ਵਰਿਆਮ ਸਿੰਘ ਸੰਧੂ
98726-02296-647-535-1539
(ਪਾਤਰ ਦੇ ਸਦੀਵੀ ਵਿਛੋੜੇ ਤੋਂ ਬਾਅਦ ਮੈਂ ਦਸ ਮਹੀਨੇ ਦੀ ਮਿਹਨਤ ਤੋਂ ਬਾਅਦ ਪੁਸਤਕ ਲਿਖੀ, ‘ਰੰਗ-ਪ੍ਰਸੰਗ-ਸੁਰਜੀਤ ਪਾਤਰ ਦੇ’-ਏਥੇ ਉਸ ਪੁਸਤਕ ਵਿਚੋਂ ਪਾਠਕਾਂ ਲਈ ਕੁਝ ਚੋਣਵੇਂ ਰੰਗ ਪੇਸ਼ ਹਨ)
ਸੁਰਜੀਤ ਪਾਤਰ ਨਾਲ ਬੜੀ ਗੂੜ੍ਹੀ ਦੋਸਤੀ ਹੋਣ ਦਾ ਮੇਰਾ ਦਾਅਵਾ ਬਿਲਕੁਲ ਨਹੀਂ।
ਗੂੜ੍ਹੀ ਦੋਸਤੀ ਉਹ ਹੁੰਦੀ ਹੈ, ਜਿਸ ਵਿਚ ਤੁਸੀਂ ਇੱਕ-ਦੂਜੇ ਦੇ ਦਿਲਾਂ ਦੇ ਜਾਣੂ ਹੁੰਦੇ ਹੋ। ਆਪਣੇ ਸਾਰੇ ਦੁਖ-ਸੁਖ ਇੱਕ-ਦੂਜੇ ਨਾਲ ਸਾਂਝੇ ਕਰ ਸਕਦੇ ਹੋ। ਆਪਣੇ ਨਿੱਜੀ ਜੀਵਨ ਵਿਚ ਦੂਜੇ ਨੂੰ ਝਾਤ ਮਾਰਨ ਦਾ, ਰਾਇ ਦੇਣ-ਲੈਣ ਦਾ ਇਖ਼ਤਿਆਰ ਰੱਖਦੇ ਹੋ। ਜਦੋਂ ਦਿਲ ਕਰੇ ਇੱਕ ਦੂਜੇ ਦੇ ਘਰ ਉਹਨੂੰ ਬਿਨ ਦੱਸਿਆਂ ਬੇਝਿਜਕ ਮਿਲਣ ਆ-ਜਾ ਸਕਦੇ ਹੋ। ਆਪਣੀਆਂ ਮੁਹੱਬਤਾਂ, ਵਿਛੋੜਿਆਂ ਦੀ ਗੱਲ ਕਰ ਸਕਦੇ ਹੋਵੋ। ਤੁਹਾਡੇ ਆਪਸੀ ਪਰਿਵਾਰਕ ਜੀਆਂ ਦਾ ਵੀ ਆਪਸ ਵਿਚ ਮਿਲਵਰਤਣ ਹੋਵੇ, ਸਹਿਚਾਰ ਹੋਵੇ।
ਸਾਡੀ ਆਪਸੀ ਅਜਿਹੀ ਕੋਈ ਸਾਂਝ ਨਹੀਂ ਸੀ। ਅਸੀਂ ਇੱਕ-ਦੂਜੇ ਦੇ ਘਰ ਗਏ ਤਾਂ ਹੋਵਾਂਗੇ, ਪਰ, ਸਾਡੇ ਨਾਲ ਕੋਈ ਨਾ ਕੋਈ ਸਾਂਝਾ ਦੋਸਤ ਹੁੰਦਾ ਸੀ। ਸਾਡੀ ਕੋਈ ਵੀ ਮਿਲਣੀ ਆਪਸ ਵਿਚ ਦੁਖ-ਸੁਖ ਫੋਲਣ ਵਾਲੀ, ਨਿਰੋਲ ਨਿੱਜੀ ਮਿਲਣੀ ਨਹੀਂ ਸੀ। ਉਂਝ ਅਸੀਂ ਦੋਵਾਂ ਨੇ ਇੱਕੋ ਛੱਤ ਹੇਠਾਂ ਕਈ ਕਈ ਰਾਤਾਂ ਇਕੱਠੀਆਂ ਵੀ ਕੱਟੀਆਂ, ਇਕੱਠੇ ਸਫ਼ਰ ਵੀ ਕੀਤੇ, ਸਟੇਜਾਂ ਸਾਂਝੀਆਂ ਕੀਤੀਆਂ, ਕਵੀ ਦਰਬਾਰਾਂ ਵਿਚ ਕਵਿਤਾਵਾਂ ਪੜ੍ਹਦੇ ਰਹੇ।
ਸਾਡੀਆਂ ਬਹੁਤੀਆਂ ਮਿਲਣੀਆਂ ਮਹਿਫ਼ਿਲਾਂ, ਸਟੇਜਾਂ ਦੀਆਂ ਸਨ। ਮੈਂ ਜਿੰਨਾਂ ਕੁ ਸੁਰਜੀਤ ਪਾਤਰ ਨੂੰ ਸਮਝ ਸਕਿਆ, ਉਹ ਉਹਦੀ ਸ਼ਾਇਰੀ, ਲਿਖਤਾਂ ਤੇ ਉਹਦੇ ਨਾਲ ਹੁੰਦੀਆਂ ਅਣਗਿਣਤ ਮੁਲਾਕਾਤਾਂ ਵਿਚੋਂ ਕਸ਼ੀਦ ਕਰ ਕੇ ਜਾਣ-ਸਮਝ ਸਕਿਆ ਹਾਂ।
ਅਸਲ ਵਿਚ ਸਾਡੀ ਸਾਂਝ ਨਿੱਜੀ ਨਾ ਹੋ ਕੇ ਆਪਸੀ ਕਦਰਦਾਨੀ ਦੀ ਸਾਂਝ ਸੀ। ਮੈਂ ਉਹਦੀ ਸ਼ਾਇਰੀ ਤੇ ਸਹਿਜ ਸ਼ਖ਼ਸੀਅਤ ਦਾ ਦੀਵਾਨਾ ਕਦਰਦਾਨ ਸਾਂ ਤੇ ਉਹ ਮੇਰੀਆਂ ਕਹਾਣੀਆਂ ਦਾ ਕਦਰਦਾਨ ਸੀ। ਜਦੋਂ ਅਸੀਂ ਕਿਸੇ ਸਟੇਜ ’ਤੇ ਦੋਵੇਂ ਹਾਜ਼ਰ ਹੁੰਦੇ ਤਾਂ ਮੈਨੂੰ ਮੁਖ਼ਾਤਬ ਹੁੰਦਿਆਂ ਉਹ ਅਕਸਰ, ‘ਸਾਡਾ ਮੁਮਤਾਜ਼ ਕਹਾਣੀਕਾਰ’ ਆਖ ਕੇ ਵਡਿਆਉਂਦਾ ਤੇ ਇਹ ਗੱਲ ਤਾਂ ਉਹਨੇ ਸਟੇਜ ਤੋਂ ਕਈ ਵਾਰ ਆਖੀ, ‘ਵਰਿਆਮ ਦੀ ਕਹਾਣੀ ‘ਮੈਂ ਹੁਣ ਠੀਕ ਠਾਕ ਹਾਂ’ ਤੋਂ ਪੰਜਾਬ ਸੰਕਟ ਬਾਰੇ ਲਿਖੀ ਸਾਰੀ ਕਵਿਤਾ ਵਾਰੀ ਜਾ ਸਕਦੀ ਹੈ।’,
ਉਹਨੇ ‘ਹਨੇਰੇ ਵਿਚ ਸੁਲਘਦੀ ਵਰਣਮਾਲਾ’ ਮੇਰੀ ਝੋਲੀ ਵਿਚ ਪਾਉਂਦਿਆਂ
ਮੇਰੇ ਲਈ ਇਹ ਸਤਰਾਂ ਲਿਖ ਕੇ ਮੈਨੂੰ ਮਾਲਾ-ਮਾਲ ਕਰ ਦਿੱਤਾ ਸੀ
‘ਪਿਆਰੇ ਵਰਿਆਮ ਸੰਧੂ ਵਾਸਤੇ
ਜਿਸਦੀ ਹਰੇਕ ਕਹਾਣੀ ਪੜ੍ਹ ਕੇ
ਮੈਨੂੰ ਇਸ ਗੱਲ ’ਤੇ ਫ਼ਖ਼ਰ ਹੋਇਆ ਹੈ
ਕਿ ਉਹ ਮੇਰਾ ਦੋਸਤ ਹੈ!’
ਪੰਜਾਬ ਆਰਟਸ ਕੌਂਸਲ ਨੇ ‘ਪੰਜਾਬ ਗੌਰਵ’ ਨਾਂ ਦਾ ਪੁਰਸਕਾਰ ਦੇਣਾ ਸ਼ੁਰੂ ਕੀਤਾ ਤਾਂ ਪਹਿਲਾ ਲੇਖਕ ਮੈਂ ਹੀ ਸਾਂ।
ਇੱਕ ਵਾਰ ਮੈਂ ਜਨਤਕ ਤੌਰ ’ਤੇ ਪੋਸਟ ਪਾ ਕੇ ਉਹਨੂੰ ਫ਼ੋਨ ਨਾ ਚੁੱਕਣ ਦਾ ਨਿਹੋਰਾ ਮਾਰਿਆ। ਉਹ ਨਿਹੋਰਾ ਸੀ:
…ਮੇਰੀ ਕਹਾਣੀ ‘ਡੁੰਮ੍ਹ’ ਦਾ ਪਾਤਰ ਤੇਜੂ (ਅਸਲ ਵਿਚ ਮੇਜਾ ਸਿੰਘ) ਇਕ ਵਾਰ ਖੋਤੀ ’ਤੇ ਪੱਠੇ ਲੱਦੀ ਆ ਰਿਹਾ ਸੀ। ਅਸੀਂ ਪੰਜ-ਸੱਤ ਮੁੰਡੇ ਜਾ ਰਹੇ ਸਾਂ। ਚਾਚਾ ਮੇਜਾ ਸੁੰਹ ਕਹਿੰਦਾ, ‘ਜਵਾਨੋ! ਏਨੇ ਜਣੇ ਕੱਠੇ ਹੋ ਕੇ ਕਿੱਥੇ ਚਲੇ ਓ! ਸੁੱਖ ਤਾਂ ਹੈ?’
‘ਚਾਚਾ! ਭਿੱਖੀਵਿੰਡ, ਸਰਦਾਰ ਪਰਤਾਪ ਸੁੰਹ ਕੈਰੋਂ ਦਾ ਜਲਸਾ ਸੁਣਨ ਚੱਲੇ ਆਂ।’
ਮੇਜਾ ਸੁੰਹ ਖੋਤੀ ਨੂੰ ਰੋਕ ਕੇ ਕਹਿੰਦਾ, ‘ਚੰਗੀ ਗੱਲ ਆ! ਚੰਗੀ ਗੱਲ ਆ! ਚੱਲੇ ਓ ਤਾਂ ਸਰਦਾਰ ਕੈਰੋਂ ਨੂੰ ਮੇਰੀ ਫ਼ਤਹਿ ਜਰੂਰ ਬੁਲਾਉਣਾ।’
ਅਸੀਂ ਹੱਸ ਕੇ ਕਿਹਾ, ‘ਚਾਚਾ! ਸਮਝ ਲੈ, ਤੇਰੀ ਫ਼ਤਹਿ ਅੱਪੜ ਗਈ ਸਰਦਾਰ ਕੈਰੋਂ ਤੀਕ।’
ਮੇਜਾ ਸਿੰਘ ਨੇ ਖੋਤੀ ਨੂੰ ਤੋਰਨ ਲਈ ਟਿਚਕਰ ਮਾਰੀ ਤੇ ਸਾਨੂੰ ਕਿਹਾ, ‘ਜਵਾਨੋ!-ਪਰ ਇਕ ਗੱਲ ਜੇ। ਐਵੇਂ ਆਖਾਂ! ਮੈਂ ਸਰਦਾਰ ਕੈਰੋਂ ਨੂੰ ਜਾਣਦਾਂ, ਸਰਦਾਰ ਕੈਰੋਂ ਮੈਨੂੰ ਨਹੀਂ ਜੇ ਜਾਣਦਾ!’
ਏਨੀ ਆਖ ਕੇ ਮੈਂ ਤੋੜਾ ਝਾੜਤਾ, ‘ਸਾਡੇ ਲਈ ਤਾਂ ਏਨੀ ਗੱਲ ਹੀ ਬੜੇ ਮਾਣ ਵਾਲੀ ਹੈ, ਕਿ ਅਸੀਂ ਪਾਤਰ ਨੂੰ ਜਾਣਦੇ ਹਾਂ!’
ਜੁਗ ਜੁਗ ਜੀਵੇ ਵੱਡਾ ਵੀਰ!
ਪੰਜਾਬੀ ਸ਼ਾਇਰੀ ਦਾ ਮਾਣ!
ਸਾਡਾ ਜੱਗ-ਜਹਾਨ!
ਵਰਿਆਮ ਸਿੰਘ ਸੰਧੂ
—
ਪਾਤਰ ਦਾ ਹੁੰਗਾਰਾ ਸੀ:
ਪਿਆਰੇ ਵਰਿਆਮ!
ਤੇਰੇ ਸੁਹਣੇ ਬੋਲ ਸੁਣੇ ਤਾਂ ਅੱਖਾਂ ਨਮ ਹੋ ਗਈਆਂ
ਬਿਰਥਾ ਜੀਵਨ ਹੋ ਗਿਆ ਸਫਲਾ, ਸਿਫ਼ਰਾਂ ਰਕਮ ਹੋ ਗਈਆਂ।
ਤੂੰ ਸਾਡਾ ਮਾਣ ਹੈਂ, ਪਿਆਰੇ ਵਰਿਆਮ।
ਤੈਨੂੰ ਤੇ ਤੇਰੇ ਸਾਰੇ ਪਿਆਰਿਆਂ ਨੂੰ ਮੋਹ ਭਰੀਆਂ ਦੁਆਵਾਂ।
—
ਪਾਤਰ ਦੀਆਂ ਮੋਹ ਭਰੀਆਂ ਦੁਆਵਾਂ ਸਦਕਾ ਹੀ ਇਹ ਪੁਸਤਕ ਮੁਕੰਮਲ ਹੋ ਸਕੀ ਹੈ।
ਇਹ ਕਿਤਾਬ ਨਾ ਜੀਵਨੀ ਹੈ, ਨਾ ਆਲੋਚਨਾ। ਇਹ ਸੁਰਜੀਤ ਪਾਤਰ ਦੇ ਜੀਵਨ, ਸ਼ਾਇਰੀ ਅਤੇ ਸ਼ਖ਼ਸੀਅਤ ਵਿਚੋਂ ਕਸ਼ੀਦ ਕੀਤੇ ਸ਼ਰਬਤੀ ਤੁਪਕੇ ਹਨ।
-0-
ਮੈਨੂੰ ਕਨੇਡਾ ਵਿਚ ਅੱਧੀ ਰਾਤੀਂ ਪਤਾ ਲੱਗਾ ਕਿ ਕਵਿਤਾ ਦਾ ਸੂਰਜ ਡੁੱਬ ਗਿਆ ਹੈ। ਮੈਂ ਮਨ ਨੂੰ ਬਥੇਰਾ ਸਮਝਾਇਆ ਕਿ ਪਾਤਰ ਨੇ ਤਾਂ ਆਪ ਕਿਹਾ ਸੀ ਕਿ ਮੈਂ ਕਿਤੇ ਨਹੀਂ ਜਾਣ ਲੱਗਾ। ਮੈਂ ਸਿਵਿਆਂ ’ਚ ਸੜ ਕੇ ਵੀ ਮਰਨ ਨਹੀਂ ਲੱਗਾ।
ਸੂਰਜ ਨ ਡੁਬਦਾ ਕਦੇ ਸਿਰਫ਼ ਛੁਪਦਾ ਹੈ
ਮਤ ਸੋਚ ਕਿ ਮਰ ਜਾਏਂਗਾ ਸਿਵੇ ’ਚ ਬਲ ਕੇ।
ਪਰ ਵੈਰਾਗਿਆ ਹੋਇਆ ਮਨ ਆਖਦਾ ਸੀ ਕਿ ਅੱਜ ਪੰਜਾਬੀ ਅਦਬ ਦਾ ਉੱਚਾ ਸ਼ਮਲ੍ਹਾ ਡਿੱਗ ਪਿਆ ਹੈ। ਪੰਜਾਬੀ ਕਵਿਤਾ ਦਾ ਅਸਮਾਨੀ-ਬੁਰਜ ਢਹਿ ਗਿਆ ਹੈ।
ਸੰਤ ਸਿੰਘ ਸੇਖੋਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦੀ ਵਿਚ ਪੰਜਾਬੀ ਕਵਿਤਾ ਦੀਆਂ ਸੱਤ ਚੋਟੀਆਂ ਹਨ: ਭਾਈ ਵੀਰ ਸਿੰਘ, ਪ੍ਰੋ ਪੂਰਨ ਸਿੰਘ, ਪ੍ਰੋ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਪਾਸ਼ ਅਤੇ ਸੁਰਜੀਤ ਪਾਤਰ । ਇੱਕਵੀਂ ਸਦੀ ਦੀ ਪਹਿਲੀ ਚੌਥਾਈ ਵਿਚ ਕੇਵਲ ਤੇ ਕੇਵਲ ਸੁਰਜੀਤ ਪਾਤਰ ਪੰਜਾਬੀ ਕਵਿਤਾ ਦੀ ਮਾਊਂਟ ਐਵਰੈਸਟ ਬਣ ਕੇ ਸ਼ਾਨ ਨਾਲ ਸਭ ਤੋਂ ਉੱਚਾ ਖਲੋਤਾ ਸੀ। ਅੱਜ ਸਾਡੀ ਉਹ ਮਾਊਂਟ ਐਵਰੈਸਟ ਵੀ ਢਹਿ ਗਈ।
ਪਰ ਇਹ ਤਾਂ ਵੈਰਾਗ਼ੇ ਮਨ ਦੀ ਬਾਤ ਹੈ। ਪਾਤਰ ਢੱਠਾ ਕਿੱਥੇ ਹੈ, ਉਹ ਤਾਂ ਸਾਡੇ ਅੰਦਰ ਪੋਟਾ-ਪੋਟਾ ਕਰ ਕੇ ਉਸਰ ਰਿਹਾ ਹੈ। ਉਸਰਦਾ ਰਹਿਣਾ ਹੈ। ਆਖਣ ਨੂੰ ਤਾਂ ਭਾਵੇਂ ਪੰਜਾਬੀ ਕਵਿਤਾ ਦੇ ਖੇਤਰ ਵਿਚ ਨਵੀਂ ਸੁਰਜ਼ਮੀਨ ਦੀ ਤਲਾਸ਼ ਕਰਨ ਵਾਲਾ ਪੰਜਾਬੀ ਲੋਕ ਮਨਾਂ ਦਾ ਅਜ਼ੀਮ ਤੇ ਲੋਕ-ਪ੍ਰਿਅ ਸ਼ਾਇਰ ਸੁਰਜੀਤ ਪਾਤਰ ਅੱਜ ਸਾਡੇ ਦਰਮਿਆਨ ਨਹੀਂ ਰਿਹਾ, ਪਰ ਆਪਣੇ ਅੰਦਰ ਝਾਤ ਮਾਰ ਕੇ ਵੇਖੋ, ਉਹ ਕਿਧਰੇ ਨਹੀਂ ਗਿਆ, ਉਹ ਤਾਂ ਖੁਸ਼ਬੂ ਬਣ ਕੇ ਸਾਡੇ-ਤੁਹਾਡੇ ਧੁਰ ਅੰਦਰ ਵੜ ਕੇ ਕਿਤੇ ਬਹਿ ਗਿਆ ਹੈ। ਵਾਰਿਸਸ਼ਾਹ ਵਾਂਗ ਉਸਦੇ ਬੋਲ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਬਣ ਕੇ ਧੜਕਦੇ ਰਹਿਣਗੇ।
ਪਾਤਰ ਦੀ ਕਵਿਤਾ ਨੂੰ ਕੌਣ ਮਾਰ ਸਕਦਾ ਹੈ। ਉਹਨੇ ਜੀਣ-ਜੋਗੀ ਕਵਿਤਾ ਲਿਖੀ ਹੈ ਤੇ ਜੀਣ-ਜੋਗੀ ਕਵਿਤਾ ਕਦੀ ਮਰਦੀ ਨਹੀਂ ਹੁੰਦੀ। ਨਾ ਪਾਤਰ ਨੇ ਕਦੇ ਮਰਨਾ ਹੈ। ਜ਼ਿੰਦਗੀ ਦੇ ਸਦੀਵੀ ਵਿਹੜੇ ਵਿਚ ਪਾਤਰ ਨੇ ਜਿਹੜੇ ਬੋਲ ਆਪਣੇ ਬਲਦੇ ਹੱਥਾਂ ਨਾਲ ਹਵਾਵਾਂ ਵਿਚ ਲਿਖ ਦਿੱਤੇ, ਇਹ ਬੋਲ ਪੀੜ੍ਹੀਆਂ ਤੱਕ ਲਿਖੇ ਰਹਿਣਗੇ ਤੇ ਲੋਕ ਪੜ੍ਹਦੇ-ਸੁਣਦੇ ਰਹਿਣਗੇ।
ਪਹਿਲਾਂ ਵੀ ਤਾਂ ਉਹ ਦਿਲ-ਦਿਲ ਵੱਸਿਆ ਸੀ। ਘਰ ਘਰ ਵੱਸਿਆ ਸੀ।
ਉਹ ਲੋਕ ਮਨਾਂ ਦੀ ਅਵਾਜ਼ ਸੀ!
