ਪ੍ਰਿੰ. ਸਰਵਣ ਸਿੰਘ
ਆਰਮੰਡ ਡੁਪਲਾਂਟਿਸ ਪੋਲ ਵਾਲਟ ਦਾ ਮੌਜੂਦਾ ਓਲੰਪਿਕ ਚੈਂਪੀਅਨ ਤੇ ਵਿਸ਼ਵ ਚੈਂਪੀਅਨ ਹੈ। ਓਲੰਪਿਕ ਖੇਡਾਂ ਤੇ ਵਰਲਡ ਚੈਂਪੀਅਨਸ਼ਿਪਸ ਦੇ ਵਿਸ਼ਵ ਰਿਕਾਰਡ ਵੀ ਉਹਦੇ ਨਾਂ ਹਨ। ਉਸ ਨੂੰ 2025 ਦਾ ਬਿਹਤਰੀਨ ਖਿਡਾਰੀ ਤੇ ਲੌਰੀਅਸ ਅਥਲੀਟ ਮੰਨਿਆ ਗਿਐ।
ਉਸ ਤੋਂ ਪਹਿਲਾਂ ਪੋਲ ਵਾਲਟ ਦੀ ਝੰਡੀ ਸਰਗੀ ਬੁਬਕਾ ਦੇ ਹੱਥ ਸੀ। ਵੀਹਵੀਂ ਸਦੀ `ਚ ਉਹਦੀ ਗੁੱਡੀ ਅਸਮਾਨੀਂ ਚੜ੍ਹੀ ਰਹੀ। ਉਸ ਨੂੰ ‘ਫਲਾਈਂਗ ਬਰਡ’ ਕਿਹਾ ਜਾਂਦਾ ਰਿਹਾ। ਉਹ ਦੁਨੀਆ ਦਾ ਪਹਿਲਾ ਪੋਲ ਵਾਲਟਰ ਹੋਇਆ ਜਿਸ ਨੇ 6 ਮੀਟਰ ਤੋਂ ਉੱਚਾ ਟੱਪਣ ਦੀ ਹੱਦ ਪਹਿਲੀ ਵਾਰ ਤੋੜੀ। ਉਸਨੇ ਪੋਲ ਵਾਲਟ ਦੇ ਵਿਸ਼ਵ ਰਿਕਾਰਡ 17 ਵਾਰ ਨਵਿਆਏ ਤੇ ਆਪਣੇ ਖੇਡ ਕੈਰੀਅਰ ਦੌਰਾਨ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਵਿਚੋਂ 6 ਗੋਲਡ ਮੈਡਲ ਜਿੱਤੇ ਸਨ ਜੋ ਆਪਣੇ ਆਪ `ਚ ਅਨੋਖਾ ਰਿਕਾਰਡ ਹੈ। ਉਹਦਾ ਜਨਮ 4 ਦਸੰਬਰ 1963 ਨੂੰ ਸੋਵੀਅਤ ਰੂਸ ਵਿਚ ਹੋਇਆ ਸੀ। ਉਸ ਦਾ 31 ਜੁਲਾਈ 1991 ਨੂੰ ਰੱਖਿਆ 6.14 ਮੀਟਰ ਦਾ ਵਿਸ਼ਵ ਰਿਕਾਰਡ 2015 ਤਕ ਕਾਇਮ ਰਿਹਾ। ਆਖ਼ਰ ਉਹ ਰਿਕਾਰਡ ਸਵੀਡਨ ਦੇ ਆਰਮੰਡ ਡੁਪਲਾਂਟਿਸ ਉਰਫ਼ ‘ਮੋਂਡੋ’ ਨੇ 24 ਸਾਲਾਂ ਬਾਅਦ 6.15 ਮੀਟਰ ਉੱਚੀ ਛਾਲ ਲਾ ਕੇ ਤੋੜਿਆ।
ਸਵੀਡਸ਼-ਅਮਰੀਕਨ ਅਥਲੀਟ, ਆਰਮਡ ਗੁਸਤਾਵ ਡੁਪਲਾਂਟਿਸ ਦਾ ਜਨਮ 10 ਨਵੰਬਰ 1999 ਨੂੰ ਅਮਰੀਕਾ ਵਿਚ ਹੋਇਆ ਸੀ ਪਰ ਉਹ ਸਵੀਡਨ ਦੀ ਪ੍ਰਤੀਨਿਧਤਾ ਕਰਦਾ ਹੈ। ਹੁਣ ਉਸ ਨੂੰ ਸਰਬ ਸਮਿਆਂ ਦਾ ਸਭ ਤੋਂ ਮਹਾਨ ਪੋਲ ਵਾਲਟਰ ਕਿਹਾ ਜਾ ਰਿਹੈ। ਉਸ ਨੇ 6.27 ਮੀਟਰ ਯਾਨੀ 20 ਫੁੱਟ 7 ਇੰਚ ਉੱਚੀ ਛਾਲ ਲਾਉਣ ਦਾ ਵਿਸ਼ਵ ਰਿਕਾਰਡ ਰੱਖਿਆ ਤੇ ਗਲੋਬ ਦੇ 7 ਸੀਨੀਅਰ ਟਾਈਟਲ ਜਿੱਤੇ ਹਨ। ਓਲੰਪਿਕ ਖੇਡਾਂ ਦੇ 2 ਗੋਲਡ ਮੈਡਲ, ਆਊਟਡੋਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਦੇ ਵੀ 2 ਗੋਲਡ ਮੈਡਲ ਤੇ ਤਿੰਨ ਵਾਰ ਇਨਡੋਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ਯੂਰਪੀਨ ਤੇ ਹੋਰ ਚੈਂਪੀਅਨਸ਼ਿਪਾਂ ਜਿੱਤਣੀਆਂ ਤਾਂ ਮਾਮੂਲੀ ਗੱਲ ਸਨ। ਅਜੇ ਉਹ ਭਰ ਜੁਆਨ ਹੈ। ਕੀ ਪਤਾ ਪੋਲ ਵਾਲਟ ਦੀ ਬਾਰ ਹੋਰ ਕਿੰਨੀ ਉੱਚੀ ਕਰਾ ਜਾਵੇ?
‘ਮੋਂਡੋ’ ਡੁਪਲਾਂਟਿਸ ਲਈ 5 ਅਗਸਤ 2024 ਦਾ ਦਿਨ ਸਭ ਤੋਂ ਵੱਧ ਕਰਮਾਂ ਵਾਲਾ ਸਿੱਧ ਹੋਇਆ। ਉਦਣ ਪੈਰਿਸ ਦੀਆਂ ਓਲੰਪਿਕ ਖੇਡਾਂ ਵਿਚ ਪੋਲ ਵਾਲਟ ਦਾ ਫਾਈਨਲ ਮੁਕਾਬਲਾ ਹੋਣਾ ਸੀ। 2020 ਦੀਆਂ ਓਲੰਪਿਕ ਖੇਡਾਂ ਜੋ ਕੋਵਿਡ ਕਾਰਨ 2021 `ਚ ਟੋਕੀਓ ਵਿਖੇ ਹੋਈਆਂ, ਉਨ੍ਹਾਂ `ਚੋਂ ਡੁਪਲਾਂਟਿਸ ਪੋਲ ਵਾਲਟ ਦਾ ਗੋਲਡ ਮੈਡਲ ਜਿੱਤ ਚੁੱਕਾ ਸੀ। ਜੇਕਰ ਉਹ ਪੈਰਿਸ ਤੋਂ ਵੀ ਗੋਲਡ ਮੈਡਲ ਜਿੱਤਦਾ ਤਾਂ ਅਨੋਖੀ ਗੱਲ ਹੋਣੀ ਸੀ ਕਿਉਂਕਿ 1896 ਤੋਂ ਸਿਵਾਏ ਇਕ ਪੋਲ ਵਾਲਟਰ ਦੇ ਕੋਈ ਹੋਰ ਪੋਲ ਵਾਲਟਰ ਦੂਜੀ ਵਾਰ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਨਹੀਂ ਸੀ ਜਿੱਤ ਸਕਿਆ। ਇਥੋਂ ਤਕ ਕਿ ਯੂਕਰੇਨ ਦਾ ‘ਫਲਾਈਂਗ ਬਰਡ’ ਸਰਗੀ ਬੁਬਕਾ ਵੀ ਨਹੀਂ ਜਿੱਤਿਆ।
ਪੈਰਿਸ ਦੇ ਫਾਈਨਲ ਮੁਕਾਬਲੇ ਸਮੇਂ ਸਥਿਤੀ ਇਹ ਬਣੀ ਕਿ 5.95 ਮੀਟਰ ਦੀ ਉਚਾਈ ਕਿਸੇ ਪੋਲ ਵਾਲਟਰ ਤੋਂ ਪਾਰ ਨਾ ਹੋਈ। ਰਹਿ ਗਿਆ `ਕੱਲਾ ਡੁਪਲਾਂਟਿਸ ਜੋ ਪਹਿਲੇ ਹੱਲੇ ਹੀ 6 ਮੀਟਰ ਦੀ ਉਚਾਈ ਪਾਰ ਗਿਆ। ਇੰਜ ਗੋਲਡ ਮੈਡਲ ਤਾਂ ਉਸ ਦਾ ਬਣ ਗਿਆ ਪਰ ਓਲੰਪਿਕ ਖੇਡਾਂ ਦਾ ਰਿਕਾਰਡ ਨਾ ਟੁੱਟਿਆ ਜੋ 2016 ਦੀਆਂ ਓਲੰਪਿਕ ਖੇਡਾਂ ਦੇ ਪੋਲ ਵਾਲਟ ਜੇਤੂ ਠਿਆਗੋ ਬਰਾਜ਼ ਦੇ ਨਾਂ ਸੀ। ਉਹਦਾ ਰਿਕਾਰਡ ਤੋੜਨ ਲਈ ਉਸ ਨੇ ਬਾਰ 6.10 ਮੀਟਰ ਉੱਚੀ ਕਰਵਾਈ ਤੇ ਸਫਲ ਛਾਲ ਲਾ ਕੇ ਗੋਲਡ ਮੈਡਲ ਨਾਲ ਓਲੰਪਿਕ ਖੇਡਾਂ ਦਾ ਨਵਾਂ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਫਿਰ ਉਸ ਨੇ ਬਾਰ 5 ਜਾਂ 10 ਸੈਂਟੀਮੀਟਰ ਉੱਚੀ ਕਰਵਾਉਣ ਦੀ ਥਾਂ `ਕੱਠੀ 15 ਸੈਂਟੀਮੀਟਰ ਉੱਚੀ ਕਰਵਾ ਕੇ 6.24 ਮੀਟਰ ਦਾ ਆਪਣਾ ਹੀ ਰੱਖਿਆ ਵਿਸ਼ਵ ਰਿਕਾਰਡ ਨਵਿਆਉਣ ਦਾ ਫੈਸਲਾ ਕੀਤਾ।
