ਸੁਰਿੰਦਰ ਗੀਤ
403 -605-3734
‘ਲੈ! ਫਿਰ ਅੱਜ ਫਿਰ ਸਵੇਰੇ ਈ ਆ ਗਿਆ! ਏਹਨੂੰ ਕੋਈ ਹੋਰ ਕੰਮ ਨੀ। ਏਸ ਤੋਂ ਤਾਂ ਨਾਈਟ ਸਿਫ਼ਟ ਚੰਗੀ ਆ। ਕੋਈ ਸਿਰ ’ਤੇ ਤਾਂ ਨੀ ਖੜ੍ਹਾ ਰਹਿੰਦਾ…ਖੜ੍ਹਾ ਰਹੇ…ਮੈਂ ਤਾਂ ਆਪਣਾ ਕੰਮ ਕਰੀ ਜਾਣਾ!’ ਮੈਂ ਮਨ ਹੀ ਮਨ ਕਿਹਾ।
ਜਨਵਰੀ 1997 ਦੀ ਗੱਲ ਹੈ। ਮੈਂ ਪੀਟਰਗਰੀ ਸ਼ਹਿਰ ਦੇ ਆਵਾਜਾਈ ਯੋਜਨਾ ਬੰਦੀ ਵਿਭਾਗ ’ਚੋਂ ਬਦਲ ਸ਼ਹਿਰ ਦੇ ਪੁਲੀਸ ਦੇ ਪ੍ਰਬੰਧਕੀ ਮਹਿਕਮੇ ’ਚ ਆਈ ਸੀ। ਮੇਰੇ ਤੋਂ ਕੁਝ ਦਿਨ ਪਹਿਲਾਂ ਇੰਸਪੈਕਟਰ ਪੀਟਰ ਜੌਹਨਸਟਨ ਹੋਮੋਸਾਈਡ ਯੂਨਿਟ ’ਚੋਂ ਬਦਲ ਕੇ ਪੁਲੀਸ ਪ੍ਰਬੰਧ ’ਚ ਆਇਆ ਸੀ। ਦਿਨ ਦੀ ਪੂਰੀ ਸਿਫ਼ਟ ਦਾ ਉਹ ਇੰਚਾਰਜ ਸੀ। ਅਸਲ ’ਚ ਉਹ ਡਿਊਟੀ ਇੰਸਪੈਕਟਰ ਸੀ। ਦਿਨ ਵੇਲੇ ਦੀਆਂ ਸਭ ਘਟਨਾਵਾਂ ਬਾਰੇ ਮੀਡੀਆ ਨੂੰ ਜਵਾਬਦੇਹ ਸੀ।
ਉਸ ਦੀ ਡਿਊਟੀ ਸਵੇਰੇ ਸੱਤ ਵਜੇ ਤੋਂ ਸ਼ਾਮ ਦੇ ਚਾਰ ਵਜੇ ਤਕ ਹੁੰਦੀ। ਕੋਈ ਵੀ ਉਸਦਾ ਪੂਰਾ ਨਾਮ ਨਹੀਂ ਸੀ ਲੈਂਦਾ, ਸਾਰੇ ਉਸ ਨੂੰ ਪੀਟਰ ਹੀ ਆਖਦੇ। ਉਸਨੂੰ ‘ਸਰ’ ਜਾਂ ਮਿਸਟਰ ਜੌਹਨਸਟਨ ਅਖ਼ਵਾਉਣਾ ਚੰਗਾ ਨਹੀਂ ਸੀ ਲਗਦਾ। ਇਕ ਦਿਨ ਉਸਦੇ ਦਫ਼ਤਰ ’ਚ ਗੱਲ ਬਾਤ ਕਰਦਿਆਂ ਮੇਰੇ ਤੋਂ ‘ਸਰ’ ਕਹਿ ਹੋ ਗਿਆ ਤਾਂ ਉਸ ਨੇ ਝੱਟ ਟੋਕ ਦਿੱਤਾ। ਉਸ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ’ਚ ਕਿਹਾ, ‘ਅਸੀਂ ਸਾਰੇ ਇਕ ਦੂਸਰੇ ਦੇ ਦੋਸਤ ਹਾਂ ਜੋ ਇਕੱਠੇ ਕੰਮ ਕਰਦੇ ਆਂ। ਮੇਰਾ ਨਾਮ ਪੀਟਰ ਜੌਹਨਸਟਨ ਹੈ। ਮੈਨੂੰ ਚੰਗਾ ਲਗਦਾ ਹੈ ਜਦੋਂ ਮੇਰੇ ਨਾਲ ਕੰਮ ਕਰਦੇ ਦੋਸਤ ਮੈਨੂੰ ‘ਪੀਟਰ’ ਆਖ ਕੇ ਬੁਲਾਉਂਦੈ ਆ!
