ਗੁਰਮੀਤ ਸਿµਘ ਪਲਾਹੀ
ਫੋਨ: 98158-02070
ਦੁਨੀਆ ਭਰ ਵਿਚ ਇਸ ਤੋਂ ਪਹਿਲਾਂ ਲਗਾਤਾਰ ਇੰਨੇ ਸਾਰੇ ਹਥਿਆਰਬੰਦ ਸੰਘਰਸ਼ ਨਹੀਂ ਹੋਏ, ਜਿੰਨੇ ਇਸ ਵੇਲੇ ਹੋ ਰਹੇ ਹਨ। ਗਲੋਬਲ ਪੀਸ ਇੰਡੈਕਸ 2024 ਦੇ ਅਨੁਸਾਰ ਸੰਘਰਸ਼ ਕਰਨ ਵਾਲੇ ਦੇਸ਼ਾਂ ਦੀ ਸੰਖਿਆ, ਦੂਜੇ ਵਿਸ਼ਵ ਯੁੱਧ ਦੇ ਬਾਅਦ ਇਸ ਸਮੇਂ ਸਭ ਤੋਂ ਵੱਧ ਹੈ।
ਸਾਲ 2020 ‘ਚ ਹਥਿਆਰਬੰਦ ਸੰਘਰਸ਼ਾਂ ਦੀ ਗਿਣਤੀ 56 ਅਤੇ 2024 ‘ਚ 59 ਹੋ ਗਈ। ਸਾਲ 2023 ‘ਚ ਇਜ਼ਰਾਇਲ-ਹਮਾਸ ਅਤੇ ਯੂਕਰੇਨ-ਰੂਸ, ਮਿਆਮੀ ਗ੍ਰਹਿ ਯੁੱਧ, ਸੁਡਾਨ ਗ੍ਰਹਿ ਯੁੱਧ ਲੜੇ ਗਏ। ਜਿਨ੍ਹਾਂ ‘ਚ 10 ਹਜ਼ਾਰ ਤੋਂ ਵੱਧ ਗਿਣਤੀ ‘ਚ ਲੋਕ ਮਰੇ।
ਮਾਹਰਾਂ ਦੀ ਅਸ਼ੰਕਾ ਹੈ ਕਿ 2025 ਵਿਚ ਇਜ਼ਰਾਇਲ, ਗਾਜ਼ਾ, ਲੈਬਨਾਨ, ਇਰਾਨ, ਇਰਾਕ, ਸੀਰੀਆ, ਯਮਨ, ਪਾਕਿਸਤਾਨ, ਯੁਗਾਂਡਾ ਆਦਿ ਵਿਚ ਹਾਲਾਤ ਖਰਾਬ ਹੋ ਜਾਣਗੇ। ਅਮਰੀਕਾ ਨੇ ਇਨ੍ਹਾਂ ਵਿਚੋਂ ਕਈ ਦੇਸ਼ਾਂ ਨੂੰ ਪਹਿਲਾਂ ਹੀ ਉਕਸਾਇਆ ਹੈ। 2022 ਵਿਚ ਅਮਰੀਕਾ ਨੇ ਇਕੱਲੇ ਯੂਕਰੇਨ ਨੂੰ 18.1 ਅਰਬ ਡਾਲਰ ਦੇ ਹਥਿਆਰ ਦਿੱਤੇ। 2023 ਵਿਚ ਇਹ ਵੱਧ ਕੇ 80.9 ਅਰਬ ਡਾਲਰ ਹੋ ਗਏ। ਦੁਨੀਆ ਭਰ ਵਿਚ ਹਥਿਆਰਾਂ ਦੀ ਵਿਕਰੀ 238 ਅਰਬ ਡਾਲਰ ਦੀ ਸੀ, ਜਿਸ ਵਿਚ 81 ਅਰਬ ਡਾਲਰ ਦੀ ਸਿੱਧੀ ਵਿਕਰੀ ਸਿਰਫ਼ ਅਮਰੀਕਾ ਸਰਕਾਰ ਨੇ ਕੀਤੀ, ਜੋ 2022 ਨਾਲੋਂ 56 ਫੀਸਦੀ ਵੱਧ ਹੈ। 2023 ਵਿਚ ਅਮਰੀਕਾ ਨੇ ਇਜ਼ਰਾਇਲ ਨੂੰ 21.2 ਅਰਬ ਡਾਲਰ ਦਿੱਤੇ 2024 ਵਿਚ ਇਹ ਵਧ ਕੇ 42.76 ਅਰਬ ਡਾਲਰ ਹੋ ਗਏ।
ਲਗਭਗ ਸਾਰੇ ਮਹਾਦੀਪ ਸੰਘਰਸ਼ ਅਤੇ ਯੁੱਧ ਦੇ ਦੌਰ ਵਿਚ ਹਨ ਅਤੇ ਹਥਿਆਰਾਂ ਦੀ ਦੌੜ ਵਿਚ ਸ਼ਾਮਲ ਹਨ। ਹੋਰ ਸਭ ਅਮੀਰ ਮੁਲਕਾਂ ਨਾਲੋਂ ਅਮਰੀਕਾ ਸਭ ਤੋਂ ਅੱਗੇ ਹੈ। ਉਹ ਆਪਣੇ ਹਥਿਆਰਾਂ ਦੇ ਵਪਾਰ ਅਤੇ ਵਪਾਰਕ ਹਿੱਤਾਂ ਲਈ ਹਰ ਹਰਬਾ ਵਰਤ ਰਿਹਾ ਹੈ। ਅਮਰੀਕਾ ਦੀ ਟਰੰਪ ਸਰਕਾਰ ਨੇ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਵਪਾਰਕ ਜੰਗ ਛੇੜੀ ਹੋਈ ਹੈ। ਗਾਜ਼ਾ ਅਤੇ ਯੂਕਰੇਨ ‘ਚ ਅਮਰੀਕਾ ਦੀ ਸਿੱਧੇ ਅਸਿੱਧੇ ਦਖਲ ਨਾਲ ਗਹਿਰੀ ਸ਼ਮੂਲੀਅਤ ਹੈ।
2025 ‘ਚ ਅੱਤ ਘਿਨਾਉਣੀ ‘ਪਹਿਲਗਾਮ’ ਘਟਨਾ ‘ਤੋਂ ਬਾਅਦ ਪਾਕਿ-ਭਾਰਤ ਯੁੱਧ ਨੇ ਦੱਖਣੀ ਏਸ਼ੀਆ ਖਿੱਤੇ ‘ਚ ਅਸਥਿਰਤਾ ਪੈਦਾ ਕਰ ਦਿੱਤੀ। ਅਚਾਨਕ ਜੰਗਬੰਦੀ ਦਾ ਐਲਾਨ ਹੋ ਗਿਆ। ਦੋਹਾਂ ਪਾਸਿਆਂ ਦੀ ਜਨਤਾ ਦੇ ਮਨਾਂ ‘ਚ ਖ਼ੁਸ਼ੀ ਹੈ, ਕਿਉਂਕਿ ਉਹ ਤਾਂ ਜੰਗ ਚਾਹੁੰਦੀ ਹੀ ਨਹੀਂ ਸੀ, ਸਗੋਂ ਇਹ ਜੰਗ ਤਾਂ ਉਨ੍ਹਾਂ ਉੱਤੇ ਥੋਪੀ ਜਾ ਰਹੀ ਸੀ। ਲੋਕਾਂ ‘ਚ ਪਰੇਸ਼ਾਨੀ ਸੀ। ਕਈ ਰਾਤਾਂ ਤੋਂ ਉਨ੍ਹਾਂ ਸੌਂ ਕੇ ਨਹੀਂ ਵੇਖਿਆ। ਆਖਰ ਇਹ ਮਾਜਰਾ ਹੈ ਕੀ ਸੀ? ਇਹ ਗੱਲ ਨਿੱਬੜ ਕਿਵੇਂ ਗਈ? ਆਖਰ ਦੋਹਾਂ ਦੇਸ਼ਾਂ ਦੇ ‘ਸੇਵਕ’ ਚੁੱਪ-ਚੁਪੀਤੇ ‘ਥਾਣੇਦਾਰ ਟਰੰਪ’ ਦੀ ਗੱਲ ਕਿਵੇਂ ਮੰਨ ਗਏ? ਆਖਰ ਇਨ੍ਹਾਂ ਮੁਲਕਾਂ ਦੇ ਇਨ੍ਹਾਂ ‘ਰਾਖਿਆਂ’ ਨੂੰ ਲੋਕਾਂ ਨੂੰ ਜੰਗ ‘ਚ ਝੋਕਣ ਦਾ ਫ਼ਾਇਦਾ ਕੀ ਮਿਲਿਆ?