ਉਹਦੇ ਕਹਿਣ `ਤੇ ਬਾਰ 6.25 ਮੀਟਰ ਉੱਚੀ ਕਰ ਦਿੱਤੀ ਗਈ। ਅਨਾਊਂਸਮੈਂਟ ਹੋਈ ਤਾਂ ਸਟੇਡੀਅਮ `ਚ ਮੌਜੂਦ ਸਾਰੇ ਦਰਸ਼ਕਾਂ ਦੀਆਂ ਨਜ਼ਰਾਂ ਪੋਲ ਵਾਲਟ ਦੇ ਸਟੈਂਡ ਵੱਲ ਮੁੜ ਗਈਆਂ। ਗੋਰੇ ਨਿਛੋਹ ਰੰਗ, ਭੂਰੇ ਵਾਲ ਤੇ ਬਿੱਲੀਆਂ ਅੱਖਾਂ ਵਾਲੇ ਛੇ ਫੁੱਟੇ ਸਵੀਡਨੀਏਂ ਨੇ ਫਾਈਬਰ ਗਲਾਸ ਦਾ ਪੋਲ ਹੱਥਾਂ `ਚ ਫੜ ਕੇ ਜੋਹਿਆ ਤੇ ਤੇਜ਼ ਦੌੜਨਾ ਸ਼ੁਰੂ ਕੀਤਾ। ਦੌੜ ਕੇ ਛਾਲ ਲਾਈ ਤਾਂ ਬਾਰ ਉਹਦੇ ਨਾਲ ਹੀ ਹੇਠਾਂ ਜਾ ਡਿੱਗੀ। ਸਾਹਮਣੇ ਬੈਠੀ ਉਹਦੀ ਗਰਲ ਫ੍ਰੈਂਡ ਨੇ ਲੰਮਾ ਹਉਕਾ ਭਰਿਆ। ਫਿਰ ਉਸ ਨੇ ਦੁਬਾਰਾ ਛਾਲ ਲਾਈ ਜੋ ਸਫਲ ਨਾ ਹੋ ਸਕੀ। ਸਭ ਨੂੰ ਨਿਰਾਸ਼ਾ ਹੋਈ। ਤੀਜੀ ਛਾਲ ਉਹਦਾ ਆਖ਼ਰੀ ਮੌਕਾ ਸੀ। ਉਸ ਨੇ ਪ੍ਰਸ਼ੰਸਕਾਂ `ਚ ਬੈਠੀ ਆਪਣੀ ਪ੍ਰੇਮਕਾ ਵੱਲ ਫਿਰ ਵੇਖਿਆ ਜਿਸ ਨੇ ਹੌਂਸਲਾ ਵਧਾਊ ਚੁੰਮਣ ਹਵਾ `ਚ ਸੁੱਟਿਆ ਜੋ ਪ੍ਰੇਮੀ ਨੇ ਬੋਚਣ ਦਾ ਸੰਕੇਤ ਦਿੱਤਾ। ਮੋਂਡੋ ਮੁੜ ਰਨ ਵੇਅ ਵੱਲ ਵਧਿਆ। ਆਰ ਜਾਂ ਪਾਰ ਚਿਤਵ ਕੇ ਰਨ ਵੇਅ `ਤੇ ਸਿਰ ਮੈਦਾਨ ਦੌੜਿਆ। ਬਕਸੇ ਵਿਚ ਪੋਲ ਠੀਕ ਲੱਗਾ, ਫਾਈਬਰ ਗਲਾਸ ਪੋਲ ਦਾ ਪੂਰਾ ਹੁਲ੍ਹਾਰਾ ਮਿਲਿਆ, ਬਾਰ ਕਰਾਸ ਕਰਦਿਆਂ ਮੋਂਡੋ ਨੇ ਐਸੀ ਟਪੂਸੀ ਮਾਰੀ ਕਿ ਬਾਰੇ ਥਾਏਂ ਖੜ੍ਹੀ ਰਹੀ। ਸਫਲ ਛਾਲ ਦੀ ਝੰਡੀ ਵੇਖੇ ਬਿਨਾਂ ਉਹ ਪਿੱਚ ਤੋਂ ਸਟੈਂਡਾਂ ਵੱਲ ਦੌੜਿਆ ਤੇ ਆਪਣੀ ਪ੍ਰੇਮਕਾ ਦੇ ਚੁੰਮਣਾਂ ਵਿਚ ਲਿਪਤ ਹੋ ਗਿਆ। ਕੈਮਰਿਆਂ ਨੇ ਉਹ ਦ੍ਰਿਸ਼ ਸਦਾ ਲਈ ਸੰਭਾਲ ਲਿਆ। ਓਲੰਪਿਕ ਖੇਡਾਂ ਦੇ ਰਿਕਾਰਡ ਨਾਲ ਨਵਾਂ ਵਿਸ਼ਵ ਰਿਕਾਰਡ ਵੀ ਰੱਖਿਆ ਗਿਆ: 6.25 ਮੀਟਰ! ਮੋਂਡੋ ਨੇ ਟ੍ਰੈਕ `ਤੇ ਜੇਤੂ ਗੇੜੀ ਦਿੱਤੀ ਤਾਂ ਤਾੜੀਆਂ ਦਾ ਸ਼ੋਰ ਲਗਾਤਾਰ ਗੂੰਜਦਾ ਰਿਹਾ।