ਉੱਚਾ-ਲੰਮਾ ਤੇ ਬਹੁਤ ਹੀ ਸੋਹਣੀ ਫੱਬਵੀਂ ਦਿੱਖ ਵਾਲਾ ਨੌਜਵਾਨ ਪੁਲੀਸ ਅਫ਼ਸਰ ਸਭ ਦਾ ਚਹੇਤਾ ਸੀ। ਉਸਦਾ ਉੱਚਾ-ਲੰਮਾ ਕੱਦ, ਅਤੇ ਮਿੱਠੀ ਬੋਲ ਚਾਲ ਹਰ ਇਕ ਦਾ ਮਨ ਮੋਹ ਲੈਂਦੀ। ਚੰਗਾ ਤਾਂ ਉਹ ਮੈਨੂੰ ਵੀ ਲਗਦਾ ਪਰ ਦਿਨ ਦੀ ਸਿਫ਼ਟ ਵੇਲੇ ਉਸਦਾ ਕਾਫ਼ੀ ਦਾ ਕੱਪ ਲੈ ਕੇ ਮੇਰੇ ਕੋਲ ਆ ਬੈਠਣਾ, ਬਹੁਤ ਬੁਰਾ ਲਗਦਾ। ਉਸ ਨੇ ਕਦੇ ਨੋਕ-ਝੋਕ ਨਹੀਂ ਸੀ ਕੀਤੀ…ਪਰ ਸੀ ਤਾਂ ਮੇਰਾ ਸੁਪਰਵੀਜ਼ਰ ਹੀ ਜਿਹੜਾ ਮੈਨੂੰ ਡਰਾਉਂਦਾ ਸੀ। ਮੈਨੂੰ ਲਗਦਾ ਜਿਵੇਂ ਉਸਦੀਆਂ ਤੇਜ਼ ਤਰਾਰ ਪੁਲਸੀਆ ਅੱਖਾਂ ਮੈਨੂੰ ਪਰਖ ਰਹੀਆਂ ਹੋਣ। ਤਰ੍ਹਾਂ-ਤਰ੍ਹਾਂ ਦੇ ਖ਼ਿਆਲਾਂ ਦੀ ਭੰਬੀਰੀ ਮੇਰੇ ਦਿਮਾਗ ’ਚ ਘੁੰਮਦੀ ਰਹਿੰਦੀ…ਇਹ ਏਥੇ ਬੈਠ ਕੇ ਮੇਰੇ ’ਤੇ ਨਿਗਾਹ ਰੱਖਦਾ ਹੈ…ਕੀ ਮੇਰਾ ਕੰਮ ਇਸਨੂੰ ਪਸੰਦ ਨਹੀਂ…ਇਹ ਵੀ ਹੋ ਸਕਦੈ ਕਿ ਇਸ ਦਫ਼ਤਰ ’ਚ ਮੈਂ ਇਕੱਲੀ ਪੰਜਾਬੀ ਔਰਤ ਹਾਂ…ਦਫਤਰ ਵਿਚ ਕੋਈ ਨਸਲੀ ਭੇਦ-ਭਾਵ ਹੋਵੇਗਾ…ਕਿਸੇ ਨੇ ਮੇਰੇ ਬਾਰੇ ਕੋਈ ਸ਼ਿਕਾਇਤ ਕੀਤੀ ਹੋਵੇਗੀ! ਅਗਲੀਆਂ-ਪਿਛਲੀਆਂ ਘਟਨਾਵਾਂ ਚੇਤੇ ਆ ਜਾਂਦੀਆਂ। ਮੈਂ ਇਸ ਤਰ੍ਹਾਂ ਦੇ ਸਵਾਲਾਂ ਵਿਚ ਉਲਝੀ ਹੋਈ ਆਪਣਾ ਕੰਮ ਬੜੇ ਧਿਆਨ ਨਾਲ ਕਰਦੀ ਰਹਿੰਦੀ। ਜੇਕਰ ਕਿਸੇ ਪੁਲੀਸ ਅਧਿਕਾਰੀ ਦਾ ਕਿਸੇ ਕੰਮ ਬਾਰੇ, ਕਿਸੇ ਵਿਅਕਤੀ ਬਾਰੇ ਕੋਈ ਸਵਾਲ ਹੁੰਦਾ ਤਾਂ ਮੈਂ ਬੜੀ ਫੁਰਤੀ ਨਾਲ ਸੁਲਝੇ ਪ੍ਰੋਫ਼ੈਸ਼ਨਲ ਢੰਗ ਨਾਲ ਜਵਾਬ ਦਿੰਦੀ। ਮੈਂ ਤੇਜ਼ੀ ਨਾਲ ਕੰਪਿਊਟਰ ’ਤੇ ਹੱਥ ਚਲਾਉਂਦੀ ਉਸਨੂੰ ਦਿਖਾਉਣ ਵਾਸਤੇ ਕਿ ਮੈਨੂੰ ਸਾਰੇ ਸਿਸਟਮ ਦੀ ਚੰਗੀ ਜਾਣਕਾਰੀ ਹੈ। ਜਿਸ ਦਿਨ ਉਹ ਨਾ ਆਉਂਦਾ, ਮੈਂ ਸੁੱਖ ਦਾ ਸਾਹ ਲੈਂਦੀ।
ਇਕ ਦਿਨ ਮੈਂ ਦਫ਼ਤਰ ’ਚ ਆਪਣੀਆਂ ਈ ਸੋਚਾਂ ’ਚ ਡੁੱਬੀ ਹੋਈ ਸਾਂ। ਉਦਾਸ ਤਾਂ ਨਹੀਂ ਸੀ ਪਰ ਖਾਮੋਸ਼ ਸਾਂ। ‘ਵਾਏ ਆਰ ਯੂ ਸੋ ਕੁਆਇਟ?’ ਮੇਰੇ ਨਾਲ ਕੰਮ ਕਰਦੀ ਗੋਰੀ ਕੁੜੀ, ਡੈਬੀ ਨੇ ਪੁੱਛਿਆ।
‘ਆਈ ਐਮ ਫਾਈਨ, ਜਸਟ ਥੀਕਿੰਗ ਅਬਾਊਟ ਸਮਥਿੰਗ!’