ਪਾਕਿਸਤਾਨ ਇਸ ਜੰਗ ਦੀ ਆੜ ਵਿਚ 2.3 ਅਰਬ ਡਾਲਰ ਦਾ ਆਈ.ਐੱਮ.ਐੱਫ. ਅੰਤਰਰਾਸ਼ਟਰੀ ਕਰਜ਼ਾ ਪ੍ਰਾਪਤ ਕਰ ਗਿਆ ਅਤੇ ਸਾਡੇ ਹਾਕਮ ਨੇ ‘ਬਿਹਾਰ’ ਦੀ ਚੋਣ ਜਿੱਤਣ ਦਾ ਮਾਹੌਲ ਸਿਰਜਣ ਲਈ ਜੋ ਬਿਸਾਤ ਵਿਛਾਈ ਸੀ, ਉਸ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ‘ਚ ਕਾਮਯਾਬ ਹੋ ਗਿਆ। ਪਰ ਇੱਕ ਗੱਲ ਜਿਹੜੀ ਉਹ ਨਹੀਂ ਕਰ ਸਕਿਆ, ਉਹ ਹਿੰਦੂ-ਮੁਸਲਮਾਨਾਂ ਦਾ ਫਸਾਦ ਨਾ ਕਰਵਾ ਸਕਿਆ ਜਾਂ ਕਹਿ ਲਈਏ ਆਪਣੇ ਉਸ ਮਨਸੂਬੇ ‘ਚ ਸਫ਼ਲ ਨਹੀਂ ਹੋ ਸਕਿਆ, ਜਿਸ ਨੂੰ ਬਣਾਉਣਾ ਉਸਨੇ ਚਿਤਵਿਆ ਸੀ। ਕੀ ਸੱਚ-ਮੁੱਚ ਸਾਡੇ ‘ਹਾਕਮ’ ਦੇ ਮਨ ਵਿਚ ‘ਅਤਿਵਾਦੀਆਂ’ ਨੂੰ ਸਬਕ ਸਿਖਾਉਣ ਤੇ ਉਨ੍ਹਾਂ ਦੇ ਪਾਲਣਹਾਰੇ ਪਾਕਿਸਤਾਨੀ ਹੁਕਮਰਾਨਾਂ ਨੂੰ ਸਬਕ ਸਿਖਾਉਣ ਦੀ ਮਨਸ਼ਾ ਸੀ ਜਾਂ ਮਨਸੂਬਾ ਸਿਰਫ਼ ਆਪਣੀ ਗੱਦੀ ਨੂੰ ਪੱਕਿਆਂ ਕਰਨਾ ਸੀ? ਕਹਿੰਦੇ ਹਨ ਸਰਵਿਆਂ ਅਨੁਸਾਰ ਬਿਹਾਰ ‘ਚ ਚੋਣ ‘ਸੱਤਾਧਾਰੀ’ ਹਾਰ ਰਹੇ ਸਨ, ਜਿਸ ਦਾ ਅਸਰ ਸਿਰਫ਼ ਬਿਹਾਰ ਚੋਣਾਂ ‘ਚ ਹੀ ਨਹੀਂ ਸੀ ਪੈਣਾ ਸਗੋਂ ਕੇਂਦਰ ਸਰਕਾਰ ਵੀ ‘ਤੜੱਕ ਕਰਕੇ’ ਨਿਤੀਸ਼ ਕੁਮਾਰ ਕਾਰਨ ਡਿੱਗ ਪੈਣੀ ਸੀ।
ਰਹੀ ਗੱਲ ਟਰੰਪ ਦੀ ਉਸਨੂੰ ਤਾਂ ਆਪਣੇ ਹਿੱਤ ਪਿਆਰੇ ਹਨ। ਉਸਨੇ ਤਾਂ ਆਪਣਾ ਫ਼ੌਜੀ ਸਮਾਨ ਵੇਚਣਾ ਹੈ। ਦੁਨੀਆ ਦਾ ਸਭ ਤੋਂ ਵੱਡਾ ਸੌਦਾਗਰ ਇਸ ਗੱਲ ਲਈ ਮਸ਼ਹੂਰ ਹੈ ਕਿ ਉਹ ਦੇਸ਼ਾਂ ਨੂੰ ਆਪਸ ਵਿਚ ਲੜਾਉਂਦਾ ਹੈ ਅਤੇ ਆਪਣੇ ਹਥਿਆਰ ਵੇਚਦਾ ਹੈ, ਚੋਖਾ ਮੁਨਾਫ਼ਾ ਕਮਾਉਂਦਾ ਹੈ। ਟਰੰਪ ਪ੍ਰਸ਼ਾਸਨ ਤਾਂ ਇਸ ਵੇਲੇ ਦੁਨੀਆ ਭਰ ਵਿਚ ਧੌਂਸ-ਧੱਕੇ ਲਈ ਮਸ਼ਹੂਰ ਹੈ। ਜਿਸ ਵੱਲੋਂ ਦੁਨੀਆਂ ਦੇ ਹਿੱਤ ਲਾਂਭੇ ਰੱਖ ਕੇ, ਅਮਰੀਕੀ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਲਈ ਸਿਰਫ਼ ਗੱਲਾਂ ਹੀ ਨਹੀਂ ਕੀਤੀਆਂ ਜਾ ਰਹੀਆਂ, ਸਗੋਂ ਅਮਲੀ ਕਦਮ ਵੀ ਪੁੱਟੇ ਜਾ ਰਹੇ ਹਨ। ਅਸਲ ਅਰਥਾਂ ਵਿਚ ਟਰੰਪ ਜੰਗ ਲਗਵਾਉਂਦਾ ਵੀ ਹੈ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਅਤੇ ਭਲ ਖੱਟਣ ਲਈ ਜੰਗ ਰੁਕਵਾਉਂਦਾ ਵੀ ਹੈ। ਹਿੰਦੁਸਤਾਨ-ਪਾਕਿਸਤਾਨ ਦੀ ਜੰਗ ‘ਚ ਇੱਕ ਵਿਚੋਲੇ ਦਾ ਰੋਲ ਅਦਾ ਕਰਕੇ, ਉਹ ਅਮਨ ਦਾ ਮਸੀਹਾ ਬਣਨ ਦੇ ਯਤਨ ‘ਚ ਹੈ। ਪਰ ਕੀ ਇਹ ਸੱਚ-ਮੁੱਚ ਇਵੇਂ ਹੀ ਹੈ? ਜੇ ਹੈ ਤਾਂ ਰੂਸ- ਯੂਕਰੇਨ ਜੰਗ ‘ਚ ਉਸਦੀ ਭੂਮਿਕਾ ਇੱਕ ਪੱਖੀ ਕਿਉਂ ਹੈ? ਜੇ ਹੈ ਤਾਂ ਇਜ਼ਰਾਇਲ-ਹਮਾਸ ‘ਚ ਉਸ ਦਾ ਰੋਲ ਇੱਕ ਪਾਸੜ ਕਿਉਂ ਹੈ?
ਇਸ ਸਮੇਂ ਭਾਰਤ-ਪਾਕਿ ਜੰਗ ਅਤੇ ਜੰਗਬੰਦੀ ‘ਚ ਟਰੰਪ ਦੀ ਭੂਮਿਕਾ ਦੀ ਵੱਡੀ ਚਰਚਾ ਹੈ। ਉਸਦਾ ਮਕਸਦ ਆਪਣਾ ਵਪਾਰ ਵਧਾਉਣਾ ਹੈ ਅਤੇ ਟਰੰਪ ਦੇ ਸ਼ਬਦਾਂ ‘ਚ, ‘ਦੋਹੇ ਧਿਰਾਂ ਉਸਦੀਆਂ ‘ਪਿਆਰੀਆਂ’ ਹਨ।’ ਉਸ ਨੇ ਦੋਹਾਂ ਪਹਿਲਵਾਨਾਂ ਨੂੰ ਉਦੋਂ ਤੱਕ ਲੜਨ ਦਿੱਤਾ, ਜਦੋਂ ਤੱਕ ਉਸ ਨੇ ਚਾਹਿਆ ਜਾਂ ਜਿੱਥੋਂ ਤੱਕ ਉਸਦਾ ਹਿੱਤ ਸਾਧਿਆ ਮੰਨਿਆ ਗਿਆ। ਉਂਝ ਪਾਕਿਸਤਾਨ ਧਿਰ, ਉੱਥੋਂ ਦੇ ਹਾਕਮ ਪਰੇਸ਼ਾਨ ਹਨ, ਉਥੋਂ ਦੀ ਫ਼ੌਜ ਅਤੇ ਉਥੋਂ ਦੇ ਅਤਿਵਾਦੀ ਸੰਗਠਨਾਂ ਤੋਂ, ਜਿਹੜੇ ਚੈਨ ਨਾਲ਼ ਉਨ੍ਹਾਂ ਨੂੰ ਰਾਜ ਨਹੀਂ ਕਰਨ ਦਿੰਦੇ। ਇਹੋ ਵਜ੍ਹਾ ਹੈ ਕਿ ਉਸ ਦੀ ‘ਸੈਨਾ’ ਅਤੇ ‘ਅਤਿਵਾਦੀਆਂ’ ਨੂੰ ਭਾਰਤ ਦੇ ਗਲ ਪਾਈ ਰੱਖਦੇ ਹਨ। ਪਰ ਇਸ ਸਭ ਕੁਝ ਦਾ, ਸਭ ਤੋਂ ਭੈੜਾ ਅਸਰ ਪੰਜਾਬ ‘ਤੇ ਪੈਂਦਾ ਹੈ। ਹੁਣ ਜਦੋਂ ਦੋਵੇਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਨੇੜੇ ਆ ਰਹੇ ਸਨ ਅਤੇ ਹੁਣ ਵੀ ਨੇੜੇ ਹਨ, ਦੂਰ ਨਹੀਂ, ਸਰਹੱਦ ਪਾਰ ਆਪਸੀ ਵਪਾਰ ਦੀਆਂ ਗੱਲਾਂ ਕਰਨ ਲੱਗ ਪਏ ਸਨ। ਇਹ ਗੱਲਾਂ ਹਾਕਮ ਨੂੰ ਸਖਾਂਦੀਆਂ ਨਹੀਂ। ਇਹੋ ਜਿਹਾ ‘ਸੀਨ’ ਕੁਝ ਦਿਨਾਂ ਵਿਚ ਸਿਰਜ ਦਿੱਤਾ, ਦੋਹਾਂ ਧਿਰਾਂ ਦੀਆਂ ਸਵਾਰਥੀ ਹਾਕਮ ਧਿਰਾਂ ਨੇ ਕਿ ਜੰਗ ਭਖ਼ ਪਈ। ਠਾਹ-ਠੂਹ ਹੋਣ ਲੱਗ ਪਈ। ਲੋਕਾਂ ਦਾ ਚੈਨ ਵਿਗੜ ਗਿਆ ਅਤੇ ਵੱਡੇ ਨੁਕਸਾਨ ਦਾ ਖਦਸ਼ਾ ਅਤੇ ਮੌਤ ਦਾ ਡਰ ਮੰਡਰਾਉਣ ਲੱਗ ਪਿਆ।
ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਇਸ ਜੰਗ ਨਾਲ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ, ਕਿੰਨੇ ਵਿਸ਼ਵਾਸ ਤਿੜਕੇ, ਕਿੰਨੇ ਰਿਸ਼ਤੇ ਟੁੱਟੇ, ਕਿੰਨੇ ਹਿੰਦੁਸਤਾਨੀ-ਪਾਕਿਸਤਾਨੀ ਪਰੇਸ਼ਾਨ ਹੋਏ। ਉਨ੍ਹਾਂ ਕਿੰਨਾ ਮਾਨਸਿਕ ਸੰਤਾਪ ਹੰਢਾਇਆ, ਜਿਹੜੇ ਇਧਰ-ਉਧਰ ਵਿਆਹ-ਬੰਧਨ ਵਿਚ ਬੱਧੇ ਹੋਏ ਹਨ।
ਆਖਰ ਇਹ ਸਿਆਸਤ, ਹਾਕਮਾਂ ਦਾ ਇਹ ਚਿਹਰਾ, ਜਿਹੜਾ ਅਮਰੀਕੀ ਟਰੰਪ, ਰੂਸੀ ਪੁਤਿਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਡੇ ਹਾਕਮ ਤੱਕ ਪੁੱਜਦਾ ਹੈ, ਜਦੋਂ ਬੇਨਕਾਬ ਹੁੰਦਾ ਹੈ ਤਾਂ ਲੋਕਾਂ ਦੇ ਮਨਾਂ ‘ਚ ‘ਲੋਕਤੰਤਰ’, ‘ਅਮਨ ਦੀ ਬਾਤ’, ‘ਲੋਕ ਹਿਤੈਸ਼ੀ’ ਯੋਜਨਾਵਾਂ ਅਤੇ ਪਖੰਡ ਦਾ ਪਰਦਾਫਾਸ਼ ਹੁੰਦਾ ਹੈ।
ਸੱਚ-ਮੁੱਚ ਜੇਕਰ ਭਾਰਤ-ਪਾਕਿ ਦੇ ਹਾਕਮ ਆਪ ਹੀ ਵਿਚਾਰ ਲੈਂਦੇ ਕਿ ਜੋ ਘਟਨਾ ‘ਪਹਿਲਗਾਮ’ ਚ ਵਾਪਰੀ, ਉਸ ਦਾ ਨਿਰਣਾ ਕਰਕੇ, ਦੋਸ਼ੀਆਂ ਨੂੰ ਸਜ਼ਾ ਮਿਲਦੀ ਅਤੇ ਉਹ ਵੀ ਆਪਸੀ ਗੱਲਬਾਤ ਅਤੇ ਆਪਸੀ ਭਰੋਸੇ ਨਾਲ ਤਾਂ ਦੋਹਾਂ ਦੇਸ਼ਾਂ ‘ਚ ਜਿਹੜੀ ਫ਼ਿੱਕ ਸਿੰਧੂ ਨਦੀ ਦਾ ਪਾਣੀ ਰੋਕ ਕੇ, ਇੱਕ-ਦੂਜੇ ਦੇਸ਼ ਦੇ ਡਿਪਲੋਮੈਟ ਆਪੋ-ਆਪਣੇ ਦੇਸ਼ਾਂ ਤੋਂ ਭਜਾ ਕੇ ਅਤੇ ਆਪਸੀ ਕੁੜੱਤਣ ਭਰ ਕੇ ਪਾਈ ਗਈ ਹੈ, ਉਹ ਇੰਞ ਨਾ ਹੁੰਦੀ ਤੇ ਦੁਨੀਆ ਦੇ ਵੱਡੇ ਵਪਾਰੀ ਨੂੰ ਦੋ ਮੁਲਕਾਂ ਦੀ ‘ਪ੍ਰਭੂਸੱਤਾ’ ਨੂੰ ਆਪਣੇ ਪੈਰਾਂ ਹੇਠ ਮਿੱਧਣ ਦਾ ਮੌਕਾ ਹੀ ਨਾ ਮਿਲ਼ਦਾ।
