ਪਹਿਲਗਾਮ ਕਤਲੇਆਮ ਵਿਚ ਪਾਕਿਸਤਾਨ ਦਾ ਸਿੱਧਾ ਹੱਥ ਹੋਣ ਦੇ ਸਬੂਤ

ਸ੍ਰੀਨਗਰ:ਪਹਿਲਗਾਮ ਕਤਲੇਆਮ ‘ਚ ਪਾਕਿਸਤਾਨ ਦਾ ਸਿੱਧਾ ਹੱਥ ਸਾਹਮਣੇ ਆਇਆ ਹੈ। ਐੱਨਆਈਏ ਨੂੰ ਇਸ ਦੇ ਪੁਖ਼ਤਾ ਸਬੂਤ ਮਿਲੇ ਹਨ। ਐੱਨਆਈਏ ਛੇਤੀ ਆਪਣੀ ਜਾਂਚ ਦੀ ਇਕ ਮੁੱਢਲੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪਣ ਜਾ ਰਹੀ ਹੈ।

ਇਸ ਵਿਚ ਪਾਕਿਸਤਾਨੀ ਫ਼ੌਜ, ਉਸ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ, ਲਸ਼ਕਰ-ਏ-ਤੋਇਬਾ ਤੇ ਜੈਸ਼ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋਇਆ ਹੈ। ਐੱਨਆਈਏ ਨੇ ਰਿਪੋਰਟ ‘ਚ ਹਮਲਾਵਰ ਅੱਤਵਾਦੀਆਂ, ਉਨ੍ਹਾਂ ਦੇ ਓਵਰਗਰਾਊਂਡ ਵਰਕਰਾਂ ਤੇ ਸਰਹੱਦ ਪਾਰ ਬੈਠੇ ਹੈਂਡਲਰਾਂ ਵਿਚਾਲੇ ਹੋਈ ਗੱਲਬਾਤ ਦੇ ਡਿਜੀਟਲ ਸਬੂਤ ਤੇ ਖ਼ੁਫ਼ੀਆ ਜਾਣਕਾਰੀਆਂ ਨੂੰ ਆਧਾਰ ਬਣਾਇਆ ਹੈ। ਇਸ ਦੇ ਮੁਤਾਬਕ, ਅੱਤਵਾਦੀ ਹਮਲੇ ਤੋਂ ਪਹਿਲਾਂ ਤੇ ਬਾਅਦ ‘ਚ ਮਕਬੂਜ਼ਾ ਜੰਮੂ-ਕਸ਼ਮੀਰ ਤੇ ਪਾਕਿਸਤਾਨ ‘ਚ ਬੈਠੇ ਆਪਣੇ ਹੈਂਡਲਰਾਂ ਦੇ ਨਾਲ ਸੰਪਰਕ ‘ਚ ਸਨ। ਇਸ ਵਿਚ ਇਹ ਵੀ ਦਾਅਵਾ ਕੀਤਾ 3 ਗਿਆ ਹੈ ਕਿ ਹਥਿਆਰ ਪਹਿਲਗਾਮ ਦੀ ਬੇਤਾਬ ਘਾਟੀ ‘ਚ ਜਾਂ ਉਸ ਦੇ ਆਸਪਾਸ ਕਿਸੇ ਖ਼ਾਸ ਥਾਂ ‘ਤੇ ਰੱਖੇ ਗਏ ਸਨ। ਇਸ ‘ ਤੋਂ ਇਲਾਵਾ ਅੱਤਵਾਦੀਆਂ ਨੇ ਆਪਣੇ ਭੱਜਣ ਦੇ ਸਾਰੇ ਰਸਤਿਆਂ ਨੂੰ ਪਹਿਲਾਂ ਹੀ ਤੈਅ ਕਰ ਲਿਆ ਸੀ। ਐੱਨਆਈਏ ਨੇ ਕੁਝ ਓਵਰਗਰਾਊਂਡ ਵਰਕਰਾਂ ਤੇ ਹੋਰ ਸ਼ੱਕੀ ਅਨਸਰਾਂ ਦੀ ਸੂਚੀ ਵੀ ਤਿਆਰ ਕੀਤੀ ਹੈ, ਜਿਨ੍ਹਾਂ ਖ਼ਿਲਾਫ਼ ਛੇਤੀ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਪਹਿਲਗਾਮ ਦੇ ਬੈਸਰਨ ‘ਚ ਹਮਲੇ ਦੀ ਸਾਜ਼ਿਸ਼ ਨੂੰ ਅੰਤਿਮ ਰੂਪ ਪਾਕਿਸਤਾਨ ‘ਚ ਲਸ਼ਕਰ ਸਰਗਨਾ ਹਾਫਿਜ਼ ਸਈਦ ਦੇ ਟਿਕਾਣੇ ‘ਤੇ ਦਿੱਤਾ ਗਿਆ ਸੀ। ਉੱਥੇ ਹਮਲਾਵਰ ਅੱਤਵਾਦੀਆਂ ਵਲੋਂ ਇਸਤੇਮਾਲ ਕੀਤੇ ਗਏ ਸੈੱਟਲਾਈਟ ਫੋਨ ਦਾ ਵੇਰਵਾ ਇਕੱਠਾ ਕਰਨ ਲਈ ਸੁਰੱਖਿਆ ਏਜੰਸੀਆਂ ਵਿਦੇਸ਼ੀ ਮਾਹਰਾਂ ਦੀ ਵੀ ਮਦਦ ਲੈ ਰਹੀਆਂ ਹਨ। ਸੁਰੱਖਿਆ ਏਜੰਸੀਆਂ ਦੀ ਕੋਸ਼ਿਸ਼ ਹੈ ਕਿ ਹਮਲਾਵਰ ਅੱਤਵਾਦੀਆਂ ਨੂੰ ਜ਼ਿੰਦਾ ਫੜਿਆ ਜਾਏ ਤਾਂ ਜੋ ਜਿਸ ਤਰ੍ਹਾਂ ਨਾਲ ਮੁੰਬਈ ਹਮਲੇ ‘ਚ ਕਸਾਬ ਦੇ ਫੜੇ ਜਾਣ, ‘ਤੇ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ‘ਤੇ ਬੇਨਕਾਬ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਇਸ ਮਾਮਲੇ ‘ਚ ਵੀ ਹੋਵੇ। ਇਹੀ ਕਾਰਨ ਹੈ ਕਿ ਆਪ੍ਰੇਸ਼ਨ ‘ਚ ਥੋੜ੍ਹਾ ਸਮਾਂ ਲੱਗ ਰਿਹਾ ਹੈ।
ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ਦੇ ਬੈਸਰਨ ‘ਚ ਲੋਕਾਂ ਦਾ ਧਰਮ ਪੁੱਛ ਕੇ 25 ਸੈਲਾਨੀਆਂ ਦੀ ਜਾਨ ਲਈ ਸੀ। ਇਸ ਤੋਂ ਇਲਾਵਾ ਇਕ ਸਥਾਨਕ ਘੋੜੇ ਵਾਲਾ ਵੀ ਸੀ। ਹਮਲੇ ਦੀ ਜ਼ਿੰਮੇਵਾਰੀ ਲਸ਼ਕਰ ਦੇ ਮੁਖੌਟਾ ਸੰਗਠਨ ਦਿ ਰਜਿਸਟੈਂਸ ਫਰੰਟ (ਟੀਆਰਐੱਫ) ਨੇ ਲਈ ਸੀ ਪਰ ਭਾਰਤ ਦੇ ਵਧਦੇ ਦਬਾਅ ਕਾਰਨ ਬਾਅਦ ‘ਚ ਟੀਆਰਐੱਫ ਇਸ ਤੋਂ ਮੁਕਰ ਗਿਆ। ਜਾਂਚ ਏਜੰਸੀਆਂ ਨੇ ਹਮਲੇ ‘ਚ ਸ਼ਾਮਲ ਪੰਜ ਅੱਤਵਾਦੀਆਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ‘ਚ ਹਾਸ਼ਿਮ ਮੂਸਾ ਸਣੇ ਤਿੰਨ ਪਾਕਿਸਤਾਨੀ ਅਤੇ ਆਦਿਲ ਤੇ ਅਹਿਸਾਨ ਸ਼ੇਖ਼ ਨਾਂ ਦੇ ਦੋ ਸਥਾਨਕ ਅਤਿਵਾਦੀ ਹਨ।