ਡੈਬੀ ਖਿੜ-ਖਿੜਾ ਕੇ ਹੱਸ ਪਈ ਤੇ ਕਹਿਣ ਲੱਗੀ, ‘ਆਈ ਨੋਅ! ਪੀਟਰ ਇਜ਼ ਨਾਟ ਇਨ ਟੂ-ਡੇਅ…ਦੈਟਸ ਵਾਏ ਯੂ ਆਰ ਕੁਆਇਟ!’
ਇਉਂ ਉਹ ਮੈਨੂੰ ‘ਪੀਟਰ’ ਦਾ ਨਾਮ ਲੈ ਲੈ ਛੇੜਦੀ ਰਹਿੰਦੀ। ਜਦੋਂ ਕਿਤੇ ਉਹ ਮੇਰੇ ਦਫ਼ਤਰ ਕੋਲੋਂ ਦੀ ਲੰਘਦੀ ਪੀਟਰ ਨੂੰ ਮੇਰੇ ਕੋਲ ਖੜ੍ਹਾ ਜਾਂ ਸਾਹਮਣੇ ਵਾਲੀ ਕੁਰਸੀ ’ਤੇ ਬੈਠਾ ਦੇਖਦੀ ਤਾਂ ਉਹ ਸ਼ਰਾਰਤੀ ਜਿਹੇ ਢੰਗ ਨਾਲ ਹੱਸਦੀ। ਇਕ ਵਾਰ ਤਾਂ ਉਸਨੇ ਪੀਟਰ ਨੂੰ ਆਖ ਹੀ ਦਿੱਤਾ, ’ਪੀਟਰ! ਆਈ ਥਿੰਕ ਯੂ ਲਾਇਕ ਟੂ ਟਾਕ ਟੂ ਸੈਂਡੀ ਵੈਰੀ ਮੱਚ!’
‘ਓ ਯੈਸ…ਯੈਸ…! ਸ਼ੀ ਇਜ਼ ਵੈਰੀ ਲਵਲੀ ਪਰਸਨ!’ ਉਸਨੇ ਹੱਸਦਿਆਂ ਹੱਸਦਿਆਂ ਜਵਾਬ ਦਿੱਤਾ। ਮੇਰੇ ’ਤੇ ਪੀਟਰ ਦੀ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਗੋਰੇ ਲੋਕ ਛੇਤੀ ਛੇਤੀ ਕਿਸੇ ਨੂੰ ਮਾੜਾ ਨੀ ਕਹਿੰਦੇ…ਇਨ੍ਹਾਂ ਦਾ ਭੇਤ ਪਾਉਣਾ ਮੁਸ਼ਕਿਲ ਹੈ। ਵੈਰੀ ਗੁੱਡ…ਵੈਰੀ ਗੁੱਡ ਕਹਿੰਦੇ ਕਹਿੰਦੇ ਤੀਰ ਚਲਾ ਜਾਂਦੇ ਆ।
ਇਕ ਦਿਨ ਮੈਂ ਕਾਫੀ ਬਰੇਕ ’ਤੇ ਸਾਂ। ਕਾਫੀ ਸ਼ਾਪ ਵਿਚ ਕੰਧ ਦੇ ਨਾਲ ਲੱਗੇ ਮੇਜ਼ ’ਤੇ ਇਕੱਲੀ ਬੈਠੀ ਸਾਂ। ਅਚਾਨਕ ਪੀਟਰ ਆ ਟਪਕਿਆ। ਉਸ ਨੇ ਕਾਫੀ ਲਈ ਤੇ ਮੇਰੇ ‘ਤੋਂ ਪੁੱਛ ਕੇ ਮੇਰੇ ਸਾਹਮਣੇ ਵਾਲੀ ਕੁਰਸੀ ’ਤੇ ਬੈਠ ਗਿਆ।
ਹਾਲ-ਚਾਲ ਪੁੱਛ ਕੇ ਉਸਨੇ ਸਿੱਖ ਧਰਮ ਦੀਆਂ ਗੱਲਾਂ ਛੇੜ ਲਈਆਂ। ਮੈਂ ਸਮਝ ਗਈ ਕਿ ਉਹ ਮੇਰੇ ‘ਤੋਂ ਸਿੱਖ ਧਰਮ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ। ਮੈਂ ਆਪਣੇ ਗਿਆਨ ਅਨੁਸਾਰ ਉਸ ਦੇ ਹਰ ਸਵਾਲ ਦਾ ਜਵਾਬ ਦਿੱਤਾ। ਫਿਰ ਉਸਨੇ ਸਿੱਖ ਧਰਮ ਨਾਲ ਸਬੰਧਤ ਕੋਈ ਅੰਗਰੇਜ਼ੀ ’ਚ ਲਿਖੀ ਕਿਤਾਬ ਮੰਗੀ, ਜਿਸ ਨੂੰ ਪੜ੍ਹ ਕੇ ਉਹ ਸਿੱਖ ਧਰਮ ਬਾਰੇ ਪੂਰੀ ਜਾਣਕਾਰੀ ਲੈ ਸਕੇ। ਚੰਗੀ ਕਿਸਮਤ ਨਾਲ ਮੇਰੇ ਕੋਲ ਇਕ ਪਈ ਸੀ। ਮੇਰੇ ਬਾਪੂ ਜੀ ਏਥੇ ਮੇਰੇ ਕੋਲ ਛੱਡ ਗਏ ਸਨ। ਹੁਣ ਮੈਨੂੰ ਕੁਝ ਹੌਸਲਾ ਹੋ ਗਿਆ ਕਿ ਇਹ ਮੇਰੀ ਨਿਗਰਾਨੀ ਨਹੀਂ ਕਰਦਾ ਸਗੋਂ ਮੇਰੇ ਤੋਂ ਕੁਝ ਜਾਨਣ ਦੀ ਕੋਸ਼ਿਸ਼ ਕਰਦਾ ਆ। ਸਿੱਖ ਧਰਮ ਅਤੇ ਸਿੱਖਾਂ ਬਾਰੇ ਜਾਨਣਾ ਚਾਹੁੰਦਾ ਹੈ।
ਅਗਲੀ ਸਵੇਰੇ ਮੈਂ ਕੀਤੇ ਵਾਅਦੇ ਅਨੁਸਾਰ ਡਾ. ਗੋਪਾਲ ਸਿੰਘ ਦੀ ਲਿਖੀ ‘ਸਿੱਖ ਹਿਸਟਰੀ’ ਉਸਦੇ ਦੇ ਦਫਤਰ ਵਿਚ ਉਸਦੀ ਮੇਜ਼ ’ਤੇ ਰੱਖ ਆਈ। ਉਹ ਆਪ ਉਸ ਸਮੇਂ ਆਪਣੇ ਕਮਰੇ ਵਿਚ ਨਹੀਂ ਸੀ।
ਉਸ ਦਿਨ ਮੈਂ ਪੀਟਰ ਦੀ ਉਡੀਕ ਕਰ ਰਹੀ ਸਾਂ। ਮੈਨੂੰ ਭਰੋਸਾ ਸੀ ਕਿ ਉਹ ਮੇਰਾ ਧੰਨਵਾਦ ਕਰਨ ਆਵੇਗਾ ਤੇ ਏਸੇ ਤਰ੍ਹਾਂ ਹੀ ਹੋਇਆ। ਲੰਚ ਟਾਈਮ ਉਹ ਮੇਰੇ ਕੋਲ ਆਇਆ। ਉਸਦੇ ਹੱਥ ਵਿਚ ਓਹੋ ਹੀ ਮੋਟੀ ਭਾਰੀ ਕਿਤਾਬ ਫੜੀ ਹੋਈ ਸੀ। ਉਸਦੇ ਚਿਹਰੇ ’ਤੇ ਇਕ ਵੱਖਰੀ ਕਿਸਮ ਦੀ ਮੁਸਕਰਾਹਟ ਦੀ ਲਹਿਰ ਸੀ। ਉਸ ਪ੍ਰਤੀ ਅੱਜ ਮੇਰਾ ਰਵੱਈਆ ਵੀ ਬਹੁਤ ਬਦਲਿਆ ਹੋਇਆ ਸੀ। ਮੈਨੂੰ ਉਹ ਸੁਪਰਵਾਈਜ਼ਰ ਨਾਲੋਂ ਦੋਸਤ ਜ਼ਿਆਦਾ ਪ੍ਰਤੀਤ ਹੋ ਰਿਹਾ ਸੀ। ਉਸਨੇ ਕਿਤਾਬ ਲਈ ਮੇਰਾ ਧੰਨਵਾਦ ਕੀਤਾ ’ਤੇ ਪੜ੍ਹ ਕੇ ਵਾਪਿਸ ਕਰਨ ਦਾ ਵਾਅਦਾ ਕੀਤਾ। ਕਿਤਾਬ ਦੇ ਪੰਨੇ ਫਰੋਲਦਿਆਂ ਉਹ ਕੁਝ ਮੁਸਕਰਾਇਆ ਤੇ ਕਿਹਾ, ‘ਕਿਤਾਬ ਬਹੁਤ ਵੱਡੀ ਹੈ, ਪੜ੍ਹਨ ’ਚ ਕਾਫੀ ਸਮਾਂ ਲਗੇਗਾ!’
‘ਕੋਈ ਗੱਲ ਨਹੀਂ….ਜਿੰਨੀ ਦੇਰ ਮਰਜ਼ੀ ਰੱਖੋ।’ ਮੈਂ ਕਿਹਾ।
ਇਸਤੋਂ ਬਾਦ ਪੀਟਰ ਦਾ ਮੇਰੇ ਕਮਰੇ ’ਚ ਆਉਣਾ ਘਟ ਗਿਆ। ਪਤਾ ਨਹੀਂ ਕਿਉਂ? ਸ਼ਾਇਦ ਉਸਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਬਹੁਤ ਮਿਹਨਤੀ ਲੋਕ ਆਂ। ਇਹ ਵੀ ਹੋ ਸਕਦਾ ਹੈ ਕਿ ਉਸਨੂੰ ਉਸਦੇ ਸਵਾਲਾਂ ਦੇ ਜਵਾਬ ਮਿਲ ਗਏ ਹੋਣ। ਮੈਂ ਮਨ ਹੀ ਮਨ ਸੋਚਿਆ।
ਤਿੰਨ ਹਫ਼ਤਿਆਂ ਬਾਅਦ ਉਹ ਪਹਿਲਾਂ ਦੀ ਤਰ੍ਹਾਂ ਆਪਣਾ ਕੌਫੀ ਨਾਲ ਭਰਿਆ ਕੱਪ ਲੈ ਮੇਰੇ ਕੋਲ ਆਇਆ। ਉਸਨੇ ਹੱਥ ’ਚ ਓਹੀ ਕਿਤਾਬ ਫੜੀ ਹੋਈ ਸੀ। ਉਸਨੇ ਬੜੇ ਸਤਿਕਾਰ ਨਾਲ ਕਿਤਾਬ ਮੇਰੇ ਹੱਥ ’ਚ ਫੜਾਉਂਦਿਆਂ ਧੰਨਵਾਦ ਕੀਤਾ। ਹਮੇਸ਼ਾ ਦੀ ਤਰ੍ਹਾਂ ਮੇਰੇ ‘ਤੋਂ ਬੈਠਣ ਦੀ ਇਜਾਜ਼ਤ ਮੰਗੀ। ਹੁਣ ਮੈਂ ਅੰਦਰੋ ਦੁੱਖੀ ਹੋ ਕੇ ਨਹੀਂ ਸਗੋਂ ਚਾਅ ਨਾਲ ਬੈਠਣ ਲਈ ਕਿਹਾ।
ਉਸਨੇ ਕੌਫੀ ਦੀ ਘੁੱਟ ਭਰਦਿਆਂ ਮੇਰੇ ਚਿਹਰੇ ’ਤੇ ਨਿਗਾਹ ਟਿਕਾ ਕੇ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅੰਦਾਜ਼ ’ਚ ਕਿਹਾ ‘ਸਿੱਖਜ਼ ਆਰ ਵੰਡਰਫੁੱਲ ਪੀਪਲ…ਆਈ ਸਲੂਟ ਆਲ ਦਾ ਸਿਖ਼ਜ਼ ਇਨ ਦਾ ਵਰਲਡ!’
ਮੇਰਾ ਚਿਹਰਾ ਖਿੜ ਗਿਆ…ਖੁਸ਼ੀ ਨਾਲ ਮੇਰੀਆਂ ਅੱਖਾਂ ਭਰ ਆਈਆਂ। ਮੈਂ ਅੰਦਰੋ-ਅੰਦਰੀ ਬਹੁਤ ਖੁਸ਼ ਸਾਂ। ਮੈਂ ਪੀਟਰ ਬਾਰੇ ਕੀ ਸੋਚ ਰਹੀ ਸਾਂ ਤੇ ਕੀ ਨਿਕਲਿਆ। ਨਾਲ ਹੀ ਉਸਨੇ ਮੇਰੇ ਨਾਲ ਇਕ ਪੰਜਾਬੀ ਸਿੱਖ ਬਜ਼ੁਰਗ ਦੀ ਕਹਾਣੀ ਸਾਂਝੀ ਕੀਤੀ ਕਿ ਕਿਵੇਂ ਉਸਨੇ ਉਸਨੂੰ ਸ਼ਹਿਰ ਦੇ ਗੁਰਦੁਆਰੇ ’ਚੋਂ ਫੜਿਆ ਸੀ। ਮਾਮੂਲੀ ਜਿਹੇ ਝਗੜੇ ’ਤੇ ਆਪਣੀ ਪਤਨੀ ਦਾ ਕਤਲ ਕਰਕੇ ਗੁਰਦੁਆਰੇ ਜਾ ਲੁਕਿਆ ਸੀ, ਉਹ 65 ਸਾਲ ਦਾ ਬੰਦਾ।
ਪੀਟਰ ਨੇ ਮੈਨੂੰ ਦੱਸਿਆ ਕਿ ਗੁਰਦਵਾਰੇ ਦੇ ਇਕ ਕਮਰੇ ’ਚ ਉਹ ਲੰਮਾ ਪਿਆ ਸੀ। ਜਿਉਂ ਹੀ ਮੈਂ ਕਮਰੇ ਦੇ ਦਰਵਾਜ਼ੇ ਕੋਲ ਗਿਆ, ਉਸਨੇ ਆਪਣੇ ਚਿਹਰੇ ‘ਤੋਂ ਕੰਬਲ ਖਿਸਕਾਇਆ…ਤੇ ਸਕਿੰਟ ’ਚ ਹੀ ਚਿਹਰਾ ਢੱਕ ਲਿਆ…ਮੈਂ ਸਮਝ ਗਿਆ ਏਹੀ ਦੋਸ਼ੀ ਹੈ…!