ਕੀ ਭਾਰਤ ਵੱਲੋਂ ਰੱਦ ਕੀਤਾ ਸਿੰਧੂ ਨਦੀ ਸਮਝੌਤਾ ਅਤੇ ਪਾਕਿਸਤਾਨ ਵੱਲੋਂ ਰੱਦ ਕੀਤਾ ਸ਼ਿਮਲਾ ਸਮਝੌਤਾ ਅਤੇ ਕਸ਼ਮੀਰ ਦਾ ਮਸਲਾ ਹੁਣ ਅਮਰੀਕਾ ਦੀ ਵਿਚੋਲਗੀ ਨਾਲ ਹੀ ਹੱਲ ਹੋਏਗਾ, ਜਿਸ ਸੰਬੰਧੀ ਭਾਰਤ ਦੋਹਾਂ ਦੇਸ਼ਾਂ ‘ਚ ਕਿਸੇ ਦੇਸ਼ ਦੀ ਵਿਚੋਲਗੀ ਪਿਛਲੇ ਸਮੇਂ ‘ਚ ਪ੍ਰਵਾਨ ਨਹੀਂ ਕਰਦਾ ਰਿਹਾ!
ਬਿਨਾ ਸ਼ੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਸਵਾਗਤਯੋਗ ਸਾਕਰਾਤਮਕ ਅਤੇ ਜ਼ਰੂਰੀ ਕਦਮ ਹੈ। ਪਰ ਜੰਗਬੰਦੀ ਨੂੰ ਸੁਲਝਾਉਣ ਲਈ ਅਮਰੀਕਾ ਦੀ ਕਥਿਤ ਸ਼ਮੂਲੀਅਤ ਚਿੰਤਾਜਨਕ ਹੈ। ਕੀ ਇਸ ਨਾਲ ਦੱਖਣੀ ਏਸ਼ੀਆ ਵਿਚ ਉਸਦੀ ਆਮ ਸਰਦਾਰੀ ਅਤੇ ਅਸਥਿਰਤਾ ਦੀ ਭੂਮਿਕਾ ਨਿਭਾਉਣ ਦਾ ਰਾਹ ਨਹੀਂ ਖੁਲ੍ਹਦਾ? ਚਾਹੀਦਾ ਤਾਂ ਇਹ ਸੀ ਕਿ ਦੋਵੇਂ ਦੇਸ਼ਾਂ ਦੇ ਨੇਤਾ ਸਮਰਾਜਵਾਦੀ ਦਖ਼ਲਅੰਦਾਜ਼ੀ ਨੂੰ ਰੱਦ ਕਰਕੇ ਆਪਸੀ ਵਿਸ਼ਵਾਸ, ਸਤਿਕਾਰ ਅਤੇ ਲੋਕਾਂ ਦੀ ਇਛਾਵਾਂ ‘ਤੇ ਅਧਾਰਤ ਕੰਮ ਕਰਦੇ, ਕਿਉਂਕਿ ਦੋਹਾਂ ਦੇਸ਼ਾਂ ਦੇ ਲੋਕ ਜੰਗ ਨਹੀਂ ਅਮਨ ਚਾਹੁੰਦੇ ਹਨ। ਵੇਖਣਾ ਇਹ ਵੀ ਹੋਵੇਗਾ ਕਿ ਅਮਰੀਕਾ ਦੁਆਰਾ ਕੀਤੀ ਵਿਚੋਲਗੀ ਕੀ ਆਖ਼ਿਰ ਹੈ ਕੀ ਸੀ?
