‘ਪੰਜਾਬ ਟਾਈਮਜ਼’ ਅਮਰੀਕਾ ਵਿਚ ਕੀਤੀ ਜਾ ਰਹੀ ਸਾਰਥਿਕ, ਸਹਿਜ ਅਤੇ ਸਾਫ਼ਸੁਥਰੀ ਪੰਜਾਬੀ ਪੱਤਰਕਾਰੀ ਦਾ ਉਹ ਸਤੰਭ ਹੈ, ਜਿਸ ਦਾ ਕੋਈ ਹੋਰ ਸਾਨੀ ਨਹੀਂ ਹੈ। ਚੌਥਾਈ ਸਦੀ ਦਾ ਇਹ ਸ਼ਾਨਾ ਮੱਤਾ ਸਫ਼ਰ ਨਿਰਪੱਖਤਾ ਅਤੇ ਨਿਡਰਤਾ ਦੀ ਇਕ ਅਦਭੁੱਤ ਮਿਸਾਲ ਹੈ। ਇਸ ਵਿਚ ਛਪਣ ਵਾਲੀ ਸਮੁੱਚੀ ਸਮੱਗਰੀ ਅਤੇ ਇਸਦੇ ਸਫ਼ਿਆਂ ਦਾ ਸ਼ਿੰਗਾਰ ਬਣਨ ਵਾਲੀਆਂ ਘਟਨਾਵਾਂ
ਦਾ ਵੇਰਵਾ ਰੋਜ਼ ਮਰਹਾ ਦੀਆਂ ਪ੍ਰਚਲਿਤ ਜਿਹੀਆਂ ਖਬਰਾਂ ਜਾਂ ਕਚਘਰੜ ਜਿਹੇ ਲੇਖਾਂ ਤੱਕ ਹੀ ਸੀਮਤ ਨਹੀਂ ਹੁੰਦਾ। ਇਸ ਦੇ ਦਮਦਾਰ ਸਫਿਆਂ ਉੱਤੇ ਨਜ਼ਰ ਮਾਰੀਏ ਤਾਂ ਇਨ੍ਹਾਂ ਵਿਚੋਂ ਸਮੁੱਚੀ ਪੰਜਾਬੀਅਤ ਡਲਕਾਂ ਮਾਰਦੀ ਪ੍ਰਤੱਖ ਦਿਸਦੀ ਹੈ। ਇਨ੍ਹਾਂ ਸਫਿਆਂ ਵਿਚ ਪੰਜਾਬੀ ਭਾਸ਼ਾ ਦੀ ਵਿਸ਼ਵ ਵਿਆਪੀ ਪ੍ਰਫੁੱਲਤਾ ਲਈ ਤਾਂਘਦੀ ਤਮੰਨਾ ਵੀ ਹੈ, ਗੁਰੂ ਸਾਹਿਬਾਨ ਦੇ ਵਰਸਾਏ ਹੋਏ ਸਰਬ ਸਾਂਝੀ ਵਾਲਤਾ ਦੇ ਜਜ਼ਬੇ ਦਾ ਜਲੋਅ ਵੀ ਹੈ, ਪੰਜਾਬੀ ਸੱਭਿਆਚਾਰ ਦੀ ਵੰਨਸੁਵੰਨਤਾ ਵੀ ਹੈ, ਪੰਜਾਬੀ ਸਾਹਿਤ ਦੀ ਸਰਬਾਂਗਤਾ ਵੀ ਹੈ, ਵਿਦੇਸ਼ਾਂ ਵਿਚ ਪੰਜਾਬੀਆਂ ਦੇ ਵਸੇਬੇ ਦੀਆਂ ਦੁਸ਼ਵਾਰੀਆਂ ਦੇ ਦਰਦ ਵੀ ਹਨ, ਵਿਸ਼ਵ ਭਰ ਵਿਚ ਪੰਜਾਬੀਆਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਦਾ ਗੌਰਵ ਵੀ ਹੈ। ਯਾਨੀ ਕਿ ਜ਼ਿੰਦਗੀ ਦੇ ਹਰ ਪਹਿਲੂ ਨਾਲ ਜੁੜੇ ਹੋਏ ਜ਼ਿੰਦਗੀ ਦੇ ਹਰ ਚਾਅ ਅਤੇ ਮਲਾਰ ਨਾਲ ਸਜੇ ਹੋਏ ਇਹ ਸਫ਼ੇ ਨਿਰੇ ਪੁਰੇ ‘ਪੰਜਾਬ ਟਾਈਮਜ਼’ ਦੇ ਸਫ਼ੇ ਹੀ ਨਹੀਂ ਹਨ, ਇਹ ਸਾਡੇ ਵਰਤਮਾਨ ਦੇ ਉਹ ਸਫ਼ੇ ਹਨ, ਜਿਨਾਂ ਵਿਚੋਂ ਇਤਿਹਾਸ ਵੀ ਝਲਕਦਾ ਹੈ ਅਤੇ ਭਵਿੱਖ ਵੀ ਨਿਹਾਰਿਆ ਜਾ ਸਕਦਾ ਹੈ ।
ਪਿਛਲੀ ਸਦੀ ਦੀ ਸ਼ਾਮ ਦੇ ਸੂਰਜ ਨੂੰ ਅਲਵਿਦਾ ਕਹਿਣ ਵੇਲੇ ਅਤੇ ਨਵੀਂ ਸਦੀ ਦੀ ਸਵੇਰ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਸੰਨ 2000 ਦੀ ਪਹਿਲੀ ਜਨਵਰੀ ਨੂੰ ਸਰਦਾਰ ਅਮੋਲਕ ਸਿੰਘ ਜੰਮੂ ਦੇ ਸੁਨਹਿਰੀ ਸੁਪਨਿਆਂ ਵਿਚੋਂ, ਜਦੋਂ ‘ਪੰਜਾਬ ਟਾਈਮਜ਼’ ਦਾ ਸੂਰਜ ਉਦੈ ਹੋਇਆ ਤਾਂ ਉਹ ਸਮਾਂ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ, ਅਤੇ ਪੰਜਾਬੀ ਬੰਦੇ ਦੀ ਵਿਦੇਸ਼ਾਂ ਵਿਚ ਰਸਾਈ ਦਾ ਅਤੇ ਆਪਣੀ ਸਭਿਆਚਾਰਕ ਪਛਾਣ ਪ੍ਰਤੀ ਜਾਗਰੂਕਤਾ ਦਾ ਇੱਕ ਤਰ੍ਹਾਂ ਨਾਲ ਮੁਢਲਾ ਦੌਰ ਹੀ ਸੀ। ਇਸ ਸਮੇਂ ਤੱਕ ਬਰਤਾਨੀਆ ਪੰਜਾਬੀ ਪੱਤਰਕਾਰੀ ਵਿਚ ਕਾਫ਼ੀ ਸਫਰ ਤਹਿ ਕਰ ਚੁੱਕਿਆ ਸੀ। ‘ਦੇਸ ਪ੍ਰਦੇਸ’ ਅਤੇ ‘ਸੰਦੇਸ਼’ ਵਰਗੇ ਪੰਜਾਬੀ ਪਰਚੇ ਆਪਣੀ ਸਿਖਰਾਂ ਛੋਹ ਕੇ ਵਾਪਸ ਪਰਤ ਚੁੱਕੇ ਸਨ। ਕਨੈਡਾ ਵਿਚ ‘ਇੰਡੋ-ਕਨੇਡੀਅਨ ਟਾਈਮਜ਼’ ਅਤੇ ‘ਕਨੇਡਾ ਦਰਪਣ’ ਵੀ ਪੱਥਰ ਚੱਟ ਕੇ ਮੁੜ ਚੁੱਕੇ ਸਨ। ‘ਪੰਜਾਬ ਟਾਈਮਜ਼’ ਅਮਰੀਕਾ ਦੀ ਧਰਤੀ ‘ਤੋਂ ਉਸ ਵੇਲੇ ਛਪਣ ਵਾਲਾ ਦੂਸਰਾ ਪਰਚਾ ਸੀ। ਪਹਿਲਾ ਪਰਚਾ ਨਿਊਯਾਰਕ ‘ਤੋਂ ਛਪਣ ਵਾਲਾ ‘ਸ਼ੇਰੇ ਪੰਜਾਬ’ ਸੀ, ਜੋ ਆਰਥਕ ਤੰਗੀਆਂ ਕਰਕੇ ਬੰਦ ਹੋ ਚੁਕਾ ਹੈ।