‘ਆਈ ਨੋਅ ਪੀਟਰ, ਯੂ ਆਰ ਵੈਰੀ ਸਮਾਰਟ…ਸਮਟਾਈਮਜ਼, ਆਈ ਫੀਲ ਯੂ ਹੈਵ ਆਈਜ਼ ਆਲ ਓਵਰ ਯੂਅਰ ਬਾਡੀ…।’ ਮੈਂ ਮਖੌਲ ’ਚ ਕਿਹਾ।
‘ਆਈ ਜਸਟ ਹੈਵ ਟੂਅ ਆਈਜ਼ ਲਾਈਕ ਆਲ ਅਦਰ ਪੀਪਲ…!.‘ਪੀਟਰ ਨੇ ਹੱਸਦਿਆਂ ਹੱਸਦਿਆਂ ਜਵਾਬ ਦਿੱਤਾ।
ਹੁਣ ਮੈਂ ਪੀਟਰ ਨਾਲ ਵਿਚਾਰ-ਵਿਟਾਂਦਰਾ ਕਰਨ ਦੇ ਸਮਰੱਥ ਹੋ ਗਈ ਸਾਂ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਉਹ ਮੈਨੂੰ ਓਪਰਾ ਨਹੀਂ ਸੀ ਲਗਦਾ। ਮੈਂ ਬੜੇ ਸਹਿਜ ਨਾਲ ਗੱਲ ਕਰ ਸਕਦੀ ਸਾਂ।
ਸੋ…ਸੈਂਡੀ…ਵਟ ਡੂ ਯੂ ਥਿੰਕ…ਇਟ ਵਾਜ਼ ਏ ਫਸਟ ਡਿਗਰੀ ਮਰਡਰ ਔਰ ਸੈਕੰਡ ਡਿਗਰੀ ਮਰਡਰ…?’
ਮੈਂ ਕੁਝ ਸੋਚੀਂ ਪੈ ਗਈ। ਆਪਣਾ ਦਿਮਾਗ ਲੜਾਇਆ ਤੇ ਬੋਲੀ, ‘ਇਹ ਇਰਾਦਾ ਕਤਲ ਨਹੀ ਸੀ…ਉਹ ਕਿਸੇ ਵੀ ਹਾਲਤ ’ਚ ਆਪਣੀ ਪਤਨੀ ਨੂੰ ਮਾਰਨਾ ਨਹੀਂ ਸੀ ਚਾਹੁੰਦਾ…ਦੋਨਾਂ ਦਾ ਮਾੜੀ ਮੋਟੀ ਗੱਲ ‘ਤੋਂ ਤਕਰਾਰ ਹੋਇਆ…ਪਤਨੀ ਰੋਟੀ ਪਕਾ ਰਹੀ ਸੀ…ਉਸਨੇ ਉਸਦੇ ਹੱਥੋਂ ਵੇਲਣਾ ਫੜਿਆ ਤੇ ਸਿਰ ’ਤੇ ਵਾਰ ਕਰ ਦਿੱਤਾ…।’
‘ਉਸਨੇ ਅਜਿਹਾ ਕੀਤਾ ਕਿਉਂ…?’
ਮੈਂ ਹੱਸ ਪਈ…‘ਉਹ ਪੰਜਾਬੀ ਸੀ…ਮਰਦ ਪ੍ਰਧਾਨ ਸਮਾਜ ਦਾ ਅੰਗ ਸੀ…ਆਪਣੇ ਮਰਦ ਹੋਣ ਦਾ ਅਹਿਸਾਸ ਕਰਵਾਉਣ ਲਈ ਉਸ ਨੇ ਵੇਲਣਾ ਮਾਰਿਆ ਨਹੀਂ…ਉਸ ਕੋਲੋਂ ਵੱਜ ਗਿਆ…ਮੈਂ ਇਸ ਨੂੰ ਸੈਕੰਡ ਡਿਗਰੀ ਮਰਡਰ ਹੀ ਕਹਾਂਗੀ…!’
