ਚੰਡੀਗੜ੍ਹ:ਪੰਜਾਬ ਪੁਲਿਸ ਦੇ ਕਾਂਸਟੇਬਲ ਸਿਮਰਨਜੀਤ ਸਿੰਘ ਅਤੇ ਚਾਰ ਹੋਰਾਂ ਨੇ ਆਪਣੇ ਪੌਲੀਗ੍ਰਾਫ ਟੈਸਟ ਦੇ ਹੁਕਮਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨਰਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ
ਕਿ 29 ਅਪ੍ਰੈਲ, 2025 ਨੂੰ ਮੁਹਾਲੀ ਦੇ ਵਧੀਕ ਸੈਸ਼ਨ ਜੱਜ ਵਲੋਂ ਪਾਸ ਕੀਤੇ ਗਏ ਹੁਕਮ ਨੂੰ ਰੱਦ ਕੀਤਾ ਜਾਵੇ, ਜਿਸ ‘ਚ ਪਟੀਸ਼ਨਰਾਂ ਵਿਰੁੱਧ ਪੌਲੀਗ੍ਰਾਫ ਟੈਸਟ ਦੀ ਮੰਨਜ਼ੂਰੀ ਨੂੰ ਬਰਕਰਾਰ ਰੱਖਿਆ ਗਿਆ ਸੀ। ਇਹ ਹੁਕਮ 16 ਅਪ੍ਰੈਲ, 2025 ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਵਲੋਂ ਦਿੱਤੇ ਗਏ ਹੁਕਮ ਵਿਰੁੱਧ ਦਾਇਰ ਕੀਤੀ ਗਈ ਇਕ ਸੋਧ ਪਟੀਸ਼ਨ ਵਿਚ ਦਿੱਤਾ ਗਿਆ ਸੀ। ਪਟੀਸ਼ਨਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਦਿੱਤੇ ਗਏ ਬਿਆਨ ਜ਼ਬਰਦਸਤੀ ਅਤੇ ਦਬਾਅ ਹੇਠ ਪ੍ਰਾਪਤ ਕੀਤੇ ਗਏ ਸਨ ਅਤੇ ਹੇਠਲੀ ਅਦਾਲਤ ਨੇ ਬਿਨਾਂ ਕਿਸੇ ਕਾਨੂੰਨੀ ਜਾਇਜ਼ਤਾ ਦੇ ਪੌਲੀਗ੍ਰਾਫ ਟੈੱਸਟ ਦੀ ਇਸਤਗਾਸਾ ਪੱਖ ਦੀ ਮੰਗ ਨੂੰ ਸਵੀਕਾਰ ਕਰ ਲਿਆ। ਇਹ ਸੁਣਵਾਈ ਜਸਟਿਸ ਐਨ.ਐਸ ਸੇਖਾਵਤ ਦੀ ਅਦਾਲਤ ਵਿਚ ਹੋਈ, ਜਿੱਥੇ ਪਟੀਸ਼ਨਕਰਤਾਵਾਂ ਵਲੋਂ ਵਕੀਲ ਦਮਨਬੀਰ ਸਿੰਘ ਸੋਬਤੀ ਪੇਸ਼ ਹੋਏ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
