ਮੋਦੀ ਦੀ ਚੜ੍ਹਤ ਤੋਂ ਘੱਟ-ਗਿਣਤੀਆਂ ਔਖੀਆਂ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਗਲੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਫਿਰਕੂ ਪੱਤਾ ਖੇਡਣਾ ਮਹਿੰਗਾ ਪੈ ਸਕਦਾ ਹੈ। ਦੇਸ਼ ਦੇ ਪੰਜ ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੁੱਦਾ ਫਿਰਕੂ ਤਾਕਤਾਂ ਨੂੰ ਖਦੇੜਨਾ ਬਣ ਰਿਹਾ ਹੈ। ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ (ਐਨæਡੀæਏæ) ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂæਪੀæਏæ) ਨੂੰ ਆਰਥਿਕ ਸੰਕਟ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਘੇਰਨ ਦੀ ਵਿਉਂਤ ਬਣਾ ਰਿਹਾ ਸੀ ਪਰ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਣ ਨਾਲ ਚੋਣ ਪ੍ਰਚਾਰ ਦਾ ਮੁੱਖ ਮੁੱਦਾ ਫਿਰਕੂ ਤਾਕਤਾਂ ਨੂੰ ਹਰਾਉਣਾ ਬਣ ਰਿਹਾ ਹੈ।
ਸ੍ਰੀ ਮੋਦੀ ਦੀ ਪਟਨਾ ਰੈਲੀ ਤੋਂ ਐਨ ਪਹਿਲਾਂ ਹੋਏ ਛੇ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਫਿਰਕਾਪ੍ਰਸਤੀ ਬਾਰੇ ਸ਼ੁਰੂ ਹੋਈ ਬਹਿਸ ਭਾਜਪਾ ਨੂੰ ਮਹਿੰਗੀ ਪੈ ਰਹੀ ਹੈ। ਪਟਨਾ ਵਿਚ ਹੋਏ ਬੰਬ ਧਮਾਕਿਆਂ ਦੌਰਾਨ ਪੰਜ ਬੰਦੇ ਮਾਰੇ ਗਏ ਸਨ ਤੇ 66 ਜ਼ਖ਼ਮੀ ਹੋ ਗਏ ਸਨ। ਇਹ ਧਮਾਕੇ ਸ੍ਰੀ ਮੋਦੀ ਦੇ ਉਥੇ ਪੁੱਜਣ ਤੋਂ ਕੁਝ ਮਿੰਟ ਪਹਿਲਾਂ ਹੋਏ। ਫਿਰਕਾਪ੍ਰਸਤੀ ਦੇ ਮੁੱਦੇ ‘ਤੇ ਵਿਰੋਧੀਆਂ ਦੇ ਹਮਲਿਆਂ ਦਾ ਜਵਾਬ ਦੇਣ ਲਈ ਸ੍ਰੀ ਮੋਦੀ ਨੇ ਪਿਛਲੇ ਦਿਨੀਂ 1984 ਵਿਚ ਵਾਪਰੇ ਸਿੱਖ ਕਤਲੇਆਮ ਦਾ ਮਾਮਲਾ ਉਭਾਰਦਿਆਂ ਕਾਂਗਰਸ ਦਾ ਚਿਹਰਾ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ ਸੀ।
ਉਧਰ, ਅਮਰੀਕੀ ਅਖ਼ਬਾਰ ‘ਨਿਊ ਯਾਰਕ ਟਾਈਮਜ਼’ ਨੇ ਆਪਣੀ ਸੰਪਾਦਕੀ ਵਿਚ ਦਾਅਵਾ ਕੀਤਾ ਹੈ ਕਿ ਭਾਰਤ ਬਹੁ ਧਰਮਾਂ ਵਾਲਾ ਦੇਸ਼ ਹੈ; ਜੇ ਨਰੇਂਦਰ ਮੋਦੀ ਲੋਕਾਂ ਵਿਚ ਡਰ ਅਤੇ ਵੈਰ-ਵਿਰੋਧ ਨੂੰ ਉਤਸ਼ਾਹਤ ਕਰਨਗੇ ਤਾਂ ਉਹ ਭਾਰਤ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨ ਦੀ ਆਸ ਨਹੀਂ ਕਰ ਸਕਦੇ। ਅਖ਼ਬਾਰ ਦੇ ਸੰਪਾਦਕੀ ਬੋਰਡ ਨੇ ਕਿਹਾ ਹੈ ਕਿ ਸ੍ਰੀ ਮੋਦੀ ਵਿਰੋਧੀ ਪਾਰਟੀਆਂ ਨਾਲ ਰਲ ਕੇ ਕੰਮ ਕਰਨ ਦੀ ਯੋਗਤਾ ਜ਼ਾਹਿਰ ਨਹੀਂ ਕਰ ਸਕੇ। ਉਹ ਤਾਂ ਬਹੁਤ ਵਾਰ ਮਤਭੇਦ ਵੀ ਸਹਿਣ ਨਹੀਂ ਕਰਦੇ। ਉਨ੍ਹਾਂ ਨੇ ਭਾਜਪਾ ਦੇ ਸਿਆਸੀ ਭਾਈਵਾਲ ਵੀ ਗੁਆ ਲਏ ਹਨ। ਮਹੱਤਵਪੂਰਨ ਖੇਤਰੀ ਪਾਰਟੀ ਜਨਤਾ ਦਲ (ਯੂ) ਨੇ 17 ਸਾਲਾਂ ਦੇ ਇਸ ਗਠਜੋੜ ਨੂੰ ਅਲਵਿਦਾ ਕਹਿ ਦਿੱਤਾ। ਇਸ ਪਾਰਟੀ ਨੇ ਸ੍ਰੀ ਮੋਦੀ ਨੂੰ ਉਕਾ ਹੀ ਪ੍ਰਵਾਨ ਨਹੀਂ ਕੀਤਾ। ਸੰਪਾਦਕੀ ਵਿਚ ਇਹ ਗੱਲ ਵੀ ਕਹੀ ਗਈ ਹੈ ਕਿ 2002 ਵਿਚ ਗੁਜਰਾਤ ਦੰਗਿਆਂ ਦੌਰਾਨ 1000 ਦੇ ਕਰੀਬ ਲੋਕ ਮਾਰੇ ਗਏ ਸਨ। ਗੁਜਰਾਤ ਦੀ ਆਰਥਿਕ ਦਸ਼ਾ ਵੀ ਠੀਕ ਨਹੀਂ। ਸਾਰੇ ਭਾਰਤ ਵਿਚ ਮੁਸਲਮਾਨ ਇੰਨੇ ਗਰੀਬ ਨਹੀਂ ਜਿੰਨੇ ਗੁਜਰਾਤ ਵਿਚ ਹਨ। ਇਸ ਦੇ ਬਾਵਜੂਦ ਸੂਬੇ ਦੀ ਗਰੀਬੀ ਦਰ ਦੇਸ਼ ਦੀ ਗਰੀਬੀ ਦਰ ਨਾਲੋਂ ਘੱਟ ਹੈ। ਉਨ੍ਹਾਂ ਦੀ ਸਿਆਸੀ ਚੜ੍ਹਤ ਤੋਂ ਬਹੁਤੇ ਭਾਰਤੀ ਖਫਾ ਹਨ ਤੇ ਖਾਸਕਰ ਦੇਸ਼ ਦੀ 13æ8 ਕਰੋੜ ਮੁਸਲਮਾਨ ਆਬਾਦੀ ਅਤੇ ਹੋਰ ਘੱਟ-ਗਿਣਤੀਆਂ ਨੂੰ ਉਹ ਮਨਜ਼ੂਰ ਨਹੀਂ। ਇਹ ਸਾਰਾ ਪ੍ਰਗਟਾਵਾ ‘ਨਿਊ ਯਾਰਕ ਟਾਈਮਜ਼’ ਦੇ 19 ਮੈਂਬਰੀ ਸੰਪਾਦਕੀ ਬੋਰਡ ਨੇ ਕੀਤਾ ਹੈ ਜਿਸ ਦੀ ਅਗਵਾਈ ਭਾਰਤੀ ਮੂਲ ਦੇ ਐਂਡਰੀਊ ਰੋਸੈਂਥਲ ਕਰ ਰਹੇ ਹਨ।
