ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਕਾਲੀ-ਭਾਜਪਾ ਨੂੰ ਮਾਤ ਦੇਣ ਲਈ ਬਸਪਾ ਅਤੇ ਸਾਂਝੇ ਮੋਰਚੇ ਨਾਲ ਗੱਠਜੋੜ ਕਰਨ ਲਈ ਕਾਂਗਰਸ ਦੀਆਂ ਵਿਉਂਤਬੰਦੀਆਂ ਅਜੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗੀਆਂ। ਜਿਥੇ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀæਪੀæਪੀæ) ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਸਾਂਝੇ ਮੋਰਚੇ ਵਿਚ ਸ਼ਾਮਲ ਆਪਣੀਆਂ ਖੱਬੇਪੱਖੀ ਭਾਈਵਾਲ ਪਾਰਟੀਆਂ ਨੂੰ ਰਾਜ਼ੀ ਕਰਨ ਲਈ ਅਜੇ ਤੱਕ ਨਾਕਾਮ ਰਹੇ ਹਨ, ਉਥੇ ਕਾਂਗਰਸ ਵੀ ਇਸ ਮਾਮਲੇ ਨੂੰ ਲੈ ਕੇ ਪਾਟੋਧਾੜ ਦੀ ਸ਼ਿਕਾਰ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਵਿਧਾਨ ਸਭਾ ਚੋਣਾਂ ਵਿਚ ਸੱਤਾ ਵਿਰੋਧੀ ਹਵਾ ਹੋਣ ਦੇ ਬਾਵਜੂਦ ਅਕਾਲੀ-ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਅਤੇ ਸਾਂਝੇ ਮੋਰਚੇ ਨੇ ਮਹਿਸੂਸ ਕੀਤਾ ਸੀ ਕਿ ਜੇ ਉਹ ਚੋਣ ਪਿੜ ਵਿਚ ਹੱਥ ਮਿਲਾ ਲੈਣ ਤਾਂ ਪੰਜਾਬ ਦਾ ਹਰ ਮੋਰਚਾ ਫਤਿਹ ਕਰ ਸਕਦੇ ਹਨ। ਇਸ ਬਾਰੇ ਸ਼ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਕਈ ਮੁਲਾਕਾਤਾਂ ਕੀਤੀਆਂ ਪਰ ਗੱਲ ਸਿਰੇ ਨਹੀਂ ਲੱਗੀ।
ਲੋਕ ਸਭਾ ਚੋਣਾਂ ਵਿਚ ਮਹਿਜ਼ ਛੇ ਮਹੀਨੇ ਰਹਿ ਗਏ ਹਨ ਪਰ ਪੰਜਾਬ ਦੀ ਸੱਤਾ ‘ਤੇ ਦੂਜੀ ਵਾਰ ਕਾਬਜ਼ ਹੋਏ ਹਾਕਮਾਂ ਨੂੰ ਖਦੇੜਨ ਲਈ ਵਿਰੋਧੀ ਧਿਰਾਂ ਇਕ ਮੰਚ ‘ਤੇ ਨਹੀਂ ਆ ਸਕੀਆਂ ਜਿਸ ਦਾ ਲਾਹਾ ਮੁੜ ਅਕਾਲੀ-ਭਾਜਪਾ ਗੱਠਜੋੜ ਨੂੰ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਵਿਚ ਏਕਾ ਨਾ ਹੋਣ ਕਾਰਨ ਸੱਤਾ ਵਿਰੋਧੀ ਵੋਟ ਵੰਡੀ ਜਾਂਦੀ ਹੈ ਜਿਸ ਦਾ ਕੋਈ ਪ੍ਰਭਾਵੀ ਨਤੀਜਾ ਸਾਹਮਣੇ ਨਹੀਂ ਆਉਂਦਾ। ਇਸ ਦੀ ਮਿਸਾਲ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਹਨ ਜਿਸ ਦੌਰਾਨ ਵੋਟ ਪ੍ਰਤੀਸ਼ਤਤਾ ਜ਼ਿਆਦਾ ਹੋਣ ਦੇ ਬਾਵਜੂਦ ਵਿਰੋਧੀ ਧਿਰਾਂ ਨੂੰ ਬੁਰੀ ਤਰ੍ਹਾਂ ਮਾਤ ਮਿਲੀ ਸੀ।