ਉਹਦੀ ਆਵਾਜ਼ ਵਿਚ ਕੋਇਲ ਦੀ ਕੂ ਕੂ ਦੀ ਮਿਠਾਸ ਸੀ।
ਉਹਦੇ ਸ਼ਬਦਾਂ ਵਿਚ ਅੰਗਿਆਰ ਮਘਦੇ ਤੇ ਅਨਾਰ ਚੱਲਦੇ ਸਨ।
ਉਹਨੂੰ ਸੁਣਨਾ ਤੇ ਪੜ੍ਹਨਾ ਪੰਜਾਬ ਦੀ ਆਤਮਾ ਨੂੰ ਪੜ੍ਹਣਾ-ਸੁਣਨਾ ਸੀ।
ਉਹ ਸਭਨਾਂ ਦਾ ਹੀ ਡਾਢਾ ਆਪਣਾ ਸੀ।
ਮੈਨੂੰ ਲੱਗਦਾ ਹੈ ਕਿ ਉਹ ਮੇਰਾ ਤਾਂ ਕੁਝ ਡਾਢਾ ਹੀ ਸੱਕਾ ਸੀ।
ਸੁਰਜੀਤ ਪਾਤਰ ਇਨ੍ਹਾਂ ਸਮਿਆਂ ਵਿਚ ਸਭ ਤੋਂ ਵੱਧ ਪੜ੍ਹੇ-ਸੁਣੇ ਜਾਣ ਵਾਲਾ ਪੰਜਾਬੀ ਦਾ ਸਰਵ-ਸਨਮਾਨਤ ਤੇ ਸਰਵ-ਪ੍ਰਵਾਨਤ ਸ਼ਾਇਰ ਸੀ। ਕੋਈ ਕਵੀ ਦਰਬਾਰ, ਕੋਈ ਸਾਹਿਤਕ ਸਮਾਗਮ ਉਹਦੀ ਹਾਜ਼ਰੀ ਬਿਨਾ ਅਧੂਰਾ, ਬੇਰਸ ਤੇ ਨਾ-ਮੁਕੰਮਲ ਸਮਝਿਆ ਜਾਂਦਾ ਸੀ॥
ਪਾਤਰ ਨੇ ਦੇਸ਼ ਵਿਦੇਸ਼ ਵਿਚ ਹੋਏ ਅਨੇਕਾਂ ਅੰਤਰਾਸ਼ਟਰੀ ਕਵਿਤਾ ਉਤਸਵਾਂ ਵਿਚ ਭਾਗ ਲਿਆ ਤੇ ਦੁਨੀਆਂ ਦੀਆਂ ਵੱਖ ਵੱਖ ਵੱਡੀਆਂ ਸਮਝੀਆਂ ਜਾਂਦੀਆਂ ਜ਼ਬਾਨਾਂ ਵਿਚ ਪੰਜਾਬੀ ਕਵਿਤਾ ਸੁਣਾ ਕੇ ਪੰਜਾਬ ਤੇ ਪੰਜਾਬੀ ਦੀ ਪੱਗ ਉਚੀ ਕੀਤੀ। ਪੰਜਾਬੀ ਕਵਿਤਾ ਅਤੇ ਪੰਜਾਬੀ ਭਾਸ਼ਾ ਨੂੰ ਦੁਨੀਆਂ ਭਰ ਦੇ ਸਾਹਿਤਕਾਰਾਂ ਵਿਚ ਰਾਣੀ ਬਣਾ ਕੇ ਪੇਸ਼ ਕੀਤਾ।
ਮੈਂ ਉਹਦੀ ਗ਼ਜ਼ਲਾਂ ਦੀ ਪਹਿਲੀ ਕਿਤਾਬ ‘ਹਵਾ ਵਿਚ ਲਿਖੇ ਹਰਫ਼’ ਛਪਣ ’ਤੇ ਲਿਖਿਆ ਸੀ, ‘ਇਹ ਕਿਤਾਬ ਪੰਜਾਬੀ ਕਵਿਤਾ ਦੇ ਅਸਮਾਨ ਵੱਲ ਖੁੱਲ੍ਹਦੀ ਖਿੜਕੀ ਹੈ। ਉਰਦੂ ਵਾਲੇ ਮਾਣ ਨਾਲ ਕਹਿੰਦੇ ਨੇ ਕਿ ਸਾਡੇ ਕੋਲ ਗ਼ਾਲਿਬ ਹੈ, ਮੀਰ ਹੈ, ਫ਼ੈਜ਼ ਹੈ, ਇਹੋ ਮਾਣ ਹਿੰਦੀ ਵਾਲੇ ਕਰਦੇ ਨੇ ਕਿ ਸਾਡੇ ਕੋਲ ਦੁਸ਼ਿਅੰਤ ਕੁਮਾਰ ਹੈ। ਅੱਜ ਤੋਂ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਕੋਲ ਸੁਰਜੀਤ ਪਾਤਰ ਹੈ।’
ਅੱਜ ਤੱਕ ਸਟੇਜਾਂ ’ਤੇ ਭਾਸ਼ਨ ਕਰਨ ਵਾਲੇ ਵੱਡੇ ਬੁਲਾਰੇ ਆਪਣੀ ਗੱਲ ਨੂੰ ਪੁਸ਼ਟ ਕਰਨ ਲਈ, ਉਰਦੂ ਦੇ ਵੱਡੇ ਸ਼ਾਇਰਾਂ ਦੇ ਸ਼ਿਅਰ ਬੋਲਿਆ ਕਰਦੇ ਸਨ, ਪਰ ਹੁਣ ਉਨ੍ਹਾਂ ਨੂੰ ਉਰਦੂ ਜਾਂ ਹਿੰਦੀ ਵੱਲ ਵੇਖਣ ਦੀ ਲੋੜ ਨਹੀਂ ਪੈਂਦੀ, ਲੋੜ ਪੈਣ ’ਤੇ ਉਨ੍ਹਾਂ ਦੇ ਭਾਸ਼ਨਾ ਨੂੰ ਸ਼ਿੰਗਾਰਨ ਵਾਸਤੇ ਪਾਤਰ ਦੇ ਸ਼ਿਅਰ ਹੱਸਦੇ ਹੋਏ ਆ ਕੇ ਉਨ੍ਹਾਂ ਦੇ ਬੋਲਾਂ ਵਿਚ ਬੈਠ ਜਾਂਦੇ ਨੇ।
ਉਹਦੇ ਸ਼ਿਅਰਾਂ ਨੂੰ ਤੁਸੀਂ-ਅਸੀਂ ਤਾਂ ਸਟੇਜਾਂ ’ਤੇ ਬੋਲਦੇ ਹੀ ਹਾਂ, ਪਰ ਉਹਦੇ ਸ਼ਿਅਰ ਤਾਂ ਭਾਰਤ ਦੀ ਸੰਸਦ ਵਿਚ ਵੀ, ਪੰਜਾਬ ਦੀ ਅਸੈਂਬਲੀ ਵਿਚ ਵੀ ਗੂੰਜਦੇ ਰਹੇ ਨੇ। ਗੂੰਜਦੇ ਰਹਿਣ ਨੇ!
ਉਸ ਦੇ ਸ਼ਿਅਰ ਤਾਂ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਪਾਤਰ ਵੀ ਬੋਲਦੇ ਨੇ। ਰਵੀਸ਼ ਕੁਮਾਰ ਵਰਗਾ ਭਾਰਤ ਦਾ ਨਾਮਵਰ ਪੱਤਰਕਾਰ ਬੋਲਦਾ ਹੈ। ਸਾਬਕਾ ਪ੍ਰਧਾਨ ਮੰਤ੍ਰੀ ਮਨਮੋਹਨ ਸਿੰਘ ਜਿਸਦੀ ਕਵਿਤਾ ਦਾ ਕਦਰਦਾਨ ਹੈ। ਹੋਰ ਤੇ ਹੋਰ ਗੁਰਬਾਣੀ ਦੀ ਕਥਾ ਕਰਨ ਵਾਲੇ, (ਜਿਨ੍ਹਾਂ ਕੋਲ ਆਪਣੀ ਗੱਲ ਪੁਸ਼ਟ ਕਰਨ ਲਈ ਗੁਰਬਾਣੀ ਵਿਚੋਂ ਦ੍ਰਿਸ਼ਟਾਂਤ ਦੇਣ ਵਾਸਤੇ ਭਰਿਆ-ਪੂਰਾ ਸਮੁੰਦਰ ਪਿਆ ਹੈ), ਭਾਈ ਪਿੰਦਰਪਾਲ ਸਿੰਘ ਵਰਗੇ ਵੀ ਆਪਣੇ ਪ੍ਰਵਚਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੁਰਜੀਤ ਪਾਤਰ ਦੇ ਸ਼ਿਅਰ ਵਰਤਦੇ ਹਨ।
ਉਹ ਪੰਜਾਬੀ ਦਾ ਇੱਕੋ-ਇੱਕ ਸ਼ਾਇਰ ਹੈ ਜਿਸਨੂੰ ਵਾਰਿਸਸ਼ਾਹ ਵਰਗੀ ਲੋਕ-ਪ੍ਰਿਅਤਾ ਹਾਸਲ ਹੋਈ ਹੈ ਤੇ ਵਾਰਿਸ ਸ਼ਾਹ ਵਾਂਗ ਹੀ ਉਸਦੇ ਸ਼ਿਅਰ ਕੋਟ ਕੀਤੇ ਜਾਂਦੇ ਹਨ। ਕਦੀ ਕੋਈ ਗੁੰਝਲਦਾਰ ਘਟਨਾ ਜਾਂ ਵਰਤਾਰਾ ਵਾਪਰ ਜਾਏ ਤਾਂ ਲੋਕ ਕਹਿੰਦੇ ਰਹੇ ਹਨ, ‘ਹੁਣ ਏਥੇ ਵਾਰੇਸ਼ਾਹ ਕੀ ਲਿਖੂ?’
ਅੱਗੇ ਤੋਂ ਅਜਿਹੀ ਮੁਸ਼ਕਿਲ ਬਣਨ ’ਤੇ ਲੋਕ ਕਿਹਾ ਕਰਨਗੇ, ‘ਹੁਣ ਏਥੇ ਪਾਤਰ ਕੀ ਲਿਖੂ?’
ਇਹਦਾ ਮਤਲਬ ਹੈ ਕਿ ਪਾਤਰ ਸਾਨੂੰ ਗੱਲ-ਗੱਲ ’ਤੇ ਯਾਦ ਆਉਂਦਾ ਰਹੇਗਾ।
—
ਮੈਂ ਕਿਹਾ ਸੀ, ‘ਸੁਰਜੀਤ ਪਾਤਰ ਨਾਅਰੇ ਜਾਂ ਲਲਕਾਰੇ ਦਾ ਨਹੀਂ, ਰਮਜ਼ ਤੇ ਇਸ਼ਾਰੇ ਦਾ ਸ਼ਾਇਰ ਹੈ। ਗੁਰਦਿਆਲ ਸਿੰਘ ਦੇ ਯਾਦ-ਸਮਾਗਮ ਵਿਚ ਬੋਲਦਿਆਂ ਮੈਂ ਕਿਹਾ ਸੀ, ‘ਜ਼ਰੂਰੀ ਨਹੀਂ, ਲਾਲ ਝੰਡਾ ਲੇਖਕ ਦੇ ਹੱਥ ਵਿਚ ਹੀ ਹੋਵੇ, ਉਹ ਉਹਦੇ ਦਿਲ ਵਿਚ ਵੀ ਹੁੰਦਾ ਹੈ’ ਲਾਲ ਝੰਡਾ ਸੁਰਜੀਤ ਪਾਤਰ ਦੇ ਦਿਲ ਵਿਚ ਵੀ ਸੀ।
‘ਕਿੰਨਾਂ ਹੈ ਮਹਾਨ ਦੇਸ਼, ਉਦੋਂ ਪਤਾ ਲੱਗਿਆ, ਜਦੋਂ ਮੇਰੀ ਹਿੱਕ ’ਚ ਤਿਰੰਗਾ ਗਿਆ ਗੱਡਿਆ’ ਆਖਣ ਵਾਲੇ ਪਾਤਰ ਦੀ ਹਿੱਕ ਵਿਚ ਡੂੰਘਾ ਗੱਡਿਆ ਤਿਰੰਗਾ ਜਦੋਂ ਉਹਦੇ ਦਿਲ ਨੂੰ ਲਹੂ ਲੁਹਾਨ ਕਰ ਰਿਹਾ ਹੋਵੇ, ਤਾਂ ਉਸ ਡੁੱਲ੍ਹੇ ਲਹੂ ਨਾਲ ਰੰਗੀਜ ਕੇ ਝੰਡਾ ਆਪਣੇ-ਆਪ ਲਾਲ ਹੋ ਜਾਂਦਾ ਹੈ। ਪਾਤਰ ਸ਼ਬਦਾਂ ਦੇ ਕਾਲੇ ਬੀਜਾਂ ਵਿਚੋਂ ਅਰਥਾਂ ਦੇ ਸੂਹੇ ਫੁੱਲ ਖਿੜਾ ਸਕਣ ਦਾ ਜਾਦੂ ਜਾਣਦਾ ਸੀ।
ਮੇਰਾ ਗੋਤੀ ਸ਼ਮਸ਼ੇਰ ਸੰਧੂ ਠੀਕ ਕਹਿੰਦਾ ਹੈ:
ਪਹਿਲਾਂ ਵੀ ਮੈਂ ਕਹਿੰਦਾ ਸੀ ਤੇ ਹੁਣ ਵੀ। ਅਜੋਕੀ ਪੰਜਾਬੀ ਕਵਿਤਾ ਦਾ ਨੰਬਰ ਇੱਕ ਸੁਰਜੀਤ ਪਾਤਰ ਹੈ। ਨੰਬਰ ਦੋ ਸੁਰਜੀਤ ਪਾਤਰ ਹੈ। ਨੰਬਰ ਤਿੰਨ ਸੁਰਜੀਤ ਪਾਤਰ ਹੈ। ਕੋਈ ਹੋਰ ਨਾਂ ਇਸ ਸੂਚੀ ’ਚ ਸ਼ਾਮਲ ਕਰਨੇ ਹੋਣ ਤਾਂ ਤਿੰਨਾਂ ‘ਤੋਂ ਬਾਅਦ ਕਰ ਲਵੋ। ਇੱਕ ਗੱਲ ਹੋਰ ਵਾਰਿਸਸ਼ਾਹ ਤੋਂ ਬਾਅਦ ਸ਼ਿਵ ਕੁਮਾਰ। ਸ਼ਿਵ ਤੋਂ ਬਾਅਦ ਪਾਸ਼। ਪਾਸ਼ ਤੋਂ ਬਾਅਦ ਸੁਰਜੀਤ ਪਾਤਰ ਸੀ। ਇਨ੍ਹਾਂ ਸ਼ਾਇਰਾਂ ਦਾ ਨਾਂ ਹੱਟੀ, ਭੱਠੀ ਜਾਂ ਖੇਤ ਦੇ ਬੰਨੇ ’ਤੇ ਖੜੋਤੇ ਕਿਸਾਨ, ਮਜ਼ਦੂਰ ਜਾਂ ਕਿਸੇ ਵੀ ਆਮ ਬੰਦੇ ਤੋਂ ਪੁੱਛ ਲਓ, ਉਹ ਜਾਣਦਾ ਜ਼ਰੂਰ ਹੈ।
‘ਸਲਾਮ ਕਾਫ਼ਿਲਾ’ ਵਾਲਿਆਂ ਨੇ ਹਜ਼ਾਰਾਂ ਲੋਕਾਂ ਦੇ ਇਕੱਠ ਵਿਚ ਸੁਰਜੀਤ ਪਾਤਰ ਬਾਰੇ ਸ਼ਰਧਾਂਜਲੀ ਸਮਾਗਮ ਰਚਾ ਕੇ ਇਸ ਤੱਥ ਦੀ ਪੁਸ਼ਟੀ ਕਰ ਦਿੱਤੀ ਹੈ। ਦੇਸ਼ ਵਿਦੇਸ਼ ਵਿਚ ਉਹਦੀ ਯਾਦ ਵਿਚ ਸਮਾਗਮ ਕੀਤੇ ਜਾ ਰਹੇ ਹਨ। ਇੰਝ ਆਪਣੇ ਪਿਆਰੇ ਸ਼ਾਇਰ ਨੂੰ ਵੀ ਉਹਦੇ ਆਪਣੇ ਲੋਕਾਂ ਨੇ ਸੌ ਕਦਮ ਅੱਗੇ ਹੋ ਕੇ ਆਪਣੇ ਕਲੇਜੇ ਨਾਲ ਘੁੱਟ ਲਿਆ ਹੈ। ਜਿਹੜਾ ਲੋਕਾਂ ਦੇ ਗਲ ਨਾਲ ਲੱਗ ਗਿਆ। ਉਹਨੇ ਹੁਣ ਕਿੱਥੇ ਜਾਣਾ ਹੈ! ਉਹ ਲੋਕਾਂ ਕੋਲ ਰਹੇਗਾ। ਸਾਡੇ, ਤੁਹਾਡੇ ਸਭਨਾਂ ਕੋਲ ਰਹੇਗਾ। ਸਾਡਾ-ਤੁਹਾਡਾ ਹਿੱਸਾ ਬਣ ਕੇ। ਤੁਹਾਡੀ ਆਪਣੀ ਦੇਹ ਜਾਨ ਬਣ ਕੇ।
ਸਾਡਾ ਪਾਤਰ ਆਪ ਹੀ ਤਾਂ ਕਹਿ ਗਿਆ ਹੈ:
ਮੁਕਾ ਕੇ ਪਰਬਤਾਂ, ਜੰਗਲਾਂ, ਥਲਾਂ ਦਾ ਲੰਮਾ ਸਫ਼ਰ
ਨਦੀ ਦਾ ਨੀਰ ਹਾਂ, ਸਾਗਰ ਨੂੰ ਜਾ ਰਿਹਾ ਹਾਂ ਮੈਂ
ਇਨ੍ਹਾਂ ਹਵਾਵਾਂ ‘ਚ ਹੀ ਗੀਤ ਬਣ ਕੇ ਗੂੰਜਾਂਗਾ
ਤੇਰੇ ਹੀ ਕੋਲ ਹਾਂ, ਕਦ ਦੂਰ ਜਾ ਰਿਹਾ ਹਾਂ ਮੈਂ
—
ਵਿਸਕੀ ਦੀ ਬੋਤਲ ਤੇ ਕਵਿਤਾ ਦਾ ਨਸ਼ਾ
ਬੀੜ ਬਾਬਾ ਬੁੱਢਾ ਸਾਹਿਬ ਵਿਚ ਕੁਝ ਚਿਰ ਨੌਕਰੀ ਕਰਨ ‘ਤੋਂ ਬਾਅਦ ਉਹ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਦੇ ਭਾਸ਼ਾਵਾਂ ਦੇ ਵਿਭਾਗ ਵਿਚ ਚਲਾ ਗਿਆ। ਉਸੇ ਵਿਭਾਗ ਵਿਚ ਮੇਰੇ ਵੱਡੇ ਭਰਾਵਾਂ ਵਰਗੇ ਦੋਸਤ ਸਾਧੂ ਭਾ ਜੀ ਵੀ ਸਨ। ਜਦੋਂ ਪਾਤਰ ਦੇ ਉਸ ਵਿਭਾਗ ਵਿਚ ਜਾਣ ‘ਤੋਂ ਬਾਅਦ ਮੈਂ ਪਹਿਲੀ ਵਾਰ ਸਾਧੂ ਭਾ ਜੀ ਨੂੰ ਮਿਲਣ ਗਿਆ ਤਾਂ ਪਾਤਰ ਨਾਲ ਮੇਲ ਹੋਣਾ ਹੀ ਸੀ।
ਰਾਤ ਨੂੰ ਪਾਤਰ ਸਾਧੂ ਭਾ ਜੀ ਦੇ ਘਰ ਆ ਗਿਆ ਕਿ ਖੁੱਲ੍ਹ ਕੇ ਗੱਲਾਂ-ਬਾਤਾਂ ਹੋਣਗੀਆਂ। ਉਹਨੇ ਕਾਗ਼ਜ਼ ਵਿਚ ਵਲ੍ਹੇਟੀ ਵਿਸਕੀ ਦੀ ਬੋਤਲ ਝਕਦਿਆਂ ਝਕਦਿਆਂ ਮੇਜ਼ ’ਤੇ ਰੱਖੀ, ‘ਮੈਂ ਸੋਚਿਆ, ਵਰਿਆਮ ਨਾਲ ਪ੍ਰੇਮ-ਪਿਆਲਾ ਸਾਂਝਾ ਕਰਾਂਗੇ।’
ਸਾਧੂ ਭਾ ਜੀ ਤੇ ਮੈਂ ਹੱਸ ਪਏ। ਭਾ ਜੀ ਕਹਿੰਦੇ, ‘ਪਾਤਰ ਤੇਰੇ ਲਈ ਏਥੇ ਦਾਰੂ ਦੀ ਕੋਈ ਥੋੜ ਏ ਭਲਾ! ਪਰ ਵਰਿਆਮ ਤਾਂ ਪੀਂਦਾ ਈ ਨਹੀਂ।’
ਪਲ ਭਰ ਲਈ ਪਾਤਰ ਦੇ ਚਿਹਰੇ ’ਤੇ ਨਿਰਾਸ਼ਾ ਦਾ ਪ੍ਰਛਾਵਾਂ ਜਿਹਾ ਪਿਆ।
ਮੈਂ ਕਿਹਾ, ‘ਪਾਤਰ ਤੇਰੀ ਕਵਿਤਾ ਦਾ ਨਸ਼ਾ ਹੀ ਐਸਾ, ਜਿਹਦਾ ਸਰੂਰ ਕਦੀ ਉੱਤਰਨ ਵਾਲਾ ਨਹੀਂ। ਬੱਸ ਤੂੰ ਉਹ ‘ਬੋਤਲ’ ਖੋਲ੍ਹੀ ਰੱਖੀਂ। ਅਸੀਂ ਪੀਂਦੇ ਰਹੀਏ ਤੇ ਸਰਸ਼ਾਰ ਹੁੰਦੇ ਰਹੀਏ!
ਅਸੀਂ ਦੇਰ ਰਾਤ ਤੱਕ ਬੈਠੇ ਗੱਲਾਂ ਕਰਦੇ ਰਹੇ। ਜਾਣ ਲੱਗਿਆਂ ਮੋਹ ਨਾਲ ਆਪਣੇ ਘਰ ਆਉਣ ਦਾ ਸੱਦਾ ਦਿੱਤਾ।
ਉਹਦਾ ਘਰ ਅਜੇ ਖੁੱਲ੍ਹੇ ਮੈਦਾਨ ਵਿਚ ਨੰਗ-ਧੜੰਗ ਇਕੱਲ੍ਹਾ ਖਲੋਤਾ ਸੀ। ਬਿਨਾਂ ਪਲੱਸਤਰ ਘਰ ਦੀਆਂ ਦੀਵਾਰਾਂ ’ਤੇ ਬਾਲ ਅੰਕੁਰ ਨੇ ਲੀਕਾਂ ਵਾਹ ਕੇ ‘ਚਿਤਰਕਾਰੀ’ ਕੀਤੀ ਹੋਈ ਸੀ। ਕੁਝ ਦਿਨਾਂ ਬਾਅਦ ਇਸ ਇਕੱਲ੍ਹੇ ਮਕਾਨ ਨੂੰ ਵੇਖ ਕੇ ਚੋਰ ਆ ਗਏ। ਮੈਨੂੰ ਪਤਾ ਲੱਗਾ ਤਾਂ ਮੈਂ ਪਾਤਰ ਨੂੰ ਚਿੱਠੀ ਲਿਖੀ। ਜਵਾਬ ਵਿਚ ਪਾਤਰ ਨੇ ਉਸ ਰਾਤ ਦਾ ਡਰਾਉਣਾ ਜ਼ਿਕਰ ਕਰਦਿਆਂ ਫ਼ੈਜ਼ ਦੇ ਸ਼ਿਅਰ ਦਾ ਆਸਰਾ ਲੈ ਕੇ ਤੋੜਾ ਝਾੜਿਆ।
ਸ਼ਾਮੇ-ਫ਼ਿਰਾਕ ਅਬ ਨ ਪੂਛ ਆਈ ਔਰ ਆ ਕੇ ਟਲ ਗਈ
ਦਿਲ ਥਾ ਕਿ ਫਿਰ ਬਹਲ ਗਯਾ, ਜਾਂ ਥੀ ਕਿ ਫਿਰ ਸੰਭਲ ਗਈ।
ਸਮੇਂ ਨਾਲ ਸਾਡੇ ਰਿਸ਼ਤੇ ਦੀ ਗੰਢ ਪੀਚਵੀਂ ਹੁੰਦੀ ਗਈ। ਇਹ ਵੱਖਰੀ ਗੱਲ ਹੈ ਕਿ ਮੇਲ-ਮਿਲਾਪ ਘੱਟ ਹੁੰਦਾ ਸੀ। ਪਰ ਜਦ ਵੀ ਮਿਲਦੇ ਸਮੇਂ ਨੂੰ ਕਸ਼ੀਦ ਕਰ ਕੇ ਘੁੱਟ ਘੁੱਟ ਪੀਂਦੇ ਰਹਿੰਦੇ। ਕਦੀ-ਕਦੀ ਕਵੀ ਦਰਬਾਰਾਂ ਵਿਚ ਇੱਕੋ ਮੰਚ ’ਤੇ ਕਵਿਤਾ ਪੜ੍ਹਨ ਦਾ ਮੌਕਾ ਵੀ ਨਸੀਬ ਹੋ ਜਾਂਦਾ। ਸੁਰਜੀਤ ਪਾਤਰ ਨਾਲ ਮੇਰਾ ਮੋਹਵੰਤਾ ਰਿਸ਼ਤਾ ਤਾ-ਉਮਰ ਬਣਿਆ ਰਿਹਾ। ਸਾਡੀ ਮੁਹੱਬਤੀ ਤਾਰ ਧੁਰ ਅੰਦਰੋਂ ਕਿਤੇ ਜੁੜ ਗਈ ਸੀ। ਉਸ ਨਾਲ ਲਗਾਤਾਰ ਸਾਂਝੇ ਕੀਤੇ ਸੰਗੀਤਕ-ਸਮਾਗਮਾਂ ਨੇ ਇਸ ਰਿਸ਼ਤਗੀ ’ਤੇ ਗੂੜ੍ਹਾ ਮਜੀਠੀ ਰੰਗ ਚਾੜ੍ਹ ਦਿੱਤਾ।
—
ਸਾਡਾ ‘ਢਾਡੀ ਜਥਾ’
ਸੁਰਜੀਤ ਪਾਤਰ ਅਕਸਰ ਸਾਡੇ ਦੋਵਾਂ ਦੀ ਸ਼ਖ਼ਸੀਅਤ ਦਾ ਨਿਖੇੜਾ ਕਰਨ ਲਈ ਕਿਹਾ ਕਰਦਾ ਸੀ, ‘ਵਰਿਆਮ ਨੇ ਬਹੁਤਾ ਢਾਡੀਆਂ ਨੂੰ ਸੁਣਿਆ ਹੈ ਤੇ ਮੈਂ ਬਹੁਤਾ ਰਾਗੀਆਂ ਨੂੰ ਸੁਣਦਾ ਰਿਹਾਂ।’
ਇਹ ਸੱਚ ਵੀ ਸੀ। ਜਦੋਂ ਅਸੀਂ ਤਿੰਨਾਂ ਨੇ ਦੇਸ਼ ਵਿਦੇਸ਼ ਵਿਚ ਮਿਲ ਕੇ ਸਮਾਗਮ ਕਰਨੇ ਸ਼ੂਰੂ ਕੀਤੇ ਤਾਂ ਮੈਂ ਹੱਸ ਕੇ ਕਿਹਾ ਕਰਦਾ, ‘ਹੁਣ ਬਣਿਆ ਆਪਣਾ ਅਸਲੀ ਢਾਡੀ ਜਥਾ।’
ਉਂਝ ਤਾਂ ਢਾਡੀ ਜਥੇ ਦਾ ਜਥੇਦਾਰ ਉਹੋ ਹੁੰਦਾ ਹੈ, ਜੋ ਸੁਣਾਏ ਜਾਣ ਵਾਲੇ ਪ੍ਰਸੰਗ ਦਾ ਬਿਰਤਾਂਤ ਸਾਂਝਾ ਕਰਦਾ ਹੈ ਤੇ ਐਨ ਟਿਕਾਣੇ ’ਤੇ ਪਹੁੰਚ ਕੇ ਢੱਡ-ਸਾਰੰਗੀ ਵਾਲਿਆਂ ਨੂੰ ਵਾਰ ਗਾਉਣ ਲਈ ਇਸ਼ਾਰਾ ਕਰਦਾ ਹੈ। ਪਰ ਸਾਡੇ ਜਥੇ ਵਿਚ ਪ੍ਰਸੰਗ ਉਸਾਰਨ ਵਾਲਾ ਬੇਸ਼ਕ ਮੈਂ ਹੀ ਸਾਂ। ਮੈਂ ਹੀ ਗੱਲ ਦੀ ਤੰਦ ਫੜਦਾ ਤੇ ਦਰਸ਼ਕਾਂ-ਸਰੋਤਿਆਂ ਨੂੰ ਸਮੁੱਚੇ ਪ੍ਰਸੰਗ ਨਾਲ ਜੋੜ ਕੇ ਗੱਲ ਪੱਤਣ ’ਤੇ ਲੈ ਆਉਂਦਾ। ਅੱਗੋਂ ਬੇੜੀ ਦਾ ਮਲਾਹ ਪਾਤਰ ਬਣ ਜਾਂਦਾ। ਹੁਣ ਚੱਪੂ ਪਾਤਰ ਦੇ ਹੱਥ ਹੁੰਦਾ। ਬੇੜੀ ਲਹਿਰਾਂ ’ਤੇ ਤਰਦੀ। ਸਵਰ-ਲਹਿਰੀਆਂ ਉੱਠਦੀਆਂ। ਪਾਤਰ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਰਹੱਸ ਖੁੱਲ੍ਹਦਾ। ਕਵਿਤਾ ਦੂਰ ਤੱਕ ਲਿਸ਼ਕਾਂ ਮਾਰਦੀ।
ਦੇਵ ਦਿਲਦਾਰ ਦੀ ਸੁਰ, ਸ਼ਬਦ ਨਾਲ ਸੰਗਤ ਕਰਦੀ। ਫਿਜ਼ਾ ਮਹਿਕ ਉੱਠਦੀ। ਬੇੜੀ ਸਹਿਜੇ ਜਿਹੇ ਪਾਰ ਉੱਤਰਦੀ। ਅਸੀਂ ਅਗਲੇ ਸਫ਼ਰ ’ਤੇ ਤੁਰਦੇ। ਮੈਂ ਗੱਲ-ਬਾਤ ਨੂੰ ਅਗਲੇ ਰਾਹ ’ਤੇ ਤੋਰਦਾ। ਤੁਰਦੇ ਤੁਰਦੇ ਅਸੀਂ ਪਾਤਰ ਦੇ ਨਵੇਂ ਖਿੜੇ ਕਾਵਿ-ਬਗੀਚੇ ਵਿਚ ਪਹੁੰਚਦੇ। ਵੇਖਦੇ ਕਿ ਕਿਹੜੇ ਕਿਹੜੇ ਗੁਲ ਸ਼ਾਇਰ ਦੀਆਂ ਨਿਗਾਹਾਂ ‘ਤੋਂ ਚੋਰੀ ਖਿੜੇ ਸਨ, ਅਸੀਂ ਉਨ੍ਹਾਂ ਮਹਿਕਾਂ ਨੂੰ ਲੱਭਦੇ, ਜੋ ਹਵਾਵਾਂ ਤੋਂ ਚੋਰੀ ਪਤਾ ਨਹੀਂ ਕਿਹੜੇ ਦੇਸ਼ ਨੂੰ ਤੁਰ ਗਈਆਂ ਸਨ। ਮੈਂ ਗੱਲਬਾਤ ਨੂੰ ਇਸ ਮੁਕਾਮ ’ਤੇ ਲਿਆ ਕੇ ਕਹਿੰਦਾ, ‘ਪਾਤਰ ਆਪਣੀ ਦੂਰ ਦੀ ਸੂਖ਼ਮ ਨਜ਼ਰ ਨਾਲ ਵੇਖ ਕੇ ਦੱਸ ਕਿ ਕਿੱਥੇ ਨੇ ਉਹ ਮਹਿਕਾਂ, ਕਿੱਥੇ ਨੇ ਗੁਲ ਤੇ ਕਿਹੜੇ ਪਾਸੇ ਨੂੰ ਜਾ ਰਹੀਆਂ ਨੇ ਹਵਾਵਾਂ!’