ਉਧਰ, ਐਨæਡੀæਏæ ਦੇ ਲੰਮਾ ਸਮਾਂ ਭਾਈਵਾਲ ਰਹੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ੍ਰੀ ਮੋਦੀ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਦੀ ਤੁਲਨਾ ਜਰਮਨੀ ਦੇ ਪਿਛਾਖੜੀ ਆਗੂ ਹਿਟਲਰ ਨਾਲ ਕੀਤੀ ਹੈ ਅਤੇ ਕਿਹਾ ਹੈ ਕਿ ਲਾਲ ਕਿਲੇ ‘ਤੇ ਕੌਮੀ ਝੰਡਾ ਲਹਿਰਾਉਣ ਦੀ ਉਸ ਦੀ ਖਾਹਿਸ਼ ਕਦੇ ਪੂਰੀ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਪਟਨਾ ਰੈਲੀ ਵਿਚ ਸ੍ਰੀ ਮੋਦੀ ਨੇ ਨਿਤੀਸ਼ ਨੂੰ ‘ਮੌਕਾਪ੍ਰਸਤ’ ਆਗੂ ਕਰਾਰ ਦਿੱਤਾ ਸੀ ਤੇ ਦੋਸ਼ ਲਾਇਆ ਸੀ ਕਿ ਉਸ ਨੇ ਜੈ ਪ੍ਰਕਾਸ਼ ਨਰਾਇਣ ਅਤੇ ਰਾਮ ਮਨੋਹਰ ਲੋਹੀਆ ਜਿਹੇ ਸਮਾਜਵਾਦੀ ਆਗੂਆਂ ਨਾਲ ਧੋਖਾ ਕੀਤਾ ਸੀ। ਜਵਾਬ ਵਿਚ ਸ੍ਰੀ ਕੁਮਾਰ ਨੇ ਆਖਿਆ ਕਿ ਦੇਸ਼ ਦਾ ਆਗੂ ਬਣਨ ਲਈ ਮੋਦੀ ਕੋਲ ਨਾ ਮਿੱਠੀ ਜ਼ੁਬਾਨ ਹੈ ਅਤੇ ਨਾ ਹੀ ਉਸ ਦੇ ਸੁਭਾਅ ਵਿਚ ਸਬਰ ਹੈ। ਉਨ੍ਹਾਂ ਇਤਿਹਾਸ ਬਾਰੇ ਮੋਦੀ ਦੀ ਸੋਝੀ ‘ਤੇ ਵੀ ਕਿੰਤੂ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਇਕ ਝੂਠ ਨੂੰ ਸੌ ਵਾਰ ਦੁਹਰਾ ਕੇ ਇਸ ਨੂੰ ਸੱਚ ਦਰਸਾਉਣ ਦੀ ਸੋਚ ਦੇ ਮਾਲਕ ਹਨ। ਇਹ ਤਾਨਾਸ਼ਾਹੀ ਹੀ ਨਹੀਂ ਸਗੋਂ ਫਾਸ਼ੀਵਾਦ ਵਿਚ ਹੈ। ਇਨ੍ਹਾਂ ਲੋਕਾਂ ਲਈ ਹਿਟਲਰ ਆਦਰਸ਼ ਹੈ। ਇਹ ਉਹੀ ਕਰਦੇ ਹਨ ਜੋ ਹਿਟਲਰ ਕਰਦਾ ਸੀ। ਹਿਟਲਰ ਦਾ ਪ੍ਰਾਪੇਗੰਡਾ ਮੰਤਰੀ ਗੋਇਬਲਜ਼ ਕਹਿੰਦਾ ਹੁੰਦਾ ਸੀ ਕਿ ਝੂਠ ਨੂੰ ਸੱਚ ਬਣਾਉਣ ਲਈ ਬੱਸ, ਸੌ ਵਾਰ ਝੂਠ ਬੋਲ ਦਿਉ। ਇਹੀ ਕੁਝ ਮੋਦੀ ਕਰ ਰਿਹਾ ਹੈ।
ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼: ਪਾਕਿਸਤਾਨ ਦੀ ਖੁਫੀਆ ਏਜੰਸੀ ਆਈæਐਸ਼ਆਈæ ਦੇ ਅਤਿਵਾਦੀ ਸਰਗਰਮੀਆਂ ਲਈ ਮੁਜ਼ੱਫਰਨਗਰ ਦੰਗਿਆਂ ਦੇ ਕੁਝ ਪੀੜਤਾਂ ਦੇ ਸੰਪਰਕ ਵਿਚ ਹੋਣ ਬਾਰੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਕਾਰਨ ਸਿਆਸੀ ਤੂਫ਼ਾਨ ਆ ਗਿਆ ਹੈ। ਭਾਜਪਾ ਨੇ ਇਸ ਮੁੱਦੇ ‘ਤੇ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕਰਦਿਆਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਸਪਸ਼ਟੀਕਰਨ ਮੰਗਿਆ ਹੈ। ਪਾਰਟੀ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਰਾਹੁਲ ਗਾਂਧੀ ਦੇ ਭੜਕਾਊ ਭਾਸ਼ਨ ਖਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜਨਤਾ ਦਲ (ਯੂ) ਨੇ ਇਸ ਨੂੰ ਸਮੁੱਚੇ ਫਿਰਕੇ ਦੀ ਨਿਰਾਦਰੀ ਦੱਸਿਆ ਹੈ। ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਇਸ ਬਾਰੇ ਸਪਸ਼ਟੀਕਰਨ ਦੇਣ ਕਿਉਂਕਿ ਇਸ ਬਿਆਨ ਨਾਲ ਮੁਸਲਮਾਨਾਂ ਬਾਰੇ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਮੁਸਲਮਾਨਾਂ ਵਿਰੁਧ ਗੰਭੀਰ ਦੋਸ਼ ਲਾਏ ਹਨ ਤੇ ਆਈæਐਸ਼ਆਈæ ਨਾਲ ਜੋੜ ਕੇ ਉਨ੍ਹਾਂ ਦੀ ਨਿਰਾਦਰੀ ਕੀਤੀ ਹੈ। ਭਾਜਪਾ ਆਗੂ ਨੇ ਰਾਹੁਲ ਗਾਂਧੀ ਨੂੰ ਦੰਗਿਆਂ ਦਾ ਲਾਹਾ ਲੈ ਕੇ ਵੋਟ ਬੈਂਕ ਦੀ ਸਾਅਸਤ ਖੇਡਣ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ 1984 ਵਰਗੇ ਦੰਗੇ ਨਹੀਂ ਭੁੱਲਣੇ ਚਾਹੀਦੇ।