ਇਸ ਮਾਮਲੇ ‘ਤੇ ਸ਼ ਮਨਪ੍ਰੀਤ ਸਿੰਘ ਬਾਦਲ ਆਪਣੇ ਭਾਈਵਾਲਾਂ ਸੀæਪੀæਆਈæ ਤੇ ਸੀæਪੀæਐਮæ ਨੂੰ ਰਾਜ਼ੀ ਨਹੀਂ ਕਰ ਸਕੇ; ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਅਜਿਹੇ ਕਿਸੇ ਗਠਜੋੜ ਦੇ ਖਿਲਾਫ਼ ਹਨ। ਉਨ੍ਹਾਂ ਮੁਤਾਬਕ ਜੇ ਗਠਜੋੜ ਕਰਨਾ ਹੀ ਹੈ ਤਾਂ ਸੀæਪੀæਆਈæ ਤੇ ਸੀæਪੀæਐਮæ ਨਾਲ ਕਰਨਾ ਚਾਹੀਦਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਮਨਪ੍ਰੀਤ ਬਾਦਲ ਨਾਲ ਗਠਜੋੜ ਦੇ ਹੱਕ ਵਿਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਖਦੇੜਨ ਲਈ ਪੀæਪੀæਪੀæ, ਸੀæਪੀæਆਈæ, ਸੀæਪੀæਐਮæ ਤੇ ਬੀæਐਸ਼ਪੀæ ਸਣੇ ਸਾਰੀਆਂ ਧਰਮ-ਨਿਰਪੱਖ ਪਾਰਟੀਆਂ ਨਾਲ ਚੋਣ ਸਮਝੌਤਾ ਕਰਨਾ ਚਾਹੀਦਾ ਹੈ।
ਇਸ ਬਾਰੇ ਪੰਜਾਬ ਕਾਂਗਰਸ ਦੇ ਤਰਜਮਾਨ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਗਠਜੋੜ ਬਾਰੇ ਵਿਚਾਰ ਕਰਨ ਲਈ ਰੱਖਿਆ ਮੰਤਰੀ ਏæਕੇæ ਐਂਟਨੀ ਸਣੇ ਸੀਨੀਅਰ ਪਾਰਟੀ ਲੀਡਰਾਂ ਦੀ ਕਮੇਟੀ ਬਣਾਈ ਗਈ ਹੈ। ਸ਼ ਬਾਜਵਾ ਇਸ ਕਮੇਟੀ ਅੱਗੇ ਸਾਰੇ ਪੱਖ ਰੱਖਣਗੇ। ਸ਼ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਗਠਜੋੜ ਲਈ ਕੈਪਟਨ ਅਮਰਿੰਦਰ ਸਿੰਘ ਜਾਂ ਕਿਸੇ ਹੋਰ ਕਾਂਗਰਸ ਲੀਡਰ ਕੋਲ ਕੋਈ ਪਹੁੰਚ ਨਹੀਂ ਕੀਤੀ। ਉਂਜ ਉਹ ਮੰਨਦੇ ਹਨ ਕਿ ਸੂਬੇ ਵਿਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਉਖਾੜਨ ਲਈ ਹਰ ਕਿਸੇ ਦੀ ਵਚਨਬੱਧਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜੇ ਕੋਈ ਕਾਹਲ ਨਹੀਂ। ਉਨ੍ਹਾਂ ਦਾ ਨਿਸ਼ਾਨਾ ਤਾਂ 2017 ਵਾਲੀਆਂ ਵਿਧਾਨ ਸਭਾ ਚੋਣਾਂ ਹਨ।
ਉਧਰ, ਖੱਬੀਆਂ ਪਾਰਟੀਆਂ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਪਾਰਟੀਆਂ ਨਾਲ ਗਠਜੋੜ ਦੇ ਹੱਕ ਵਿਚ ਹਨ। ਖੱਬੇਪੱਖੀ ਆਗੂ ਫਿਲਹਾਲ ਕੌਮੀ ਪੱਧਰ ਉਤੇ ਬਣ ਰਹੇ ਗਠਜੋੜ ਵੱਲ ਦੇਖ ਰਹੇ ਹਨ। ਸੰਭਾਵਨਾ ਹੈ ਕਿ ਸੀæਪੀæਆਈæ ਪੰਜਾਬ ਵਿਚ ਕਾਂਗਰਸ ਨਾਲ, ਬਿਹਾਰ ਵਿਚ ਜਨਤਾ ਦਲ (ਯੂ) ਤੇ ਉੜੀਸਾ ਵਿਚ ਬੀæਜੇæਡੀæ ਨਾਲ ਗਠਜੋੜ ਕਰੇਗੀ। ਸੀæਪੀæਆਈæ ਦੇ ਆਗੂ ਜੋਗਿੰਦਰ ਦਿਆਲ ਦਾ ਕਹਿਣਾ ਹੈ ਕਿ ਗਠਜੋੜ ਬਾਰੇ ਸਾਂਝਾ ਮੋਰਚਾ ਜਿਸ ਵਿਚ ਸੀæਪੀæਆਈæ, ਸੀæਪੀæਐਮæ ਤੇ ਪੀæਪੀæਪੀæ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬਰਨਾਲਾ) ਵੀ ਸ਼ਾਮਲ ਹੈ, ਸਮੂਹਿਕ ਫੈਸਲਾ ਕਰੇਗਾ। ਧਰਮ ਨਿਰਪੱਖ ਪਾਰਟੀਆਂ ਨੂੰ ਬੜੇ ਤਹੱਮਲ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਗਠਜੋੜ ਲਈ ਰਾਹ ਪੱਧਰਾ ਹੋ ਸਕੇ। ਹੁਣ ਮੁੱਖ ਏਜੰਡਾ ਅਕਾਲੀ-ਭਾਜਪਾ ਗਠਜੋੜ ਨੂੰ ਹਰਾਉਣਾ ਹੋਣਾ ਚਾਹੀਦਾ ਹੈ।
Leave a Reply