ਰਿਚਾ ਚੱਢਾ ਨੇ ਇਕ ਫ਼ਿਲਮੀ ਵੈੱਬ ਪੋਰਟਲ ਨਾਲ ਮੁਲਾਕਾਤ ਦੌਰਾਨ ਕਿਹਾ ਹੈ ਕਿ ਜਦ ਇਥੇ ਵੱਡੇ ਸਿਤਾਰਿਆਂ ਦੀ ਫ਼ਿਲਮ ਫੇਲ੍ਹ ਹੋ ਜਾਂਦੀ ਹੈ ਤਦ ਇੰਡਸਟਰੀ ਬੁਰੀ ਤਰ੍ਹਾਂ ਡਰ ਜਾਂਦੀ ਹੈ ਤੇ ਹੋਰ ਤਾਂ ਹੋਰ ਉਸ ਦੇ ਆਪਣੇ ਕਦਮ ਲੜਖੜਾ ਜਾਂਦੇ ਹਨ। ਰਿਚਾ ਨੇ ਇਹ ਵੀ ਕਿਹਾ
ਕਿ ਨਵੇਂ ਚਿਹਰੇ ਅੱਗੇ ਲਿਆਉਣੇ ਇੰਡਸਟਰੀ ਤੇ ਸਟੀਰੀਓ ਟਾਈਪ ਟਰੈਂਡ ਪਿੱਛੇ ਦੌੜਨਾ ਸਾਡੀ ਫ਼ਿਲਮੀ ਦੁਨੀਆ ਨੂੰ ਛੱਡ ਦੇਣਾ ਚਾਹੀਦਾ ਹੈ। ਵਪਾਰ ‘ਚ ਠੀਕ ਹੈ ਖ਼ਤਰੇ ਲੈਣੇ ਹਰੇਕ ਦੇ ਵੱਸ ਦੀ ਗੱਲ ਨਹੀਂ ਪਰ ਸਮਾਂ ਇਹੀ ਹੈ ਕਿ ਨਵੇਂ ਨੂੰ ਅੱਗੇ ਲਿਆਓ। ਖ਼ਤਰੇ ਲੈਣੇ ਹੀ ਪੈਣੇ ਹਨ। ‘ਗਰਲਜ਼ ਵਿਲ ਬੀ ਗਰਲਜ਼’ ਨੂੰ ਰਿਚਾ ਚੱਡਾ ਨੇ ਆਪ ਬਣਾਇਆ ਹੈ। ਰਿਚਾ ਨੇ ਸਾਫ਼ ਕਿਹਾ ਕਿ ਸਾਨੂੰ ਬਾਲੀਵੁੱਡ ਨੂੰ ਦੱਖਣ ਤੋਂ ਸਿੱਖਣ ਦੀ ਲੋੜ ਹੈ। ਦੱਖਣ ਵਾਲੇ ਵਪਾਰਕ ਕਾਮਯਾਬੀ ਤੇ ਖ਼ਤਰੇ ਇਨ੍ਹਾਂ ਦਾ ਸੰਤੁਲਨ ਬਣਾ ਕੇ ਚਲਦੇ ਹਨ ਤੇ ਉਹ ਕਾਮਯਾਬ ਹਨ। ਆਪਣੇ ਪਤੀ ਨਾਲ ਦੁਬਈ ਦੋ ਹਫ਼ਤੇ ਘੁੰਮ ਕੇ ਆਈ ਰਿਚਾ ਨੇ ਕਿਹਾ ਕਿ ਉਹ ਆਪਣੀ ਮਾਸੂਮ ਨਿੱਕੀ ਬੇਟੀ ਨੂੰ ਸਮਾਂ ਦੇਣਾ ਚਾਹੁੰਦੀ ਸੀ, ਪਤੀ ਨੂੰ ਸਮਾਂ ਦੇਣਾ ਚਾਹੁੰਦੀ ਸੀ, ਇਸ ਲਈ ਦੁਬਈ ਗਈ ਤੇ ਪੰਦਰਾਂ ਦਿਨ ਯੂ.ਏ.