ਜਸਪ੍ਰੀਤ ਕੌਰ ਜੰਮੂ
17 ਮਈ 2025 ਨੂੰ ਸ਼ਾਮ ਦੇ 6 ਵਜੇ ‘ਪੰਜਾਬ ਟਾਈਮਜ਼’ ਆਪਣੇ ਸ਼ਾਨਾਂਮੱਤੇ ਇਤਿਹਾਸ ਦਾ 26ਵਾਂ ਜਸ਼ਨ ਮਨਾ ਰਿਹਾ ਹੈ। ਇਹ ‘ਪੰਜਾਬ ਟਾਈਮਜ਼’ ਦੀ ਪ੍ਰਕਾਸ਼ਨਾ ਦੇ ਸਿਲਵਰ ਜੁਬਲੀ ਜਲੌਅ ਵਿਚੀਂ ਲੰਘ ਕੇ ਨਵੇਂ ਦਿਸਹਦਿਆਂ ਵੱਲ ਸੇਧਿਤ ਹੋਣ ਦਾ ਇੱਕ ਨਵਾਂ ਪੜਾਅ ਹੈ।
ਪਿਛਲੇ ਮਹੀਨੇ 27 ਅਪ੍ਰੈਲ 2025 ਨੂੰ ਹੋਈ ‘ਪੰਜਾਬ ਟਾਈਮਜ਼’ ਦੇ ਐਡਵਾਈਜ਼ਰੀ ਬੋਰਡ ਦੀ ਮੀਟਿੰਗ ਵਿਚ ਇਸ ਦੇ ਸਲਾਹਕਾਰਾਂ ਵੱਲੋਂ ‘ਪੰਜਾਬ ਟਾਈਮਜ਼’ ਨਾਲ ਵਿਖਾਈ ਗਈ ਪ੍ਰਤੀਬੱਧਤਾ ਨੇ ਸਾਨੂੰ ਨਵੀਂ ਸ਼ਕਤੀ ਦਿੱਤੀ ਹੈ, ਨਵਾਂ ਜੋਸ਼ ਦਿੱਤਾ ਹੈ। ਇਸ ਮੀਟਿੰਗ ਵਿਚ ਪੂਰੇ ਉਮਾਹ ਨਾਲ ਸ਼ਾਮਿਲ ਹੋਏ ਸਾਡੇ ਸਲਾਹਕਾਰਾਂ ਦੇ ਚਿਹਰਿਆਂ ਦੇ ਹਾਵ-ਭਾਵ ਦੱਸਦੇ ਸਨ ਕਿ ਉਹ ‘ਪੰਜਾਬ ਟਾਈਮਜ਼’ ਦੀ ਸਲਾਮਤੀ ਅਤੇ ਪ੍ਰਗਤੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸ ਪਵਿੱਤਰ ਕਾਰਜ ਲਈ ਹਰ ਮਦਦ ਦੇਣ ਲਈ ਤਿਆਰ ਹਨ। ‘ਪੰਜਾਬ ਟਾਈਮਜ਼ ਨਾਈਟ-2026’ ਇਸਦੇ ਬਾਨੀ ਸੰਪਾਦਕ ਸਰਦਾਰ ਅਮੋਲਕ ਸਿੰਘ ਜੰਮੂ ਅਤੇ ਉਨਾਂ ਦੇ ਸਹਿਯੋਗੀ ਸਾਥੀਆਂ-ਪ੍ਰੋਫ਼ੈਸਰ ਜੋਗਿੰਦਰ ਸਿੰਘ ਰਮਦੇਵ, ਸਵਰਨਜੀਤ ਸਿੰਘ ਢਿੱਲੋਂ, ਗੁਰਿੰਦਰ ਸਿੰਘ ਗਿੱਲ, ਅਯੁਧਿਆ ਸਲਵਾਨ ਅਤੇ ਹਾਲ ਹੀ ਵਿਚ ਸਾਥੋਂ ਵਿਛੜ ਗਏ ਸ. ਰਜਿੰਦਰ ਸਿੰਘ ਬੈਂਸ ਨੂੰ ਸਮਰਪਿਤ ਕੀਤੀ ਗਈ ਹੈ। ਸਰਦਾਰ ਅਮੋਲਕ ਸਿੰਘ ਜੰਮੂ ਦੀ ਅਗਵਾਈ ਵਿਚ ਇਨ੍ਹਾਂ ਸਾਰੇ ਸਹਿਯੋਗੀਆਂ ਨੇ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਪ੍ਰਤੀ ਸਾਡੇ ਗੁਰੂ ਸਾਹਿਬਾਨ ਵਲੋਂ ਦਿੱਤੇ ਗਏ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅਮਰੀਕਾ ਦੀ ਧਰਤੀ ਤੋਂ ਉਜਾਗਰ ਕਰਕੇ ਵਿਸ਼ਵ ਭਰ ਵਿਚ ਫੈਲਾਉਣ ਦਾ ਇੱਕ ਸੁਪਨਾ ਲਿਆ ਸੀ, ਜੋ ਆਪਣੇ 26ਵੇਂ ਪੜਾਅ ਉਤੇ ਪਹੁੰਚ ਚੁੱਕਾ ਹੈ।
ਪਹਿਲੀ ਜਨਵਰੀ ਸੰਨ 2000 ਨੂੰ ਜਦੋਂ ਇਸ ਦਾ ਰਸਮੀ ਪ੍ਰਕਾਸ਼ਨ ਅਰੰਭ ਹੋਇਆ ਸੀ ਤਾਂ ਇਹ ਮੈਗਜ਼ੀਨ ਸਾਈਜ਼ ਦੇ ਸਿਰਫ਼ 24 ਸਫ਼ਿਆਂ ਦਾ ਪਰਚਾ ਸੀ। ਇਸ ਦੇ ਪਾਠਕਾਂ ਦਾ ਘੇਰਾ ਵੀ ਸ਼ੁਰੂ ਦੇ ਕੁਝ ਮਹੀਨੇ ਸ਼ਿਕਾਗੋ ਦੇ ਆਸ ਪਾਸ ਹੀ ਸੀ। ਹੁਣ ਇਹ ਅਮਰੀਕਾ ਵਿਚ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਪਰਚਾ ਹੈ। ਦੁਨੀਆਂ ਭਰ ਵਿਚ ਵੈਬਸਾਈਟ ਰਾਹੀਂ ਇਸ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਪਰਚਾ ਇਸ ਸਮੇਂ ਅਮਰੀਕਾ ਦੀਆਂ ਕੋਈ 45 ਸਟੇਟਾਂ ਵਿਚ ਪਹੁੰਚਦਾ ਹੈ। ਵੈਬਸਾਈਟ ਰਾਹੀਂ ਇਸ ਦੇ ਪਾਠਕਾਂ ਦੀ ਗਿਣਤੀ ਵਿਸ਼ਵ ਭਰ ਵਿਚ ਹੈ। ਛੱਬੀ ਸਾਲਾਂ ਦੇ ਇਸ ਅਰਸੇ ਦੌਰਾਨ ਮਾਲੀ ਮੁਸ਼ਕਲਾਂ ਵੀ ਆਈਆਂ ਅਤੇ ਵਿਰੋਧੀਆਂ ਅਤੇ ਆਪਣਿਆਂ ਵਲੋਂ ਚੁਣੌਤੀਆਂ ਵੀ ਪੇਸ਼ ਕੀਤੀਆਂ ਗਈਆਂ ਪਰ ‘ਪੰਜਾਬ ਟਾਈਮਜ਼’ ਬਿਨਾਂ ਡਗਮਗਾਏ ਆਪਣੇ ਰਾਹ ਉਤੇ ਚੱਲਦਾ ਰਿਹਾ। ਇਹ ਪਾਠਕਾਂ ਅਤੇ ਇਸ ਦੇ ਸਰਪ੍ਰਸਤਾਂ ਵਲੋਂ ਮਿਲੇ ਨਿਰੰਤਰ ਅਤੇ ਨਿੱਘੇ ਹੁੰਗਾਰੇ ਦਾ ਹੀ ਸਦਕਾ ਹੈ। ਅਸੀਂ ਮੁਢ ਤੋਂ ਹੀ ਬੇਲਾਗ, ਬੇਬਾਕ ਅਤੇ ਨਿਧੜਕ ਪੱਤਰਕਾਰੀ ਕਰਨ ਦਾ ਟੀਚਾ ਲੈ ਕੇ ਤੁਰੇ ਸਾਂ ਅਤੇ ਇਸ ਟੀਚੇ ਵੱਲ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਨਿਰੰਤਰ ਸਾਡਾ ਸਫਰ ਜਾਰੀ ਹੈ। ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਇਸ ਟੀਚੇ ਉਤੇ ਅਸੀਂ ਸੌ ਫੀਸਦੀ ਪਹਿਰਾ ਦੇਣ ਵਿਚ ਕਾਮਯਾਬ ਹੁੰਦੇ ਹਾਂ ਜਾਂ ਰਹਿੰਦੇ ਹਾਂ ਪਰ ਦਿੱਤੇ ਹੋਏ ਹਾਲਾਤ ਵਿਚ ਦੂਜੇ ਪਰਚਿਆਂ ਦੇ ਮੁਕਾਬਲੇ ਇਸ ਦਿਸ਼ਾ ਵੱਲ ਸਾਡੇ ਕਦਮ ਵਧੇਰੇ ਨਿੱਗਰ ਹਨ। ਇਹ ਸਾਡਾ ਦਾਅਵਾ ਨਹੀਂ ਸਗੋਂ ਸਾਡੇ ਪਾਠਕਾਂ ਦੀ ਰਾਏ ਹੈ। ਜਦੋਂ ਨਿਧੜਕ ਹੋ ਕੇ ਕੋਈ ਖਬਰ ਛਾਪੀ ਜਾਂਦੀ ਹੈ ਤਾਂ ਨਿਸ਼ਚਿਤ ਤੌਰ ‘ਤੇ ਨਾਰਾਜ਼ਗੀਆਂ ਵੀ ਪੈਦਾ ਹੁੰਦੀਆਂ ਹਨ, ਵਿਰੋਧ ਵੀ ਹੁੰਦਾ ਹੈ, ਚੁਣੌਤੀਆਂ ਵੀ ਵਧਦੀਆਂ ਹਨ, ਖਾਸ ਕਰਕੇ ਪੰਜਾਬੀ ਪੱਤਰਕਾਰੀ ਦੀਆਂ ਪ੍ਰਸਥਿਤੀਆਂ ਨੂੰ ਮੁੱਖ ਰੱਖਦਿਆਂ ਮਾਲੀ ਨੁਕਸਾਨ ਵੀ ਹੁੰਦਾ ਹੈ। ਫਿਰ ਵੀ ਜੇ ‘ਪੰਜਾਬ ਟਾਈਮਜ਼’ ਇਸ ਗੱਲ ‘ਤੇ ਪਹਿਰਾ ਦੇ ਸਕਿਆ ਹੈ ਤਾਂ ਲਾਜ਼ਮੀ ਤੌਰ ‘ਤੇ ਆਪਣੇ ਪਾਠਕਾਂ, ਸਨੇਹੀਆਂ ਅਤੇ ਸਲਾਹਕਾਰਾਂ ਦੇ ਬਲਬੁਤੇ ‘ਤੇ ਹੀ। ਸਾਡੀ ਪ੍ਰਤੀਬੱਧਤਾ ਕਿਸੇ ਪਾਰਟੀ ਜਾਂ ਧੜੇ ਨਾਲ ਨਹੀਂ ਹੈ। ਸਾਡੀ ਪ੍ਰਤੀਬੱਧਤਾ ਪੰਜਾਬ ਨਾਲ ਹੈ, ਪੰਜਾਬੀਅਤ ਨਾਲ ਹੈ, ਗੁਰੂ ਸਾਹਿਬਾਨ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨਾਲ ਹੈ। ਕਿਸੇ ਨਾਅਰੇਬਾਜੀ ਜਾਂ ਉਲਾਰਪਣ ਤੋਂ ਅਸੀਂ ਹਮੇਸ਼ਾਂ ਪ੍ਰਹੇਜ਼ ਕੀਤਾ ਹੈ।
ਪਿਛਲੇ 26 ਸਾਲਾਂ ਵਿਚ ‘ਪੰਜਾਬ ਟਾਈਮਜ਼’ ਨੇ ਪਾਠਕਾਂ ਦਾ ਇਕ ਨਿੱਗਰ ਵਰਗ ਪੈਦਾ ਕੀਤਾ ਹੈ। ਇਹ ਵਰਗ ‘ਪੰਜਾਬ ਟਾਈਮਜ਼’ ਦੀ ਮਿਆਰੀ ਪੱਤਰਕਾਰੀ ਦਾ ਕਦਰਦਾਨ ਹੈ। ‘ਪੰਜਾਬ ਟਾਈਮਜ਼’ ਦੀ ਲੋਕਪ੍ਰਿਯਤਾ ਦਾ ਸਾਨੂੰ ਪਤਾ ਉਦੋਂ ਲਗਦਾ ਹੈ, ਜਦੋਂ ਕਦੇ ਬੁਧਵਾਰ ਨੂੰ ਪੇਪਰ ਵੈਬਸਾਈਟ ‘ਤੇ ਪਾਉਣ ਵਿਚ ਦੇਰੀ ਹੋ ਜਾਏ ਜਾਂ ਕਿਸੇ ਟੈਕਨੀਕਲ ਪ੍ਰਾਬਲਮ ਕਰਕੇ ਸਮੱਸਿਆ ਆ ਜਾਵੇ, ਤਾਂ ਪਾਠਕਾਂ ਦੇ ਫੋਨ ਅਤੇ ਈਮੇਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹ ਇਨੀ ਬੇਸਬਰੀ ਨਾਲ ਉਡੀਕ ਕਰਦੇ ਹੁੰਦੇ ਹਨ ਕਿ ਕਹਿਣਗੇ ਕਿ ਪੇਪਰ ਦੀ ਪੀ.ਡੀ.ਐਫ. ਫਾਈਲ ਹੀ ਭੇਜ ਦਿਓ।
ਸਰਦਾਰ ਅਮੋਲਕ ਸਿੰਘ ਜੀ ਦੇ ਆਸ਼ੇ ਅਨੁਸਾਰ ‘ਪੰਜਾਬ ਟਾਈਮਜ਼’ ਨਾ ਤਾਂ ਕਿਸੇ ਮਸਲੇ ਉਤੇ ਇਕ ਪਾਸੇ ਉਲਾਰ ਹੋਇਆ ਹੈ ਅਤੇ ਨਾ ਹੀ ਦੂਜੇ ਪਾਸੇ, ਨਾ ਹੀ ਇਸ ਨੇ ਕਿਸੇ ਇਕ ਜਥੇਬੰਦੀ, ਵਿਅਕਤੀ ਜਾਂ ਵਰਗ ਨੂੰ ਖੁਸ਼ ਕਰਨ ਜਾਂ ਵਿਰੋਧ ਕਰਨ ਲਈ ਆਪਣੇ ਪੱਤਰਕਾਰੀ ਦੇ ਅਸੂਲ ਛਿੱਕੇ ਟੰਗੇ ਹਨ। ਸਾਡੀ ਕੋਸ਼ਿਸ਼ ਹਮੇਸ਼ਾ ਇਕ ਜ਼ਿੰਮੇਵਾਰ, ਸੰਤੁਲਿਤ ਅਤੇ ਨਿਰਪੱਖ ਪਹੁੰਚ ਅਪਣਾ ਕੇ ਸਾਰੀ ਗੱਲ ਪਾਠਕਾਂ ਅੱਗੇ ਰੱਖਣ ਦੀ ਹੁੰਦੀ ਹੈ। ਕਿਸੇ ਮਸਲੇ ਉਤੇ ਵਿਸ਼ਲੇਸ਼ਣਾਤਮਕ ਟਿੱਪਣੀ ਤਾਂ ਪੇਸ਼ ਕਰਦੇ ਹਾਂ ਪਰ ਆਪਣੀ ਰਾਏ ਨਹੀਂ ਠੋਸਦੇ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਜਿਹੇ ਲੇਖ ਛਾਪੇ ਜਾਣ ਜੋ ਜਾਣਕਾਰੀ ਭਰਪੂਰ ਹੋਣ ਅਤੇ ਨਾਲ ਹੀ ਸਮਾਜ ਨੂੰ ਸਹੀ ਸੇਧ ਵਲ ਤੋਰ ਸਕਣ। ਕਿਸੇ ਮੁੱਦੇ ਜਾਂ ਮਸਲੇ ਉਤੇ ਬਹਿਸ ਛੇੜਨ ਲਈ ਅਸੀਂ ਅਕਸਰ ਵਿਚਾਰ ਛਾਪਦੇ ਰਹਿੰਦੇ ਹਾਂ ਅਤੇ ਮੁੱਦੇ ਦੇ ਪੱਖ ਅਤੇ ਵਿਰੋਧ ਵਿਚ ਆਉਣ ਵਾਲੇ ਵਿਚਾਰਾਂ ਨੂੰ ਬਰਾਬਰ ਦੀ ਥਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਮਕਸਦ ਹੁੰਦਾ ਹੈ ਕਿ ਵਿਚਾਰ-ਚਰਚਾ ਰਾਹੀਂ ਪਾਠਕ ਸਹੀ ਦਿਸ਼ਾ ਵਲ ਤੁਰ ਸਕੇ। ‘ਪੰਜਾਬ ਟਾਈਮਜ’ ਨੂੰ ਆਪਣੇ ਕਾਲਮਨਵੀਸਾਂ ‘ਤੇ ਵੀ ਮਾਣ ਹੈ। ਇਨ੍ਹਾਂ ਕਾਲਮਨਵੀਸਾਂ ਦੇ ਕਾਲਮ ਪਾਠਕ ਬੜੀ ਬੇਸਬਰੀ ਨਾਲ ਉਡੀਕਦੇ ਹਨ।
ਅਕਸਰ ਪਾਠਕਾਂ ਦੇ ‘ਪੰਜਾਬ ਟਾਈਮਜ਼’ ਨੂੰ ਪ੍ਰਸ਼ੰਸਾ ਦੇ ਫੋਨ ਆਉਂਦੇ ਰਹਿੰਦੇ ਹਨ। ਕੁਝ ਪਾਠਕ ਚਿਠੀਆਂ ਰਾਹੀਂ ਵੀ ਆਪਣੀ ਰਾਇ ਜ਼ਾਹਰ ਕਰਦੇ ਹਨ। ਮੇਰੀ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਫੋਨ ਕਰਨ ਦੀ ਥਾਂ ਤੇ ਕਿਸੇ ਵੀ ਰਚਨਾ ਬਾਰੇ ਆਪਣੇ ਵਿਚਾਰ ਲਿਖ ਕੇ ‘ਸੰਪਾਦਕ ਦੀ ਡਾਕ’ ਲਈ ਭੇਜਣ। ਇਸ ਤਰ੍ਹਾਂ ਆਪਣੀ ਰਾਇ ਉਹ ਲੇਖਕ ਤੇ ਅਖਬਾਰ ਦੇ ਅਮਲੇ ਦੇ ਨਾਲ-ਨਾਲ ਬਾਕੀ ਪਾਠਕਾਂ ਨਾਲ ਵੀ ਸਾਂਝੀ ਕਰ ਰਹੇ ਹੋਣਗੇ।
ਪਿਛਲੇ ਕੁਝ ਸਮੇਂ ਤੋਂ, ਕਰੋਨਾ ਤੋਂ ਬਾਅਦ ਜਦੋਂ ਤੋਂ ਅਰਥਚਾਰੇ ਵਿਚ ਮੰਦਾ ਆਇਆ ਹੈ, ਪੰਜਾਬੀ ਅਖਬਾਰਾਂ ਵਿਚ ਆਪੋ-ਆਪਣੀ ਆਮਦਨ ਵਧਾਉਣ ਲਈ ਇਸ਼ਤਿਹਾਰਾਂ ਦੀ ਖਿੱਚ-ਧੂਹ ਵਧੀ ਹੈ। ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਖੁਲ੍ਹੀ ਮੰਡੀ ਅਰਥਚਾਰੇ ਵਿਚ ਹਰ ਕਿਸੇ ਨੂੰ ਆਪਣਾ ਸਮਾਨ ਆਪਣੀ ਕੀਮਤ ‘ਤੇ ਵੇਚਣ ਦਾ ਹੱਕ ਹੈ ਪਰ ਫਿਰ ਵੀ ਇਹ ਖਿਆਲ ਰਖਣ ਦੀ ਲੋੜ ਹੈ ਕਿ ਇਕ-ਦੂਜੇ ‘ਤੋਂ ਸਸਤੇ ਭਾਅ ਇਸ਼ਤਿਹਾਰ ਵੇਚ ਕੇ ਆਮਦਨ ਵਧਾਉਣ ਦੀ ਵੀ ਇਕ ਹੱਦ ਹੀ ਹੋ ਸਕਦੀ ਹੈ। ਅਸੀਂ ਆਪਣੇ ਤੌਰ ‘ਤੇ ਇਸ਼ਤਿਹਾਰਾਂ ਦੀਆਂ ਦਰਾਂ ਦੀ ਜੰਗ ਵਿਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਅਜਿਹਾ ਕੀਤਿਆਂ ਸਮੁਚੀ ਪੰਜਾਬੀ ਪੱਤਰਕਾਰੀ ਦਾ ਹੀ ਨੁਕਸਾਨ ਹੈ। ‘ਪੰਜਾਬ ਟਾਈਮਜ਼’ ਨੂੰ ਇਸ ਅਰਸੇ ਦੌਰਾਨ ਆਰਥਕ ਚੁਣੌਤੀਆਂ ਦੇ ਨਾਲ-ਨਾਲ ਆਪਣੇ ਅਜਿਹੇ ਸਮਕਾਲੀਆਂ ਤੋਂ ਵੀ ਚੁਣੌਤੀਆਂ ਮਿਲੀਆਂ। ‘ਪੰਜਾਬ ਟਾਈਮਜ਼’ ਦੀ ਲੋਕਪ੍ਰਿਅਤਾ ਨੂੰ ਬਰਦਾਸ਼ਤ ਨਾ ਕਰਨ ਵਾਲੀਆਂ ਧਿਰਾਂ ਵਲੋਂ ਹੁਣ ਤਕ ਵੀ ਇਹ ਕੋਸ਼ਿਸ਼ਾਂ ਜਾਰੀ ਹਨ ਪਰ ਸਾਨੂੰ ਆਪਣੇ ਪਾਠਕਾਂ ‘ਤੇ ਮਾਣ ਹੈ ਕਿ ਉਹ ਸਾਡੀ ਪੱਤਰਕਾਰੀ ਦੀ ਕਦਰ ਕਰਦੇ ਹਨ। ਪਾਠਕਾਂ, ਸਨੇਹੀਆਂ ਅਤੇ ਸਲਾਹਕਾਰਾਂ ਨੇ ਸਾਨੂੰ ਜੋ ਅਥਾਹ ਪਿਆਰ, ਸਤਿਕਾਰ ਅਤੇ ਉਤਸ਼ਾਹ ਦਿੱਤਾ ਹੈ ਉਸ ਨੇ ਸਰਦਾਰ ਅਮੋਲਕ ਸਿੰਘ ਜੀ ਦੇ ਜਾਣ ਉਪਰੰਤ ਘੋਰ ਨਿਰਾਸ਼ਾ ਦੇ ਆਲਮ ਵਿਚ ਵੀ ਆਪਣੇ-ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਖਣ ਦੇ ਰਾਹ ਵਿਚ ਸਾਨੂੰ ਕਦੇ ਰੁਕਾਵਟ ਨਹੀਂ ਆਉਣ ਦਿੱਤੀ।
ਸਰਦਾਰ ਅਮੋਲਕ ਸਿੰਘ ਵਲੋਂ ਜਗਾਈ ਗਈ ‘ਪੰਜਾਬ ਟਾਈਮਜ਼’ ਰੂਪੀ ਜੋਤ ਨੂੰ ਜਗਾਈ ਰਖਣ ਦਾ ਜਨੂੰਨ ਹੀ ਸਾਡੀ ਉਹ ਸ਼ਕਤੀ ਹੈ, ਜੋ ਸਾਨੂੰ ਬਿਖੜੇ ਪੈਂਡਿਆਂ ਉੱਤੇ ਵੀ ਸੁਨਹਿਰੀ ਸਫ਼ਰ ਦੀਆਂ ਨਵੀਆਂ ਤੋਂ ਨਵੀਆਂ ਪੈੜਾਂ ਪਾਉਣ ਲਈ ਸਦਾ ਜਿਊਂਦੇ-ਜਾਗਦੇ ਰੱਖਦੀ ਹੈ। ਨਿਰਸੰਦੇਹ ‘ਪੰਜਾਬ ਟਾਈਮਜ਼’ ਦੀ ਜੀਵਨਧਾਰਾ ਇਸਦੇ ਪਾਠਕ, ਇਸ ਦੇ ਸਨੇਹੀ, ਇਸਦੇ ਸਹਿਯੋਗੀ ਅਤੇ ਇਸ ਦੇ ਸਲਾਹਕਾਰ ਹੀ ਹਨ। ਇਸ ਸ਼ਾਨਾਮੱਤੇ ਪੜਾਅ ਉੱਤੇ ‘ਪੰਜਾਬ ਟਾਈਮਜ਼’ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸਲਾਮਤੀ ਅਤੇ ਬਿਹਤਰੀ ਲਈ ਵਿਸ਼ਵ ਭਰ ਵਿਚ ਸਰਬ ਸਾਂਝੀਵਾਲਤਾ ਦਾ ਸੰਦੇਸ਼ ਫੈਲਾਉਣ ਲਈ ਯਤਨਸ਼ੀਲ ਰਹਿਣ ਦਾ ਸਵਰਗੀ ਅਮੋਲਕ ਸਿੰਘ ਦਾ ਅਹਿਦ ਦੁਹਰਾਉਂਦਾ ਹੋਇਆ, ਤੁਹਾਥੋਂ ਹੋਰ ਵਧੇਰੇ ਸਹਿਯੋਗ ਦੀ ਆਸ ਰੱਖਦਾ ਹੈ। ਬਹੁਤ ਬਹੁਤ ਧੰਨਵਾਦ ਜੀ!