ਮੋਂਡੋ ਦੀ ਇਸ ਜਿੱਤ ਤੋਂ ਪਹਿਲਾਂ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਕੇਵਲ ਬੌਬ ਰਿਚਰਡ ਹੀ ਸੀ ਜਿਸ ਨੇ 1952 ਵਿਚ ਹੈਲਸਿੰਕੀ ਤੇ 1956 ਵਿਚ ਮੈਲਬਰਨ ਦੀਆਂ ਓਲੰਪਿਕ ਖੇਡਾਂ `ਚੋਂ ਪੋਲ ਵਾਲਟ ਦੇ ਦੋ ਗੋਲਡ ਮੈਡਲ ਜਿੱਤੇ ਸਨ। 68 ਸਾਲਾਂ ਬਾਅਦ ਮੋਂਡੋ ਡੁਪਲਾਂਟਿਸ ਦੀ ਜਿੱਤ ਨਾਲ ਸਾਰੀ ਦੁਨੀਆ ਵਿਚ ਉਹਦੀ ਜੈ ਜੈ ਕਾਰ ਹੋ ਗਈ। ਉਹ ਐਸਾ ਪੋਲ ਵਾਲਟਰ ਹੈ ਜਿਸ ਨੇ ਯੂਥ, ਜੂਨੀਅਰ ਤੇ ਸੀਨੀਅਰ ਵਿਸ਼ਵ ਚੈਂਪੀਅਨਸ਼ਿਪਾਂ ਦੇ ਤਿੰਨੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤੇ।
*
ਆਰਮੰਡ ਡੁਪਲਾਂਟਿਸ ਪੋਲ ਵਾਲਟਰ ਪਿਓ ਦਾ ਪੁੱਤਰ ਹੈ ਜੋ ਚਾਰ ਸਾਲਾਂ ਦੀ ਉਮਰ ਤੋਂ ਹੀ ਪੋਲ ਵਾਲਟ ਨਾਲ ਪੰਗੇ ਲੈਣ ਲੱਗ ਪਿਆ ਸੀ। ਇਹ ਸਮਝ ਲਓ ਕਿ ਉਹ ਤੁਰਨ ਹੀ ਨਿੱਕੇ ਜਿਹੇ ਪੋਲ ਨਾਲ ਲੱਗਾ ਸੀ। ਉਸ ਨੇ 15 ਸਾਲ ਦੀ ਉਮਰ ਤੋਂ ਵੱਖ-ਵੱਖ ਉਮਰ ਵਰਗਾਂ ਦੇ ਨਵੇਂ ਵਿਸ਼ਵ ਰਿਕਾਰਡ ਰੱਖਣੇ ਸ਼ੁਰੂ ਕਰ ਲਏ ਤੇ ਆਪਣੇ ਕੋਚ ਬਾਪ ਦੇ ਸੁਪਨੇ ਸਾਕਾਰ ਕਰਨ ਲੱਗ ਪਿਆ ਸੀ। ਮੋਂਡੋਨੇ 2015 ਵਿਚ ਹੀ 5.30 ਮੀਟਰ ਦੀ ਉਚਾਈ ਪਾਰ ਕਰ ਲਈ। 2016 ਵਿਚ 5.51 ਮੀਟਰ, 2017 `ਚ 5.90, 2018 `ਚ 6.05, 2020 `ਚ 6.15, 2022 ਵਿਚ 6.21, 2023 `ਚ 6.23, 2024 `ਚ 6.25 ਅਤੇ 2025 ਵਿਚ 6.27 ਮੀਟਰ ਦਾ ਨਵਾਂ ਵਿਸ਼ਵ ਰਿਕਾਰਡ ਰੱਖਿਆ। ਉਹ ਵਿਸ਼ਵ ਦਾ ਪਹਿਲਾ ਪੋਲ ਵਾਲਟਰ ਹੈ ਜਿਸ ਨੇ 6.20 ਮੀਟਰ ਦੀ ਹੱਦ ਪਹਿਲੀ ਵਾਰ ਤੋੜੀ। ਉਹ ਹੁਣ 26ਵੇਂ ਸਾਲ ਵਿਚ ਹੈ ਤੇ ਉਹਦਾ ਨਿਸ਼ਾਨਾ 6.30 ਮੀਟਰ ਦੀ ਹੱਦ ਪਾਰ ਕਰਨਾ ਹੈ।
ਪੋਲ ਵਾਲਟ ਅਥਲੈਟਿਕਸ ਦਾ ਸਭ ਤੋਂ ਖ਼ਤਰਨਾਕ ਈਵੈਂਟ ਮੰਨਿਆ ਜਾਂਦਾ ਹੈ। ਵੀਹ-ਵੀਹ ਫੁੱਟ ਉੱਚੀਆਂ ਛਾਲਾਂ ਲਾਉਂਦਿਆਂ ਅਕਸਰ ਮਾਰੂ ਸੱਟਾਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੋਲ ਵਾਲਟ ਦਾ ਜਨਮ ਸੋਟੀ ਜਾਂ ਵੰਝ ਦੇ ਸਹਾਰੇ ਕੰਧਾਂ, ਖਾਈਆਂ ਤੇ ਹੋਰ ਰੁਕਾਵਟਾਂ ਟੱਪਣ ਤੋਂ ਸ਼ੁਰੂ ਹੋਇਆ ਸੀ। ਪਹਿਲਾਂ ਪਹਿਲ ਜਿਹੜੀ ਰੋਕ ਉਂਜ ਨਹੀਂ ਸੀ ਟੱਪੀ ਜਾਂਦੀ, ਡਾਂਗ ਜਾਂ ਵੰਝ ਦੇ ਸਹਾਰੇ ਨਾਲ ਟੱਪਣੀ ਸ਼ੁਰੂ ਹੋਈ। ਸਮੇਂ ਨਾਲ ਵਿਕਸਤ ਹੁੰਦੀ ਇਹ ਤਕਨੀਕ ਖੇਡ ਕਰਤਬ ਬਣ ਗਈ ਜੋ ਓਲੰਪਿਕ ਖੇਡਾਂ ਤਕ ਜਾ ਪੁੱਜੀ। ਪਹਿਲੀਆਂ ਓਲੰਪਿਕ ਖੇਡਾਂ `ਚ ਅਮਰੀਕਾ ਦਾ ਵਿਲੀਅਮ ਹੋਅਟ ਸਿਰਫ 3.30 ਮੀਟਰ ਉੱਚਾ ਟੱਪ ਕੇ ਓਲੰਪਿਕ ਚੈਂਪੀਅਨ ਬਣ ਗਿਆ ਸੀ ਜਦ ਕਿ ਪੈਰਿਸ ਵਿਖੇ 2024 ਦੀਆਂ ਓਲੰਪਿਕ ਖੇਡਾਂ `ਚ ਸਵੀਡਨ ਦਾ ਡੁਪਲਾਂਟਿਸ 6.25 ਮੀਟਰ ਉੱਚਾ ਟੱਪ ਕੇ ਗੋਲਡ ਮੈਡਲ ਜਿੱਤ ਸਕਿਆ।
ਮੋਂਡੋ ਡੁਪਲਾਂਟਿਸ ਦਾ ਜਨਮ ਖਿਡਾਰੀਆਂ ਦੇ ਪਰਿਵਾਰ `ਚ ਅਮਰੀਕਾ ਦੀ ਸਟੇਟ ਲੁਸਿਆਨਾ ਦੇ ਸ਼ਹਿਰ ਲਾਫਾਯੈੱਟ ਵਿਚ ਹੋਇਆ। ਉਹਦਾ ਪਿਉ ਗ੍ਰੈੱਗ ਡੁਪਲਾਂਟਿਸ ਅਮਰੀਕਨ ਹੈ ਤੇ ਮਾਂ ਹਲੇਨਾ ਡੁਪਲਾਂਟਿਸ ਸਵੀਡਸ਼ ਮੂਲ ਦੀ ਹੈ। ਗ੍ਰੈੱਗ ਡੁਪਲਾਂਟਿਸ ਖ਼ੁਦ ਅੰਤਰਰਾਸ਼ਟਰੀ ਪੱਧਰ ਦਾ ਪੋਲ ਵਾਲਟਰ ਰਿਹਾ। ਉਸ ਨੇ 5.80 ਮੀਟਰ ਯਾਨੀ 19 ਫੁੱਟ ਅੱਧਾ ਇੰਚ ਉੱਚੀ ਛਾਲ ਲਾਈ ਹੋਈ ਹੈ। ਮੋਂਡੋ ਦੀ ਮਾਂ ਹੈਪਟੈਥਲੀਟ ਤੇ ਵਾਲੀਬਾਲ ਦੀ ਵਧੀਆ ਖਿਡਾਰਨ ਰਹੀ ਹੈ। ਮੋਂਡੋ ਅਮਰੀਕਾ `ਚ ਜੰਮਿਆ ਹੋਣ ਕਰਕੇ ਅੰਗਰੇਜ਼ੀ ਉਸ ਦੀ ਪਹਿਲੀ ਭਾਸ਼ਾ ਹੈ ਤੇ ਸਵੀਡਸ਼ ਦੂਜੀ ਭਾਸ਼ਾ। ਉਹ ਛੁੱਟੀਆਂ ਵਿਚ ਆਪਣੀ ਮਾਂ ਨਾਲ ਤੇ ਫਿਰ ਇਕੱਲਾ ਸਵੀਡਨ ਆਪਣੇ ਨਾਨਕੀਂ ਚਲਾ ਜਾਂਦਾ ਜਿਥੇ ਉਹਦੇ ਨਾਨੇ ਨਾਨੀ ਦਾ ਪਰਿਵਾਰ ਸੀ। ਇੰਜ ਉਹ ਅਮਰੀਕਾ ਦਾ ਵੀ ਸਿਟੀਜ਼ਨ ਹੈ ਤੇ ਸਵੀਡਨ ਦਾ ਵੀ।