ਇਸ ਸੰਬੰਧੀ ਟਰੰਪ ਦਾ ਬਿਆਨ ਪੜ੍ਹਨ ਵਾਲਾ ਹੈ, ਜੋ ਉਸਦੀ ਸ਼ਾਹੂਕਾਰੀ, ਵਪਾਰਕ ਸੋਚ ਦੀ ਤਰਜ਼ਮਾਨੀ ਕਰਨ ਵਾਲਾ ਅਤੇ ਅਮਰੀਕੀ ਹਿੱਤ ਸਾਧਨ ਵਾਲਾ ਹੈ।
ਟਰੰਪ ਦੇ ਬਿਆਨ ਦੇ ਕੁਝ ਅੰਸ਼ ਪੜੋ ‘ਮੈਨੂੰ ਮਾਣ ਹੈ ਕਿ ਅਮਰੀਕਾ ਇਸ ਇਤਿਹਾਸਕ ਅਤੇ ਦਲੇਰਾਨਾ ਫ਼ੈਸਲੇ ‘ਤੇ ਪਹੁੰਚਣ ਵਿਚ ਤੁਹਾਡੀ ਮਦਦ ਕਰਨ ਦੇ ਯੋਗ ਸੀ। ਭਾਵੇਂ ਇਸ ਬਾਰੇ ਚਰਚਾ ਨਹੀਂ ਕੀਤੀ ਗਈ, ਮੈਂ ਇਨ੍ਹਾਂ ਦੋਹਾਂ ਮਹਾਨ ਦੇਸ਼ਾਂ ਨਾਲ ਵਪਾਰ ਨੂੰ ਕਾਫ਼ੀ ਹੱਦ ਤੱਕ ਵਧਾਉਣ ਜਾ ਰਿਹਾ ਹਾਂ’। ਵਪਾਰੀ, ਚੌਧਰ, ਸਿਹਰਾ ਤਿੰਨ ਸ਼ਬਦ ਹਨ, ਜੋ ਟਰੰਪ ਕਾਰਡ ਦੀ ਤਰਜਮਾਨੀ ਕਰਨ ਵਾਲੇ ਹਨ।
ਜੇਕਰ ਸੱਚਮੁੱਚ ਭਾਰਤ ਮਹਾਨ ਬਣ ਰਿਹਾ ਹੈ, ਜੇਕਰ ਸੱਚਮੁੱਚ ਭਾਰਤ ਵੱਡੀ ਆਰਥਿਕ ਸ਼ਕਤੀ ਬਣ ਰਿਹਾ ਹੈ ਤਾਂ ਉਹ ‘ਚੀਨ’ ਵਾਂਗਰ ਦੁਨੀਆਂ ਦੇ ਵੱਡੇ ‘ਥਾਣੇਦਾਰ’ ਵਿਰੁੱਧ ਹਿੱਕ ਡਾਹ ਕੇ ਕਿਉਂ ਨਹੀਂ ਖੜਦਾ? ਕਿਉਂ ਉਸ ਦੀਆਂ ਟੈਰਿਫ਼ ਸ਼ਰਤਾਂ ਅਤੇ ਹੋਰ ਹੁਕਮਾਂ ਨੂੰ ਅੱਖਾਂ ਮੀਟ ਕੇ ਮੰਨ ਕੇ ਉਸ ਦੀ ‘ਜੀ- ਹਜ਼ੂਰੀ’ ਕਰ ਰਿਹਾ ਹੈ?
ਅੱਜ ਟਰੰਪ ਨੇ ਦੋਹਾਂ ਦੇਸ਼ਾਂ ਨੂੰ ਆਪਣੀ ਮੁੱਠੀ ‘ਚ ਕਰਕੇ ਇਹੋ-ਜਿਹਾ ਕਾਰਡ ਖੇਡਿਆ ਹੈ, ਜਿਸ ਨਾਲ ਦੇਸ਼ ਭਾਰਤ ਦਾ ‘ਵੱਡੇ ਹੋਣ ਦਾ ਵੱਕਾਰ’ ਦਾਅ ‘ਤੇ ਲੱਗਾ ਹੈ।
