‘ਲਾਹੌਰ ਨਾਲ ਗੱਲਾਂ’ ਹਨ ਰੂਹ ਦੀਆਂ ਬਾਤਾਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਪਿਛਲੇ ਦਿਨੀਂ ਮਨੁੱਖਵਾਦੀ ਕਵਿਤਾ ਦੇ ਹਸਤਾਖ਼ਰ, ਹਸਾਸ, ਸੰਜੀਦਾ, ਚਿੰਤਨਸ਼ੀਲ ਅਤੇ ਅਦਬੀ ਸ਼ਖਸ ਰਵਿੰਦਰ ਸਹਿਰਾਅ ਦਾ ਰੰਗੀਨ ਤਸਵੀਰਾਂ ਨਾਲ ਸ਼ਿੰਗਾਰਿਆ ਸਫ਼ਰਨਾਮਾ ‘ਲਾਹੌਰ ਨਾਲ ਗੱਲਾਂ’ ਮਿਲਿਆ। ਇਹ ਸਫ਼ਰਨਾਮਾ ਉਸ ਦੀਆਂ 2022 ਤੇ 2024 ਵਿਚ ਪਾਕਿਸਤਾਨ ਦੀਆਂ ਯਾਤਰਾਵਾਂ ਦੌਰਾਨ ਗ੍ਰਹਿਣ ਕੀਤੇ ਪ੍ਰਭਾਵਾਂ ਦਾ ਰੂਹੀ ਚਿੱਤਰਣ ਹੈ।

‘ਲਾਹੌਰ ਨਾਲ ਗੱਲਾਂ’ ਦਰਅਸਲ ਆਪਣੇ ਮੂਲ ਨਾਲ ਗੁਫ਼ਤਗੂ ਹੈ। ਪੰਜਾਬੀ ਸਭਿਆਚਾਰ, ਸਾਹਿਤ ਅਤੇ ਵਿਰਸੇ ਨਾਲ ਮਿਲਣ ਦੇ ਸ਼ੁਭ ਪਲਾਂ ਦਾ ਚਿੱਤਰਨ ਹੈ। ਲਾਹੌਰ ਵਿਚ ਵੱਸਦੇ ਪੰਜਾਬੀ ਦੇ ਅਦੀਬਾਂ, ਸੰਵੇਦਨਸ਼ੀਲ ਵਿਅਕਤੀਆਂ ਅਤੇ ਮੋਹਵੰਤੇ ਪੰਜਾਬੀਆਂ ਨਾਲ ਕੀਤੀਆਂ ਮੋਹਵੰਤੀਆਂ ਗੱਲਾਂ ਅਤੇ ਮਿਲਣੀਆਂ ਦਾ ਸੰਗ੍ਰਹਿ ਹੈ।
ਇਨ੍ਹਾਂ ਗੱਲਾਂ ਵਿਚ ਲਾਹੌਰ ਨੂੰ ਦੇਖਣ, ਇਸਦੀ ਵਿਰਾਸਤ ਨੂੰ ਸਮਝਣ, ਗੌਰਵਮਈ ਇਤਿਹਾਸ ਦੀਆਂ ਪੈੜਾਂ ਨੂੰ ਨਿਹਾਰਨ ਅਤੇ ਧਾਰਮਿਕ ਤਵਾਰੀਖ਼ ਨੂੰ ਨਤਮਸਤਕ ਹੋਣ ਅਤੇ ਮਹਾਨ ਪੰਜਾਬੀਆਂ ਨੂੰ ਅਕੀਦਤ ਭੇਟ ਕਰਨ ਦਾ ਬਿਰਤਾਂਤ ਹੈ।
‘ਲਾਹੌਰ ਦੀਆਂ ਗੱਲਾਂ’ ਵਿਚ ਯਤਰਾ ਦੌਰਾਨ ਲਾਹੌਰ ਵਿਚ ਸਜਾਈਆਂ ਅਦਬੀ ਮਹਿਫ਼ਲਾਂ ਦਾ ਰੰਗ ਹੈ। ਕਵਿਤਾ ਅਤੇ ਇਸਦੇ ਸਰੋਕਾਰਾਂ ਦੀਆਂ ਬਾਤਾਂ ਹਨ। ਪੰਜਾਬੀਆਂ ਦਾ ਪੰਜਾਬੀ ਪ੍ਰਤੀ ਅਵੇਸਲਾਪਣ ਅਤੇ ਪੰਜਾਬੀ ਅਦਬ ਨੂੰ ਵਿਸ਼ਵ-ਵਿਆਪੀ ਪ੍ਰਸੰਗ ਵਿਚ ਸਮਝਣ ਦਾ ਸੰਕਲਪ ਵੀ ਹੈ।
ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਲਾਹੌਰ ਦੀਆਂ ਗਲੀਆਂ, ਇਤਿਹਾਸਕ ਕਿਲਿ੍ਹਆਂ, ਲੋਕ ਨਾਇਕਾਂ ਦੇ ਪੂਜਣਯੋਗ ਸਥਾਨਾਂ, ਲੋਕ-ਧਾਰਾ ਦੇ ਨਾਇਕਾਂ/ਨਾਇਕਾਵਾਂ ਦੇ ਮਕਬਰਿਆਂ ਅਤੇ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਨੌਜਵਾਨ ਪੀੜ੍ਹੀ ਵਿਚ ਪੈਦਾ ਹੋ ਰਹੇ ਭਰਾਤਰੀ-ਭਾਵ, ਮਾਨਵੀ ਸਾਂਝ ਅਤੇ ਪੰਜਾਬੀ ਪ੍ਰਤੀ ਮੋਹ ਦੇ ਪ੍ਰਗਟਾਵੇ ਦੇ ਪਲਾਂ ਨੂੰ ਵੀ ਉਜਾਗਰ ਕਰਦੀ ਹੈ। ਪੰਜਾਬੀਆਂ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣਦਿਆਂ, ਲਾਹੌਰ ਦੀਆਂ ਵਿਰਾਸਤੀ ਥਾਵਾਂ ਤੋਂ ਲੈ ਕੇ ਭੀੜੀਆਂ ਗਲੀਆਂ ਵਿਚੀਂ ਵਿਚਰਦਿਆਂ ਲਾਹੌਰ ਦੀ ਰੂਹ ਨੂੰ ਦੇਖਣ, ਸਮਝਣ, ਮਹਿਸੂਸਣ ਅਤੇ ਇਸ ‘ਚ ਉਤਰਨ ਦਾ ਜ਼ਿਕਰ ਵੀ ਹੈ। ਇਹ ਸਫ਼ਰਨਾਮਾ ਲਾਹੌਰ ਦੇਖਣ ਦੀ ਤਾਂਘ ਵਾਲਿਆਂ ਲਈ ਲਾਹੌਰ ਦਾ ਹਦਾਇਤਨਾਮਾ ਹੈ।
ਲਾਹੌਰ ਵਿਚ ਰਚਾਏ ਗਏ ਬਹੁਤ ਸਾਰੇ ਸਾਹਿਤਕ ਅਦਾਰਿਆਂ ਵਿਚ ਸਜੀਆਂ ਕਾਵਿਕ ਮਹਿਫ਼ਲਾਂ ਵਿਚ ਸ਼ਰੀਕ ਹੁੰਦਿਆਂ, ਰਵਿੰਦਰ ਸਹਿਰਾਅ ਹੁਰਾਂ ਨੇ ਆਪਣੀ ਕਵਿਤਾ ‘ਲਾਹੌਰ ਵਸੇਂਦੀਓ ਕੁੜੀਓ’ ਰਾਹੀਂ ਲੀਕ ਦੇ ਦੋਹੀਂ ਪਾਸੀਂ ਵੱਸਦੇ ਪੰਜਾਬੀਆਂ ਦਾ ਦਰਦ ਅਤੇ ਵੇਦਨਾ ਨੂੰ ਪ੍ਰਗਟਾਅ, ਪਿਆਰ ਦਾ ਹੋਕਾ ਵੀ ਦਿੱਤਾ ਹੈ। ਚਿੰਤਨਸ਼ੀਲ ਰਵਿੰਦਰ ਸਹਿਰਾਅ ਜੀ ਨੂੰ ਪਤਾ ਹੈ ਕਿ ਆਮ ਲੋਕ ਤਾਂ ਆਪਣਿਆਂ ਨੂੰ ਮਿਲਣ ਲਈ ਤਰਸੇ ਪਏ ਹਨ। ਸਿਰਫ਼ ਰਾਜਸੀ ਲੋਕ ਹੀ ਭਾਈਚਾਰਕ ਨਫ਼ਰਤ ਵਿਚੋਂ ਰਾਜਸੀ ਰੋਟੀਆਂ ਸੇਕਣ ਵਿਚ ਮਸਰੂਫ਼ ਹਨ।
ਸਹਿਜ ਤੋਰੇ ਤੁਰਦਾ ਪੁਸਤਕੀ ਬਿਰਤਾਂਤ ਪਾਠਕ ਨੂੰ ਲਾਹੌਰ ਦੇਖਣ ਲਈ ਉਤੇਜਿਤ ਵੀ ਕਰਦਾ ਹੈ ਅਤੇ ਪ੍ਰਮੁੱਖ ਅਦਬੀ ਸ਼ਖ਼ਸੀਅਤਾਂ ਦੇ ਸ਼ਖਸੀ ਦੀਦਾਰੇ ਵੀ ਕਰਵਾਉਂਦਾ ਹੈ। ਰਵਿੰਦਰ ਸਹਿਰਾਅ ਦਾ ਇਕ ਮਕਸਦ ਡਾ. ਮਨਜ਼ੂਰ ਏਜ਼ਾਜ਼ ਜੀ ਦੀ ਗੁਰਮੁਖੀ ਵਿਚ ਛਪੀ ਕਵਿਤਾ ਦੀ ਪੁਸਤਕ ਦਾ ਲਾਹੌਰ ਵਿਚ ਰੀਲੀਜ਼ ਕਰਨਾ ਵੀ ਸੀ। ਪੰਜਾਬੀ ਦੀਆਂ ਲਿਖਤਾਂ ਦਾ ਗੁਰਮੁਖੀ ਅਤੇ ਸ਼ਾਹਮੁਖੀ ਵਿਚ ਛਪਣਾ ਦਰਅਸਲ ਪੰਜਾਬੀਆਂ ਨੂੰ ਪੰਜਾਬੀਅਤ ਨਾਲ ਜੋੜਨ ਅਤੇ ਮਾਂ ਬੋਲੀ ਪੰਜਾਬੀ ਪ੍ਰਤੀ ਨਾਜ਼ ਕਰਨ ਦਾ ਨਜ਼ਰੀਆ ਵੀ ਹੈ।
ਰਵਿੰਦਰ ਸਹਿਰਾਅ ਨੂੰ ਮੁਬਾਰਕਾਂ ਕਿ ਉਨ੍ਹਾਂ ਨੇ ‘ਲਾਹੌਰ ਨਾਲ ਗੱਲਾਂ’ ਕਰਦਿਆਂ ਆਪਣੇ ਅੰਤਰੀਵ ਦੀਆਂ ਬਾਤਾਂ ਵੀ ਪਾਈਆਂ, ਆਪਣੀ ਕਾਵਿ-ਸਿਰਜਣਾ ਅਤੇ ਕਵਿਤਾ ਦੇ ਰੰਗ ਵੀ ਲਾਹੌਰ ‘ਚ ਵੱਸਦੇ ਪੰਜਾਬੀ ਪਿਆਰਿਆਂ ਨਾਲ ਸਾਂਝੇ ਕੀਤੇ। ਇਸ ਦੋ-ਤਰਫ਼ੀ ਕਾਵਿਕ ਦਾਨ-ਪ੍ਰਦਾਨ ਨਾਲ ਪੰਜਾਬੀਆਂ ਦੀ ਆਪਸੀ ਗਲਵੱਕੜੀ ਨੂੰ ਹੋਰ ਪੀਢੀ ਕੀਤਾ ਹੈ।
ਰਵਿੰਦਰ ਸਹਿਰਾਅ ਨੂੰ ਰੂਹਦਾਰੀ ਨਾਲ ਲਿਖੇ ਅਤੇ ਛਪਵਾਏ ਸਫ਼ਰਨਾਮੇ ਲਈ ਢੇਰ ਸਾਰੀਆਂ ਮੁਬਾਰਕਾਂ।