ਜਦੋਂ ਉਹ ਪੋਲ ਵਾਲਟ ਦੇ ਅੰਤਰਰਾਸ਼ਟਰੀ ਮੁਕਾਬਲਿਆਂ `ਚ ਭਾਗ ਲੈਣ ਲੱਗਾ ਤਾਂ ਉਸ ਨੂੰ ਨਾਨਕਿਆਂ ਦੇ ਦੇਸ਼ ਸਵੀਡਨ ਤੇ ਦਾਦਕਿਆਂ ਦੇ ਦੇਸ਼ ਅਮਰੀਕਾ `ਚੋਂ ਇਕ ਚੁਣਨਾ ਪੈਣਾ ਸੀ। ਸਵੀਡਨ ਨੇ ਉਸ ਦੇ ਪਿਉ ਗ੍ਰੈੱਗ ਡੁਪਲਾਂਟਿਸ ਨੂੰ ਪੋਲ ਵਾਲਟ ਦਾ ਕੋਚ ਰੱਖ ਲਿਆ ਸੀ। ਪਿਉ ਦੇ ਕਹਿਣ `ਤੇ ਮੋਂਡੋ ਵੀ ਸਵੀਡਨ ਵੱਲੋਂ ਖੇਡ ਮੁਕਾਬਲਿਆਂ `ਚ ਭਾਗ ਲੈਣ ਲੱਗਾ। ਇਸ ਦਾ ਦੂਜਾ ਕਾਰਨ ਸੀ ਕਿ ਅਮਰੀਕਾ ਦੇ ਖਿਡਾਰੀ ਖੇਡਾਂ ਮੌਕੇ ਟ੍ਰਾਇਲ ਲੈ ਕੇ ਚੁਣੇ ਜਾਂਦੇ ਹਨ ਜਦ ਕਿ ਸਵੀਡਨ ਦੇ ਖਿਡਾਰੀ ਅਹਿਮ ਮੁਕਾਬਲਿਆਂ ਦੇ ਆਧਾਰ `ਤੇ ਚੁਣੇ ਜਾਂਦੇ ਹਨ। ਸਵੀਡਨ ਵਾਲਾ ਢੰਗ ਮੋਂਡੋ ਨੂੰ ਵਧੇਰੇ ਚੰਗਾ ਲੱਗਾ। ਉਂਜ ਵੀ ਨਾਨਕਿਆਂ ਦਾ ਪੱਖ ਭਾਰੂ ਸੀ ਤੇ ਮੋਂਡੋ ਨੂੰ ਅੰਗਰੇਜ਼ੀ ਭਾਸ਼ਾ ਦੇ ਨਾਲ ਸਵੀਡਸ਼ ਭਾਸ਼ਾ ਵੀ ਚੰਗੀ ਆਉਂਦੀ ਸੀ। ਮੋਂਡੋ ਦੇ ਦੋਵੇਂ ਵੱਡੇ ਭਰਾ ਐਂਡਰੀਜ਼ ਅਤੇ ਐਨਟੋਨੀ ਤੇ ਛੋਟੀ ਭੈਣ ਜੋਹਾਨਾ ਸਭ ਸਵੀਡਨ ਵੱਲੋਂ ਖੇਡਦੇ ਸਨ ਭਾਵੇਂ ਕਿ ਉਨ੍ਹਾਂ ਦੀ ਪੜ੍ਹਾਈ ਅਮਰੀਕਨ ਸਕੂਲਾਂ ਵਿਚ ਹੁੰਦੀ ਸੀ। ਫਿਰ ਉਹ ਲੂਸਿਆਨਾ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਬਣਦੇ। ਮੋਂਡੋ ਨੇ 2018 ਵਿਚ ਲਾਫਾਯੈੱਟ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕਰ ਕੇ ਲੂਸੀਆਨਾ ਸਟੇਟ ਯੂਨੀਵਰਸਿਟੀ ਵਿਚ ਦਾਖਲਾ ਲਿਆ ਸੀ ਪਰ ਇਕ ਸਾਲ ਬਾਅਦ ਪੜ੍ਹਾਈ ਵਿਚੇ ਛੱਡ ਕੇ ਪ੍ਰੋਫੈਸ਼ਨਲ ਪੋਲ ਵਾਲਟਰ ਬਣ ਗਿਆ।
ਉਹਦੀ ਪਹਿਲੀ ਵੱਡੀ ਜਿੱਤ 2015 ਦੀ ਵਰਲਡ ਯੂਥ ਚੈਂਪੀਅਨਸ਼ਿਪ `ਚ ਹੋਈ। 2016 ਵਿਚ ਉਸ ਨੇ ਅੰਡਰ-20 ਵਰਲਡ ਚੈਂਪੀਅਨਸ਼ਿਪ `ਚੋਂ ਕਾਂਸੀ ਦਾ ਤਗਮਾ ਜਿੱਤਿਆ। 2017 ਵਿਚ ਉਸ ਨੇ ਅੰਡਰ-20 ਦਾ ਯੂਰਪੀ ਟਾਈਟਲ ਜਿੱਤਿਆ ਤੇ 2018 ਵਿਚ ਵਰਲਡ ਅੰਡਰ-20 ਦਾ ਚੈਂਪੀਅਨ ਟਾਈਟਲ। ਜਿਵੇਂ ਤੇਜ਼-ਤਰਾਰ ਦੌੜਾਕ ਉਸੈਨ ਬੋਲਟ ਨੇ ਯੂਥ, ਜੂਨੀਅਰ ਤੇ ਸੀਨੀਅਰ ਵਿਸ਼ਵ ਚੈਂਪੀਅਨਸ਼ਿਪਾਂ ਦੇ ਟਾਈਟਲ ਜਿੱਤੇ ਉਵੇਂ ਮੋਂਡੋ ਨੇ ਵੀ ਤਿੰਨੇ ਟਾਈਟਲ ਜਿੱਤੇ। 2020 ਵਿਚ ਉਸ ਨੂੰ ਵਰਲਡ ਅਥਲੀਟ ਆਫ਼ ਦਾ ਯੀਅਰ ਐਲਾਨਿਆ ਗਿਆ। 2021 ਤੋਂ 2024 ਤਕ ਉਹ ਡਾਇਮੰਡ ਲੀਗਾਂ ਦਾ ਵੀ ਚੈਂਪਅਨ ਬਣਦਾ ਰਿਹਾ।
