ਤੁਲੀਐ ਪੂਰੇ ਤੋਲਿ

ਬਲਜੀਤ ਬਾਸੀ
ਫੋਨ: 734-259-9353
ਕਾਰੋਬਾਰੀ ਦੁਨੀਆ ਤੋਲਣ ਤੋਂ ਬਿਨਾ ਚੱਲ ਨਹੀਂ ਸਕਦੀ। ਸੌਦਾ ਤੋਲ ਕੇ ਹੀ ਵੇਚਿਆ ਖਰੀਦਿਆ ਜਾਂਦਾ ਹੈ। ਜਦ ਦੁਕਾਨਦਾਰ ਸੌਦਾ ਤੋਲ ਰਿਹਾ ਹੁੰਦਾ ਹੈ ਤਾਂ ਗਾਹਕ ਦੀ ਨਿਗਾਹ ਤਕੜੀ ਦੀ ਡੰਡੀ ‘ਤੇ ਟਿਕੀ ਹੁੰਦੀ ਹੈ, ਇਹ ਤਾੜਨ ਲਈ ਕਿ ਇਹ ਸਿੱਧੀ ਵੀ ਹੈ ਕਿ ਨਹੀਂ।

ਦੁਕਾਨਦਾਰ ਦੀ ਚੋਰ ਅੱਖ ਗਾਹਕ ਦੀ ਅੱਖ ‘ਤੇ ਹੁੰਦੀ ਹੈ, ਨਜ਼ਰ ਏਧਰ-ਉਧਰ ਫੇਰੇ ਕਿ ਉਹ ਠੂੰਗਾ ਮਾਰ ਲਵੇ। ਪਰ ਦੁਕਾਨਦਾਰ ਕੋਲ ਹੇਰ-ਫੇਰ ਕਰਨ ਦੇ ਹੋਰ ਬਹੁਤ ਢੰਗ ਹਨ ਜਿਵੇਂ ਡੰਡੀ ਨੂੰ ਹੀ ਇਕ ਪਾਸਿਓਂ ਵੱਡੀ ਛੋਟੀ ਰੱਖਣਾ ਜਾਂ ਵੱਟੇ ਹਲਕੇ ਬਣਾ ਲੈਣੇ। ਉਂਜ ਕਾਰੋਬਾਰੀ ਸਦਾਚਾਰ ਅਜਿਹੇ ਵਿਹਾਰ ਦੀ ਨਿਖੇਧੀ ਕਰਦਾ ਹੈ। ਗੁਰੂ ਨਾਨਕ ਦੇਵ ਫਰਮਾਉਂਦੇ ਹਨ,”ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੇ ਤੋਲਿ”। ਇਸ ਪ੍ਰਸੰਗ ਵਿਚ ਵਾਰਿਸ ਸ਼ਾਹ ਵਲੋਂ ਰਾਂਝੇ ਦੇ ਮੂੰਹੋਂ ਸਹਿਤੀ ਨੂੰ ਕਹਾਏ ਬੋਲ ਸੁਣੋ,
ਸਰੇ ਖੈਰ ਸੋ ਹੱਸ ਕੇ ਆਣ ਦੀਚੇ, ਲਏ ਦੁਆ ਤੇ ਮਿੱਠੜਾ ਬੋਲੀਏ ਨੀ।
ਲਏ ਅੱਘ ਚੜ੍ਹਾਇਕੇ ਦੁਧ ਪੈਸਾ, ਪਰ ਤੋਲ ਥੀਂ ਘਟ ਨਾ ਤੋਲੀਏ ਨੀ।
ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ, ਨੀ ਬੇਸ਼ਰਮ ਕੁਪੱਤੀਏ ਲੂਲੀਏ ਨੀ।
ਮਸਤੀ ਨਾਲ ਫਕੀਰਾਂ ਨੂੰ ਦੇਂ ਗਾਲੀਂ, ਵਾਰਸ ਸ਼ਾਹ ਦੋ ਠੋਕ ਮਨੋਲੀਏ ਨੀ।
