ਪ੍ਰਮਾਣੂ ਬੰਬ `ਤੇ ਬਲੈਕਮੇਲਿੰਗ ਬਰਦਾਸ਼ਤ ਨਹੀਂ ਕਰਾਂਗੇ: ਮੋਦੀ

‘ਕਸ਼ਮੀਰ ਬਾਰੇ ਨਾ ਕੋਈ ਗੱਲ ਹੋਵੇਗੀ ਅਤੇ ਨਾ ਕਿਸੇ ਦੀ ਵਿਚੋਲਗੀ’
ਨਵੀਂ ਦਿੱਲੀ:ਆਪ੍ਰੇਸ਼ਨ ਸੰਧੂਰ ਨੂੰ ਅੱਤਵਾਦ ਖ਼ਿਲਾਫ਼ ਲੜਾਈ ‘ਚ ਇਕ ਨਵੀਂ ਲਕੀਰ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼ ਕਰ ਦਿੱਤਾ ਕਿ ਹਾਲੇ ਸਿਰਫ਼ ਇਸ ਨੂੰ ਮੁਲਤਵੀ ਕੀਤਾ ਗਿਆ ਹੈ। ਦੇਸ਼ ਦੇ ਨਾਂ ਸੰਬੋਧਨ ‘ਚ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਵਿੱਖ ‘ਚ ਵੀ ਅੱਤਵਾਦੀ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ ਜਾਏਗਾ।

ਉਨ੍ਹਾਂ ਸਪੱਸ਼ਟ ਕਿਹਾ ਕਿ ਭਾਰਤ ਹੁਣ ਨਿਊਕਲੀਅਰ ਬਲੈਕਮੇਲਿੰਗ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਆਪ੍ਰੇਸ਼ਨ ਸਿੰਧੂਰ ਨੂੰ ਨਿਆਂ ਦੀ ਅਖੰਡ ਪ੍ਰਤਿਗਿਆ ਦੱਸਿਆ। ਪ੍ਰਧਾਨ ਮੰਤਰੀ ਦੇ ਮੁਤਾਬਕ ਪਾਕਿਸਤਾਨ ਵਲੋਂ ਅੱਗੇ ਕੋਈ ਅੱਤਵਾਦੀ ਸਰਗਰਮੀ ਤੇ ਫ਼ੌਜੀ ਹਿਮਾਕਤ ਨਾ ਦਿਖਾਉਣ ਦੀ ਸ਼ਰਤ ‘ਤੇ ਹੀ ਆਪ੍ਰੇਸ਼ਨ ਸਿੰਧੂਰ ਨੂੰ ਮੁਲਤਵੀ ਕੀਤਾ ਗਿਆ ਹੈ ਪਰ ਪਾਕਿਸਤਾਨ ਦੇ ਹਰ ਕਦਮ ਨੂੰ ਇਸ ਕਸੌਟੀ ‘ਤੇ ਮਾਪਿਆ ਜਾਏਗਾ। ਇਕ ਪਾਸੇ ਜਦੋਂ ਅਮਰੀਕੀ ਰਾਸ਼ਟਰਪਤੀ ਵਾਰ-ਵਾਰ ਸੀਜ਼ਫਾਇਰ ਲਈ ਸਿਹਰਾ ਲੈ ਰਹੇ ਹਨ, ਅਜਿਹੇ ‘ਚ ਪ੍ਰਧਾਨ ਮੰਤਰੀ ਦਾ ਇਹ ਸਪੱਸ਼ਟ ਸੰਦੇਸ਼ ਨਾ ਸਿਰਫ਼ ਪਾਕਿਸਤਾਨ ਬਲਕਿ ਅਮਰੀਕਾ ਨੂੰ ਵੀ ਸੀ ਤੇ ਦੇਸ਼ ‘ਚ ਸਵਾਲ ਪੁੱਛ ਰਹੇ ਸਿਆਸੀ ਦਲਾਂ ਨੂੰ ਵੀ। ਪਹਿਲਗਾਮ ‘ਚ ਅੱਤਵਾਦੀਆਂ ਵਲੋਂ ਬੇਕਸੂਰ ਲੋਕਾਂ ਨੂੰ, ਪਰਿਵਾਰ ਵਾਲਿਆਂ, ਬੱਚਿਆਂ ਦੇ ਸਾਹਮਣੇ ਧਰਮ ਪੁੱਛ ਕੇ ਮਾਰੇ ਜਾਣ ਬਾਰੇ ਮੋਦੀ ਨੇ ਕਿਹਾ ਕਿ ਅੱਤਵਾਦੀਆਂ ਨੇ ਸਾਡੀਆ ਭੈਣਾਂ ਦਾ ਸਿੰਧੂਰ ਉਜਾੜਿਆ ਸੀ, ਇਸੇ ਲਈ ਭਾਰਤ ਨੇ ਅੱਤਵਾਦ ਦੇ ਹੈੱਡਕੁਆਰਟਰਸ ਉਜਾੜ ਦਿੱਤੇ। ਉਨ੍ਹਾਂ ਭਾਰਤੀ ਫ਼ੌਜੀ ਦਸਤਿਆਂ ਦੀ ਬਹਾਦਰੀ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਦੇ ਹੈੱਡਕੁਆਰਟਰ ਤੇ ਟ੍ਰੇਨਿੰਗ ਕੈਂਪਾਂ ਨੂੰ ਖੰਡਰ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਨ੍ਹਾਂ ਅੱਤਵਾਦੀ ਟਿਕਾਣਿਆਂ ਨੂੰ ਵਿਸ਼ਵ ਅੱਤਵਾਦ ਦੀ ਯੂਨੀਵਰਸਿਟੀ ਦੱਸਦੇ ਹੋਏ ਉਨ੍ਹਾਂ ਦੇ ਤਾਰ ਨਿਊਯਾਰਕ ਦੇ 9/11 ਹਮਲੇ ਅਤੇ ਲੰਡਨ ਦੇ ਟਿਊਬ ਧਮਾਕਿਆਂ ਨਾਲ ਵੀ ਜੋੜੇ। ਧਿਆਨ ਦੇਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਬਿਹਾਰ ‘ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਸਾਫ਼ ਕਰ ਦਿੱਤਾ ਸੀ ਕਿ ਅੱਤਵਾਦੀਆਂ ਤੇ ਉਨ੍ਹਾਂ ਦੇ ਆਕਾਵਾਂ ਨੂੰ ਅਜਿਹੀ ਸਜ਼ਾ ਮਿਲੇਗੀ, ਜਿਸ ਬਾਰੇ ਉਨ੍ਹਾਂ ਸੁਪਨੇ ‘ਚ ਵੀ ਨਹੀਂ ਸੋਚਿਆ ਸੀ। ਭਾਰਤੀ ਫ਼ੌਜਾਂ ਨੇ ਇਸ ਨੂੰ ਸੱਚ ਕਰ ਕੇ ਦਿਖਾਇਆ। ਅੱਤਵਾਦ ਦੇ ਇਹ ਆਕਾ ਜਿਹੜੇ ਪਿਛਲੇ ਢਾਈ-ਤਿੰਨ ਦਹਾਕਿਆਂ ਤੋਂ ਪਾਕਿਸਤਾਨ ‘ਚ ਖੁੱਲ੍ਹੇਆਮ ਘੁੰਮ ਰਹੇ ਸਨ, ਉਨ੍ਹਾਂ ਨੂੰ ਇਕ ਝਟਕੇ ‘ਚ ਖ਼ਤਮ ਕਰ ਦਿੱਤਾ ਗਿਆ ਹੈ। ਅੱਤਵਾਦੀਆਂ ਨੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਏਨਾ ਵੱਡਾ ਫ਼ੈਸਲਾ ਲੈ ਸਕਦਾ ਹੈ ਪਰ ਇਕਜੁੱਟ ਭਾਰਤ ਨੇ ਫੌਲਾਦੀ ਫ਼ੈਸਲਾ ਕੀਤਾ ਤੇ ਇਸ ਨੂੰ ਕਰ ਕੇ ਦਿਖਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਅੱਤਵਾਦੀ ਤੇ ਹਰ ਅੱਤਵਾਦੀ ਸੰਗਠਨ ਜਾਣ ਚੁੱਕਾ ਹੈ ਕਿ ਸਾਡੀਆ ਭੈਣਾਂ, ਬੇਟੀਆਂ ਦੇ ਮੱਥੇ ਤੋਂ ਸਿੰਧੂਰ ਹਟਾਉਣ ਦਾ ਅੰਜਾਮ ਕੀ ਹੁੰਦਾ ਹੈ।