ਪਾਤਰ ਆਪਣੇ ਬੋਲਾਂ ਵਿਚ ਗੁਲਾਂ ਨੂੰ ਪਲੋਸਦਾ, ਮਹਿਕਾਂ ਨੂੰ ਘੋਲਦਾ ਤੇ ਅਸੀਂ ਦੇਵ ਨੂੰ ਕਹਿੰਦੇ ਸੁਰਾਂ ਦੇ ਕੰਧਾੜੇ ਚੜ੍ਹ ਕੇ ਹਵਾਵਾਂ ਵਿਚ ਤਾਰੀਆਂ ਲਾ ਕੇ ਆਵੇ! ਸਰੋਤੇ ਵੀ ਸੁਰਾਂ ਦੇ ਸਰਵਰ ਵਿਚ ਤਾਰੀਆਂ ਲਾਉਂਦੇ। ਮਹਿਕਾਂ ਵਿਚ ਭਿੱਜਦੇ। ਅਸਲ ਵਿਚ ਸਾਡੇ ਢਾਡੀ ਜਥੇ ਦਾ ਅਸਲੀ ਜਥੇਦਾਰ ਪਾਤਰ ਦੀ ਕਵਿਤਾ ਸੀ, ਉਹਦੀ ਜ਼ਿੰਦਗੀ ਦੀ ਜ਼ਮੀਨ ਸੀ, ਜਿਸ ਦੀ ਮਿੱਟੀ ਵਿਚੋਂ ਉਹਨੂੰ ਕਾਲੇ ਬੀਜਾਂ ਵਿਚੋਂ ਸੂਹੇ ਫੁੱਲ ਖਿੜਾਉਣ ਦਾ ਹੁਨਰ ਪ੍ਰਾਪਤ ਹੋਇਆ ਸੀ।
ਸੁਰਜੀਤ ਪਾਤਰ ਨੇ ਦੇਸ਼-ਵਿਦੇਸ਼ ਵਿਚ ਆਪਣੀ ਕਵਿਤਾ ਦੀ ਅਨੇਕਾਂ ਵਾਰ ਛਹਿਬਰ ਲਾਈ। ਵੱਡੇ ਵੱਡੇ ਇਕੱਠਾਂ ਵਿਚ ਆਪਣਾ ਕਲਾਮ ਪੜ੍ਹਿਆ। ਉਹਦੇ ਦੋਸਤ-ਮਿੱਤਰ, ਪਾਤਰ ਦੀ ਕਵਿਤਾ ਦੇ ਪ੍ਰਸੰLਸਕਾਂ ਦੇ ਸੰਗ-ਸਾਥ ਵਿਚ ਮਿਲ ਬੈਠਦੇ। ਬੜਾ ਰੰਗ ਬੱਝਦਾ। ਪਾਤਰ ਦੀ ਕਵਿਤਾ ਦਾ ਜਾਦੂ ਹੀ ਐਸਾ ਸੀ ਤੇ ਉਤੋਂ ਉਹਦਾ ਤਰੰਨੁਮ! ਸੋਨੇ ’ਤੇ ਸੁਹਾਗਾ!
—
ਲਾਇਲਪੁਰ ਖ਼ਾਲਸਾ ਕਾਲਜ ਦੀ ਸੰਦਲੀ ਤੇ ਸੁਰਮਈ ਸ਼ਾਮ
ਸੁਰਜੀਤ ਪਾਤਰ ਦੀ ਕਵਿਤਾ ਅਤੇ ਜੀਵਨ ਦੀ ਗੁਫ਼ਾ ਵਿਚ ਉਤਰਨ ਲਈ ਸ਼ਬਦ ਅਤੇ ਸੁਰ ਦੇ ਸਜੀਵ ਦੀਦਾਰ ਕਰਨ-ਕਰਵਾਉਣ ਲਈ, ਪਾਤਰ ਨਾਲ ਸਲਾਹ ਕਰ ਕੇ, ਇਤਿਹਾਸ ਵਿਚ ਅਜਿਹੀ ਪਹਿਲੀ ਸੰਦਲੀ ਤੇ ਸੁਰਮਈ ਸ਼ਾਮ ਦੀ ਤਾਰੀਖ਼ ਨਿਯਤ ਕਰ ਲਈ।
ਸੁਰਜੀਤ ਪਾਤਰ ਤੇ ਦੇਵ ਦਿਲਦਾਰ ਸਮੇਂ ਸਿਰ ਲਾਇਲਪੁਰ ਖ਼ਾਲਸਾ ਕਾਲ਼ਜ ਜਲੰਧਰ ਦੇ ਦਫ਼ਤਰ ਵਿਚ ਪਹੁੰਚ ਗਏ। ਮੁੱਖ ਪ੍ਰਾਹੁਣੇ ਵਜੋਂ ਮੈਂ ਸਾਂਝੇ ਸਾਹਿਤਕ ਮਿੱਤਰ ਨ੍ਰਿਪਿੰਦਰ ਸਿੰਘ ਰਤਨ ਨੂੰ ਸੱਦਾ ਦਿੱਤਾ। ਉਹ ਉਦੋਂ ਪੰਜਾਬ ਦਾ ਸਿੱਖਿਆ ਸਕੱਤਰ ਸੀ। ਰਤਨ ਵੀ ਵੇਲੇ ਸਿਰ ਪਹੁੰਚ ਗਿਆ। ਪ੍ਰਿੰਸੀਪਲ ਦੇ ਦਫ਼ਤਰ ਵਿਚ ਸਾਰੇ ਚਾਹ-ਪਾਣੀ ਪੀ ਰਹੇ ਸਨ ਕਿ ਮੈਂ ਤੇ ਪਾਤਰ ਵੱਖਰੇ ਸੋਫ਼ੇ ’ਤੇ ਬਹਿ ਗਏ। ਦਸ-ਪੰਦਰਾਂ ਮਿੰਟਾਂ ਵਿਚ ਅਸੀਂ ਤੈਅ ਕਰ ਲਿਆ ਕਿ ਮੈਂ ਗੱਲ ਕਿੱਥੋਂ ਸ਼ੁਰੂ ਕਰਾਂਗਾ ਤੇ ਕਿਹੜੇ ਕਿਹੜੇ ਮੁੱਖ ਸਵਾਲ ਕਰਾਂਗਾ ਤੇ ਕਿਹੜੀਆਂ ਕਿਹੜੀਆਂ ਗ਼ਜ਼ਲਾਂ ਦੇਵ ਚੰਗੀ ਤਰ੍ਹਾਂ ਗਾ ਲਵੇਗਾ।
ਇਕੱਲ੍ਹੇ ਪਾਤਰ ਨਾਲ ਤਾਂ ਚਾਰ-ਪੰਜ ਰੂ-ਬ-ਰੂ ਪ੍ਰੋਗਰਾਮ ਅਸੀਂ ਜਲੰਧਰ ਵਿਚ ਪਹਿਲਾਂ ਵੀ ਕਰ ਚੁੱਕੇ ਸਾਂ। ਇਨ੍ਹਾਂ ਵਿਚੋਂ ਦੋ ਕੁ ਵਾਰ, ਸਮੇਂ ਦੀ ਵਿੱਥ ਪਾ ਕੇ, ਆਪਣੇ ਕਾਲਜ ਵਿਚ ਹੀ ਵਿਦਿਆਰਥੀਆਂ ਤੇ ਕਾਲਜ ਦੇ ਚੁਨਿੰਦਾ ਅਧਿਆਪਕਾਂ ਦੀ ਹਾਜ਼ਰੀ ਵਿਚ ਅਤੇ ਦੋ ਕੁ ਵਾਰ ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਵੀ ਕਰਵਾਏ ਗਏ। ਇਨ੍ਹਂਾਂ ਪ੍ਰੋਗਰਾਮਾਂ ਦਾ ਮੇਜ਼ਬਾਨ ਮੈਂ ਹੀ ਸਾਂ, ਪਰ ਉਦੋਂ ਏਨੇ ਬਹੁ-ਪਰਤੀ ਸਵਾਲ ਇੱਕੋ ਸਮਾਗਮ ਵਿਚ ਨਹੀਂ ਸਨ ਹੋਏ। ਉਂਝ ਵੀ ਗੱਲਾਂ ਖੜੇ-ਖੜੋਤੇ ਹੁੰਦੀਆਂ ਰਹੀਆਂ। ਨਾਲੇ ਬਹੁਤਾ ਜ਼ੋਰ ਇਸ ਗੱਲ ’ਤੇ ਹੁੰਦਾ ਕਿ ਪਾਤਰ ਕੋਲੋਂ ਉਹਦੀਆਂ ਗ਼ਜ਼ਲਾਂ ਤਰੰਨੁਮ ਵਿਚ ਸੁਣੀਆਂ ਜਾਣ। ਇਸ ਲਈ ਮੇਰਾ ਸੰਖੇਪ ਜਿਹਾ ਸਵਾਲ ਤੇ ਪਾਤਰ ਦਾ ਸੰਖੇਪ ਜਿਹਾ ਜਵਾਬ। ਤੇ ਫੇਰ ਗ਼ਜ਼ਲ ਦਾ ਗਾਇਨ। ਪਰ ਨਿੱਠ ਕੇ ਆਹਮੋ-ਸਾਹਮਣੇ ਬੈਠਣਾ, ਖੁੱਲ੍ਹੇ ਮਾਹੌਲ ਵਿਚ ਸਵਾਲਾਂ ਜਵਾਬਾਂ ਦਾ ਸਿਲਸਿਲਾ, ਅਜਿਹਾ ਕਦੀ ਨਹੀਂ ਸੀ ਹੋਇਆ। ਸੋਨੇ ’ਤੇ ਸੁਹਾਗਾ ਇਹ ਕਿ ਇਸ ਵਾਰ ਉਹਦੀਆਂ ਗ਼ਜ਼ਲਾਂ ’ਤੇ ਸੁਰ ਅਤੇ ਸਾਜ਼ ਰਾਹੀਂ ਸੁਨਹਿਰੀ ਝਾਲ ਫੇਰਨ ਵਾਲਾ ਦੇਵ ਦਿਲਦਾਰ ਸਾਡੀ ਸੰਗਤ ਕਰ ਰਿਹਾ ਸੀ।
ਸ਼ਾਮ ਦਾ ਵੇਲਾ ਸੀ। ਓਪਨ ਏਅਰ ਥੀਏਟਰ ਅੱਜ ਵੀ ਭਰਿਆ ਹੋਇਆ ਸੀ। ਪਰ ਅੱਜ ਸਰੋਤਿਆਂ ਵਿਚ ਲੇਖਕ, ਵਿਦਵਾਨ, ਕਾਲਜਾਂ ਦੇ ਅਧਿਆਪਕ ਤੇ ਕੁਝ ਵਿਦੇਸ਼ਾਂ ‘ਤੋਂ ਆਏ ਪ੍ਰਾਹੁਣੇ ਵੀ ਸ਼ਾਮਲ ਸਨ। ਕਾਲਜ ਕਮੇਟੀ ਦਾ ਪ੍ਰਧਾਨ ਬਲਬੀਰ ਸਿੰਘ ਤੇ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ।
–
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਾਲੇ ਸਮਾਗਮ ਦੀ ਅਪਾਰ ਸਫ਼ਲਤਾ ਦੀਆਂ ਅਜਿਹੀਆਂ ਧੁੰਮਾਂ ਪਈਆਂ ਕਿ ਅਗਲੇ ਕੁਝ ਮਹੀਨਿਆਂ ਵਿਚ ਹੀ ਸਾਨੂੰ ਜਲੰਧਰ ਵਿਚ ਹੀ ਪੰਜ-ਛੇ ਸਮਾਗਮ ਕਰਨੇ ਪਏ। ਹੁਣ ਅਸੀਂ ਏਨੇ ਅਭਿਆਸੀ ਹੋ ਚੁੱਕੇ ਸਾਂ ਕਿ ਸਾਨੂੰ ਸਮਾਗਮ ਤੋਂ ਪਹਿਲਾਂ ਇਹ ਪੁੱਛਣ/ਜਾਨਣ ਦੀ ਲੋੜ ਵੀ ਨਹੀਂ ਸੀ ਪੈਂਦੀ ਕਿ ਅੱਜ ਆਪਾਂ ਕੀ ਗੱਲ-ਬਾਤ ਕਰਨੀ ਹੈ। ਮੈਂ ਕਿਹੜੇ ਸਵਾਲ ਪੁੱਛਣੇ ਨੇ, ਦੇਵ ਦਿਲਦਾਰ ਨੇ ਕਿਹੜੀਆਂ ਕਿਹੜੀਆਂ ਗ਼ਜ਼ਲਾਂ ਗਾਉਣੀਆਂ ਨੇ। ਸਾਨੂੰ ਪਤਾ ਲੱਗ ਚੁੱਕਾ ਸੀ ਕਿ ਪਿਛਲੇ ਸਮਾਗਮਾਂ ਵਿਚ ਸਰੋਤਿਆਂ ਨੇ ਪਾਤਰ ਵੱਲੋਂ ਸੁਣਾਈਆਂ ਕਿਹੜੀਆਂ ਗੱਲਾਂ ’ਤੇ ਭਰਵਾਂ ਹੁੰਗਾਰਾ ਭਰਿਆ ਸੀ। ਦੇਵ ਦੀ ਗਾਈ ਕਿਹੜੀ ਗ਼ਜ਼ਲ ਨੇ ਵਧੇਰੇ ਠਾਠ ਬੱਧਾ ਸੀ।
—
ਸੁਰਜੀਤ ਪਾਤਰ ਦਾ ‘ਸੀਰਤ’ ਨਾਲ ਜੁੜਨਾ
ਜਦੋਂ ਮੇਰੇ ਬੇਟੇ ਸੁਪਨ ਨੇ ਸਾਨੂੰ ਕਨੇਡਾ ਬੁਲਾਉਣਾ ਸੀ ਤਾਂ ਉਹ ਤੇ ਮੈਂ ਦੋਵੇਂ ਹੀ ਨਹੀਂ ਸਾਂ ਚਾਹੁੰਦੇ ਕਿ ਕਨੇਡਾ ਵਿਚ ਆ ਕੇ ਕੋਈ ‘ਨੌਕਰੀ’ ਕਰਾਂ! ਕੰਮ ਕਰਨਾ ਮਾੜਾ ਨਹੀਂ। ਵੱਡੇ ਅਹੁਦਿਆਂ ‘ਤੋਂ ਰਿਟਾਇਰ ਹੋਣ ਬਾਅਦ ਵੀ ਬਾਹਰਲੇ ਮੁਲਕਾਂ ਵਿਚ ਜਾ ਕੇ ਲੋਕ ਅਕਸਰ ਕੰਮ-ਕਾਰ ਕਰਦੇ ਨੇ ਤੇ ਇਸ ਵਿਚ ਕੋਈ ਮਿਹਣੇ ਵਾਲੀ ਗੱਲ ਨਹੀਂ। ਪਰ ਸਾਡਾ ਪਿਉ-ਪੁੱਤਾਂ ਦਾ ‘ਬਾਬਾ ਆਦਮ ਨਿਰਾਲਾ’ ਸੀ! ਮੈਂ ਉਹਨੂੰ ਕਿਹਾ ਸੀ ਕਿ ਮੈਂ ਤਾਂ ਲਿਖਣ-ਪੜ੍ਹਣ ਦਾ ਕੰਮ ਹੀ ਕਰਾਂਗਾ।
ਉਹਨੇ ਸੋਚਿਆ ਕਿ ਜੇ ਮੈਂ ਲਿਖਣ-ਪੜ੍ਹਣ ਦਾ ਕੰਮ ਹੀ ਕਰਨਾ ਸੀ ਤਾਂ ਕਿਉਂ ਨਾ ਮੇਰਾ ਰੁਝੇਵਾਂ ਸਾਰਥਕ ਬਨਾਉਣ ਲਈ ਇੱਕ ਮੈਗ਼ਜ਼ੀਨ ਸ਼ੁਰੂ ਕੀਤਾ ਜਾਵੇ। ਉਹਨੇ ‘ਸੀਰਤ’ ਨਾਂ ਦਾ ਮਾਸਿਕ-ਪੱਤਰ ਛਾਪਣਾ ਸ਼ੁਰੂ ਕਰ ਲਿਆ। ਜਦੋਂ ਅਸੀਂ ਕਨੇਡਾ ਗਏ ਤਾਂ ‘ਸੀਰਤ’ ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋ ਚੁੱਕਾ ਸੀ।
ਅੱਜ ਕਿਉਂਕਿ ਵਿਸ਼ੇਸ਼ ਗੱਲ ਸੁਰਜੀਤ ਪਾਤਰ ਦੀ ਕੀਤੀ ਜਾ ਰਹੀ ਹੈ ਤਾਂ ਦੱਸ ਦੇਣਾ ਬਹੁਤ ਜ਼ਰੂਰੀ ਹੈ ਕਿ ਪਾਤਰ ਨੇ ‘ਸੀਰਤ’ ਵਾਸਤੇ ਲਗਾਤਾਰ ਲਿਖਣ ਦਾ ਵਚਨ ਕੀਤਾ ਹੀ ਨਹੀਂ, ਉਹਨੂੰ ਤੋੜ ਤੱਕ ਨਿਭਾਇਆ ਵੀ। ਉਹਦੀ ਵਾਰਤਕ ਦੀ ਚਰਚਿਤ ਪੁਸਤਕ ‘ਸੂਰਜ ਮੰਦਰ ਦੀਆਂ ਪੌੜੀਆਂ’ ਦੀਆਂ ਅੱਧਿਓਂ ਵੱਧ ਲਿਖਤਾਂ ਉਹਨੇ ‘ਸੀਰਤ’ ਵਾਸਤੇ ਲਿਖੀਆਂ, ਤੇ ਇਹ ਗੱਲ ਉਹਨੇ ਪੁਸਤਕ ਦੀ ਪਹਿਲੀ ਛਾਪ ਵਿਚ ਮੁੱਖ-ਬੰਧ ਲਿਖਦਿਆਂ ਸਵੀਕਾਰ ਵੀ ਕੀਤੀ ਹੈ। ਖ਼ੂਬਸੂਰਤ ਗੱਲ ਇਹ ਸੀ ਕਿ ਉਹ ਆਪਣੀ ਜਿਹੜੀ ਵੀ ਲਿਖਤ ‘ਸੀਰਤ’ ਵਾਸਤੇ ਭੇਜਦਾ, ਉਸ ਨਾਲ ਜੁੜਵੀਆਂ ਤਸਵੀਰਾਂ ਵੀ ਨਾਲ ਭੇਜਦਾ। ਤਸਵੀਰਾਂ ਛਾਪਣ ਨਾਲ ਉਹ ਲਿਖਤ ਹੋਰ ਵੀ ਸਜਿੰਦ ਤੇ ਪ੍ਰਭਾਵਸ਼ਾਲੀ ਬਣ ਜਾਂਦੀ।
ਪਿਛਲੀਆਂ ਈਮੇਲਾਂ ਫ਼ੋਲਦਿਆਂ ਪਰਚੇ ਨੂੰ ਸਹਿਯੋਗ ਦੇਣ ਦੇ ਹਵਾਲੇ ਨਾਲ ਸਾਡਾ ਹੇਠਾਂ ਲਿਖਿਆ ਈ-ਮੇਲ ਵਟਾਂਦਰਾ ਲੱਭਾ ਹੈ:-
(ਵਰਿਆਮ ਸਿੰਘ ਸੰਧੂ ਵੱਲੋਂ)-ਪਾਤਰ ਪਿਆਰੇ ਜੀਓ! ਕੀ ਹਾਲ ਨੇ?