ਮਨਮੋਹਨ ਸਿੰਘ ਤੇ ਮੋਦੀ ਉਲਝੇ: ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਵਿਰਾਸਤ ਨੂੰ ਲੈ ਕੇ ਸ਼ਬਦੀ ਜੰਗ ਵਿਚ ਉਲਝ ਪਏ। ਸ੍ਰੀ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ‘ਤੇ ਅਸਿੱਧੇ ਢੰਗ ਨਾਲ ਹਮਲਾ ਕਰਦਿਆਂ ਆਖਿਆ ਕਿ ਜੇ ਸਰਦਾਰ ਪਟੇਲ ਪਹਿਲੇ ਪ੍ਰਧਾਨ ਮੰਤਰੀ ਬਣ ਜਾਂਦੇ ਤਾਂ ਦੇਸ਼ ਦੀ ਹੋਣੀ ਹੋਰ ਹੋਣੀ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਟੇਲ ਦੀ ਵਿਰਾਸਤ ‘ਤੇ ਮੋਦੀ ਦੇ ਦਾਅਵੇ ਨੂੰ ਵੰਗਾਰਦਿਆਂ ਕਿਹਾ ਕਿ ਸਰਦਾਰ ਪਟੇਲ ਖਰੇ ਧਰਮ ਨਿਰਪੱਖ ਤੇ ਉਦਾਰਵਾਦੀ ਆਗੂ ਸਨ ਅਤੇ ਆਪਣੇ ਵਿਚਾਰਾਂ ਨਾਲ ਅਸਹਿਮਤੀ ਰੱਖਣ ਵਾਲਿਆਂ ਦਾ ਸਨਮਾਨ ਕਰਨਾ ਵੀ ਜਾਣਦੇ ਸਨ।
__________________________
ਕਾਂਗਰਸ ਦੀ ਕਮਜ਼ੋਰੀ ਮੋਦੀ ਲਈ ਮੁਆਫਕ
ਦਿੱਲੀ: ਕਾਂਗਰਸ ਭਾਵੇਂ ਨਰੇਂਦਰ ਮੋਦੀ ਉਪਰ ਲਗਾਤਾਰ ਵਾਰ ਕਰ ਕੇ ਉਸ ਦੇ ਅਕਸ ਨੂੰ ਖੋਰਾ ਲਾਉਣ ਦਾ ਯਤਨ ਕਰ ਰਹੀ ਹੈ ਪਰ ਬਹੁਤ ਸਾਰੇ ਮੁੱਦਿਆਂ ਉਤੇ ਕਾਂਗਰਸ ਦੀ ਆਪਣੀ ਹਾਲਤ ਵੀ ਮੋਦੀ ਜਾਂ ਭਾਜਪਾ ਨਾਲੋਂ ਕੋਈ ਵੱਖਰੀ ਨਹੀਂ ਹੈ। ਦੇਸ਼ ਦੇ ਵਿਕਾਸ ਦੇ ਮਾਮਲੇ ‘ਤੇ ਇਸ ਪਾਰਟੀ ਕੋਲ ਕਹਿਣ ਲਈ ਕੁਝ ਵੀ ਨਹੀਂ ਹੈ। ਭ੍ਰਿਸ਼ਟਾਰਚਾਰ ਦੇ ਮਾਮਲੇ ‘ਤੇ ਤਾਂ ਇਸ ਨੂੰ ਮੂੰਹ ਲਕੋਣ ਲਈ ਭੜੋਲਾ ਨਹੀਂ ਲੱਭ ਰਿਹਾ। ਸਿਆਸੀ ਮਾਹਿਰ ਮੰਨਦੇ ਹਨ ਕਿ ਮੋਦੀ ਵਿਚ ਇੰਨਾ ਦਮ ਨਹੀਂ ਹੈ ਕਿ ਉਹ ਭਾਜਪਾ ਨੂੰ ਅਗਲੀਆਂ ਚੋਣਾਂ ਵਿਚ ਜਿੱਤ ਦਿਵਾ ਸਕੇ ਪਰ ਕਾਂਗਰਸ ਦੀਆਂ ਕਮਜ਼ੋਰੀਆਂ ਉਸ ਲਈ ਬ੍ਰਹਮ-ਅਸਤਰ ਦਾ ਕੰਮ ਕਰ ਸਕਦੀਆਂ ਹਨ।
Leave a Reply