‘ਪੰਜਾਬ ਟਾਈਮਜ਼’ ਦੇ ਆਗਾਜ਼ ਦਾ ਸਮਾਂ ਉੱਹ ਸਮਾਂ ਸੀ ਜਦੋਂ ਭਾਰਤੀ ਪੰਜਾਬ ਸਾਲਾਂ ਸਾਲਾਂ ਤੱਕ ਹੰਢਾਏ ਗਹਿਰੇ ਸੰਕਟ ਦੀ ਗ੍ਰਿਫ਼ਤ ਵਿਚੋਂ ਨਿਕਲ ਕੇ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਵਿਚ ਭਟਕ ਰਿਹਾ ਸੀ। ਹਰੇ ਇਨਕਲਾਬ ਦਾ ਜਾਦੂ ਖਤਮ ਹੋ ਚੁੱਕਾ ਸੀ। ਉਦਾਰਵਾਦੀ ਅਰਥ ਵਿਵਸਥਾ ਦਾ ਵਰੋਸਾਇਆ ਹੋਇਆ ਵਿਸ਼ਵੀਕਰਨ ਵੀ ਆਪਣਾ ਤਲਿਸਮ ਗੁਆਉਣਾ ਸ਼ੁਰੂ ਹੋ ਚੁੱਕਿਆ ਸੀ। ਵਿਦੇਸ਼ੀ ਧਰਤੀ ਉੱਤੇ ਦੇਸੀ ਜਨ-ਜੀਵਨ ਦੇ ਗੌਰਵ ਨੂੰ ਆਪਣੀ ਭਾਸ਼ਾ ਅਤੇ ਆਪਣੇ ਸੱਭਿਆਚਾਰ ਦੇ ਬਲਬੂਤੇ ਆਪਣੀ ਮੂਲ ਪਛਾਣ ਨੂੰ ਬਣਾਈ ਰੱਖਣਾ ਅਤੇ ਰੋਟੀ-ਰੋਜ਼ੀ ਦੇ ਵਸੀਲੇ ਵਜੋਂ ਪੰਜਾਬੀ ਪੱਤਰਕਾਰੀ ਨੂੰ ਅਪਣਾਉਣਾ ਨੰਗੇ ਪੈਰਾਂ ਨਾਲ ਕੰਡਿਆਂ ਉੱਤੇ ਤੁਰਨ ਵਾਂਗ ਸੀ। ਪਰ ਅਮੋਲਕ ਸਿੰਘ ਜੰਮੂ ਦੇ ਦ੍ਰਿੜ ਸੰਕਲਪਾਂ ਅਤੇ ਪੱਕੇ ਇਰਾਦਿਆਂ ਨੇ ਕੰਡਿਆਂ ਭਰੀ ਇਸ ਡਗਰ ਨੂੰ ਚੁਣਨਾ ਠੀਕ ਸਮਝਿਆ। ਚਾਰੇ ਕੂਟਾਂ ਵੰਗਾਰਾਂ ਨਾਲ ਭਰੀਆਂ ਪਈਆਂ ਸਨ। ਪਰ ਸਿਹਤ ਅਤੇ ਸਾਧਨਾਂ ਦੀਆਂ ਅਥਾਹ ਦੁਸ਼ਵਾਰੀਆਂ ਦੇ ਬਾਵਜੂਦ ਉਨ੍ਹਾਂ ਨੇ ਪਿਛਾਂਹ ਮੁੜ ਕੇ ਨਾ ਵੇਖਿਆ! ਉਨ੍ਹਾਂ ਨੇ ਕਦੇ ਵੀ ਨਾ ਸੋਚਿਆ ਕਿ ‘ਬਹੁਤ ਕਠਿਨ ਹੈ ਡਗਰ ਪਨਘਟ ਕੀ ‘ … ਕਿਉਂਕਿ ਅੱਗੇ ਤੋਂ ਅੱਗੇ ਚਲਦੇ ਜਾਣਾ ਉਨ੍ਹਾਂ ਦਾ ਸੁਭਾਅ ਸੀ। ਅੱਗੇ ਵਧਣ ਨੂੰ ਉਨ੍ਹਾਂ ਨੇ ਆਪਣਾ ਆਸ਼ਾ ਬਣਾ ਲਿਆ। ਇਸ ਆਸ਼ੇ ਦੀ ਪੂਰਤੀ ਕਰਦੇ ਕਰਦੇ ਆਪ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ…
ਉਨ੍ਹਾਂ ਦੇ ਲਾਏ ਇਸ ਬੂਟੇ ਨੂੰ ਹਰਾ ਭਰਾ ਰੱਖਣਾ ਹੁਣ ਸਾਡਾ ਆਸ਼ਾ ਹੈ, ਮਿਸ਼ਨ ਹੈ। ਇਸ ਸਫਰ ਵਿਚ ਸਾਡੇ ਨਾਲ ਨਾਲ ਸਾਡੇ ਸਲਾਹਕਾਰ ਬੋਰਡ ਦਾ ਅਜਿਹਾ ਅਸ਼ੀਰਵਾਦ ਵੀ ਹੈ, ਜੋ ਸਾਨੂੰ ਥਿੜਕਣ ਨਹੀਂ ਦਿੰਦਾ, ਰੁਕਣ ਨਹੀਂ ਦਿੰਦਾ, ਪਿੱਛੇ ਮੁੜਨ ਨਹੀਂ ਦਿੰਦਾ। ਸਤਾਰਾਂ ਮਈ ਦਿਨ ਸਨਿਚਰਵਾਰ ਦੀ ਸ਼ਾਮ ‘ਪੰਜਾਬ ਟਾਈਮਜ਼’ ਦੀ 26ਵੀਂ ਨਾਈਟ ਉਹ ਮੁਕਾਮ ਹੈ, ਜਦੋਂ ਸਰਦਾਰ ਅਮੋਲਕ ਸਿੰਘ ਜੰਮੂ ਦੇ ਆਸ਼ੇ ਦਾ ਅਹਿਦ ਇੱਕ ਵਾਰ ਫੇਰ ਦੁਹਰਾਇਆ ਜਾਏਗਾ। ਇਹ ਜਾਣਦਿਆਂ ਹੋਇਆਂ ਵੀ ਕਿ:-
ਯੇ ਇਸ਼ਕ ਨਹੀਂ ਆਸਾਂ
ਇਤਨਾ ਤੋ ਸਮਝ ਲੀਜੀਏ
ਏਕ ਆਗ ਕਾ ਦਰੀਯਾ ਹੈ
ਔਰ ਡੂਬ ਕੇ ਜਾਨਾ ਹੈ
ਅੱਗ ਦੀਆਂ ਲਾਟਾਂ ਨਾਲ ਭਰੇ ਹੋਏ ਇਸ ਰਸਤੇ ਉੱਤੇ ਚਲਦਿਆਂ ਤੁਹਾਡਾ ਸਾਥ ਇਸੇ ਤਰ੍ਹਾਂ ਬਣਿਆ ਰਹੇਗਾ ਤਾਂ ਇਹ ਰਸਤਾ ਹੀ ਸਾਡੀ ਮੰਜ਼ਿਲ ਹੋ ਜਾਏਗੀ। ਵਰਤਮਾਨ ਵਿਚ ਚਮਕਦਾ ਸਾਰਥਿਕ ਪੱਤਰਕਾਰੀ ਦਾ ਇਹ ਸਤੰਭ ਭਵਿੱਖ ਨੂੰ ਵੀ ਰੌਸ਼ਨ ਕਰਦਾ ਰਹੇ! ਇਹੀ ਸਾਡਾ ਆਸ਼ਾ ਹੈ, ਇਹੀ ਸਾਡਾ ਅਹਿਦ ਹੈ।