ਡੀ ਲਿਟ ਮਿਲਣ ਦੀਆਂ ਮੁਬਾਰਕਾਂ!
ਮੈਨੂੰ ਫਿਰ ਕਨੇਡਾ ਆਉਣਾ ਪੈ ਗਿਆ। ਰੁਝੇਵਿਆਂ ਕਰਕੇ ਮਿਲ ਬੈਠ ਤੇ ਖੁੱਲ੍ਹ ਕੇ ਗੱਲਾਂ ਕਰਨ ਦਾ ਸਬੱਬ ਬਣ ਹੀ ਨਾ ਸਕਿਆ, ਚਾਹੁੰਦਿਆਂ ਹੋਇਆਂ ਵੀ।
ਮੈਂ ਆਪਣੀ ‘ਮੁਹਾਂਦਰੇ’ ਵਾਲੀ ਇੰਟਰਵਿਊ ਵਿਚ ਗੁਰਬਚਨ ਬਾਰੇ ਗੱਲ ਕਰਦਿਆਂ ਧੱਕੇ ਨਾਲ ਹੀ ‘ਸੁਰਜੀਤ ਪਾਤਰ’ ਦਾ ਨਾਂ ਵਿਚ ਖਿੱਚ ਲਿਆਂਦਾ ਸੀ, ਬੁਰਾ ਤਾਂ ਨਹੀਂ ਲੱਗਾ? ਇਸ ਇੰਟਰਵਿਊ ਦਾ ਕੈਸਾ ਰੱਦੇ ਅਮਲ ਹੋਇਆ ਹੈ?
‘ਸੀਰਤ’ ਬਹੁਤ ਮਹਿੰਗਾ ਪੈਂਦਾ ਹੈ। ਜੇ ਕੁਝ ਮਸਾਲਾ ਪਿਆ ਹੋਵੇ ਤਾਂ ਘੱਲ ਦੇਣਾ।
ਈ ਮੇਲ ਕਰਨ ਦਾ ਫੌਰੀ ਕਾਰਨ ਹੈ ਕਿ ਅੱਜ ਦੁਪਹਿਰੇ ਸੁੱਤਿਆਂ ਪਿਆਂ ਜਨਾਬ ਪਾਤਰ ਸਾਹਿਬ ਨੇ ਆਕੇ ਮੇਰੇ ਸੁਪਨੇ ਵਿਚ ਦੀਦਾਰ ਦਿੱਤੇ। ਧੰਨ ਧੰਨ ਹੋ ਗਈ!
ਤੇਰਾ -ਵਰਿਆਮ
—
ਪਾਤਰ ਦਾ ਜਵਾਬ:
ਅਤਿ ਪਿਆਰੇ ਵਰਿਆਮ
ਏਨੀ ਦੇਰ ਨਾਲ ਉੱਤਰ ਦੇਣ ਲਈ ਮਾਫ਼ ਕਰ ਦੇਵੀਂ।
ਗ਼ਦਰੀ ਬਾਬਿਆਂ ਦੇ ਮੇਲੇ ਵਾਲੀ ਮੁਲਾਕਾਤ ਨਾਲ ਹੀ ਦਿਲ ਨੂੰ ਤਸੱਲੀ ਦੇ ਲਈ ਹੈ। ਤੇਰੀ ਸਟੇਜ-ਸਕੱਤਰੀ ਦੇ ਬੋਲ ਤਾਂ ਸਦਾ ਹੀ ਸੋਹਣੇ ਹੁੰਦੇ ਹਨ, ਤੇਰੀ ਕਵਿਤਾ ਵੀ ਬੜੀ ਦਿਲ ਟੁੰਬਵੀਂ ਸੀ (ਗ਼ਦਰੀ ਬਾਬਿਆਂ ਦੇ ਮੇਲੇ ਦੇ ਕਵੀ-ਦਰਬਾਰ ਦਾ ਸੰਚਾਲਨ ਕਰਦਿਆਂ ਮੈਂ ਆਪਣੀ ਕਵਿਤਾ ਵੀ ਸੁਣਾਈ ਸੀ-ਵ ਸ ਸੰਧੂ)। ਤੈਨੂੰ ਸੱਤੇ ਖ਼ੈਰਾਂ।
ਜੁਗ ਜੁਗ ਜੀਵੇਂ!
ਮੁਹਾਂਦਰੇ ਵਾਲੀ ਮੁਲਾਕਾਤ ਵਿਚ ਮੇਰਾ ਨਾਮ ਤਾਂ ਆਉਣਾ ਹੀ ਸੀ, ਨਾ ਆਉਂਦਾ ਤਾਂ ਬੁਰਾ ਲਗਦਾ ।
ਸੀਰਤ ਲਈ ਛੇਤੀ ਹੀ ਕੁਝ ਭੇਜਾਂਗਾ।
ਪਿਆਰ ਨਾਲ ,
ਸੁਰਜੀਤ ਪਾਤਰ (4 ਮਾਰਚ 2010)
—
ਅਗਲਾ ਈ-ਮੇਲ ਵਟਾਂਦਰਾ
ਪਿਆਰੇ ਪਾਤਰ-ਇਸ ਵਾਰ ਜ਼ਰਾ ਜਲਦੀ ਖ਼ੇਚਲ ਕਰਨੀ ਪੈਣੀ ਹੈ। ਮੈਂ ਪੰਦਰਾਂ ਤਰੀਕ ‘ਤੋਂ ਬਾਹਰ ਜਾਣਾ ਹੈ ਅਤੇ ਫਿਰ 19 ਤੋਂ 25 ਤਰੀਕ ਤੱਕ ਹਰਦੇਵ ਵਿਰਕ ਕੋਲ। ਇਸ ਲਈ ਪੰਦਰਾਂ ਤੱਕ ਪਰਚਾ ਮੁਕੰਮਲ ਕਰਕੇ ਜਾਣਾ ਹੈ। ਤੁਸੀਂ ਚੌਦਾਂ ਤੱਕ ਕੁਝ ਨਾ ਕੁਝ ਭੇਜ ਦਿਓ; ਭਾਵੇਂ ਹਾਜ਼ਰੀ ਲਾਉਣ ਜੋਗਾ ਹੀ ਕਿਉਂ ਨਾ ਹੋਵੇ।
ਅਸਲ ਵਿਚ ਅਸੀਂ ਹਰ ਮਹੀਨੇ ਲੇਟ ਹੁੰਦੇ ਹਾਂ। ਲੇਟ ਹੋਣ ਦੀ ਵਜ੍ਹਾ ਕਰਕੇ ਪਰਚਾ ਸਾਨੂੰ ਕਨੇਡਾ ਵਿਚ ਅਗਲੇ ਮਹੀਨੇ ਦੀ 20 ਤਰੀਕ ਦੇ ਗੇੜ ਵਿਚ ਮਿਲਦਾ ਹੈ। ਫਿਰ ਐਡਾਂ ਵਾਲਿਆਂ ਤੋਂ ਪੈਸੇ ਇਕੱਠੇ ਕਰਨੇ ਹੁੰਦੇ ਨੇ, ਫਿਰ ਪਿਛਲੇ ਮਹੀਨੇ ਦੀ ਛਪਾਈ ਦਾ ਖ਼ਰਚਾ ਭੇਜੀਦਾ ਹੈ ਤਾਂ ਅਗਲੇ ਅਗਲਾ ਪਰਚਾ ਤਿਆਰ ਕਰਨ ਤੇ ਛਾਪਣ ਲਈ ਰਾਜ਼ੀ ਹੁੰਦੇ ਹਨ।
ਅਸੀਂ ਹਰ ਹਾਲਤ ਵਿਚ ਪਰਚਾ ਜੇ 15 ਤਰੀਕ ਤੱਕ ਭੇਜੀਏ ਤਾਂ ਹੀ ਮਸਾਂ ਮਹੀਨੇ ਦੀ ਇਕ ਦੋ ਤਰੀਕ ਤੱਕ ਛਪ ਕੇ ਸਾਡੇ ਕੋਲ 10-15 ਦਿਨ ਵਿਚ ਪੁੱਜਦਾ ਹੈ।
ਬੀਬੇ ਵੀਰ ਬਣ ਕੇ ਐਤਕੀ ਖ਼ੇਚਲ ਕਰੋ, ਇਹ ਕਿਵੇਂ ਕਹੀਏ ਕਿ ਹਰ ਮਹੀਨੇ ਹਜ਼ੂਰ ਦੀ ਲੇਟ ਲਤੀਫ਼ੀ ਕਰਕੇ ਵੀ ਪਰਚਾ ਹਫ਼ਤਾ ਭਰ ਲੇਟ ਹੋ ਜਾਂਦਾ ਹੈ।-ਵਰਿਆਮ (9 ਜੂਨ 2009)
ਪਾਤਰ ਨੇ ਨਵਾਂ ਲੇਖ ਭੇਜ ਕੇ ਲਿਖਿਆ:
ਪਿਆਰੇ ਵਰਿਆਮ
ਉਸ ਲੇਖ ਦਾ ਨਾਮ ਰੱਖਦੇ ਆਂ, ‘ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆਂ’ ਮੈਂ ਉਸ ਲੇਖ ਵਿਚ ਕੁਝ ਕੁ ਸਤਰਾਂ ਓਥੇ ਜੋੜਦਾ ਹਾਂ, ਜਿੱਥੇ ਮੈਂ ਆਪਣੀ ਓਸ ਗ਼ਜ਼ਲ ਦੀ ਗੱਲ ਕਰਦਾ ਹਾਂ-ਕੋਈ ਡਾਲੀਆਂ…
ਐਤਕੀਂ ਕੋਸ਼ਿਸ਼ ਕਰਦਾ ਹਾਂ ਕਿ ਇਸ ਲੇਖ ਨੂੰ ਤਸਵੀਰਾਂ ਨਾਲ ਸਜਾ ਦੇਈਏ। ਮੈਂ ਨਵਾਂ ਲੇਖ ਅੱਜ ਤੋਂ ਹੀ ਲਿਖਣਾ ਸ਼ੁਰੂ ਕਰਦਾ ਹਾਂ ਤਾਂਕਿ ਅੱਗੇ ਤੋਂ ਕਦੀ ਏਹੋ ਜਿਹੀ ਨੌਬਤ ਨਾ ਆਵੇ। ਹਰ ਮਹੀਨੇ ਸੀਰਤ ਮੇਰੀ ਪਹਿਲੀ ਤਰਜੀਹ ਹੋਵੇਗਾ। ਇਸ ਵਾਰ ਮੈਨੂੰ ਸ਼ਰਮ ਆ ਰਹੀ ਹੈ
ਤੇਰਾ ਈ-ਠੱਗੀ ਵਾਲਾ ਲੇਖ ਬਹੁਤ ਵਧੀਆ ਲੱਗਾ। (ਮੇਰੀ ਈਮੇਲ ਹੈਕ ਕਰ ਕੇ ਕਿਸੇ ਨੇ ਦੁਨੀਆਂ ਭਰ ਵਿਚ ਫ਼ੈਲੇ ਮੇਰੇ ਮਿੱਤਰਾਂ ਕੋਲੋਂ ਦੋ ਹਜ਼ਾਰ ਡਾਲਰ ਮੰਗੇ ਸਨ। ਤੇ ਬਰੈਂਪਟਨ ਵਿਚ ਮੇਰੇ ਗਵਾਂਢ ਬੈਠਾ ਕੁਲਜੀਤ ਮਾਨ ਠੱਗੀ ਦਾ ਸ਼ਿਕਾਰ ਹੋ ਗਿਆ ਸੀ) ਹੁਣ ਤਾਂ ਇਹ ਵਰਤਾਰਾ ਆਮ ਹੋ ਗਿਆ ਹੈ, ਪਰ ਉਨ੍ਹਾਂ ਦਿਨਾਂ ਵਿਚ ਪੰਜਾਬੀ ਵਿਚ ਈਮੇਲ ਠੱਗੀ ਦਾ ਇਹ ਪਹਿਲਾ ਮਾਮਲਾ ਸੀ-ਸੰਧੂ) ਦੋਸਤਾਂ ਦੇ ਰੰਗ-ਬਰੰਗੇ ਹੁੰਗਾਰੇ, ਪੋਲੀਸ ਦਾ ਵਿਵਹਾਰ ਤੇ ਬਾਕੌਲ ਤੇਰੇ ਘਟਨਾ-ਕ੍ਰਮ ਵਿਚ ਜਾਨ ਪਾਉਣ ਵਾਲਾ ਮੋਹ ਭਰਿਆ ਮਾਸੂਮ ਕੁਲਜੀਤ ਮਾਨ .ਤੇਰਾ ਘਟਨਾ-ਕ੍ਰਮ ਵਾਲਾ ਵਾਕ ਪੜ੍ਹ ਕੇ ਹਾਸਾ ਵੀ ਆਇਆ ਤੇ ਬਾਅਦ ਵਿਚ ਅੱਖਾਂ ਨਮ ਵੀ ਹੋ ਗਈਆਂ .
ਪਿਆਰ ਨਾਲ
ਸੁਰਜੀਤ ਪਾਤਰ (20 2009)
—
ਕਿਸਾਨ ਅੰਦੋਲਨ ਚੱਲ ਰਿਹਾ ਸੀ। ਪਾਤਰ ਨੇ ਉਸਦੇ ਹੱਕ ਵਿਚ ਲਿਖਿਆ ਵੀ। ਪਰ ਮੇਰੇ ਮਨ ਵਿਚ ਇੱਕ ਗੱਲ ਰੜਕਦੀ ਸੀ। ਅਜੇ ਵੀ ‘ਪਦਮ ਸ਼੍ਰੀ’ ਦਾ ਮੁਕਟ ਪਾਤਰ ਦੇ ਸਿਰ ’ਤੇ ਸੀ। ਇਹ ਮੁਕਟ ਹੋਰਨਾਂ ਦੇ ਨਾਲ ਨਾਲ ਮੈਨੂੰ ਵੀ ਚੁਭਣ ਲੱਗਾ ਸੀ। ਯਾਰ ਦਾ ਮਿਹਣਾ ਉਹਦੇ ਯਾਰਾਂ ਨੂੰ ਵੀ ਤਾਂ ਹੁੰਦਾ ਹੈ। ਮੈਨੂੰ ਪਾਤਰ ਦੇ ਚੁੱਪ ਰਹਿਣ ’ਤੇ ਨਮੋਸ਼ੀ ਤੇ ਉਦਾਸੀ ਸੀ। ਪ੍ਰੈੱਸ ਵਿਚ ਲਗਾਤਾਰ ਖ਼ਬਰਾਂ ਆ ਰਹੀਆਂ ਸਨ। ਹਵਾਲੇ ਵਜੋਂ ਸੰਕੇਤ ਮਾਤਰ ਇੱਕ ਖ਼ਬਰ:
…ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਲਹਿਰ ਸੁਰਖੀਆਂ ਵਿਚ ਰਹੀ ਹੈ। ਬਾਲੀਵੁੱਡ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਿਤਾਰਿਆਂ ਨੇ ਹੁਣ ਤੱਕ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਹੈ- ਇਨ੍ਹਾਂ ਵਿਚ ਸਵਰਾ ਭਾਸਕਰ, ਸੋਨੂੰ ਸੂਦ, ਰਿਚਾ ਚੱਡਾ, ਤਾਪਸੀ ਪਨੂੰ, ਦਿਲਜੀਤ ਦੋਸਾਂਝ, ਅਨੁਭਵ ਸਿਨਹਾ, ਵਿਸ਼ਾਲ ਡਡਲਾਨੀ ਅਤੇ ਪ੍ਰਿਯੰਕਾ ਚੋਪੜਾ ਸ਼ਾਮਲ ਹਨ। ਇਸ ਕੜੀ ਵਿਚ ਸੋਨਮ ਕਪੂਰ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ।…ਮੈਂ ਸੋਚਦਾ ਸਾਂ, ਇਸ ਸੂਚੀ ਵਿਚ ਪਾਤਰ ਦਾ ਨਾਂ ਕਦੋਂ ਸ਼ਾਮਲ ਹੋਵੇਗਾ!
ਆਖ਼ਰ ਇੱਕ ਦਿਨ ਖ਼ਬਰ ਲਿਸ਼ਕੀ। ਸੁਰਜੀਤ ਪਾਤਰ ਦੀ ਜ਼ਮੀਰ ਵੀ ਜਾਗ ਪਈ ਸੀ, ਭਾਵੇਂ ਦੇਰ ਬਾਅਦ ਹੀ ਸਹੀ, ਉਹਨੇ ਆਪਣਾ ਪਦਮ-ਸ਼੍ਰੀ ਦਾ ਖ਼ਿਤਾਬ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕਰਦਿਆਂ ਕਿਹਾ:
‘ਜਿਸ ਸੰਵੇਦਨ-ਹੀਣਤਾ ਅਤੇ ਬੇਕਦਰੀ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਹੀ ਮੰਗਾਂ ਦੇ ਸ਼ਾਂਤਮਈ ਅੰਦੋਲਨ ਨਾਲ ਸਲੂਕ ਕੀਤਾ ਹੈ, ਉਸ ਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ। ਵਾਰ-ਵਾਰ ਕਿਰਤੀਆਂ ਕਿਸਾਨਾਂ ਦੇ ਦੁੱਖ ਨੂੰ ਗੁੰਮਰਾਹ ਹੋਏ ਲੋਕਾਂ ਦੀ ਸਮਝ ਕਹਿ ਕੇ ਇਸ ਲਹਿਰ ਨੂੰ ਨਿਰਾਰਥਕ ਬਣਾਉਣ ਦੀ ਕੋਸ਼ਿਸ਼ ਕਿਸਾਨੀ ਦੀ, ਕਿਰਤ ਦੀ ਅਤੇ ਲੋਕ ਭਾਵਨਾ ਦੀ ਤੌਹੀਨ ਹੈ। ਆਹਤ ਮਨ ਨਾਲ ਮੈਂ ਆਪਣਾ ਪਦਮ ਸ੍ਰੀ ਸਨਮਾਨ ਮੋੜਨ ਦਾ ਐਲਾਨ ਕਰਦਾ ਹਾਂ।’
ਮੈਂ ‘ਸੁਖ ਦਾ ਸਾਹ’ ਲਿਆ ਤੇ ਲਿਖਿਆ:
-ਜ਼ਿੰਦਾਬਾਦ ਪਾਤਰ! ਪਦਮ ਸ਼੍ਰੀ ਵਾਪਸ!!
ਪੰਜਾਬੀ ਦੇ ਮਹਾਨ ਸ਼ਾਇਰ ਤੇ ਮੇਰੇ ਪਿਆਰੇ ਮਿੱਤਰ ਸੁਰਜੀਤ ਪਾਤਰ ਨੇ ਕਿਸਾਨਾਂ ਦੀਆਂ ਅਸਲੋਂ ਹੀ ਜਾਇਜ਼ ਮੰਗਾਂ ਨੂੰ ਮਹੀਨਿਆਂ ਤੋਂ ਅਣਗੌਲਿਆਂ ਕਰਨ ’ਤੇ ਬਹੁਤ ਹੀ ਬੇਰੁਖੀ ਵਾਲਾ ਕਰੂਰ ਵਤੀਰਾ ਅਪਨਾਉਣ ਦਾ ਦਰਦ ਮਹਿਸੂਸ ਕਰਦਿਆਂ ਆਪਣਾ ਪਦਮ ਸ਼੍ਰੀ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਹਦਾ ਇਹ ਐਲਾਨ ਮੈਂ ਕਈ ਦਿਨਾਂ ਤੋਂ ਉਡੀਕ ਰਿਹਾ ਸਾਂ। ਇੰਝ ਕਰ ਕੇ ਪਾਤਰ ਨੇ ਆਪਣੇ ਹਜ਼ਾਰਾਂ ਪ੍ਰਸੰਸਕਾਂ ਨੂੰ ਮਿਲਦੇ ਮਿਹਣਿਆਂ ਨੂੰ ਧੋ ਦਿੱਤਾ ਹੈ। ਪਾਤਰ ਨੂੰ ਮਿਲਦੇ ਮਿਹਣੇ ਮੈਨੂੰ ਆਪਣੇ ਆਪ ਨੂੰ ਮਿਲਦੇ ਜਾਪਦੇ ਸਨ। ਮੈਂ ਵੀ ਸੁਖ ਦਾ ਸਾਹ ਲਿਆ ਕਿਉਂਕਿ ਮੈਂ ਉਦਾਸ ਸਾਂ ਕਿ ਪਾਤਰ ਅਜੇ ਤੱਕ ਖ਼ਾਮੋਸ਼ ਕਿਉਂ ਹੈ!
ਉਹਨੇ ਕਵਿਤਾ ਦੀ ਲਾਜ ਰੱਖੀ ਹੈ ਤੇ ਬਾਬੇ ਨਾਨਕ ਦੇ ਬੋਲ ਪੁਗਾਏ ਹਨ>
‘ਸਚੁ ਸੁਣਾਇਸੀ ਸਚ ਕੀ ਬੇਲਾ’
-ਵਰਿਆਮ ਸਿੰਘ ਸੰਧੂ
ਮੇਰੇ ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਪਾਤਰ ਨੇ ਬੜਾ ਮੋਹ-ਭਰਿਆ ਹੁੰਗਾਰਾ ਭਰਿਆ ਸੀ।
ਪਿਆਰੇ ਵਰਿਆਮ!
ਤੇਰੇ ਸੁਹਣੇ ਬੋਲ ਸੁਣੇ ਤਾਂ ਅੱਖਾਂ ਨਮ ਹੋ ਗਈਆਂ।
ਬਿਰਥਾ ਜੀਵਨ ਹੋ ਗਿਆ ਸਫਲਾ, ਸਿਫ਼ਰਾਂ ਰਕਮ ਹੋ ਗਈਆਂ ।
ਤੂੰ ਸਾਡਾ ਮਾਣ ਹੈਂ, ਪਿਆਰੇ ਵਰਿਆਮ।
ਤੈਨੂੰ ਤੇ ਤੇਰੇ ਸਾਰੇ ਪਿਆਰਿਆਂ ਨੂੰ ਮੋਹ ਭਰੀਆਂ ਦੁਆਵਾਂ ।
ਲਿਖਤੁਮ ਸੁਰਜੀਤ ਪਾਤਰ
—
‘ਪਾਤਰ ਅਤੇ ਸੰਧੂ’ ਵਿਚ ਸਾਂਝ ਤੇ ਫ਼ਰਕ ਦੀ ਕਹਾਣੀ
ਪਹਿਲਾਂ ਤਾਂ ਥੋੜਾ ਜਿਹਾ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਆਗਿਆ ਦੇ ਦਿਉ।
ਸੰਤ ਸਿੰਘ ਸੇਖੋਂ ਦੇ ਅਭਿਨੰਦਨ ਗ੍ਰੰਥ ਵਿਚ ਸੇਖੋਂ ਨਾਲ ਕੀਤੀ ਮੁਲਾਕਾਤ ਵਿਚ ਸਵਾਲ ਕਰਨ ਵਾਲਾ ਸ਼ੁਰੂ ਵਿਚ ਹੀ ਇਕ ਸਵਾਲ ਕੁਝ ਇਸ ਪ੍ਰਕਾਰ ਕਰਦਾ ਹੈ:
‘ਸੇਖੋਂ ਸਾਹਿਬ! ਇਨ੍ਹਾਂ ਸਮਿਆਂ ਵਿਚ ਤੁਹਾਡੀ ਥਾਪਣਾ ‘ਤੋਂ ਬਿਨਾਂ ਸ਼ਾਇਦ ਹੀ ਕੋਈ ਲੇਖਕ ਸਥਾਪਤ ਹੋਇਆ ਹੋਵੇ!…’
ਸੇਖੋਂ ਸਾਹਿਬ ਟੋਕ ਕੇ ਕਹਿੰਦੇ, ‘ਨਹੀਂ, ਦੋ ਜਣੇ ਮੇਰੇ ਥਾਪੜੇ ਤੋਂ ਬਿਨਾਂ ਵੀ ਸਥਾਪਤ ਹੋ ਗਏ। ਸੁਰਜੀਤ ਪਾਤਰ ਤੇ ਵਰਿਆਮ ਸੰਧੂ।’
ਇਹ ਤਾਂ ਐਵੇਂ ‘ਮੈਂ ਤੇ ਬੇਬੇ ਇੱਕੀ’ ਵਾਲੀ ਗੱਲ ਕਰ ਕੇ ਮੈਂ ਪਾਤਰ ਦੇ ਬਰਾਬਰ ਹੋਣ ਦੀ ਝੂਠੀ ਜਿਹੀ ਕੋਸ਼ਿਸ਼ ਕਰ ਰਿਹਾਂ। ਪਾਤਰ ਨਾਲ ਭਲਾ ਮੇਰਾ ਕੀ ਮੁਕਾਬਲਾ! ਉਂਝ ਇਹ ਵੀ ਤਸੱਲੀ ਤੇ ਖ਼ੁਸ਼ੀ ਵਾਲੀ ਗੱਲ ਸੀ, ਜਦੋਂ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਸੰਤ ਸਿੰਘ ਸੇਖੋਂ ਸਨ ਤਾਂ ਉਨ੍ਹਾਂ ਦੀ ਸਿਫ਼ਾਰਿਸ਼ ਨਾਲ ਪੰਜਾਬ ਆਰਟਸ ਕੌਂਸਲ ਵੱਲੋਂ ਜਿਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਨੂੰ ਮਾਣ-ਸਨਮਾਨ ਦਿੱਤਾ ਗਿਆ, ਉਨ੍ਹਾਂ ਵਿਚ ਸੁਰਜੀਤ ਪਾਤਰ ਤੇ ਅਜਮੇਰ ਔਲਖ ਦੇ ਨਾਲ ਮੇਰਾ ਨਾਂ ਵੀ ਸ਼ਾਮਿਲ ਸੀ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਲੇਖਕਾਂ ਨੂੰ ਇਨਾਮ ਦੇਣ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਜਿਹੜੇ ਪਹਿਲੇ ਪੰਜ ਇਨਾਮ ਦਿੱਤੇ ਗਏ, ਉਨ੍ਹਾਂ ਵਚ ਚਾਰ ‘ਪੁਰਾਣੇ’ ਲੇਖਕ ਸਨ ਤੇ ਪੰਜਵਾਂ ਨਾਮ ਸੁਰਜੀਤ ਪਾਤਰ ਦਾ ਸੀ। ‘ਪੰਜਵਾਂ ਇਨਾਮ’ ਨਵੇਂ ਸਥਾਪਤ ਹੋ ਰਹੇ ਲੇਖਕਾਂ ਨੂੰ ਪਛਾਨਣ ਤੇ ਉਤਸ਼ਾਹਿਤ ਕਰਨ ਵਾਸਤੇ ਸੀ ਤੇ ਇਹ ਹਰ ਸਾਲ ਕਿਸੇ ‘ਨਵੇਂ ਲੇਖਕ’ ਨੂੰ ਦਿੱਤਾ ਜਾਇਆ ਕਰਨਾ ਸੀ। ਅਗਲੇ ਸਾਲ ਇਹ ‘ਪੰਜਵਾਂ ਇਨਾਮ’ ਮੈਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਅਕਾਦਮੀ ਦੇ ਜਨਰਲ ਸਕੱਤਰ ਡਾ ਪ੍ਰਮਿੰਦਰ ਸਿੰਘ ਨੇ ਮੈਨੂੰ ਸੂਚਿਤ ਕਰਨ ਲਈ ਚਿੱਠੀ ਵੀ ਤਿਆਰ ਕਰ ਲਈ ਤੇ ਪੋਸਟ ਕਰਨ ਲਈ ਮੇਰੇ ਘਰ ਦਾ ਪਤਾ ਪੁੱਛਣ ਲਈ ਮੇਰੇ ਮਿੱਤਰ ਡਾ ਸਾਧੂ ਸਿੰਘ ਕੋਲ ਗਏ ਤੇ ਉਹਨੂੰ ਖ਼ੁਸ਼ਖ਼ਬਰੀ ਦਿੰਦਿਆਂ ਇਹ ਖ਼ਬਰ ਮੇਰੇ ਤੱਕ ਪਹੁੰਚਾਉਣ ਲਈ ਵੀ ਕਹਿ ਦਿੱਤਾ। ਮੈਨੂੰ ਖ਼ਬਰ ਪਹੁੰਚਾ ਦਿੱਤੀ ਗਈ ਪਰ ਅਗਲੇ ਦਿਨ ਅਖ਼ਬਾਰਾਂ ਵਿਚ ਮੇਰਾ ਨਾਂ ਗ਼ਾਇਬ ਸੀ ਤੇ ਮੇਰੀ ਥਾਂ ਡਾ ਹਰਿਭਜਨ ਸਿੰਘ ਨੂੰ ਇਹ ਕਹਿ ਕੇ ਇਨਾਮ ਦੇ ਦਿੱਤਾ ਕਿਉਂਕਿ ਉਨ੍ਹਾਂ ਨੂੰ ਕੈਂਸਰ ਹੋ ਗਿਆ ਸੀ ਤੇ ਇੰਝ ਉਨ੍ਹਾਂ ਦੀ ਆਰਥਿਕ ਮਦਦ ਹੋ ਜਾਵੇਗੀ। ਇਹ ਗੱਲ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਸਟੇਜ ’ਤੇ, ਜਦੋਂ ਮੈਨੂੰ ਕੁਲਵੰਤ ਸਿੰਘ ਪੁਰਸਕਾਰ’ ਦਿੱਤਾ ਜਾ ਰਿਹਾ ਸੀ ਤਾਂ ਡਾ ਪ੍ਰਮਿੰਦਰ ਸਿੰਘ ਹੁਰਾਂ ਨਾਮਵਰ ਲੇਖਕਾਂ ਦੇ ਭਰਵੇਂ ਇਕੱਠ ਵਿਚ ਮੰਨਦੇ ਹੋਏ ਇਹ ਵੀ ਕਿਹਾ ਕਿ ਅਗਲੇ ਸਾਲ ਇਹ ਇਨਾਮ ਵਰਿਆਮ ਸਿੰਘ ਸੰਧੂ ਨੂੰ ਦਿੱਤਾ ਜਾਵੇਗਾ। ਪਰ ਅਗਲੇ ਸਾਲ ਉਨ੍ਹਾਂ ਨੇ ਨਵੇਂ ਲੇਖਕਾਂ ਵਾਲਾ ਇਨਾਮ ਬੰਦ ਕਰ ਕੇ ‘ਪੁਰਾਣੇ’ ਲੇਖਕਾਂ ਨੂੰ ਹੀ ਦੇਣ ਦਾ ਫ਼ੈਸਲਾ ਕਰ ਲਿਆ ਤੇ ਮੈਨੂੰ ਬਾਰਾਂ ਸਾਲ ਬਾਅਦ ਉਹ ਇਨਾਮ ‘ਕੁਝ ਪੁਰਾਣਾ’ ਹੋ ਜਾਣ ’ਤੇ ਹੀ ਦਿੱਤਾ ਗਿਆ। ਇੰਝ ਮੈਂ ਪਾਤਰ ਤੋਂ ‘ਦੂਜੇ ਨੰਬਰ’ ’ਤੇ ਆਉਣੋਂ ਖੁੰਝ ਗਿਆ!
ਪਾਤਰ ਬਾਰੇ ਬੋਲਦਿਆਂ ਮੈਂ ਉਹਦੀ ਪ੍ਰਸੰਸਾ ਵਿਚ ਜ਼ਮੀਨ ਅਸਮਾਨ ਦੇ ਕੁਲਾਬੇ ਮੇਲ ਰਿਹਾ ਹੁੰਦਾ ਤਾਂ ਪਾਤਰ ਮੋੜਵੀਂ ਮੁਹੱਬਤ ਵਿਚ ਅਤਿਕਥਨੀ ਭਰੇ ਬੋਲ ਉਚਾਰਦਾ, ‘ਵਰਿਆਮ ਦੀ ਕਹਾਣੀ ‘ਮੈਂ ਹੁਣ ਠੀਕ ਠਾਕ ਹਾਂ’ ਦੇ ਸਿਰ ਤੋਂ ਪੰਜਾਬ ਸੰਕਟ ਬਾਰੇ ਲਿਖੀ ਸਾਰੀ ਕਵਿਤਾ ਵਾਰੀ ਜਾ ਸਕਦੀ ਹੈ!’
