾਂ ‘ਤੇ ਵੀ ਰੌਸ਼ਨੀਆਂ ਮੁੜ ਜਗਮਗ ਕਰਨ ਲੱਗੀਆਂ ਹਨ।