ਜ਼ਿੰਦਗੀ ਦੇ ਵਰਤੋਂ ਵਿਹਾਰ ਵੀ ਇਕ ਤਰ੍ਹਾਂ ਕਾਰੋਬਾਰ ਦੇ ਨਿਆਈਂ ਹੀ ਹਨ ਜਿਥੇ ਫੈਸਲਿਆਂ ਦਾ ਤਰਕ ਤੇ ਵਿਵੇਕ ਦੀ ਤੱਕੜੀ ਵਿਚ ਤੋਲਣਾ ਬੜਾ ਜ਼ਰੂਰੀ ਹੁੰਦਾ ਹੈ। ਐਵੇਂ ਨਹੀਂ ਕਿਹਾ ਜਾਂਦਾ, “ਪਹਿਲਾਂ ਤੋਲੋ, ਫਿਰ ਬੋਲੋ।” ਤੋਲਣਾ ਦਾ ਆਮ ਅਰਥ ਭਾਰ ਜੋਖਣਾ ਹੈ ਤੇ ਲਾਖਣਿਕ ਜੋਹਣ ਜਾਚਣ ਕਰਨਾ।
ਤੋਲ ਦਾ ਧਾਤੂ ਹੈ *ਤੁਲ ਜਿਸ ਵਿਚ ਉਠਾਉਣ, ਚੁੱਕਣ, ਭਾਰ ਜੋਖਣ ਦੇ ਭਾਵ ਹਨ। ਧਿਆਨ ਦਿਓ ਕਿ ਅਸਲ ਵਿਚ ਭਾਰ ਵੀ ਕਿਸੇ ਚੀਜ਼ ਨੂੰ ਉਪਰ ਚੁੱਕਣ ਨਾਲ ਹੀ ਜੋਖਿਆ ਜਾਂਦਾ ਹੈ। ਵਿਆਹ ਸਮੇਂ ਜਦ ਮਿਲਣੀ ਹੁੰਦੀ ਹੈ ਤਾਂ ਤਕੜਾ ਮਾਮਾ ਮਾੜੇ ਮਾਮੇ ਨੂੰ ਤੋਲ ਹੀ ਦਿੰਦਾ ਹੈ। ਕਿਸੇ ਚੀਜ਼ ਨੂੰ ਉਪਰ ਚੁੱਕਣ ਨਾਲ ਅਸੀਂ ਉਸ ਦੇ ਭਾਰ ਦਾ ਮਾਨਸਿਕ ਤੌਰ ‘ਤੇ ਅੰਦਾਜ਼ਾ ਲਾ ਸਕਦੇ ਹਾ। “ਪਰ ਤੋਲਣੇ” ਮੁਹਾਵਰੇ ਵਿਚ ਵੀ ਆਪਣੀ ਸ਼ਕਤੀ ਦਾ ਅਨੁਮਾਨ ਲਾਉਣ ਦਾ ਭਾਵ ਹੈ ਜਿਵੇਂ ਪੰਛੀ ਉਡਣ ਤੋਂ ਪਹਿਲਾਂ ਆਪਣੇ ਪਰਾਂ ਨੂੰ ਫੜਫੜਾ ਕੇ ਦੇਖਦਾ ਹੈ। ਤੋਲਣ ਦੇ ਚੁੱਕਣ ਵਾਲੇ ਅਰਥਾਂ ਤੋਂ ਹੀ ਤੁਲ ਸ਼ਬਦ ਦਾ ਇਕ ਅਰਥ ਲੀਵਰ ਜਿਹਾ ਹੈ ਅਰਥਾਤ ਕਿਸੇ ਡੰਡੇ ਆਦਿ ਨੂੰ ਇਕ ਬਿੰਦੂ ‘ਤੇ ਟਿਕਾ ਕੇ ਤੇ ਇਕ ਪਾਸੇ ਜ਼ੋਰ ਲਾ ਕੇ ਕਿਸੇ ਬਹੁਤ ਭਾਰੀ ਚੀਜ਼ ਨੂੰ ਸੌਖਿਆਂ ਹੀ ਉਪਰ ਚੁੱਕਣਾ। ਆਰਸ਼ੀਮਦਸ ਨੇ ਕਿਹਾ ਸੀ ਕਿ ਮੈਨੂੰ ਖੜੇ ਹੋਣ ਨੂੰ ਥਾਂ ਦਿਓ ਤਾਂ ਮੈਂ ਤੁਲ ਨਾਲ ਧਰਤੀ ਚੁੱਕ ਸਕਦਾ ਹਾਂ। ਗੁਰੂ ਨਾਨਕ ਦੇਵ ਦਾ ਕਥਨ ਹੈ,”ਧਰਿ ਤਾਰਾਜੀ ਅੰਬਰ ਤੋਲੀ ਪਿਛੈ ਟੰਕੁ ਚੜਾਈ”। ਗੁਰੂ ਅਮਰ ਦਾਸ ਫਰਮਾਉਂਦੇ ਹਨ,”ਬਿਨੁ ਤਕੜੀ ਤੋਲੈ ਸੰਸਾਰਾ”। ‘ਤੂਲ ਦੇਣਾ’ ਦਾ ਅਰਥ ਕਿਸੇ ਨੂੰ ਚੁੱਕਣਾ, ਭੜਕਾਉਣਾ ਹੁੰਦਾ ਹੈ। ਲੱਕੜਾਂ ‘ਤੇ ਕਾਹੀ ਆਦਿਕ ਬੰਨ੍ਹ ਕੇ ਬਣਾਈ ਅਣਘੜਤ ਜਿਹੀ ਕਿਸ਼ਤੀ ਨੂੰ ਤੁਲ੍ਹਾ ਕਿਹਾ ਜਾਂਦਾ ਹੈ। ਇਹ ਸ਼ਬਦ ਵੀ ਭਾਰ ਉਠਾਉਣ ਦੇ ਭਾਵ ਤੋਂ ਹੀ ਵਿਕਸਿਤ ਹੋਇਆ ਹੈ। ਤੁਲ੍ਹਾ ਸਾਨੂੰ ਪਾਣੀ ਵਿਚ ਚੁੱਕੀ ਰੱਖਦਾ ਹੈ, “ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਿ ਲੇਹਿ ਤਾਰਣ ਰਾਇਆ”-ਗੁਰੂ ਨਾਨਕ। ਸ਼ਾਹ ਹੁਸੈਨ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ,
ਨੈਅ ਭੀ ਡੂੰਘੀ ਤੁਲ੍ਹਾ ਪੁਰਾਣਾ, ਸ਼ੀਹਾਂ ਤਾਂ ਪੱਤਣ ਮੱਲੇ।
ਜੇ ਕੋਈ ਖ਼ਬਰ ਮਿਤਰਾਂ ਦੀ ਲਿਆਵੇ, ਮੈਂ ਹੱਥ ਦੇ ਦੇਨੀਆਂ ਛੱਲੇ।
ਕਿਸੇ ਵਸਤੂ ਦੇ ਭਾਰ ਬਾਰੇ ਸੁਨਿਸ਼ਚਤ ਹੋਣ ਲਈ ਅਸੀਂ ਇਸ ਨੂੰ ਤੱਕੜੀ ਆਦਿ ਵਿਚ ਤੋਲਦੇ ਹਾਂ, “ਧਰ ਤਰਾਜੂ ਤੋਲੀਐ ਨਿਵੇ ਸੋ ਗਉਰਾ ਹੋਇ”-ਗੁਰੂ ਨਾਨਕ। ਤੱਕੜੀ ਲਈ ਹੀ ਇੱਕ ਸ਼ਬਦ ਤੁਲਾ ਵੀ ਹੈ ਤੇ ਇੱਕ ਰਾਸ਼ੀ ਦਾ ਨਾਂ ਵੀ ਤੁਲਾ ਹੈ, ਇਸ ਦਾ ਚਿੰਨ੍ਹ ਤੱਕੜੀ ਹੁੰਦਾ ਹੈ ਪਰ ਤੱਕੜੀ ਅਤੇ ਤਰਾਜੂL ਸ਼ਬਦ ਏਥੇ ਸਬੰਧਤ ਨਹੀਂ। ਇਨ੍ਹਾਂ ਸ਼ਬਦਾਂ ਨੂੰ ਕਿਸੇ ਵੇਲੇ ਤੋਲਿਆ ਜਾਵੇਗਾ। ਭਾਰ ਦੇ ਅਰਥਾਂ ਵਿਚ ਵੀ ਤੋਲ ਸ਼ਬਦ ਵਰਤਿਆ ਜਾਂਦਾ ਹੈ,”ਭਉ ਮੁਚੁ ਭਾਰਾ ਵਡਾ ਤੋਲੁ”-ਗੁਰੂ ਨਾਨਕ ਅਰਥਾਤ ਪਰਮਾਤਮਾ ਦਾ ਭੈਅ ਭਾਰ ਵਿਚ ਬਹੁਤ ਜ਼ਿਆਦਾ ਹੁੰਦਾ ਹੈ। ਕਵਿਤਾ ਛੰਦ-ਬਧ ਵਿਧਾ ਹੈ ਜਿਸ ਦੀਆਂ ਤੁਕਾਂ ਦਾ ਤਵਾਜ਼ਨ ਦੇਖਣਾ ਪੈਂਦਾ ਹੈ। ਹਰ ਛੰਦ ਦੀ ਕਵਿਤਾ ਦੀਆਂ ਤੁਕਾਂ ਦਾ ਆਪਣਾ ਤੋਲ ਹੁੰਦਾ ਹੈ ਜੋ ਮਾਤਰਾਵਾਂ ਦੀ ਗਿਣਤੀ ਨਾਲ ਕੀਤਾ ਜਾਂਦਾ ਹੈ। ਤੋਲ-ਤੁਕਾਂਤ ਉਕਤੀ ਆਮ ਹੀ ਚਲਦੀ ਹੈ। ਕਈ ਲੋਕ ਗੱਲ ਵੀ ਨਾਪ ਤੋਲ ਕੇ ਹੀ ਕਰਦੇ ਹਨ। ਪੰਜਾਬੀ ਤਾਂ ਗਾਲਾਂ ਵੀ ਤੋਲ ਕੇ ਕਢਦੇ ਹਨ, ਮਣ ਮਣ ਪੱਕੇ ਦੀਆਂ। ਤੋਲਣ ਵਿਚ ਬਹੁਤ ਭਾਰੀ ਚੀਜ਼ ਚੁੱਕਣ ਦਾ ਭਾਵ ਵੀ ਹੈ ਇਸ ਲਈ ਕੁਫਰ ਤੋਲਿਆ ਜਾਂਦਾ ਹੈ, ਮਤਲਬ ਬਹੁਤ ਭਾਰੀ ਝੂਠ ਬੋਲਿਆ ਜਾਂਦਾ ਹੈ। ਤੁਲ ਤੋਂ ਬਣੇ ਤੁਲਨਾ ਦਾ ਭਾਵ ਹੈ ਦੋ ਚੀਜ਼ਾਂ ਆਦਿ ਦੇ ਗੁਣਾਂ ਦਾ ਟਾਕਰਾ ਜਾਂ ਮੁਕਾਬਲਾ ਕਰਨਾ। ਤੱਕੜੀ `ਤੇ ਤੋਲਦੇ ਸਮੇਂ ਵੱਟੇ ਅਤੇ ਚੀਜ਼-ਵਸਤ ਦੇ ਭਾਰ ਦੀ ਤੁਲਨਾ ਹੀ ਹੁੰਦੀ ਹੈ। ਅਸੀਂ ਓਨਾ ਚਿਰ ਤੁਲਣ ਵਾਲੀ ਵਸਤ ਦੀ ਹੋਰ ਮਾਤਰਾ ਪਾਉਂਦੇ ਜਾਂਦੇ ਹਾਂ ਜਿੰਨਾ ਚਿਰ ਤੱਕੜੀ ਦੀ ਡੰਡੀ ਸਿੱਧੀ ਨਾ ਹੋ ਜਾਵੇ। ਇਸ ਤਰ੍ਹਾਂ ਇਸ ਕਿਰਿਆ ਵਿਚ ਬਰਾਬਰੀ ਦੇ ਭਾਵ ਵੀ ਆ ਗਏ। ਜਿਵੇਂ “ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਤੁਲ ਮੰਨਿਆ ਜਾਂਦਾ ਸੀ”, “ਕੀੜੀ ਤੁਲਿ ਨਾ ਹੋਵਨੀ”- ਜਪੁ। ਤੁਲ ਦਾ ਇਕ ਅਰਥ ਤੱਕੜੀ ਵੀ ਹੈ,”ਆਪੇ ਤੁਲੁ ਪਰਵਾਣੁ”-ਰਾਮ ਦਾਸ। ਤੋਲਕ ਜਾਂ ਭਾਰ-ਤੋਲਕ ਨੂੰ ਅੱਜ ਕਲ੍ਹ ਵੇਟ ਲਿਫ਼ਟਰ, ਦੇ ਅਰਥਾਂ ਵਿਚ ਵਰਤਿਆ ਜਾ ਰਿਹਾ ਹੈ। ਤੋਲਾ ਜਾਂ ਤੁਲਾਵਾ ਦਾ ਅਰਥ ਤੋਲਣ ਵਾਲਾ ਹੈ, ਖਾਸ ਤੌਰ `ਤੇ ਬੋਹਲ। ਨਾਪ ਤੋਲ ਦੀ ਇਕ ਛੋਟੀ ਇਕਾਈ ਤੋਲਾ ਜਾਂ ਇਸਦਾ ਰੁਪਾਂਤਰ ਤੋਲ਼ਾ ਹੈ। ਤੋਲ਼ਾ ਬਾਰਾਂ ਮਾਸ਼ੇ ਦਾ ਹੁੰਦਾ ਹੈ ਤੇ ਆਮ ਤੌਰ `ਤੇ ਸੋਨਾ ਚਾਂਦੀ ਜਿਹੀਆਂ ਕੀਮਤੀ ਧਾਤਾਂ ਤੋਲਣ ਲਈ ਵਰਤਿਆ ਜਾਂਦਾ ਹੈ,”ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ”- ਗੁਰੂ ਨਾਨਕ। ਚੰਚਲ ਸੁਭਾਅ ਵਾਲੇ ਬੰਦੇ ਨੂੰ ‘ਪਲ `ਚ ਤੋਲਾ ਪਲ `ਚ ਮਾਸਾ” ਬਿਆਨਿਆ ਜਾਂਦਾ ਹੈ। ਤੁਲ ਸ਼ਬਦ ਦੇ ਵਿਪਰੀਤ ਅਤੁਲ ਦਾ ਅਰਥ ਜੋ ਤੋਲਿਆ ਨਾ ਜਾ ਸਕੇ ਅਰਥਾਤ ਬੇਸ਼ੁਮਾਰ, ਬਹੁਤ ਅਧਿਕ। “ਸਾਹਿਬ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ”’ ਜਦ ਕਿ ਅਤੋਲਾ ਦਾ ਅਰਥ ਜਿਸ ਦੇ ਤੁਲ ਜਾਂ ਬਰਾਬਰ ਕੋਈ ਨਹੀਂ,”ਸੰਗਿ ਸਹਾਈ ਛੋਡਿ ਨ ਓਹੁ ਅਗਹ ਅਤੋਲਾ”। ਤੁਲ ਤੋਂ ਹੀ ਸੰਤੁਲਨ ਜਾਂ ਸਮਤੋਲ ਸ਼ਬਦ ਬਣੇ ਜਿਨ੍ਹਾਂ ਦਾ ਅਰਥ ਹੁੰਦਾ ਹੈ ਵਿਭਿੰਨ ਟਕਰਾਉਂਦੀਆਂ ਸ਼ਕਤੀਆਂ ਦੇ ਅਧੀਨ ਵਿਚਰਦਿਆਂ ਵੀ ਟਿਕਾਅ ਵਿਚ ਰਹਿਣਾ, ਤਵਾਜ਼ਨ। ਤੋਲਾਦਾਨ ਜਾਂ ਤੁਲਾਦਾਨ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਭਾਰ ਦੇ ਬਰਾਬਰ ਦਾਨ ਦਿੰਦਾ ਹੈ। ਚੋਣਾਂ ਵਿਚ ਅਜਿਹੇ ਦਾਨੀ ਅਕਸਰ ਹੀ ਪ੍ਰਗਟ ਹੁੰਦੇ ਹਨ। ਕਿਸੇ ਜ਼ਮਾਨੇ ਵਿਚ ਇੱਕ ਤੁਲਾ ਪ੍ਰੀਖਿਆ ਹੁੰਦੀ ਸੀ। ਕਿਸੇ ਦੋਸ਼ੀ ਨੂੰ ਪਹਿਲਾਂ ਇੱਕ ਤੱਕੜੀ ਵਿਚ ਤੋਲਿਆ ਜਾਂਦਾ ਸੀ। ਫਿਰ ਤੱਕੜੀ ਤੋਂ ਲਾਹ ਕੇ ਕੁਝ ਅਨੁਸ਼ਠਾਨ ਕੀਤੇ ਜਾਂਦੇ ਸਨ ਤੇ ਫਿਰ ਤੋਲਿਆ ਜਾਂਦਾ ਸੀ। ਜੇ ਉਸ ਦਾ ਭਾਰ ਪਹਿਲਾਂ ਤੋਂ ਹਲਕਾ ਨਿਕਲਦਾ ਸੀ ਤਾਂ ਉਸ ਨੂੰ ਬੇਕਸੂਰ ਮੰਨਿਆ ਜਾਂਦਾ ਸੀ ਪਰ ਜੇ ਓਨਾ ਹੀ ਜਾਂ ਜ਼ਿਆਦਾ ਨਿਕਲ ਆਵੇ ਤਾਂ ਉਹ ਗੁਨਾਹਗਾਰ ਮੰਨਿਆ ਜਾਂਦਾ ਸੀ। ਸੋ ਇਹ ਹੈ ਪੁਰਾਣੇ ਜ਼ਮਾਨੇ ਦੀ ਇਨਸਾਫ਼ ਦੀ ਤੁਲਾ। ਤ ਧੁਨੀ ਟ ਵਿਚ ਬਦਲ ਜਾਂਦੀ ਹੈ ਤਾਂ ਸਾਡੇ ਟੁੱਲ ਸ਼ਬਦ ਸਾਹਮਣੇ ਆਉਂਦਾ ਹੈ। ਗੁੱਲੀ ਡੰਡੇ ਦਾ ਟੁੱਲ ਅਸਲ ਵਿਚ ਗੁੱਲੀ ਨੂੰ ਡੰਡੇ ਨਾਲ ਚੁੱਕਣਾ ਹੀ ਹੈ। ‘ਟੁੱਲ ਲਾਉਣਾ’ ਮੁਹਾਵਰਾ ਵੀ ਹੈ ਜਿਸ ਦਾ ਅਰਥ ਹੈ ਤੁੱਕਾ ਲਾਉਣਾ।
ਇਨ੍ਹਾਂ ਸ਼ਬਦਾਂ ਦੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਸਜਾਤੀ ਸ਼ਬਦ ਮਿਲ ਜਾਂਦੇ ਹਨ। ਇਨ੍ਹਾਂ ਦਾ ਭਾਰੋਪੀ ਮੂਲ ਹੈ **tele ਤੇ ਅਰਥ ਹੈ ਭਾਰ ਉਠਾਉਣਾ, ਚੁੱਕਣਾ। ਇਸ ਤੋਂ ਲਾਤੀਨੀ ਸ਼ਬਦ ਬਣਿਆ tolerare ਜਿਸ ਦਾ ਸ਼ਾਬਦਿਕ ਅਰਥ ਹੁੰਦਾ ਹੈ, ਭਾਰ ਚੁੱਕਣਾ, ਉਠਾਉਣਾ, ਧਾਰਨ ਕਰਨਾ ਪਰ ਵਿਕਸਿਤ ਅਰਥ ਬਣਿਆ ਬਰਦਾਸ਼ਤ ਕਰਨਾ, ਸਹਾਰਨਾ, ਝੱਲਣਾ ਆਦਿ। ਅੰਗਰੇਜ਼ੀ tolerate, toleration ਜਾਂ tolerance ਇਸੇ ਤੋਂ ਬਣੇ ਹਨ। ਇਹ ਸਮਝਣ ਵਾਲੀ ਗੱਲ ਹੈ ਕਿ (ਭਾਰ) ਚੁੱਕਣਾ ਦਾ ਭਾਵ ਬਰਦਾਸ਼ਤ ਕਰਨਾ ਵਿਚ ਕਿਵੇਂ ਵਿਕਸਿਤ ਹੋਇਆ ਹੋਵੇਗਾ। ਮਾੜੀ ਜਿਹੀ ਹੀ ਘੁੰਡੀ ਹੈ। ਬਰਦਾਸ਼ਤ ਕਰਨਾ ਵੀ ਇਕ ਤਰ੍ਹਾਂ ਮਾਨਸਿਕ ਬੋਝ ਚੁੱਕਣ ਵਾਲੀ ਗੱਲ ਹੀ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਜਦ ਅਸੀਂ ਕਿਸੇ ਭਾਰੀ ਚੀਜ਼ ਨੂੰ ਚੁੱਕਦੇ ਹਾਂ ਤਾਂ ਸਮਝੋ ਅਸੀਂ ਇਸ ਨੂੰ ਸਹਾਰਦੇ ਹੀ ਹਾਂ। ਸਹਾਰਾ ਸ਼ਬਦ ਹੀ ਲਵੋ। ਥੰਮੀ ਜੋ ਭਾਰ ਚੁੱਕਦੀ ਹੈ ਇਕ ਤਰ੍ਹਾਂ ਸਹਾਰਾ ਹੀ ਹੈ। ਸਹਾਰੇ ਵਿਚ ਥੰਮੀ ਦੇ ਭਾਵ ਵੀ ਹਨ। ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਅਰਬੀ ਵਲੋਂ ਆਇਆ ਇਕ ਸ਼ਬਦ ਲੈਂਦੇ ਹਾਂ *ਤਹੱਮਲ ਜਿਸ ਦਾ ਅਰਥ ਹੁੰਦਾ ਹੈ ਧੀਰਜ, ਬਰਦਾਸ਼ਤ ਕਰਨ ਦੀ ਸ਼ਕਤੀ। ਅਰਬੀ ਵਿਚ ਇਸ ਸ਼ਬਦ ਦਾ ਅਰਥ ਭਾਰ ਚੁੱਕਣਾ ਵੀ ਹੁੰਦਾ ਹੈ ਤੇ ਬਰਦਾਸ਼ਤ ਕਰਨਾ ਵੀ। ਇਸ ਦਾ ਧਾਤੂ ਹੈ *ਹਮਲ ਜਿਸ ਦੇ ਮਾਅਨੇ ਹਨ ਭਾਰ ਚੁੱਕਣਾ। ਪੰਜਾਬੀ ਵਿਚ ਆਮ ਤੌਰ ‘ਤੇ ਇਹ ਸ਼ਬਦ “ਹਮਲ ਗਿਰਨਾ” ਉਕਤੀ ਵਿਚ ਵਰਤਿਆ ਜਾਂਦਾ ਹੈ, ਮਤਲਬ ਹੈ ਗਰਭ ਡਿਗਣਾ। ਗਰਭ ਵੀ ਭਾਰ ਹੀ ਹੁੰਦਾ ਹੈ। ਹਾਮਲਾ ਅਰਬੀ ਵਿਚ ਗਰਭਵਤੀ ਨੂੰ ਆਖਦੇ ਹਨ ਤੇ ਅਰਬੀ ਹੱਮਾਲ ਦੇ ਮਾਅਨੇ ਹਨ ਭਾਰ ਢੋਣ ਵਾਲਾ, ਪਾਂਡੀ। ਸਮਾਨਅੰਤਰ ਵਿਕਾਸ ਦੀ ਇਕ ਹੋਰ ਉਦਾਹਰਣ ਪੇਸ਼ ਹੈ। ਅੰਗਰੇਜ਼ੀ ਸ਼ਬਦ bear ਦਾ ਅਰਥ ਭਾਰ ਚੁੱਕਣਾ ਵੀ ਹੁੰਦਾ ਹੈ ਤੇ ਬਰਦਾਸ਼ਤ ਕਰਨਾ ਵੀ।