ਈ. ‘ਚ ਤੀਆਂ ਦੀ ਤਰ੍ਹਾਂ ਲੰਘ ਗਏ। ਰਿਚਾ ਨੇ ਫ਼ਿਲਮੀ ਲੇਖਕ ਤੇ ਨਿਰਦੇਸ਼ਕਾਂ ‘ਤੇ ਇਸ ਗੱਲ ਲਈ ਗੁੱਸਾ ਕੱਢਿਆ ਕਿ ਧੂੰਆਂ ਕੱਢਦੀ ਔਰਤ ਪਰਦੇ ‘ਤੇ ਦਿਖਾ ਕੇ ਕਿਹੜੀ ਆਧੁਨਿਕ ਔਰਤ ਦੀ ਗੱਲ ਕਰ ਰਹੇ ਹਨ। ਜ਼ਰੂਰਤ ਤੋਂ ਜ਼ਿਆਦਾ ਕਲਪਨਾ ਬੁਰੀ ਚੀਜ਼ ਹੈ। ਅਸਲ ‘ਚ ਰਿਚਾ ਨੇ ਅਪ੍ਰਤੱਖ ਰੂਪ ‘ਚ ਦੀਪਿਕਾ ਪਾਦੂਕੋਨ ਤੇ ਨਿਸ਼ਾਨਾ ਸਾਧਿਆ, ਜਿਹੜੀ ਖਾਣ-ਪੀਣ-ਧੂੰਆਂ ਨੂੰ ਉਤਸ਼ਾਹਿਤ ਕਰਦੀ ਹੈ। ਇਤਿਹਾਸ ਦੀ ਗਰੈਜੂਏਟ ਰਿਚਾ ਚੱਢਾ ਦੀ ਫ਼ਿਲਮ ‘ਗਰਲਜ਼ ਵਿਲ ਬੀ ਗਰਲਜ਼’ ਨੂੰ ਕਾਫ਼ੀ ਐਵਾਰਡ ਮਿਲੇ ਹਨ ਤੇ ਮਿਲ ਰਹੇ ਹਨ। ਰਿਚਾ ਦੀ ਫ਼ਿਲਮ ‘ਸੈਕਸ਼ਨ 375’ ਦੀ ਅੱਜ ਵੀ ਚਰਚਾ ਹੁੰਦੀ ਹੈ। ਅੰਮ੍ਰਿਤਸਰੀ ਕੁੜੀ ਰਿਚਾ ਚੱਢਾ ਹਾਲਾਂ 30 ਸਾਲ ਦੀ ਹੈ ਪਰ ਉਹ ਲਗਦੀ ਐਨੀ ਉਮਰ ਦੀ ਨਹੀਂ ਹੈ ਤੇ ਆਖਿਰ ‘ਚ ਦਿਲਚਸਪ ਗੱਲ ਇਹ ਕਿ ਰਿਚਾ ਇਕ ਫ਼ਿਲਮ ਮੈਗਜ਼ੀਨ ਦੀ ਪੱਤਰਕਾਰ ਬਣੀ ਸੀ ਤੇ ਉਸ ਨੇ ਅਭੈ ਦਿਓਲ ਦਾ ਇੰਟਰਵਿਊ ਕੀਤਾ ਸੀ, ਜਿਹੜਾ ਉਸ ਦਾ ਪਹਿਲਾ ਇੰਟਰਵਿਊ ਸੀ ਤੇ ਰਿਚਾ ਨੇ ਪਹਿਲੀ ਫ਼ਿਲਮ ਵੀ ਸਬਬ ਨਾਲ ਅਭੈ ਦਿਓਲ ਦੇ ਨਾਲ ਹੀ ਕੀਤੀ। ਵਾਹ! ਕੁਦਰਤ, ਕਹਿੰਦੀ ਰਿਚਾ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ।