ਪੋਲ ਵਾਲਟ ਦੇ ਇਤਿਹਾਸ ਵਿਚ 6 ਮੀਟਰ ਦੀ ਉਚਾਈ ਉਸ ਨੇ ਸਭ ਤੋਂ ਵੱਧ ਵਾਰ ਟੱਪੀ ਹੈ। ਸਰਗੀ ਬੁਬਕਾ ਨੇ 6 ਮੀਟਰ ਦੀ ਉਚਾਈ 46 ਵਾਰ ਟੱਪੀ ਜੋ ਮੋਂਡੋ ਡੁਪਲਾਂਟਿਸ 102 ਵਾਰ ਟੱਪ ਚੁੱਕੈ। ਉਹ 6.16 ਮੀਟਰ ਦੇ ਵਿਸ਼ਵ ਰਿਕਾਰਡ ਨੂੰ 6.27 ਮੀਟਰ ਤਕ ਲੈ ਗਿਆ ਹੈ। ਉਹ ਕੇਵਲ 7 ਸਾਲਾਂ ਦਾ ਸੀ ਜਦੋਂ 3.86 ਮੀਟਰ ਭਾਵ 12 ਫੁੱਟ 8 ਇੰਚ ਉੱਚੀ ਛਲਾਂਗ ਲਾ ਗਿਆ ਸੀ। ਡੁਪਲਾਂਟਿਸ ਦਾ ਨਿੱਕਾ ਨਾਂ ‘ਮੋਂਡੋ’ ਉਹਦੇ ਬਾਪ ਦੇ ਇਤਾਲਵੀ ਦੋਸਤ ਨੇ ਰੱਖਿਆ ਸੀ ਜੋ ਇਟਲੀ ਤੋਂ ਸੀ। ਇਤਾਲਵੀ ਵਿਚ ਇਸ ਦਾ ਅਰਥ ਹੈ ‘ਦੁਨੀਆ’। ਉਹ ਸੱਚਮੁੱਚ ਦੁਨੀਆ ਦਾ ਚੈਂਪੀਅਨ ਬਣਿਆ। 2020, 2022 ਤੇ 2023 ਦਾ ਉਹ ਵਰਲਡ ਅਥਲੀਟ ਆਫ਼ ਦਾ ਯੀਅਰ ਅਵਾਰਡ ਹਾਸਲ ਕਰਦਾ ਰਿਹਾ। 2024 ਦਾ ਸਾਲ ਉਹਦੇ ਲਈ ਸਭ ਤੋਂ ਵੱਡੀਆਂ ਜਿੱਤਾਂ ਵਾਲਾ ਰਿਹਾ। ਉਸ ਨੇ ਓਲੰਪਿਕ ਖੇਡਾਂ ਦਾ ਦੂਜਾ ਟਾਈਟਲ, ਦੂਜਾ ਵਰਲਡ ਇਨਡੋਰ ਟਾਈਟਲ, ਤੀਜਾ ਯੂਰਪੀਨ ਟਾਈਟਲ ਤੇ ਕਈ ਹੋਰ ਮਹੱਤਵ ਪੂਰਨ ਟਾਈਟਲ ਜਿੱਤੇ।
2024 ਦੀ ਡਾਇਮੰਡ ਲੀਗ ਵਿਚ ਭਾਗ ਲੈਂਦਿਆਂ ਮੋਂਡੋ ਨੇ 6.26 ਮੀਟਰ ਉੱਚਾ ਟੱਪ ਕੇ ਆਪਣਾ ਹੀ ਵਿਸ਼ਵ ਰਿਕਾਰਡ ਦਸਵੀਂ ਵਾਰ ਨਵਿਆਇਆ। ਉਸ ਸਾਲ ਉਸ ਨੂੰ ਵਿਸ਼ਵ ਦਾ ਅਨਮੋਲ ਅਥਲੀਟ ਹੋਣ ਦਾ ਅਵਾਰਡ ਮਿਲਿਆ। ਜਿਊਰਿਖ ਡਾਇਮੰਡ ਲੀਗ ਦੇ ਮੁਕਾਬਲਿਆਂ ਤੋਂ ਪਹਿਲਾਂ 4 ਸਤੰਬਰ 2024 ਨੂੰ ਮੋਂਡੋ ਦੀ 400 ਮੀਟਰ ਹਰਡਲਜ਼ ਦੇ ਵਿਸ਼ਵ ਰਿਕਾਰਡੀ ਕਰਸਟਨ ਵਾਰਹੋਲਮ ਨਾਲ 100 ਮੀਟਰ ਦੀ ਦੌੜ ਲਗਵਾਈ ਗਈ। ਉਹ ਦੌੜ ਮੋਂਡੋ ਨੇ 10.37 ਸੈਕੰਡ `ਚ ਲਾਈ ਜਦ ਕਿ ਵਾਰਹੋਲਮ 10.47 ਸੈਕੰਡ ਨਾਲ ਦੋਮ ਰਿਹਾ। 2025 ਵਿਚ ਉਸ ਨੇ 11ਵਾਂ ਵਰਲਡ ਰਿਕਾਰਡ ਰੱਖਿਆ ਤਾਂ ਉਸ ਨੂੰ ਸੈਂਚਰੀ ਦੇਲੌਰੀਅਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