tele ਮੂਲ ਤੋਂ ਬਣੇ ਅੰਗਰੇਜ਼ੀ ਦੇ ਸ਼ਬਦ extollਦਾ ਮੁਢਲਾ ਅਰਥ ਤਾਂ ਉਪਰ ਚੁੱਕਣਾ ਹੀ ਹੈ ਪਰ ਵਿਕਸਿਤ ਅਰਥ ਹੈ ਵਡਿਆਈ ਕਰਨਾ ਜਾਂ ਸਲਾਹੁਣਾ। ਵਡਿਆਈ ਕਰਨ ਵਿਚ ਕਿਸੇ ਨੂੰ ਉਚਾ ਚੁੱਕਣ ਦਾ ਹੀ ਆਸ਼ਾ ਹੈ। ਇਕ ਅੰਗਰੇਜ਼ੀ ਸ਼ਬਦ ਹੈ telamon ਜੋ ਆਦਮੀ ਦੀ ਸ਼ਕਲ ਦੇ ਥੰਮ੍ਹ ਨੂੰ ਆਖਦੇ ਹਨ। ਇਹ ਮਿਲਦੇ-ਜੁਲਦੇ ਗਰੀਕ ਸ਼ਬਦ ਤੋਂ ਬਣਿਆ ਹੈ ਜਿਸ ਦਾ ਮੁਢਲਾ ਭਾਵ ਵੀ ਸਹਾਰਾ ਦੇਣ ਵਾਲਾ ਹੁੰਦਾ ਹੈ। ਅਸਮਾਨ ਦੇ ਥੰਮ੍ਹਾਂ ਨੂੰ ਚੁੱਕਣ ਵਾਲੇ ਗਰੀਕ ਦੈਂਤ (ਟਾਈਟਨ) *ਐਟਲਸ ਵਿਚ ਵੀ ਏਹੀ ਮੂਲ ਬੋਲਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ ਅਸਮਾਨ ਨੂੰ ਚੁੱਕਣ ਵਾਲਾ। ਅਸਲ ਵਿਚ ਇਹ ਸ਼ਬਦ telamon ਦਾ ਹੀ ਵਿਕਸਿਤ ਰੂਪ ਹੈ। ਅਸੀਂ ਐਟਲਸ ਨੂੰ ਨਕਸ਼ਿਆਂ ਦੀ ਕਿਤਾਬ ਵਜੋਂ ਜਾਣਦੇ ਹਾਂ ਪਰ ਇਸ ਅਰਥ ਵਿਚ ਇਹ ਸ਼ਬਦ ਇਸ ਲਈ ਪ੍ਰਚੱਲਤ ਹੋਇਆ ਕਿਉਂਕਿ ਸੋਲਵ੍ਹੀਂ ਸਦੀ ਵਿਚ ਪਹਿਲੀ ਵਾਰ ਦੁਨੀਆ ਦਾ ਐਟਲਸ ਛਪਵਾਉਣ ਵਾਲੇ ਨੇ ਇਹ ਸ਼ਬਦ ਵਰਤਿਆ ਸੀ। ਉਸ ਦੇ ਐਟਲਸ ਦੇ ਸਰਵਰਕ ਵਿਚ ਇਸ ਦਾਨਵ ਦਾ ਚਿੱਤਰ ਸੀ। ਮੌਰੀਟੇਨੀਆ (ਉਤਰ ਪੱਛਮੀ ਅਫਰੀਕਾ ਦਾ ਇਕ ਦੇਸ਼ ਜੋ ਐਟਲਾਂਟਿਕ ਸਾਗਰ ਦੇ ਨਾਲ ਲਗਦਾ ਹੈ) ਵਿਚ ਇਕ ਪਰਬਤ ਦਾ ਨਾਂ ਹੈ ਮਾਊਂਟ ਐਟਲਸ। ਇਸ ਦੇ ਪ੍ਰਸੰਗ ਵਿਚ ਐਟਲਾਂਟਿਕ ਸ਼ਬਦ ਪ੍ਰਚੱਲਤ ਹੋਇਆ ਜੋ ਬਾਅਦ ਵਿਚ ਸਮੁਚੇ ਐਟਲਾਂਟਿਕ ਸਾਗਰ ਲਈ ਵਰਤਿਆ ਜਾਣ ਲੱਗਾ। ਅੰਗਰੇਜ਼ੀ ਤੇ ਹੋਰ ਹਿੰਦ-ਆਰਿਆਈ ਭਾਸ਼ਾਵਾਂ ਦੇ ਬਹੁਤ ਸਾਰੇ ਜਾਣੇ-ਪਛਾਣੇ ਸ਼ਬਦ ਇਸ ਮੂਲ ਨਾਲ ਜਾ ਜੁੜਦੇ ਹਨ ਜਿਨ੍ਹਾਂ ਦੀ ਵਿਆਖਿਆ ਫਿਰ ਕਦੇ ਕੀਤੀ ਜਾਵੇਗੀ।