2012 ਵਿਚ ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਮੈਂ ਤੇ ਕੁਝ ਹੋਰ ਦੋਸਤ ਕੈਲੇਫ਼ੋਰਨੀਆਂ ਵਾਲੇ ਮਿੱਤਰਾਂ ਕੁਲਵਿੰਦਰ, ਸੁਖਵਿੰਦਰ ਕੰਬੋਜ ਤੇ ਜਗਜੀਤ ਨੌਸ਼ਹਿਰਵੀ ਦੇ ਸੱਦੇ ’ਤੇ ਅਮਰੀਕਾ ਗਏ। ਕਾਨਫ਼ਰੰਸ ‘ਤੋਂ ਕੁਝ ਦਿਨ ਬਾਅਦ ਮੇਰੀ ਵਾਪਸੀ ਸੀ। ਪਾਤਰ ਹੁਰਾਂ ਕੁਝ ਦਿਨ ਹੋਰ ਰੁਕਣਾ ਸੀ। ਕੁਲਵਿੰਦਰ ਨੇ ਆਪਣੀ ਰਿਹਾਇਸ਼ ’ਤੇ ਮੇਰੀ ਵਿਦਾਇਗੀ ਪਾਰਟੀ ਰੱਖੀ, ਜਿਸ ਵਿਚ ਕੈਲੇਫ਼ੋਰਨੀਆਂ ਵਾਲੇ ਲੇਖਕ ਹੁਮ-ਹੁਮਾ ਕੇ ਪਹੁੰਚੇ। ਖਾਣ-ਪਾਣ ਦੇ ਨਾਲ ਕਵਿਤਾਵਾਂ ਤੇ ਤਕਰੀਰਾਂ ਹੋਈਆਂ।
ਪ੍ਰਧਾਨਗੀ ਤਕਰੀਰ ਵਿਚ ਮੇਰੇ ਬਾਰੇ ਬੋਲਦਿਆਂ ਪਾਤਰ ਨੇ ਮੇਰੇ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਕਹੀਆਂ। ਯਾਰ ਬੇਲੀ, ਆਪਣੇ ਯਾਰਾਂ ਦੀ ਤਾਰੀਫ਼ ਕਰਦੇ ਹੀ ਹੁੰਦੇ ਨੇ। ਪਰ ਇੱਕ ਗੱਲ ਪਾਤਰ ਨੇ ਦੋਵਾਂ ਦੀ ਸ਼ਖ਼ਸੀਅਤ ਦੇ ਵੱਖਰੇ ਤੇ ਨਿਆਰੇਪਨ ਬਾਰੇ ਆਖੀ, ‘ਮੈਨੂੰ ਲੱਗਦਾ ਏ ਕਿ ਬਚਪਨ ਤੇ ਜਵਾਨੀ ਵੇਲੇ ਮੈਂ ਰਾਗੀਆਂ ਨੂੰ ਬਹੁਤਾ ਸੁਣਿਆਂ ਤੇ ਵਰਿਆਮ ਨੇ ਢਾਡੀਆਂ ਨੂੰ।’
2023 ਵਿਚ ‘ਲੋਕ ਮੰਚ ਪੰਜਾਬ’ ਵੱਲੋਂ ਸੁਰਿੰਦਰ ਸੁੰਨੜ ਤੇ ਲਖਵਿੰਦਰ ਜੌਹਲ ਹੁਰਾਂ ਨੇ ਜਲੰਧਰ ਦੇ ਹੰਸ ਰਾਜ ਮਹਿਲਾ ਕਾਲਜ ਵਿਚ ਸੁਖਵਿੰਦਰ ਅੰਮ੍ਰਿਤ, ਮਦਨਵੀਰਾ ਅਤੇ ਮੇਰੇ ਸਨਮਾਨ ਵਿਚ ਰਚਾਏ ਸਮਾਗਮ ਵਿਚ ਇਹ ਗੱਲ ਹੂ-ਬ-ਹੂ ਇਨ੍ਹਾਂ ਸ਼ਬਦਾਂ ਵਿਚ ਦੁਹਰਾਈ, ‘ ਮੈਂ ਤੇ ਵਰਿਆਮ ਜਦੋਂ ਹਾਸੇ ਨਾਲ ਗੱਲਾਂ ਕਰੀਏ ਤਾਂ ਮੈਂ ਕਹਿੰਦਾ ਹੁੰਦਾਂ ਕਿ ਵਰਿਆਮ ਨੇ ਢਾਡੀ ਬਹੁਤ ਸੁਣੇ ਹੋਏ ਨੇ ਤੇ ਮੈਂ ਰਾਗੀ ਬਹੁਤ ਸੁਣੇ ਹੋਏ ਨੇ। ਪਾਤਰ ਦੇ ਪਹਿਲੀ ਵਾਰ ਆਖਣ ’ਤੇ ਹੀ, ਮੈਂ ਹੱਸਦਿਆਂ ਹੋਇਆਂ ਇਹ ਗੱਲ ਮੰਨ ਲਈ ਸੀ। ਉਹਨੇ ਮੇਰੇ ਬਾਰੇ ਕਿੰਨਾ ਵੱਡਾ ਸੱਚ ਦਰਿਆਫ਼ਤ ਕਰ ਲਿਆ ਸੀ।
ਸਾਡੇ ਪਿੰਡ ਦੋ ਵੱਡੇ ਮੇਲਿਆਂ ’ਤੇ ਦੋ-ਦੋ ਦਿਨ ਦੀਵਾਨ ਲੱਗਦੇ। ਕਦੀ ਕਦੀ ਦੀਵਾਨ ਹਫ਼ਤਾ ਭਰ ਚੱਲਦੇ ਰਹਿੰਦੇ। ਢਾਡੀ ਤੇ ਕਵੀਸ਼ਰ ਆਪਣੀ ਗਾਇਕੀ ਨਾਲ ਰੰਗ ਬੰਨ੍ਹਦੇ। ਮੈਂ ਸਾਰਾ-ਸਾਰਾ ਦਿਨ ਉਨ੍ਹਾਂ ਨੂੰ ਸੁਣਦਾ ਥੱਕਦਾ ਨਾ। ਪਰ ਕਦੀ ਕਦੀ ਰਾਗੀ ਜਥਾ ਪੰਦਰਾਂ-ਵੀਹ ਮਿੰਟਾਂ ਲਈ ਸ਼ਬਦ ਗਾਉਣ ਲੱਗਦਾ ਤਾਂ ਸਾਡਾ ਮਨ ਉਕਤਾ ਜਾਂਦਾ।। ਅਸੀਂ ਉਡੀਕਦੇ ਕਦੋਂ ਕੋਈ ਢਾਡੀ ਜਾਂ ਕਵੀਸ਼ਰ ਨਵਾਂ ਪ੍ਰਸੰਗ ਸੁਣਾਉਂਦਾ ਹੈ। ਢਾਡੀਆਂ ਤੇ ਕਵੀਸ਼ਰਾਂ ਵਿਚੋਂ ਵੀ ਮੇਰੀ ਅਗਲੀ ਪਹਿਲ ਢਾਡੀਆਂ ਨੂੰ ਸੁਣਨਾ ਹੁੰਦਾ।
ਇਹਦੀ ਤਸ਼ਰੀਹ ਕਰਦਿਆਂ ਪਾਤਰ ਨੇ ਜਲੰਧਰ* ਵਾਲੇ ਸਮਾਗਮ ਵਿਚ ਕਿਹਾ, ‘ਵਰਿਆਮ ਦੀ ਗੱਲਬਾਤ ਵਿਚ ਬਹੁਤ ਵਿਸਥਾਰ ਹੁੰਦਾ। ਕੇਵਲ ਵਿਸਥਾਰ ਸ਼ਬਦਾਂ ਦਾ ਹੀ ਨਹੀਂ। ਮਾਨਵੀ ਵੀ ਤੇ ਇਤਿਹਾਸਕ ਵੀ…ਹੁੰਦਾ’
ਤੇ ਇਹ ਗੱਲ ਹੈ ਵੀ ਅਸਲੋਂ ਸੱਚ। ਮੇਰੇ ਪ੍ਰਸੰਸਕ-ਪਿਆਰੇ ਮੇਰੀ ਤਾਰੀਫ਼ ਵਿਚ ਅਕਸਰ ਕਹਿੰਦੇ ਨੇ ਕਿ ‘ਵਰਿਆਮ ਕਹਾਣੀ ਵੀ ਲੰਮੀ ਲਿਖਦਾ ਹੈ ਤੇ ਤਕਰੀਰ ਵੀ ਲੰਮੀ ਕਰਦਾ ਹੈ।’
ਸਾਡੇ ਦੋਵਾਂ ਦੀ ਸ਼ਖ਼ਸ਼ੀਅਤ ਦਾ ਵਖਰੇਵਾਂ ਪਾਤਰ ਨੇ ਬੜੀ ਬਰੀਕੀ ਨਾਲ ਸਮਝਿਆ ਤੇ ਬਿਆਨਿਆ ਹੈ। ਇਹ ਸੱਚ ਹੈ ਕਿ ਮੈਂ ਤਕਰੀਰ ਵੀ ਲੰਮੀ ਕਰਦਾ ਹਾਂ। ਮੇਰੀ ਆਵਾਜ਼ ਵਿਚ ਗੜ੍ਹਕਾ ਵੀ ਹੁੰਦਾ ਹੈ। ਉਤਸ਼ਾਹ ਤੇ ਉਤੇਜਨਾ ਵੀ ਹੁੰਦੀ ਹੈ।
ਸੁਰਜੀਤ ਪਾਤਰ ਸਾਡੇ ਦੋਵਾਂ ਬਾਰੇ ਅਕਸਰ ਕਿਹਾ ਕਰਦਾ, ‘ਮੈਂ ਵਰਿਆਮ ਸੰਧੂ ਹੁਰਾਂ ਤੋਂ ਬਾਅਦ ਬੋਲਦਾ ਨਹੀਂ ਹੁੰਦਾ ਅਕਸਰ। ਇੱਕ ਵਾਰ ਕੋਈ ਮਹਿਦੀ ਹਸਨ ਨੂੰ ਕਿਸੇ ਮਹਿਫ਼ਿਲ ਵਿਚ ਲੈ ਗਿਆ। ਅੱਗੇ ਜਾਂਦਿਆਂ ਨੂੰ ਗ਼ੁਲਾਮ ਅਲੀ ਗਾ ਰਿਹਾ ਸੀ। ਗ਼ੁਲਾਮ ਅਲੀ ਦਾ ਰੇਂਜ ਬਹੁਤ ਐ, ਉਪਰ ਵੀ ਥੱਲੇ ਵੀ। ਬਾਅਦ ਵਿਚ ਜਦੋਂ ਮਹਿਦੀ ਹਸਨ ਨੂੰ ਕੁਝ ਸੁਣਾਉਣ ਲਈ ਕਿਹਾ ਤਾਂ ਉਹ ਕਹਿੰਦਾ, ‘ਮੈਂ ਹੁਣ ਕੀ ਸੁਣਾਵਾਂ! ਸਾਰਾ ਹਾਰਮੋਨੀਅਮ ਤਾਂ ਗ਼ੁਲਾਮ ਅਲੀ ਨੇ ਮੁਕਾ ਦਿੱਤਾ।’
ਪਾਤਰ ਨੇ ਅੱਗੇ ਕਿਹਾ:
ਵਰਿਆਮ ‘ਤੋਂ ਬਾਅਦ ਮੇਰੇ ਲਈ ਬੋਲਣਾ ਹਮੇਸ਼ਾ ਮੁਸ਼ਕਿਲ ਹੁੰਦਾ। ਬੋਲਣ ‘ਤੋਂ ਪਹਿਲਾਂ ਹੀ ਮੈਂ ਵਰਿਆਮ ਬਾਰੇ ਸੋਚ ਰਿਹਾ ਸੀ ਕਿ ਵਰਿਆਮ ਨੇ ਜਿਵੇਂ ਸਾਡੇ ਸਮਿਆਂ ਦੇ ਪੰਜਾਬ ਨੂੰ, ਉਹਦੀ ਰੂਹ ਨੂੰ ਚਿਤਰਿਆ, ਉਹ ਸਾਡੇ ਕਿਸੇ ਕਵੀ, ਨਾਵਲਕਾਰ ਜਾਂ ਕਹਾਣੀਕਾਰ ਨੇ ਨਹੀਂ ਚਿਤਰਿਆ। ਖ਼ਾਸ ਕਰ ਪੰਜਾਬ ਸੰਕਟ ਦੇ ਦੌਰ ਬਾਰੇ ਜਿੰਨੀ ਨੀਝ ਨਾਲ, ਜਿੰਨੀ ਨਿਰਭੈਤਾ ਨਾਲ ਜਿੰਨੇ ਸੰਮਤੋਲ ਨਾਲ, ਜਿੰਨੀ ਜੁਰਅਤ ਨਾਲ ਲਿਖਿਆ, ਕਿਸੇ ਹੋਰ ਨੇ ਨਹੀਂ ਲਿਖਿਆ। ਮੈਂ ਕਿਹਾ ਸੀ ਕਿ ਤੇਰੀਆਂ ਕਹਾਣੀਆਂ ‘ਤੋਂ ਅਸੀਂ ਸਾਰੀਆਂ ਕਵਿਤਾਵਾਂ ਕੁਰਬਾਨ ਕਰਦੇ ਆਂ। ਵਰਿਆਮ ਦਾ ਇੱਸ ਪੱਖੋਂ ਬਹੁਤ ਵੱਡਾ ਯੋਗਦਾਨ ਹੈ। ਗੁਰੂ ਨਾਨਕ ਪਾਤਸ਼ਾਹ ਬਾਰੇ ਕੰਮ, ਗ਼ਦਰ ਲਹਿਰ ਬਾਰੇ ਕੰਮ, ਇਹ ਜੋ ਪੰਜਾਬ ਦਾ ਸਰੋਕਾਰ ਹੈ, ਇਹ ਪੰਜਾਬ ਦਾ ਗਹਿਰਾ ਸਰੋਕਾਰ ਹੈ।’
ਗ਼ਾਲਿਬ ਨੇ ਕਿਹਾ ਸੀ, ‘ਦਿਲੇ ਨਾਦਾਂ ਤੁਝੇ ਹੂਆ ਕਿਆ ਹੈ, ਆਖ਼ਰ ਇਸ ਦਰਦ ਕੀ ਦਵਾ ਕਿਆ ਹੈ!’ ਇਹ ਆਪਣੇ ਆਪਣੇ ਤਰੀਕਿਆਂ ਨਾਲ ਪੰਜਾਬ ਦੇ ਦਰਦ ਦੀ ਦਵਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸਾਡੇ ਕੋਲ ਸੁਖਵਿੰਦਰ ਅੰਮ੍ਰਿਤ ਬੈਠੀ ਹੈ। ਜਦੋਂ ਵਰਿਆਮ ਕਹਿ ਰਿਹਾ ਸੀ ਕਿ ਮੈਨੂੰ ਮੇਰੀਆਂ ਕਹਾਣੀਆਂ ਦੇ ਹਾਣ ਦਾ ਆਲੋਚਕ ਨਹੀਂ ਮਿਲਿਆ ਤਾਂ ਮੈਨੂੰ ਸੁਖਵਿੰਦਰ ਦਾ ਸ਼ਿਅਰ ਚੇਤੇ ਆ ਰਿਹਾ ਸੀ ਕਿ ਸਾਰੇ ਸੋਹਣਿਆਂ ਨੂੰ ਇਹ ਦੁੱਖ ਰਹਿੰਦਾ।
ਸੁਖਵਿੰਦਰ ਅੰਮ੍ਰਿਤ ਦਾ ਇੱਕ ਸ਼ਿਅਰ ਹੈ, ‘ਕੋਈ ਪਾਣੀ ਮੇਰੀ ਤੇਹ ਦਾ ਹਾਣੀ ਨਾ ਸੀ, ਨੀ! ਮੈਂ ਪੱਤਣਾਂ ’ਤੇ ਫ਼ਿਰਦੀ ਫ਼ਨਾਹ ਹੋ ਗਈ।
ਨਾ ਵਰਿਆਮ ਨੇ ਫ਼ਨਾਹ ਹੋਣਾ ਤੇ ਨਾ ਸੁਖਵਿੰਦਰ ਹੀ ਫ਼ਨਾਹ ਹੋਈ ਹੈ।
ਉਂਜ ਮੈਂ ਸਮਝਦਾਂ ਕਿ ਸਾਰੇ ਸੋਹਣਿਆਂ ਨੂੰ ਏਨਾ ਕੁ ਗਰੂਰ ਤਾਂ ਹੋਣਾ ਚਾਹੀਦੈ।
ਮੀਰ ਤਕੀ ਮੀਰ ਸ਼ਾਇਰ ਹੋਇਆ, – ‘ਸਾਰੇ ਆਲਮ ਪੇ ਮੈਂ ਹੂੰ ਛਾਯਾ ਹੂਆ, ਮੁਸਤਨਿਦ ਹੈ ਮੇਰਾ ਫ਼ਰਮਾਯਾ ਹੂਆ।’ ਦੂਜੀ ਥਾਂ ਮੀਰ ਤਕੀ ਮੀਰ ਸਾਹਬ ਕਹਿੰਦੇ ਹਨ, ‘ਮੁਝਕੋ ਸ਼ਾਇਰ ਨ ਕਹੋ ਮੀਰ ਕਿ ਸਾਹਿਬ ਮੈਨੇ ਦਰਦੋ ਗ਼ਮ ਕਿਤਨੇ ਕੀਏ ਜਮ੍ਹਾਂ, ਸੋਜ਼-ਏ-ਦੀਵਾਨ ਕੀਆ।’
ਮੈਂ ਕਾਹਦਾ ਸ਼ਾਇਰ ਹਾਂ। ਜੋ ਮੈਂ ਕਹਿ ਦਿੱਤਾ। ਸ਼ਾਇਰ ਤੇ ਕਹਾਣੀਕਾਰ ਜੋ ਝੂਲਾ ਝੂਲਦੇ ਨੇ ਪਰ ਜਦੋਂ ਉਨ੍ਹਾਂ ਨੂੰ ਠੀਕ ਪ੍ਰਤੀਕਰਮ ਨਹੀਂ ਮਿਲਦਾ ਤਾਂ ਉਹ ਸੋਚਦੇ ਨੇ ਕਿ ਮੈਂ ਕੀ ਕਿਹਾ ਤੇ ਕੀ ਨਹੀਂ ਕਿਹਾ!
ਲੇਖਕ ਵੀ ਕਦੀ ਤਾਰਿਆਂ ਵਾਂਗ ਅਸਮਾਨ ’ਤੇ ਹੁੰਦਾ ਤੇ ਕਦੀ ਰੇਤ ਵਾਂਗ ਜ਼ਮੀਨ ’ਤੇ ਵਿਛਿਆ ਹੋਇਆ ਹੁੰਦਾ।
—
– ਇੱਕ ਵਾਰ ਲੁਧਿਆਣੇ ਪੰਜਾਬੀ ਭਵਨ ’ਚ ਕਵੀ ਦਰਬਾਰ ਹੋ ਰਿਹਾ ਸੀ। ਪ੍ਰੋਫੈਸਰ ਮਹਿੰਦਰ ਸਿੰਘ ਚੀਮਾ ਬਹੁਤ ਫ਼ਿਕਰੇਬਾਜ਼ ਸੀ। ਕੋਈ ਦੋ ਦਰਜਨ ਕਵੀ ਵਾਰੀ-ਵਾਰੀ ਕਵਿਤਾ ਸੁਣਾ ਰਹੇ ਸੀ। ਚੀਮਾ ਕਹਿੰਦਾ, ਇਸ ਇਕੱਠ ’ਚ ਕਵੀ ਤਾਂ ਇੱਕੋ ਹੀ ਹੈ।
ਸਮਸ਼ੇਰ ਸੰਧੂ ਪੁੱਛਦਾ ਹੈ: ਇੱਕੋ-ਇੱਕ ਕੌਣ?
ਚੀਮਾ ਕਹਿੰਦਾ: ਸੁਰਜੀਤ ਪਾਤਰ
ਫਿਰ ਬਾਕੀ ਕੌਣ ਹਨ?