28 ਫਰਵਰੀ 2025 ਦਾ ਦਿਨ ਪੋਲ ਵਾਲਟ ਦੇ ਇਤਿਹਾਸ ਦਾ ਯਾਦਗਾਰੀ ਦਿਵਸ ਹੋ ਨਿੱਬੜਿਆ। ਫਰਾਂਸ ਦੀ ਧਰਤੀ `ਤੇ ਹੋਈ ਆਲ ਸਟਾਰ ਮੀਟ ਵਿਚ ਮੋਂਡੋ ਨੇ 6.27 ਮੀਟਰ ਉੱਚੀ ਛਾਲ ਲਾ ਕੇ 11ਵੀਂ ਵਾਰ ਵਿਸ਼ਵ ਰਿਕਾਰਡ ਨਵਿਆਇਆ। ਉੱਦਣ ਖ਼ੁਸ਼ੀ ਵਿਚ ਉਹਦਾ ਗੀਤ ‘ਬੌਪ’ ਰਿਲੀਜ਼ ਕੀਤਾ ਗਿਆ। ਕਈਆਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੋਂਡੋ ਗੀਤਕਾਰ ਵੀ ਹੈ। ਪੌਮਾ ਕੰਪਨੀ ਦੇ ਸੀਅੀਓ ਆਰਨੇ ਫਰੂਡੈਂਟ ਨਾਲ ਗੱਲ ਬਾਤ ਕਰਦਿਆਂ ਮੋਂਡੋ ਨੇ ਇਥੋਂ ਤਕ ਕਹਿ ਦਿੱਤਾ ਕਿ 6.30 ਮੀਟਰ ਟੱਪਣਾ ਤਾਂ ਮੇਰੀ ਪਹੁੰਚ ਵਿਚ ਹੀ ਹੈ, ਹੋ ਸਕਦੈ ਮੈਂ ਵਿਸ਼ਵ ਰਿਕਾਰਡ 6.40 ਮੀਟਰ ਤੱਕ ਲੈ ਜਾਵਾਂ!
ਜੁਲਾਈ 2020 ਵਿਚ ਮੋਂਡੋ ਨੂੰ ਖਿਡਾਰੀਆਂ ਲਈ ਸਭ ਤੋਂ ਵੱਡਾ ਸਨਮਾਨ ਵਿਕਟੋਰੀਆ ਅਵਾਰਡ ਮਿਲਿਆ। 2025 ਤਕ ਸਪੋਰਟਸ ਦਾ ਸ਼ਾਇਦ ਹੀ ਕੋਈ ਅਵਾਰਡ ਹੋਵੇ ਜੋ ਉਸ ਨੂੰ ਨਾ ਮਿਲਿਆ ਹੋਵੇ। ਸਣੇ ਵਰਲਡ ਅਥਲੈਟਿਕਸ ਅਵਾਰਡ ਦੇ ਤੇ ਬੀਬੀਸੀ ਸਪੋਰਟਸ ਪਰਸਨੈਲਟੀ ਵਰਲਡ ਸਪੋਰਟ ਸਟਾਰ ਦੇ। ਮੋਂਡੋ ਜਿਹੇ ਸਪੋਰਟਸ ਸਟਾਰ ਨਿੱਤ-ਨਿੱਤ ਨਹੀਂ ਜੰਮਦੇ। ਯੂਸਫ ਵਰਗਾ ਸੋਹਣਾ ਸੁਨੱਖਾ ਮੋਂਡੋ ਅੱਜ-ਕੱਲ੍ਹ ਜ਼ੁਲੈਖਾਂ ਵਰਗੀ ਸੋਹਣੀ ਸੁਨੱਖੀ ਸਵੀਡਸ਼ ਮਾਡਲ ਡੀਜ਼ਾਇਰ ਇੰਗਲੈਂਡਰ ਨਾਲ ਡੇਟਿੰਗ ਕਰ ਰਿਹੈ। ਉਹ ਉਸ ਨੂੰ 2020 ਵਿਚ ਮਿਡਸਮਰ ਦੀ ਪਾਰਟੀ ਵਿਚ ਮਿਲੀ ਸੀ। 11 ਅਕਤੂਬਰ 2024 ਨੂੰ ਉਨ੍ਹਾਂ ਦੀ ਮੰਗਣੀ ਹੋਈ ਹੈ ਤੇ ਜਿੱਦਣ ਵਿਆਹ ਹੋਇਆ ਉਹਦੇ ਬੈਂਡ ਵਾਜੇ ਕੁਲ ਦੁਨੀਆ ਨੂੰ ਸੁਣ ਜਾਣੇ ਹਨ। ਸੁਭਾਗ ਜੋੜੀ ਲਈ ਸਾਡੇ ਵੱਲੋਂ ਅਗਾਂਊਂ ਸ਼ਭ ਇਛਾਵਾਂ!