‘ਹੂੰ…’ ਉਸ ਨੇ ਸਿਰ ਹਿਲਾਇਆ ਤੇ ਚੁੱਪ ਹੋ ਗਿਆ।
ਮੈਂ ਚੁੱਪ-ਚਾਪ ਉਸਦਾ ਜਵਾਬ ਉਡੀਕ ਰਹੀ ਸਾਂ। ਉਸਨੂੰ ਚੁੱਪ ਦੇਖ ਕੇ ਮੈਂ ਦੋਬਾਰਾ ਕਿਹਾ, ਜਿਸ ਸਮਾਜ ਵਿਚ ਉਹ ਰਹਿ ਰਿਹਾ ਸੀ ਉਹ ਮਰਦ ਪ੍ਰਧਾਨ ਸਮਾਜ ਸੀ। ਉਸਦੀ ਮਰਦ-ਪੁਣੇ ਦੀ ਹੈਂਕੜ ਔਰਤ ਦੀ ਮੌਤ ਦਾ ਕਾਰਣ ਬਣੀ।
ਉਹ ਆਪਣੀ ਕੁਰਸੀ ‘ਤੋਂ ਉੱਠਿਆ…ਲੰਮਾ ਸਾਹ ਲਿਆ ਤੇ ਫਿਰ ਬੈਠ ਗਿਆ। ਮੇਰੇ ਵੱਲ ਦੇਖਣ ਲੱਗ ਪਿਆ। ‘ਸੈਂਡੀ…ਡੀਅਰ…ਯੂ ਆਰ ਵੈਰੀ ਇੰਟੈਲੀਜੈਂਟ…ਆਈ ਐਮ ਵੈਰੀ ਮੱਚ ਇਮਪਰੈਸਿਡ ਵਿਦ ਯੂਅਰ ਆਨਸਰ!’ ਆਪਣੇ ਬਾਰੇ ਇਹ ਸ਼ਬਦ ਸੁਣ ਕੇ ਪਲ ਕੁ ਭਰ ਲਈ ਮੈਨੂੰ ਆਪਣੇ=ਆਪ ’ਤੇ ਮਾਣ ਮਹਿਸੂਸ ਹੋਇਆ।
ਪੀਟਰ ਨੇ ਦੱਸਿਆ ਕਿ ਅਸੀਂ ਵੀ ਉਸ’ਤੇ ਸੈਕੰਡ ਡਿਗਰੀ ਮਰਡਰ ਦੇ ਚਾਰਜ ਹੀ ਲਾਏ ਸਨ।
ਮੇਰਾ ਧਿਆਨ ਇਕ ਦਮ ਪੰਜਾਬ ਪੁਲੀਸ ਵੱਲ ਗਿਆ ਕਿ ਕਿਵੇਂ ਉਹ ਲੋਕਾਂ ’ਤੇ ਝੂਠੇ ਕੇਸ ਪਾਉਂਦੇ ਹਨ, ਛੋਟੀ ਗੱਲ ਨੂੰ ਵੱਡੀ ਬਣਾ ਦਿੰਦੇ ਆ। ਪੈਸੇ ਲੈ ਕੇ ਸਬੂਤ ਖੁਰਦ-ਬੁਰਦ ਕਰ ਦਿੰਦੇ ਆ। ਅਸਲੀ ਗੁਨਾਹਗਾਰ ਛੁੱਟ ਜਾਂਦਾ ਹੈ ਅਤੇ ਕੋਈ ਹੋਰ ਬੇਗੁਨਾਹ ਫਸਾ ਲਿਆ ਜਾਂਦੈ। ਮੈਂ ਪੰਜਾਬ ਪੁਲੀਸ ਬਾਰੇ ਉਸ ਨੂੰ ਕਾਫ਼ੀ ਜਾਣਕਾਰੀ ਦਿੱਤੀ। ਮੇਰੀਆਂ ਗੱਲਾਂ ਸੁਣ ਸੁਣ ਉਹ ਹੈਰਾਨ-ਪਰੇਸ਼ਾਨ ਹੋਈ ਜਾ ਰਿਹਾ ਸੀ। ਉਸ ਤੋਂ ਰਿਹਾ ਨਾ ਗਿਆ। ਆਖਣ ਲੱਗਾ, ‘ਆਈ ਥਿੰਕ ਦੇ ਨੀਡ ਟਰੇਨਿੰਗ…ਆਈ ਛੁੱਡ ਬੀ ਦੀਅਰ ਟੂ ਟਰੇਨ ਦੈਮ।’