ਚੀਮਾ ਕਹਿੰਦਾ: ਬਾਕੀ ਸਭ ਤਰਸ ਦੇ ਪਾਤਰ।
—
ਸਭ ਤੋਂ ਪਹਿਲਾਂ ‘ਅੰਮ੍ਰਿਤ’ ਤਾਂ ਮਰਦਾਨੇ ਨੇ ਛਕਿਆ ਸੀ!
25-26 ਅਗਸਤ 2012 ਨੂੰ ਵਿਸ਼ਵ ਸਾਹਿਤ ਅਕਾਦਮੀ ਕੈਲੇਫ਼ੋਰਨੀਆਂ (ਅਮਰੀਕਾ) ਵੱਲੋਂ ਕਰਵਾਈ ਕਾਨਫ਼ਰੰਸ ਮੌਕੇ ਮੈਂ ਸਿੱਖੀ ਵਿਚ ਆ ਗਏ ਕਰਮਕਾਂਡੀ ਰੁਝਾਨ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਸਿੱਖੀ ਤਾਂ ਇਸ ਹੱਦ ਤੱਕ ਵਿਰੂਪਤ ਹੋ ਗਈ ਹੈ ਕਿ ਜੇ ਅੱਜ ਬਾਬਾ ਨਾਨਕ ਅਤੇ ਭਾਈ ਮਰਦਾਨਾ ਅੰਬਰਸਰ ਦੇ ਦਰਬਾਰ ਸਾਹਿਬ ਵਿਚ ਜਾ ਕੇ ਕੀਰਤਨ ਕਰਨ ਦੀ ਇੱਛਾ ਦਾ ਪ੍ਰਗਟਾਵਾ ਕਰਨ ਤਾਂ ਸ਼ਾਇਦ ਦਰਸ਼ਨੀ ਡਿਉੜ੍ਹੀ ਅੱਗੇ ਖਲੋਤਾ ਚੋਬਦਾਰ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਕਰ ਦੇਵੇ ਕਿ ਤੁਸੀਂ ਤਾਂ ਅੰਮ੍ਰਿਤ ਹੀ ਨਹੀਂ ਛਕਿਆ ਹੋਇਆ, ਇਸ ਲਈ ਤੁਹਾਨੂੰ ਏਥੇ ਕੀਰਤਨ ਕਰਨ ਦੀ ਆਗਿਆ ਨਹੀਂ ਮਿਲ ਸਕਣੀ!
ਮੇਰੇ ਬਾਅਦ ਬੋਲਦਿਆਂ ਸੁਰਜੀਤ ਪਾਤਰ ਨੇ ਇਸ ਪ੍ਰਸੰਗ ਵਿਚ ਇਹ ਸ਼ਬਦ ਆਖੇ:
ਜਦੋਂ ਵਰਿਆਮ ਕਹਿ ਰਿਹਾ ਸੀ ਕਿ ਜੇ ਅੱਜ ਗੁਰੂ ਨਾਨਕ ਤੇ ਮਰਦਾਨਾ ਦਰਬਾਰ ਸਾਹਿਬ ਕੀਰਤਨ ਕਰਨ ਜਾਣਾ ਚਾਹੁਣ ਤਾਂ ਅੰਮ੍ਰਿਤ ਨਾ ਛਕਣ ਕਰ ਕੇ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਚ ਜਾਣੋ ਵਰਜ ਦਿੱਤਾ ਜਾਊ, ਤਾਂ ਮੈਨੂੰ ਖ਼ਿਆਲ ਆਉਂਦਾ ਹੈ ਕਿ ਮਰਦਾਨੇ ਨੇ ਕਹਿਣਾ, ‘ਮੇਰੇ ਤੋਂ ਵੱਧ ਅੰਮ੍ਰਿਤ ਕਿਸਨੇ ਪੀਤਾ ਹੈ! ਉਸ ਅੰਮ੍ਰਿਤ ਦੇ ਸਰ-ਚਸ਼ਮੇ ਵਿਚੋਂ ਪਹਿਲੀਆਂ ਬੂੰਦਾਂ ਤਾਂ ਮੈਂ ਹੀ ਪੀਤੀਆਂ ਨੇ!’
ਬਾਣੀ ਵਿਚ ਸ਼ਬਦ ‘ਅੰਮ੍ਰਿਤ’ ਪਤਾ ਨਹੀਂ ਕਿੰਨੀ ਵਾਰ ਆਇਆ ਹੈ, ਜੋ ਮਰਦਾਨੇ ਨੇ ਕਿੰਨੀ ਵਾਰ ਗਾਇਆ ਹੈ, ਕਿੰਨੀ ਵਾਰ ਪੀਤਾ ਹੈ। ਗੁਰੂ ਦਾ ਪਹਿਲਾ ਅੰਮ੍ਰਿਤਧਾਰੀ ਸਿੱਖ ਤਾਂ ਮਰਦਾਨਾ ਹੀ ਸੀ।
ਇਹ ਪੰਜਾਬ ਗਾਉਂਦੇ ਪੈਗੰਬਰ ਦੀ ਧਰਤੀ ਹੈ। ਪੈਗੰਬਰ ਤਾਂ ਹੋਰ ਵੀ ਬਥੇਰੇ ਹੋਏ ਨੇ, ਪਰ ਗੁਰੂ ਨਾਨਕ ਦੇ ਨਾਲ ਨਾਲ ਸੰਗੀਤ ਵੀ ਸੀ, ਮਰਦਾਨਾ ਵੀ ਸੀ।
ਮੇਰਾ ਸ਼ਿਅਰ ਹੈ:
ਘਾਇਲ ਤਾਂ ਕਰਦਾ ਹਾਂ ਮੈਂ ਦਿਲ, ਕੇਵਲ ਰਬਾਬ ਨਾਲ
ਜੋ ਤੇਗ ਹੈ, ਇਹ ਰਬਾਬ ਦੀ ਰਾਖੀ ਲਈ ਹੈ।
-0-
‘ਮੰਮਾ! ਆਪਾਂ ਪੰਜਾਬ ਕਦੋਂ ਜਾਵਾਂਗੇ।’
ਪੰਜਾਬੀ ਬੋਲੀ ਬਾਰੇ ਸਾਡੇ ਦੋਗ਼ਲੇਪਨ ਦੀ ਗੱਲ ਕਰਦਿਆਂ ਸੁਰਜੀਤ ਪਾਤਰ ਨੇ ਬੜੀ ਦਿਲਚਸਪ ਵਾਰਤਾ ਸਾਂਝੀ ਕੀਤੀ:
ਆਸਟ੍ਰੇਲੀਆ ਵਿਚ ਜਦੋਂ ਕਿਸੇ ਸਮਾਗਮ ਵਿਚ ਪੰਜਾਬੀ ਬੋਲੀ ਦੀ ਗੱਲ ਚੱਲ ਰਹੀ ਸੀ ਤਾਂ ਕਿਸੇ ਮਨਜੀਤ ਨਾਂ ਦੇ ਕਵੀ ਨੇ ਕਿਹਾ, ‘ਪੰਜਾਬੀ ਹੁਣ ਪੰਜਾਂ ਦਰਿਆਵਾਂ ਦੀ ਬੋਲੀ ਨਹੀਂ ਰਹਿ ਗਈ, ਇਹ ਸੱਤਾਂ ਸਮੁੰਦਰਾਂ ਦੀ ਬੋਲੀ ਹੋ ਗਈ ਹੈ।
ਓਥੇ ਹੀ ਇੱਕ ਹੋਰ ਬੀਬੀ ਨੇ ਕਿਹਾ, ‘ਮੈਂ ਆਪਣੀ ਬੇਟੀ ਨੂੰ ਪੰਜਾਬੀ ਬੋਲਣਾ ਸਿਖਾਉਂਦੀ ਰਹੀ ਹਾਂ। ਇੱਕ ਦਿਨ ਉਹ ਮੈਨੂੰ ਕਹਿੰਦੀ, ‘ਮੰਮੀ! ਮੈਂ ਪੰਜਾਬੀ ਬੋਲ ਲੈਂਦੀ ਹਾਂ, ਪਰ ਬੋਲਦੀ ਤਾਂ ਸਿਰਫ਼ ਤੁਹਾਡੇ ਨਾਲ ਹੀ ਹਾਂ। ਹੋਰ ਕਿਸੇ ਨਾਲ ਵੀ ਨਹੀਂ ਬੋਲ ਸਕਦੀ।’
‘ਮੈਂ ਉਹਨੂੰ ਕਿਹਾ, ‘ਕੋਈ ਨਹੀਂ, ਬੇਟਾ! ਜਦ ਆਪਾਂ ਪੰਜਾਬ ਜਾਵਾਂਗੇ ਤਾਂ ਤੂੰ ਸਭ ਨਾਲ ਪੰਜਾਬੀ ਬੋਲ ਸਕੇਂਗੀ।’
ਅਸੀਂ ਪੰਜਾਬ ਆਪਣੇ ਸ਼ਹਿਰ ਲੁਧਿਆਣੇ ਗਏ। ਉਹ ਚਾਰ ਪੰਜ ਦਿਨ ਗਲੀ ਵਿਚ ਬੱਚਿਆਂ ਨਾਲ ਖੇਡਦੀ ਰਹੀ।
ਉਹ ਤਾਂ ਪੰਜਾਬੀ ਬੋਲੇ, ਪਰ ਦੂਜੇ ਬੱਚੇ ਹਿੰਦੀ ਬੋਲਣ।
ਇਕ ਦਿਨ ਮੈਨੂੰ ਕਹਿੰਦੀ, ‘ਮੰਮਾ! ਆਪਾਂ ਪੰਜਾਬ ਕਦੋਂ ਜਾਵਾਂਗੇ।’
—
ਲਰਜ਼ਦੇ ਨੀਰਾਂ ਦੀ ਗਾਥਾ
ਬਠਿੰਡੇ ਦੇ ਕਿਸੇ ਕਾਲਜ ਵਿਚ ਸੁਰਜੀਤ ਪਾਤਰ ਦਾ ਰੂਬਰੂ ਸੀ। ਵੱਡੇ ਹਾਲ ਵਿਚ ਵਿਦਿਆਰਥੀਆਂ ਦਾ ਵੱਡਾ ਇਕੱਠ। ਪਾਤਰ ਨੇ ਆਪਣੇ ਜੀਵਨ ਸੰਘਰਸ਼, ਸਾਹਿਤ ਅਤੇ ਕਵਿਤਾ ਬਾਰੇ ਗੱਲਾਂ ਕੀਤੀਆਂ।
ਆਪਣੀਆਂ ਚੁਨਿੰਦਾ ਕਵਿਤਾਵਾਂ ਵੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ।ਪਾਸ਼ ਦੇ ਕਤਲ਼ ‘ਤੋਂ ਬਾਅਦ ਲਿਖੀ ਕਵਿਤਾ ਵੀ ਸਾਂਝੀ ਕੀਤੀ:-
ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ ।
ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ ।
ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰਕੇ, ਪੱਥਰ ਹੋ ਗਿਆ ।
ਇੱਕ ਸ਼ਾਇਰ ਬਚ ਰਿਹਾ, ਸੰਵੇਦਨਾ ਸੰਗ ਲਰਜ਼ਦਾ
‘ਏਨੇ ਪੱਥਰ’! ਉਹ ਤਾਂ ਗਿਣਤੀ ਕਰਕੇ, ਪੱਥਰ ਹੋ ਗਿਆ ।
ਸਮਾਗਮ ਖ਼ਤਮ ਹੋਇਆ ਤਾਂ ਪੰਜ ਵਿਦਿਆਰਥੀ ਇਕੱਠੇ ਹੋ ਕੇ ਪਾਤਰ ਕੋਲ ਆਏ ਤੇ ਕਹਿੰਦੇ, ‘ਸਰ! ਅਸੀਂ ਤੁਹਾਡੇ ‘ਲ਼ਰਜ਼ਦੇ ਨੀਰ’ ਹਾਂ!’
ਇੱਕ ਵਾਰ ਕਨੇਡਾ ਕਿਸੇ ਸ਼ਾਦੀ ’ਤੇ ਮੈਂ ਆਪਣੇ ਦੋ ਦੋਸਤਾਂ ਨਾਲ ਇਕ ਟੇਬਲ ’ਤੇ ਬੈਠਾ ਸਾਂ। ਕੁਝ ਹੋਰ ਵੀ ਬੈਠੇ ਸਨ। ਬਲਿਊ ਸਟਾਰ ਆਪ੍ਰੇਸ਼ਨ ‘ਤੋਂ ਕੁਝ ਬਾਅਦ ਦੇ ਦਿਨ ਸਨ। ਮੇਰੇ ਦੋਸਤ ਸ਼ਾਇਦ ਡਰਿੰਕਸ ਵਗ਼ੈਰਾ ਲੈਣ ਗਏ। ਮੈਨੂੰ ਮੇਜ਼ ’ਤੇ ਬੈਠਾ ਇੱਕ ਸੱਜਣ ਪੁੱਛਣ ਲੱਗਾ, ‘ਸਰਦਾਰ ਸਾਹਿਬ! ਤੁਹਾਡਾ ਲਾਸਟ ਨੇਮ ਕੀ ਹੈ? ਮੈਂ ਕਿਹਾ: ਪਾਤਰ। ਉਹ ਕਹਿਣ ਲੱਗਾ -ਕਦੀ ਸੁਣਿਆ ਨਹੀਂ। ਲਾਸਟ ਨੇਮ ਤਾਂ ਹੁੰਦੇ ਨੇ ਜਿਵੇਂ- ਬਰਾੜ, ਗਿੱਲ, ਸੰਧੂ, ਬੇਦੀ। ਮੈਂ ਕਿਹਾ -ਜੀ ਮੈਂ ਤੁਹਾਡਾ ਸੁਆਲ ਸਮਝ ਗਿਆਂ। ਮੈਂ ਤਰਖ਼ਾਣਾਂ ਦਾ ਪੁੱਤਰ ਆਂ। ‘ਅੱਛਾ! ਫਿਰ ਤਾਂ ਤੁਸੀਂ ਗਿਆਨੀ ਜ਼ੈਲ ਸਿੰਘ ਕਿਆਂ ‘ਚੋਂ ਹੋਏ! ਮੈਂ ਕਿਹਾ, -ਨਹੀਂ ਜੀ, ਮੈਂ ਭਾਈ ਲਾਲੋ ਕਿਆਂ ‘ਚੋਂ ਆਂ।
—
‘ਯੂਨੀਵਰਸਿਟੀ ਤੋਂ ਜਲਾਵਤਨ ਹੋ ਕੇ ਕੁੱਝ ਚਿਰ ਮੈਂ ਤੇ ਡਾ. ਨੂਰ ਪਟਿਆਲੇ ਇੱਕ ਘਰ ਵਿਚ ਕਮਰਾ ਲੈ ਕੇ ਰਹੇ। ਉਸ ਘਰ ਵਿਚ ਕਈ ਜੀਅ ਸਨ। ਇੱਕ ਚਾਲੀ ਕੁ ਸਾਲ ਦੀ ਸੁਆਣੀ ਵੀ ਸੀ, ਉਹ ਜਮਾਂਦਰੂ ਹੀ ਕੁੱਬੀ ਸੀ, ਉਹ ਉਸ ਘਰ ਦੀ ਧੀ ਸੀ, ਉਸ ਦਾ ਵਿਆਹ ਨਹੀਂ ਹੋਇਆ ਸੀ, ਉਸ ਦਾ ਨਾਮ ਤੇਜੋ ਸੀ। ਉਹ ਕਈ ਵਾਰ ਆ ਕੇ ਸਾਡੇ ਨਾਲ ਗੱਲਾਂ ਕਰਨ ਲੱਗ ਪੈਂਦੀ।
ਇਕ ਦਿਨ ਮੈਂ ਉਹਨੂੰ ਸਰਸਰੀ ਪੁੱਛਿਆ: ਤੇਜੋ ਤੇਰੀ ਉਮਰ ਕਿੰਨੀ ਐਂ? ਉਹ ਕੁੱਝ ਚਿਰ ਚੁੱਪ ਰਹੀ, ਫਿਰ ਕਹਿਣ ਲੱਗੀ: ਕਾਕਾ ਗੱਲ ਉਹ ਕਰੀਦੀ ਐ, ਜਿਹਦੇ ਨਾਲ ਦਿਲ ਨੂੰ ਠੰਢ ਪਵੇ।
ਪਾਤਰ ਨੇ ਵਾਰਤਾ ਸੁਣਾਈ ਤਾਂ ਪੰਡਾਲ ਵਿਚ ਹਾਸਾ ਛਣਕਿਆ, ਪਰ ਅਗਲੇ ਹੀ ਪਲ ਪਾਤਰ ਦੇ ਸ਼ਬਦਾਂ ਨੇ ਸਭ ਨੂੰ ਉਦਾਸ ਵੀ ਕਰ ਦਿੱਤਾ;
‘ਮੈਨੂੰ ਉਸ ਦੇ ਜਵਾਬ ‘ਤੋਂ ਅਹਿਸਾਸ ਹੋਇਆ ਕਿ ਮੇਰੇ ਸਵਾਲ ਨਾਲ ਉਹਦੇ ਉਦਾਸ ਦਿਲ ਨੂੰ ਕਿੰਨਾ ਦੁੱਖ ਪਹੁੰਚਿਆ ਹੋਵੇਗਾ। ਤੁਹਾਡਾ ਮਾਸੂਮ ਜਿਹਾ ਸਵਾਲ ਵੀ ਕਿਸੇ ਲਈ ਕਿੰਨਾ ਨਿਰਦਈ ਹੋ ਸਕਦਾ ਹੈ, ਤੁਹਾਨੂੰ ਨਹੀਂ ਪਤਾ ਹੁੰਦਾ। ਤੇਜੋ ਦਾ ਉਹ ਵਾਕ ਉਨ੍ਹਾਂ ਗਹਿਰੇ ਅਖਾਣਾਂ, ਸ਼ੇਅਰਾਂ ਸੰਵਾਦਾਂ ਵਿਚ ਸ਼ਾਮਲ ਹੋ ਗਿਆ ਜਿਹੜੇ ਮੈਨੂੰ ਸਦਾ ਯਾਦ ਰਹਿੰਦੇ ਹਨ।
