ਬਲਜੀਤ ਬਾਸੀ
ਫੋਨ: 734-259-9353
1970 ਦੇ ਆਸ-ਪਾਸ ਮੇਰੇ ਮਰਹੂਮ ਵੱਡੇ ਭਰਾ ਸ੍ਰੀਨਗਰ ਦੇ ਇੰਜਨੀਅਰਿੰਗ ਕਾਲਜ ਵਿਚ ਪ੍ਰੋਫਸੈਰ ਜਾ ਲੱਗੇ। ਪਰਿਵਾਰ ਦੀਆ ਖੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਸੀ, ਹੁਣ ਸਵਰਗ ਦੀ ਧਰਤੀ ਦੇ ਖੁਲ੍ਹੇ ਦਰਸ਼ਨ ਦੀਦਾਰੇ ਹੋਇਆ ਕਰਨਗੇ। ਭਾਈ ਵੀਰ ਸਿੰਘ ਦੀਆਂ ਕਸ਼ਮੀਰ ਦੀ ਖੂਬਸੂਰਤੀ ਬਾਰੇ ਕਵਿਤਾਵਾਂ ਪੜ੍ਹ-ਪੜ੍ਹ ਕੇ ਕਸ਼ਮੀਰ ਨੂੰ ਧਾ ਗਲਵਕੜੀ ਪਾਉਣ ਨੂੰ ਮਨ ਕਰਦਾ ਰਹਿੰਦਾ ਸੀ। ਭਾਜੀ ਦੇ ਕਸ਼ਮੀਰ ਹੁੰਦਿਆਂ ਤਿੰਨ ਸਾਲ ਉਪਰੋ-ਥਲੀ ਇਸ ਟੁਕੜੀ ਜੱਗ ਤੋਂ ਨਿਆਰੀ ਨੂੰ ਭਰਪੂਰਤਾ ਨਾਲ ਤੱਕਣ ਦਾ ਮੌਕਾ ਮਿਲਿਆ।
ਸ੍ਰੀਨਗਰ ਦੀ ਡੱਲ ਲੇਕ, ਚਾਰ ਚਿਨਾਰ, ਸ਼ਿਕਾਰੇ, ਜਿਹਲਮ ਦਰਿਆ, ਵੈਰੀਨਾਗ, ਗੁਲਮਰਗ, ਯੂਸਮਰਗ, ਸੋਨਮਰਗ, ਕੁੱਕੜਨਾਗ, ਪਹਿਲਗਾਮ, ਚਿਨਾਰ ਤੇ ਚੀਲ ਦੇ ਦਰਖਤ- ਕਿਹੜੀ ਦੇਖਣਯੋਗ ਸ਼ੈਅ ਸੀ ਜੋ ਇੱਕ ਤੋਂ ਵੱਧ ਵਾਰ ਨਹੀਂ ਨਿਹਾਰੀ। ਅਨੇਕਾਂ ਚਸ਼ਮੇ, ਨਦੀਆਂ, ਨਾਲੇ, ਝੀਲਾਂ ਹਰ ਜਗ੍ਹਾਾ ਦਾ ਆਪਣਾ ਕੁਦਰਤੀ ਹੁਸਨ, ਆਪਣੀ ਹੀ ਪਛਾਣ। ਸੇਬ, ਆਲੂਬੁਖਾਰੇ, ਬਦਾਮ, ਅਖਰੋਟ ਜਿਹੇ ਫਲ ਤੇ ਮੇਵੇ ਖਾਣ ਲਈ ਤਰਸਦੇ ਰਹੀਦਾ ਸੀ ਪਰ ਏਥੇ ਜੀਅ ਭਰ ਕੇ ਖਾਧੇ ਤੇ ਉਹ ਵੀ ਆਹਲਾ ਕਿਸਮ ਦੇ। ਵੱਡੀ ਗੱਲ, ਕਸ਼ਮੀਰੀਆਂ ਦੇ ਨਿੱਘੇ, ਅਪਣੱਤ ਭਰੇ ਤੇ ਖਲੂਸ ਸੁਭਾਅ ਕਾਰਨ ਕਸ਼ਮੀਰ ਆਪਣਾ ਹੀ ਲਗਦਾ।
ਜਿਸ ਜਗ੍ਹਾ ਦੀ ਤਸਵੀਰ ਮਨ ਤੇ ਸਦੀਵੀ ਤੌਰ ‘ਤੇ ਉਕਰੀ ਗਈ, ਉਹ ਹੈ ਲਿੱਦਰ ਘਾਟੀ, ਇਸ ਦੇ ਐਨ ਵਿਚਕਾਰੋਂ ਠਾਠਾਂ ਮਾਰਦਾ ਲਿੱਦਰ ਦਰਿਆ ਤੇ ਆਰ-ਪਾਰ ਵਸਿਆ ਨਗੀਨਾ ਸ਼ਹਿਰ ਪਹਿਲਗਾਮ। ਭਾਜੀ ਸਾਨੂੰ ਵਾਰ-ਵਾਰ ਉਥੇ ਲੈ ਕੇ ਜਾਂਦੇ। ਲਿੱਦਰ ਦਰਿਆ ਦੇ ਕਿਨਾਰੇ ਬੈਠ ਕੇ ਤੇ ਪਾਣੀ ਵਿਚ ਲੱਤਾਂ ਲਮਕਾ ਕੇ ਘੰਟਿਆਂ ਬੱਧੀ ਅਸੀਂ ਨਸ਼ੀਲੇ ਵਾਤਾਵਰਣ ਦਾ ਅਨੰਦ ਮਾਣਦੇ। ਰਾਤ ਨੂੰ ਦਰਿਆ ਦੀ ਸ਼ੂਕਰ ਤੇ ਚੀਲਾਂ ਦੀ ਸ਼ਾਂ ਸ਼ਾਂ ਵਿਚ ਗੜੂੰਦ ਹੋ ਜਾਂਦੇ। ਪ੍ਰੋ. ਮੋਹਨ ਸਿੰਘ ਦੀ ਪਹਿਲਗਾਮ ਬਾਰੇ ਇੱਕ ਕਵਿਤਾ ਹੈ ਜਿਸ ਦੀਆਂ ਮੈਨੂੰ ਪਹਿਲੀ ਤੇ ਆਖਰੀ, ਦੋ ਹੀ ਸਤਰਾਂ ਯਾਦ ਹਨ। ਪਹਿਲੀ ਹੈ, ‘ਪਹਿਲਗਾਮ ਦੀ ਸੁੰਦਰ ਵਾਦੀ ਚੀਲਾਂ ਨਾਲ ਸਿੰਗਾਰੀ’ ਤੇ ਆਖਰੀ ਹੈ, ‘ਪਹਿਲਗਾਮ ਦੀਆਂ ਪਰੀਆਂ ਕੋਲੋਂ ਮੇਰੀ ਜਿੰਦ ਛੁਡਾਓ’। ਕਵਿਤਾ ਦੇ ਉਪਾਸ਼ਕ ਮੇਰੇ ਭਾਜੀ ਤਾਂ ਅਕਸਰ ਆਖਰੀ ਸਤਰ ਹੀ ਗੁਣਗੁਣਾਉਂਦੇ ਰਹਿੰਦੇ, ਹਾਲਾਂ ਕਿ ਕਸ਼ਮੀਰ ਦੀਆਂ ਮੁਟਿਆਰਾਂ ਵਿਚ ਸਾਨੂੰ ਕੋਈ ਵਿਸ਼ੇਸ਼ ਸੁੰਦਰਤਾ ਨਹੀਂ ਲੱਭੀ। ਉਹ ਕਮਜ਼ੋਰ ਤੇ ਪੀਲੀਆਂ ਜਿਹੀਆਂ ਦਿਖਾਈ ਦਿੰਦੀਆਂ। ਸ਼ਾਇਦ ਮੋਹਨ ਸਿੰਘ ਨੂੰ ਦਰਿਆ ਦੀਆਂ ਚਿੱਟੀਆਂ ਛੱਲਾਂ ਪਰੀਆਂ ਲਗਦੀਆਂ ਸਨ। ਪਰ ਇਹ ਕਸ਼ਮੀਰਨਾਂ ਬਾਰੇ ਮੋਹਨ ਸਿੰਘ ਦੀ ਕਲਪਨਾ ਸੀ ਜੋ ਸ਼ਾਇਦ ਅਸਲ ਵਿਚ ਸਮੁੱਚੇ ਕਸ਼ਮੀਰ ਦੀ ਮਨ ਨੂੰ ਜੂੜ ਕੇ ਰੱਖਣ ਵਾਲੀ ਸੁੰਦਰਤਾ ਨੂੰ ਸਮੇਟਣ ਦੀ ਜੁਗਤ ਸੀ। ਏਥੋਂ ਹੀ ਫਿਰ ਖੱਚਰਾਂ ਰਾਹੀਂ ਦਸ-ਬਾਰਾਂ ਕੋਹ ਦੂਰ ਚੰਦਨਵਾੜੀ ਦੀ ਚੰਦਨ ਵਾਂਗ ਚਮਕਦੀ ਬਰਫ਼ ਦੇਖਣ ਗਏ। ਖੱਚਰਾਂ ਨੇ ਊਬੜ-ਖਾਬੜ ਥਾਵਾਂ ਤੇ ਟਪਾ-ਟਪਾ ਕੇ ਸਾਰਾ ਸਰੀਰ ਟੁੱਟਣ ਲਾ ਦਿੱਤਾ। ਇੱਕ ਦਿਨ ਆਪਣੀ ਰਿਹਾਇਸ਼, ਲੱਕੜੀ ਦੀ ਹੱਟ ‘ਤੋਂ ਮੌਜ-ਮੌਜ ਵਿਚ ਮੈਂ ਇਕੱਲਾ ਹੀ ਲਿੱਦਰ ਦਰਿਆ ਵੱਲ ਸੈਰ ਕਰਦਾ ਚਲੇ ਗਿਆ ਤਾਂ ਦੇਖਿਆ ਕਿ ਦਰਿਆ ਦੇ ਕਿਨਾਰੇ ਇਕ ਮਸਜਿਦ ਵਿਚ ਮੁਸਲਮਾਨ ਲੋਕ ਨਿਮਾਜ਼ ਪੜ੍ਹ ਰਹੇ ਸਨ। ਪਤਾ ਨਹੀਂ ਮਨ ਵਿਚ ਕੀ ਆਇਆ ਕਿ ਮੈਂ ਉਨ੍ਹਾਂ ਦੀ ਕਤਾਰ ਵਿਚ ਜਾ ਕੇ ਨਮਾਜ਼ ਅਦਾ ਕਰਨ ਦੀ ਗੁਸਤਾਖੀ ਕਰਨ ਲੱਗਾ ਪਰ ਉਨ੍ਹਾਂ ਦੀ ਊਠਕ-ਬੈਠਕ ਨਾਲ ਤਾਲ ਨਾ ਮਿਲਾ ਸਕਿਆ ਤੇ ਮਲਕ ਦੇਣੀ ਟਿਭ ਆਇਆ। ਬੜੀ ਨਮੋਸ਼ੀ ਹੋਈ।
ਹਾਲ ਹੀ ਵਿਚ ਦਹਿਸ਼ਤਗਰਦਾਂ ਦੀ ਮਾਰ ਹੇਠ ਆਈ ਵਿਸ਼ਾਲ ਚਰਾਗਾਹ ਬਾਇਸਰਨ ਏਥੋਂ ਘੰਟੇ ਕੁ ਦੀ ਵਾਟ ‘ਤੇ ਸੀ, ਪਰ ਇਸ ਦੀ ਵਹਿਸ਼ੀ ਸੁੰਦਰਤਾ ਦੀ ਸੋਅ ਸੁਣ ਕੇ ਇਸ ਨੂੰ ਤੱਕਣ ਲਈ ਵੀ ਤਿੰਨ-ਚਾਰ ਵਾਰੀ ਲੱਤਾਂ ਤੁੜਾਈਆਂ। ਚਰਾਗਾਹ ਦੇ ਸ਼ੁਰੂ ਵਿਚ ਸਥਿਤ ਇਕ ਨਿੱਕੀ ਜਿਹੀ ਹੱਟੀ ‘ਤੋਂ ਪਹਿਲੀ ਵਾਰੀ ਬਦਾਮਾਂ ਵਾਲੇ ਕਸ਼ਮੀਰੀ ਕਾਹਵੇ ਦਾ ਅਨੰਦ ਮਾਣਿਆ। ਅਗਲੇ ਸਾਲ ਭਾਜੀ ਜੰਮੂ ਆ ਗਏ ਪਰ ਕਾਲਜ ਦੇ ਇੱਕ ਟੂਰ ਵਿਚ ਫਿਰ ਕਸ਼ਮੀਰ ਜਾਣ ਦਾ ਮੌਕਾ ਬਣਿਆ। ਪਹਿਲੀ ਸਵੇਰ ਹੀ ਚੰਦਨਵਾੜੀ ਜਾਣ ਦਾ ਪ੍ਰੋਗਰਾਮ ਬਣ ਗਿਆ ਪਰ ਇਸ ਜਗ੍ਹਾ ‘ਤੋਂ ਪਹਿਲਾਂ ਹੋਏ ਨਾਖੁਸ਼ਗਵਾਰ ਅਨੁਭਵ ਕਾਰਨ ਮੈਂ ਜਾਣ ਤੋਂ ਇਨਕਾਰ ਕਰ ਦਿਤਾ। ਦੋ ਹੋਰ ਦੋਸਤਾਂ ਨੂੰ ਵੀ ਡਰਾ ਕੇ ਆਪਣੇ ਨਾਲ ਰਲਾ ਲਿਆ। ਅਸੀਂ ਸਾਰਾ ਦਿਨ ਪਹਿਲਗਾਮ ਦੀ ਵਾਦੀ ਅਤੇ ਬਾਇਸਰਨ ਦੇ ਨਜ਼ਾਰੇ ਤੱਕਦੇ ਰਹੇ। ਸ਼ਾਮ ਨੂੰ ਚੰਦਨਵਾੜੀ ਗਏ ਸਾਥੀ ਤੌਬਾ-ਤੌਬਾ, ਹਾਏ-ਹਾਏ ਕਰਦੇ ਲੰਗੜਾ ਕੇ ਚੱਲ ਰਹੇ ਸਨ। ਉਹ ਮੈਨੂੰ ਕੋਸਣ ਲੱਗੇ ਕਿ ਮੈਂ ਉਨਾਂ ਨੂੰ ਕਿਉਂ ਨਹੀਂ ਰੋਕਿਆ। ਸਾਰੇ ਕੁਝ-ਕੁਝ ਪਛਤਾ ਰਹੇ ਸਨ ਕਿਉਂਕਿ ਦੂਸਰੇ ਦਿਨ ਸਵੇਰੇ ਹੀ ਵਾਪਸੀ ਦਾ ਪ੍ਰੋਗਰਾਮ ਸੀ। ਸ਼ਾਮ ਨੂੰ ਬਾਜ਼ਾਰ ਘੁੰਮਦਿਆਂ ਪਤਾ ਲੱਗਾ ਕੇ ਸਾਡੇ ਲਾਗੇ ਹੀ ਇੱਕ ਹੱਟ ਵਿਚ ਫਿਲਮ ਐਕਟਰ ਸ਼ੰਮੀ ਕਪੂਰ ਠਹਿਰੇ ਹੋਏ ਸਨ। ਅਸੀਂ ਦੁੜੰਗੇ ਮਾਰਦੇ ਉਸ ਨੂੰ ਦੇਖਣ ਗਏ। ਸਭ ਨੇ ਘੁੱਟ-ਘੁੱਟ ਲਾਈ ਵੀ ਹੋਈ ਸੀ। ਸਾਰੇ ਸ਼ੋਰ ਮਚਾਉਣ ਲੱਗ ਪਏ, ‘ਸ਼ੰਮੀ ਕਪੂਰ ਬਾਹਰ ਨਿਕਲੋ’। ਪਰ ਉਹ ਬਾਹਰ ਨਾ ਆਏ। ਥੋੜੀ ਉਡੀਕ ਪਿੱਛੋਂ ਸੰLਮੀ ਦੀ ਭੈਣ ਰੀਮਾ ਕਪੂਰ ਬਰਾਂਡੇ ਵਿਚ ਆ ਕੇ ਬੜੇ ਮੋਹ ਤੇ ਮਿੱਠੇ ਅੰਦਾਜ ਵਾਲੀ ਪੰਜਾਬੀ ਵਿਚ ਬੋਲੀ, ‘ਸ਼ੰਮੀ ਸਾਹਿਬ ਇਸ ਵੇਲੇ ਸੁੱਤੇ ਪਏ ਹਨ, ਸਵੇਰ ਨੂੰ ਮਿਲ ਲੈਣਾ। ਠੀਕ ਹੈ ਬੱਚਿਓ।’ ਅਸੀਂ ਝੇਂਪ ਗਏ। ਪਰ ਸਾਡੇ ਅਧਿਆਪਕ ਨੇ, Ok tell, Shami that we do not like him’ ਆਖ ਕੇ ਆਪਣੀ ਘੋਰ ਨਿਰਾਸ਼ਾ ਜ਼ਾਹਿਰ ਕੀਤੀ। ਅਸੀਂ ਅਨੁਮਾਨ ਲਾਇਆ ਕਿ ਸ਼ੰਮੀ ਸ਼ਰਾਬ ਵਿਚ ਟੁੰਨ ਹੋਵੇਗਾ। ਖੈਰ ਅੱਜ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਕੇ ਸੁੰਨੀ ਹੋ ਗਈ ਰਮਣੀਕ ਵਾਦੀ ਬਾਰੇ ਸੋਚ ਕੇ ਮਨ ਬਹੁਤ ਦੁਖੀ ਹੈ।
ਇਸ ਅਤਿ ਮੰਦਭਾਗੀ ਘਟਨਾ ਦੇ ਸ਼ਿਕਾਰ ਪਹਿਲਗਾਮ ਪ੍ਰਤੀ ਸ਼ਰਧਾਂਜਲੀ ਵਜੋਂ ਅੱਜ ਮੈਂ ਇਸ ਦੇ ਨਾਂ ਦੀ ਵਿਉਤਪਤੀ ਬਾਰੇ ਲਿਖਣ ਦਾ ਮਨ ਬਣਾਇਆ ਹੈ। ਇਹ ਗੱਲ ਤਾਂ ਸਪੱਸ਼ਟ ਹੀ ਹੈ ਕਿ ਪਹਿਲਗਾਮ ਦੋ ਸ਼ਬਦਾਂ ‘ਪਹਿਲ’ ਅਤੇ ‘ਗਾਮ’ ਦੇ ਮੇਲ ਨਾਲ ਬਣਿਆ ਹੈ, ਪਰ ਦੋਨਾਂ ਦੇ ਆਪਣੇ ਆਪਣੇ ਅਰਥਾਂ ਬਾਰੇ ਜਾਨਣਾ ਜ਼ਰੂਰੀ ਹੈ। ਕੁਝ ਸ੍ਰੋਤਾਂ ਅਨੁਸਾਰ ਏਥੇ ‘ਪਹਿਲ’ ਦਾ ਮਤਲਬ ਸ਼ੁਰੂ ਦਾ, ਪ੍ਰਾਥਮਿਕ ਹੀ ਹੈ ਤੇ ਇਸ ਤਰ੍ਹਾਂ ਪਹਿਲਗਾਮ ਦਾ ਅਰਥ ਬਣਿਆ ‘ਪਹਿਲਾ ਪਿੰਡ’ ਯਾਨੀ ਦੱਖਣ ਜਾਂ ਪੱਛਮ ਤੋਂ ਕਸ਼ਮੀਰ ਘਾਟੀ ਵਿਚ ਦਾਖਿਲ ਹੋਣ ਵਾਲੇ ਯਾਤਰੂਆਂ ਦਾ ਪਹਿਲਾ ਟਿਕਾਣਾ। ਇਸ ਨੂੰ ਬੈਲਗਾਓਂ (ਬੈਲ= ਬਲਦ) ਤੋਂ ਵੀ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ। ਮਿੱਥ ਹੈ ਕਿ ਭਗਵਾਨ ਸ਼ਿਵ ਨੇ ਅਮਰਨਾਥ ਯਾਤਰਾ ਦੌਰਾਨ ਏਥੇ ਆਪਣਾ ਬੈਲ ਛੱਡਿਆ ਸੀ। ਲੋਕ ਆਪਣੀ ਸ਼ਰਧਾ ਅਨੁਸਾਰ ਥਾਵਾਂ ਦੇ ਨਾਮਾਂ ਦੀ ਵਿਆਖਿਆ ਕਰ ਦਿੰਦੇ ਹਨ ਜੋ ਸੀਨੇ-ਸੀਨੇ ਚਲਦੀ ਰਹਿੰਦੀ ਹੈ ਪਰ ਕਈ ਵਾਰੀ ਗਲਤ ਹੀ ਹੁੰਦੀ ਹੈ। ਸਥਾਨਾਂ ਦੇ ਨਾਂ ਅਕਸਰ ਭੁਗੋਲਿਕ ਸਥਿਤੀਆਂ ਕਾਰਨ ਵੀ ਹੁੰਦੇ ਹਨ। ਸੰਤੁਸ਼ਟੀਜਨਕ ਜਾਣਕਾਰੀ ਅਨੁਸਾਰ ਪਹਿਲਗਾਮ ਦੇ ਮੁਢਲੇ ਸ਼ਬਦ ‘ਪਹਿਲ’ ਦਾ ਕਸ਼ਮੀਰੀ ਵਿਚ ਅਰਥ ਚਰਵਾਹਾ, ਆਜੜੀ, ਪਾਲੀ ਹੁੰਦਾ ਹੈ; ਸੋ ਕਸਬੇ ਦੇ ਨਾਂ ਦਾ ਅਰਥ ਬਣਿਆ ਚਰਵਾਹਿਆਂ ਦਾ ਪਿੰਡ। ਪਰ ਏਥੇ ਪਹਿਲ ਸ਼ਬਦ ਅੱਗੋਂ ਸੰਸਕ੍ਰਿਤ ਸਮਾਸ ‘ਪਸ਼ੂਪਾਲ’ ਤੋਂ ਘਸ-ਘਸ ਕੇ ਬਣਿਆ ਹੈ। ਪਸ਼ੂਪਾਲ ਦਾ ਅਰਥ ਹੋਇਆ ਪਸ਼ੂ ਪਾਲਣ ਵਾਲਾ। ‘ਪਸ਼ੂ’ ਤੇ ‘ਪਾਲਣ’ ਸ਼ਬਦਾਂ ਬਾਰੇ ਪਹਿਲਾਂ ਲਿਖਿਆ ਜਾ ਚੁੱਕਾ ਹੈ। ਪਸ਼ੂਪਾਲ ਸ਼ਬਦ ਦੇ ਕੁਝ ਹੋਰ ਭਾਸ਼ਾਵਾਂ ਵਿਚ ਹੋਏ ਵਿਗਾੜ ਦਾ ਉਲੇਖ ਕਰਦੇ ਹਾਂ। ਖੋਵਾਰ: ਪਜ਼ਾਲ; ਸੀਨਾ: ਪਯਾਲੂ; ਪੱਛਮੀ ਪਹਾੜੀ: ਪੁਹਾਲ, ਫਵਾਲ; ਸਿੰਧੀ/ ਕੱਛੀ: ਪੰਵਾਰ; ਡੋਗਰੀ: ਪੁਹਾਲ; ਹਿੰਦੀ ; ਪੋਹਿਯਾ ਅਤੇ ਅੰਤ ਨੂੰ ਕਸ਼ਮੀਰੀ: ਪੋਹਾਲ, ਪਹੋਲੁ। ਪੋਹਾਲ (ਚਰਵਾਹੇ) ਗਰਮੀਆਂ ਵਿਚ ਪਹਾੜਾਂ ਦੀਆਂ ਉਚਾਈਆਂ ਤੇ ਪਸ਼ੂ ਚਾਰਦੇ ਹਨ ਤੇ ਬਰਫਾਂ Lਪੈਣ ਸਮੇਂ ਵਾਦੀਆਂ ਵਿਚ ਉਤਰ ਆਉਂਦੇ ਹਨ। ਏਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਿਲੀ ਟਰਨਰ ਅਤੇ ਇਕ ਕਸ਼ਮੀਰੀ ਕੋਸ਼ ਅਨੁਸਾਰ ਪਹਿਲਗਾਮ ਪਾਲ+ਗਾਮ ਤੋਂ ਬਣਿਆ ਹੈ ਭਾਵੇਂ ਪਾਲ ਸ਼ਬਦ ਦਾ ਅਰਥ ਵੀ ਚਰਵਾਹਾ ਹੈ, ਪੰਜਾਬੀ ਪਾਲੀ ਇਸੇ ਦਾ ਸਗੋਤੀ ਹੈ। ਪੰਜਾਬੀ ਵਿਚ ਇੱਕ ਸ਼ਬਦ ‘ਪਸ਼ੂਪਾ’ ਵਰਤਿਆ ਜਾਂਦਾ ਹੈ ਜਿਸ ਦਾ ਅਰਥ ਤਾਂ ਪਸ਼ੂ ਵਗੈਰਾ ਹੀ ਲਿਆ ਜਾਂਦਾ ਹੈ ਜਿਵੇਂ, ‘ਪਸੂਪਾ ਲਈ ਛਤੜਾ ਪਾ ਲਿਆ ਹੈ’ ਪਰ ਇਸ ਦਾ ਮੂਲ ਅਰਥ ਵੀ ਪਸ਼ੂਪਾਲਕ ਹੀ ਹੋਣਾ ਚਾਹੀਦਾ ਹੈ।
ਪਹਿਲਗਾਮ ਦੇ ਦੂਜੇ ਸ਼ਬਦ ‘ਗਾਮ’ ਦੇ ਕੁਝ ਹੋਰ ਭੇਦ ਹਨ ਗ੍ਰਾਮ, ਗਿਰਾਂ, ਗਰਾਂ, ਗਾਂਵ, ਗਾਉਂ। ਇਨ੍ਹਾਂ ਸਾਰੇ ਸ਼ਬਦਾਂ ਦਾ ਮੁੱਖ ਅਰਥ ਪਿੰਡ ਹੈ ਤੇ ਇਹ ਕਈ ਪਿੰਡਾਂ ਨਗਰਾਂ ਦੇ ਨਾਵਾਂ ਵਿਚ ਪਿਛੇਤਰ ਵਜੋਂ ਵੀ ਵਰਤਿਆ ਮਿਲਦਾ ਹੈ। ਇਕੱਲੇ ਤੌਰ ‘ਤੇ ਪਿੰਡ ਦੇ ਅਰਥ ਵਿਚ ਇਹ ਸ਼ਬਦ ਟਕਸਾਲੀ ਪੰਜਾਬੀ ਵਿਚ ਘੱਟ ਹੀ ਵਰਤਿਆ ਜਾਂਦਾ ਹੈ। ਹਾਂ, ਕੁਝ ਉਪਭਾਸ਼ਾਵਾਂ ਜਿਵੇਂ ਪੁਆਧੀ, ਪੋਠੋਹਾਰੀ ਵਿਚ ਜ਼ਰੂਰ ਮਿਲਦਾ ਹੈ। ਪੋਠੋਹਾਰੀ ਵਿਚ ਗਰਾਂਦਾਰ, ਗਿਰਾਈਂ ਦਾ ਮਤਲਬ ਪਿੰਡ ਦਾ ਵਸਨੀਕ ਹੈ। ਕਬੀਰ ਦਾ ਫੁਰਮਾਨ ਹੈ, ‘ਬਹੁਤ ਪ੍ਰਤਾਪ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ’। ਹੋਰ ਸੁਣੋ, ‘ਆਪਣਾ ਗਰਾਂ ਹੋਵੇ, ਤੂਤਾਂ ਦੀ ਛਾਂ ਹੋਵੇ, ਕਾਠ ਦੀ ਮੰਜੀ ਹੋਵੇ, ਸਿਰ ਥੱਲੇ ਬਾਂਹ ਹੋਵੇ’। ‘ਕੁਛੜ ਕੁੜੀ ਗਰਾਂ ਹੋਕਾ ਅਖਾਣ’ ਵੀ ਹੈ। ਜਗਤਾਰ ਦੀ ਇੱਕ ਗ਼ਜ਼ਲ ਦਾ ਮਤਲਾ ਹੈ,
ਪਰਤ ਚਲ ਅਪਣੇ ਗਰਾਂ, ਬੇਰੰਗ ਬਸਤੀ ‘ਚੋਂ ਨਿਕਲ।
ਬਾਰਸ਼ਾਂ ਦਾ ਲੁਤਫ਼ ਲੈਣਾ ਹੈ, ਤਾਂ ਛਤਰੀ ‘ਚੋਂ ਨਿਕਲ।
ਸ਼ਿਵ ਕੁਮਾਰ ਵੀ ਇਸ ਸ਼ਬਦ ਦਾ ਸਵਾਗਤ ਕਰਦਾ ਹੈ,
ਹੈਂ ਤੂੰ ਆਈ ਮੇਰੇ ਗਰਾਂ।
ਹੋਰ ਗੂਹੜੀ ਹੋ ਗਈ ਹੈ,
ਮੇਰਿਆਂ ਬੋਹੜਾਂ ਦੀ ਛਾਂ।
ਸੰਸਕ੍ਰਿਤ ਨੇੜਤਾ ਕਾਰਨ ਇੱਕ ਤਕਨੀਕੀ ਪਦ ਵਜੋਂ ਗ੍ਰਾਮ ਸ਼ਬਦ ਦੀ ਵਰਤੋਂ ਹੁੰਦੀ ਹੈ ਜਿਵੇਂ ‘ਗ੍ਰਾਮ ਪੰਚਾਇਤ’ ਵਿਚ, ਵਰਨਾ ਪੰਜਾਬੀ ਵਿਚ ਤਾਂ ਪਿੰਡ ਹੀ ਛਾਇਆ ਹੋਇਆ ਹੈ। ਪਿਛੇਤਰ ਵਜੋਂ ਦੇਸ਼ ਭਰ ਵਿਚ ਕਈ ਸਥਾਨਨਾਮਾਂ ਵਿਚ ਗ੍ਰਾਮ ਤੇ ਇਸ ਦੇ ਭੇਦ ਬਥੇਰੇ ਮਿਲਦੇ ਹਨ ਮਸਲਨ ਨਵਾਂਗ੍ਰਾਮ, ਗੁੜਗਾਵਾਂ, ਗੋਰੇਗਾਉਂ, ਮਾਲੇਗਾਉਂ, ਜਲਗਾਉਂ, ਬੈਲਗਾਉਂ ਆਦਿ। ਅਸਲ ਵਿਚ ਇਹ ਸਾਰੇ ਸ਼ਬਦਾਂ ਦਾ ਮੂਲ ਸੰਸਕ੍ਰਿਤ ਗ੍ਰਾਮ ਹੈ ਜਿਸ ਦਾ ਪ੍ਰਾਕ੍ਰਿਤ ਰੂਪ ਗਾਮ ਹੈ। ਸੰਸਕ੍ਰਿਤ ਗ੍ਰਾਮ ਦੇ ਕੁਝ ਅਰਥ ਹਨ, ਪਿੰਡ, ਵਸੇਬਾ; ਪਿੰਡ ਆਦਿ ਦੇ ਵਾਸੀ; ਲੋਕਾਂ ਦਾ ਸਮੂਹ, ਸਮੁਦਾਇ; ਇਕੱਠ, ਜਮਾਤ, ਦਲ ਆਦਿ। ਸ਼ਾਇਦ ਕਈਆਂ ਨੂੰ ਪਤਾ ਨਾ ਹੋਵੇ ਕਿ ਲੜਾਈ, ਜੱਦੋ-ਜਹਿਦ ਦੇ ਅਰਥਾਂ ਵਾਲੇ ਸ਼ਬਦ ‘ਸੰਗਰਾਮ’ ਵਿਚ ਏਹੀ ਗ੍ਰਾਮ ਬੋਲਦਾ ਹੈ। ਸੰ (ਸਮ ਦਾ ਸੁੰਗੜਿਆ ਰੂਪ) ਅਗੇਤਰ ਦਾ ਅਰਥ ਨਾਲ, ਸਾਥ, ਸਮੇਤ ਆਦਿ ਹੁੰਦਾ ਹੈ। ਪ੍ਰਾਚੀਨ ਵਿਚ ਗ੍ਰਾਮ ਇੱਕ ਬੱਝਾ ਹੋਇਆ ਪਿੰਡ ਨਾ ਹੋ ਕੇ ਲੋਕਾਂ ਦਾ ਇੱਕ ਘੁਮੱਕੜ ਸਮੂਹ ਜਾਂ ਟੋਲਾ ਹੁੰਦਾ ਸੀ। ਸੋ ਪਹਿਲੇ-ਪਹਿਲ ਸੰਗਰਾਮ ਅਸਲ ਵਿਚ ਗ੍ਰਾਮ ਕਹਾਉਂਦੇ ਕਈ ਸਮੂਹਾਂ ਦੀ ਇਕੱਤਰਤਾ ਹੁੰਦੀ ਸੀ ਜਿਸ ਵਿਚ ਆਪਸ ਵਿਚ ਲੜਾਈ ਝਗੜਾ ਵੀ ਹੋ ਜਾਂਦਾ ਸੀ ਜੋ ਨਪਟਾਇਆ ਵੀ ਜਾਂਦਾ ਸੀ। ਸੰਸਕ੍ਰਿਤ ਵਿਚ ਗ੍ਰਾਮਣੀ ਦਾ ਅਰਥ ਦਲ ਦਾ ਲੀਡਰ ਜਾਂ ਕਹਿ ਲਵੋ ਦਲਪਤੀ ਹੁੰਦਾ ਹੈ। ਗੰਵਾਰ ਦਾ ਮੁਢਲਾ ਰੂਪ ਤਾਂ ਗ੍ਰਾਮਦਾਰ ਹੈ, ਮਤਲਬ ਗਾਂਵ ਦਾ ਰਹਿਣ ਵਾਲਾ, ਪੇਂਡੂ ਪਰ ਇਸ ਦੇ ਅਰਥਾਂ ਦੀ ਅਵਨਤੀ ਹੋ ਕੇ ਇਹ ਉਜੱਡ, ਅਸਭਿਆ, ਫੂਹੜ ਦੇ ਅਰਥਾਂ ਵਿਚ ਵਰਤਿਆ ਜਾਣ ਲੱਗਾ। ਅਖਾਣ ਹੈ, ‘ਸਿਰ ਵੱਡੇ ਸਰਦਾਰਾਂ ਦੇ, ਪੈਰ ਵੱਡੇ ਗੰਵਾਰਾਂ ਦੇ’। ਅੰਗਰੇਜ਼ੀ ਵੁਲਗਅਰ ਦਾ ਮੁਢਲਾ ਅਰਥ ਵੀ ਪੇਂਡੂ ਹੀ ਹੁੰਦਾ ਹੈ। ਸ਼ਹਿਰੀਆਂ ਦੇ ਟਾਕਰੇ ਪੇਂਡੂਆਂ ਨੂੰ ਦੁਨੀਆ ਭਰ ਵਿਚ ਅਸਭਿਆ ਸਮਝਿਆ ਜਾਂਦਾ ਹੈ। ਗ੍ਰਾਮ ਸ਼ਬਦ ਭਾਰੋਪੀ ਹੈ ਜਿਸ ਦਾ ਮੂਲ *ਹਗਰੋਮ ਜਿਹਾ ਮਿਥਿਆ ਗਿਆ ਹੈ। ਇਸ ਵਿਚ ਇਕੱਠਾ ਕਰਨ, ਜਮ੍ਹਾਂ ਕਰਨ ਦੇ ਭਾਵ ਹਨ, ਜਿਸ ਤੋਂ ਬਣੇ ਅਨੇਕਾਂ ਹਿੰਦ-ਯੂਰਪੀ, ਖਾਸ ਤੌਰ ਤੇ ਸਲਾਵਿਕ ਭਾਸ਼ਾਵਾਂ ਦੇ ਸ਼ਬਦ ਮਿਲਦੇ ਹਨ। ਸਭ ਵਿਚ ਇਕੱਠ, ਅੰਬਾਰ, ਸਮੂਹ, ਆਬਾਦੀ ਦੇ ਭਾਵ ਹਨ। ਯੂਕਰੇਨੀ ਭਾਸ਼ਾ ਵਿਚ ਹਰੋਮਅਦਅ ਸ਼ਬਦ ਹੈ, ਜਿਸ ਦਾ ਅਰਥ ਨਗਰਪਾਲਿਕਾ ਜਿਹਾ ਹੈ। ਕਈ ਇਰਾਨੀ ਭਾਸ਼ਾਵਾਂ ਜਿਵੇਂ ਪਾਰਥੀਅਨ, ਸੌਗਡੀਅਨ, ਨੂਰਿਸਤਾਨੀ, ਪਰਾਸੂਨੀ, ਵੈਗਾਲੀ ਵਿਚ ਮਿਲਦੇ-ਜੁਲਦੇ ਅਰਥਾਂ ਵਾਲੇ ਸ਼ਬਦ ਮੌਜੂਦ ਹਨ। ਅਜਿਤ ਵਡਨੇਰਕਰ ਨੇ ਆਪਟੇ ਦੇ ਸੰਸਕ੍ਰਿਤ ਕੋਸ਼ ਦੇ ਹਵਾਲੇ ਨਾਲ ਇਸ ਸ਼ਬਦ ਨੂੰ ਨਿਗਲਣ ਦੇ ਅਰਥਾਂ ਵਾਲੇ ‘ਗ੍ਰਾਸ’ ਸ਼ਬਦ ਨਾਲ ਜੋੜਿਆ ਹੈ ਪਰ ਉਸ ਦੀ ਵਿਆਖਿਆ ਤਸੱਲੀਬਖਸ਼ ਨਹੀਂ।