ਵੈਸਾਖੀ ਦਾ ਤਿਉਹਾਰ ਆ ਗਿਆ। ਵੈਸਾਖੀ ਵਾਲੇ ਦਿਨ ਗੁਰੂ ਘਰ ‘ਚ ਸ਼ਾਮ ਨੂੰ ਕੀਰਤਨ ਦਰਬਾਰ ਸੱਜਣਾ ਸੀ। ਮੇਰਾ ਚਿੱਤ ਤਾਂ ਕਰਦਾ ਸੀ ਕਿ ਮੈਂ ਵੀ ਜਾਵਾਂ ਪਰ ਉਸ ਦਿਨ ਮੇਰੀ ਸ਼ਾਮ ਦੀ ਡਿਊਟੀ ਸੀ। ਦਫਤਰ ਦੇ ਅਸੂਲਾਂ ਅਨੁਸਾਰ ਬਹਾਨਾ ਬਣਾਉਣਾ ਮੁਸ਼ਕਿਲ ਸੀ। ਸੋ ਮੈਂ ਦਿਨੇ ਆਪਣੀ ਨੀਂਦ ਪੂਰੀ ਕਰਕੇ ਸ਼ਾਮ ਨੂੰ ਕੰਮ ’ਤੇ ਚਲੀ ਗਈ। ਆਪਣੀ ਸਕਿਊਰਟੀ ਵਾਲੀ ਚਾਬੀ ਨਾਲ ਦਰਵਾਜ਼ਾ ਖੋਲ੍ਹ ਕੇ ਦੋ ਕੁ ਕਦਮ ਅੱਗੇ ਗਈ ਸੀ ਕਿ ਪੀਟਰ ਮੇਰੀ ਨਜ਼ਰੀਂ ਪੈ ਗਿਆ। ਆਪਣੇ ਦਫਤਰ ’ਚੋਂ ਬਾਹਰ ਆ ਰਿਹਾ ਸੀ।
ਇਹ ਇਸ ਵੇਲੇ ਕੀ ਕਰਦਾ ਆ ਏਥੇ? ਮੈਂ ਸੋਚਿਆ।
‘ਵਟ ਆਰ ਯੂ ਡੂਇੰਗ ਹਿਅਰ…ਦਿਅਰ ਇਜ਼ ਬਿਗ ਸੇਲੀਬਰੇਸ਼ਨ ਇਨ ਸਿੱਖ ਟੈਂਪਲ?’ ਪੀਟਰ ਇੱਕੋ ਸਾਹ ’ਚ ਕਹਿ ਗਿਆ।
‘ਟੂਡੇ ਇਜ ਮਾਈ ਸਿਫ਼ਟ ਐਂਡ ਆਈ ਐਮ ਅਲ਼ੋਨ ਇਨ ਦਾ ਆਫਿਸ!’ ਮੈਂ ਜਵਾਬ ਦਿੱਤਾ।
ਮੇਰਾ ਜਵਾਬ ਸੁਣ ਕੇ ਉਸ ਨੇ ਬੜੇ ਫਖਰ ਨਾਲ ਕਿਹਾ, ‘ਆਈ ਵੈਲ ਲੁੱਕ ਆਫਟਰ ਦਾ ਆਫਿਸ, ਯੂ ਗੋ ਟੂ ਸਿੱਖ ਟੈਂਪਲ ਐਂਡ ਇਨਜੁਆਏ!’ ਪੰਜਾਬੀ ਵਿਚ ਇੰਜ ਕਹਿ ਲਵੋ।’
ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ…ਪਰ ਮੈਂ ਸੋਚ ਰਹੀ ਸੀ ਕਿ ਇਹ ਕਿਵੇਂ ਆਫ਼ਿਸ ਦੀ ਦੇਖ ਭਾਲ ਕਰੇਗਾ…ਇਹਨੇ ਵੀ ਘਰ ਜਾਣਾ ਹੋਊ!
ਮੈਨੂੰ ਓਥੇ ਹੀ ਖੜ੍ਹਾ ਦੇਖ ਕੇ ਉਸਨੇ ਪਿਆਰ ਭਰੇ ਗੁੱਸੇ ’ਚ ਦੋਬਾਰਾ ਕਿਹਾ, ‘ਪਲੀਜ ਗੋ ਐਂਡ ਇਨਜੁਆਏ।’
ਮੈਂ ਘਰ ਆ ਗਈ। ਕਪੜੇ ਬਦਲੇ ਤੇ ਗੁਰੂ ਘਰ ਨੂੰ ਫੁਰਤੀ ਨਾਲ ਵਗ ਗਈ। ਮੈਂ ਅੱਜ ਤੱਕ ਸੋਚ ਰਹੀ ਹਾਂ ਕਿ ਇਸ ਧਰਤੀ ’ਤੇ ਅਜਿਹੇ ਇਨਸਾਨ ਵੀ ਹਨ ਜਿਹੜੇ ਦੂਸਰਿਆਂ ਦੀਆਂ ਭਾਵਨਾਵਾਂ ਤੇ ਧਰਮਾਂ ਦਾ ਸਤਿਕਾਰ ਕਰਦੇ ਹਨ, ਭਾਵੇਂ ਉਹ ਕਿਸੇ ਵੀ ਰੰਗ, ਨਸਲ, ਜਾਤ ਤੇ ਖਿੱਤੇ ਦੇ ਹੋਣ!
