ਭੁੱਖਮਰੀ ਨੂੰ ਹਥਿਆਰ ਬਣਾ ਕੇ ਵਰਤ ਰਹੀ ਹੈ ਇਜ਼ਰਾਇਲੀ ਹਕੂਮਤ

ਬੂਟਾ ਸਿੰਘ ਮਹਿਮੂਦਪੁਰ
ਫ਼ਲਸਤੀਨੀ ਜਥੇਬੰਦੀ ਹਮਾਸ ਦੇ 7 ਅਕਤੂਬਰ 2023 ਨੂੰ ਕੀਤੇ ਕਥਿਤ ਦਹਿਸ਼ਤਗਰਦ ਹਮਲੇ ਤੋਂ ਬਾਅਦ ਇਜ਼ਰਾਇਲੀ ਦਹਿਸ਼ਤਵਾਦੀ ਹਕੂਮਤ ਵੱਲੋਂ ਫ਼ਲਸਤੀਨੀ ਖੇਤਰਾਂ, ਖ਼ਾਸ ਕਰਕੇ ਗਾਜ਼ਾ ਪੱਟੀ ਵਿਚ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਲਗਾਤਾਰ ਜਾਰੀ ਹੈ। 2 ਮਈ ਨੂੰ ਕੀਤੇ ਗਏ ਹਮਲੇ ਵਿਚ 40 ਲੋਕ ਮਾਰੇ ਗਏ।

ਗਾਜ਼ਾ ਦੇ ਸਿਹਤ ਮੰਤਰਾਲੇ ਦੀ ਅਧਿਕਾਰਕ ਰਿਪੋਰਟ ਅਨੁਸਾਰ ਹੁਣ ਤੱਕ ਇਸ ਕਤਲੇਆਮ ਵਿਚ 52535 ਫ਼ਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ 118491 ਫੱਟੜ ਹਨ। ਇਹ ਗਿਣਤੀ ਆਏ ਦਿਨ ਵਧਦੀ ਜਾਂਦੀ ਹੈ। ਦਰ ਅਸਲ, 61700 ਤੋਂ ਵਧੇਰੇ ਲੋਕਾਂ ਦੇ ਮਾਰੇ ਜਾਣ ਦਾ ਅੰਦਾਜ਼ਾ ਹੈ ਕਿਉਂਕਿ ਕਈ ਹਜ਼ਾਰਾਂ ਲੋਕ ਲਾਪਤਾ ਹਨ ਜੋ ਮਲ਼ਬੇ ਹੇਠ ਦੱਬ ਕੇ ਮਾਰੇ ਗਏ ਹਨ। ਮ੍ਰਿਤਕਾਂ ਵਿਚ ਬਹੁਤ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ। ਇਨਸਾਨੀਅਤ ਵਿਰੁੱਧ ਇਸ ਘਿਣਾਉਣੇ ਜੁਰਮ ਨੂੰ ਫ਼ਲਸਤੀਨੀ ਦਹਿਸ਼ਤਵਾਦ ਵਿਰੁੱਧ ਯੁੱਧ ਦਾ ਨਾਂ ਦਿੱਤਾ ਗਿਆ ਹੈ ਅਤੇ ਹਮਲਿਆਂ ’ਚ ਹੋਰ ਤੇਜ਼ੀ ਲਿਆਉਣ ਲਈ ਇਜ਼ਰਾਇਲ ਵੱਲੋਂ 60000 ਹੋਰ ਰਾਖਵੀਂ ਫ਼ੌਜ ਸੱਦਣ ਦੇ ਸੰਕੇਤ ਦਿੱਤੇ ਜਾ ਰਹੇ ਹੈ। ਸੰਕੇਤ ਇਹ ਹੈ ਕਿ ਗਾਜ਼ਾ ਉੱਪਰ ਇਜ਼ਰਾਇਲੀ ਹਮਲਾ ਇਕ ਹੋਰ ਸਾਲ ਚੱਲ ਸਕਦਾ ਹੈ। ਹੋਰ ਜ਼ਿਆਦਾ ਫ਼ਲਸਤੀਨੀ ਖੇਤਰ ਹੜੱਪਣ ਲਈ ਅਤੇ ਹਮਲੇ ਨੂੰ ਲਮਕਾਉਣ ਲਈ ਇਜ਼ਰਾਇਲੀ ਪਸਾਰਵਾਦੀ ਸਟੇਟ ਕੋਈ ਵੀ ਬਹਾਨਾ ਘੜ ਸਕਦਾ ਹੈ।
ਜਦੋਂ ਮਨੁੱਖੀ ਇਤਿਹਾਸ ਦੇ ਸਭ ਤੋਂ ਭਿਆਨਕ ਕਤਲੇਆਮਾਂ ’ਚੋਂ ਇਕ ਨੂੰ ਅੰਜਾਮ ਦਿੱਤੇ ਜਾਣ ਦੇ ਦੌਰਾਨ ਇਜ਼ਰਾਇਲੀ ਰੀਅਲ ਅਸਟੇਟ ਡਿਵੈਲਪਰਜ਼, ਨੇਸੇਟ (ਪਾਰਲੀਮੈਂਟ) ਦੇ ਮੈਂਬਰ ਅਤੇ ਨਜਾਇਜ਼ ਬਸਤੀਆਂ ਦੇ ਅੰਦੋਲਨ ਦੇ ਆਗੂ ਖਾਲੀ ਕੀਤੇ ਗਏ, ਗਾਜ਼ਾ ਵਿਚ ਪੂੰਜੀ-ਨਿਵੇਸ਼ ਕਰਨ ਦੇ ਮੌਕਿਆਂ ਉੱਪਰ ਚਰਚਾ ਕਰਨ ਲਈ ਮੀਟਿੰਗਾਂ ਕਰਦੇ ਦੇਖੇ ਗਏ। ਜਦੋਂ ਫ਼ਲਸਤੀਨੀ ਭੁੱਖਮਰੀ ਨਾਲ ਮਰ ਰਹੇ ਹਨ ਅਤੇ ਲਾਸ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤਾਂ ਇਨ੍ਹਾਂ ਨਿਰਦਈ ਅਮੀਰਾਂ ਦੀ ਨਜ਼ਰ ਸਮੁੰਦਰੀ ਕੰਢੇ ਉੱਪਰ ਘੱਟ ਮੁੱਲ ’ਤੇ ਆਲੀਸ਼ਾਨ ਘਰ ਬਣਾ ਕੇ ਵੇਚਣ ਦਾ ਕਾਰੋਬਾਰ ਕਰਨ ‘ਤੇ ਟਿਕੀ ਹੋਈ ਹੈ। ਇਹ ਘਿਣਾਉਣੀ ਸੋਚ ਇਕੱਲੇ ਇਜ਼ਰਾਇਲੀ ਕਬਜ਼ੇਬਾਜ਼ਾਂ ਦੀ ਹੀ ਨਹੀਂ, ਅਮਰੀਕਨ ਕਾਰੋਬਾਰੀ ਵੀ ਇਸ ਵਿਚ ਸ਼ਾਮਲ ਹਨ। ਜਿਸਦਾ ਸਬੂਤ ਡੋਨਲਡ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਅਤੇ ਖ਼ੁਦ ਟਰੰਪ ਦੀਆਂ ਬੇਰਹਿਮ ਟਿੱਪਣੀਆਂ ਹਨ। ਇਕ ਉੱਘੇ ਕਾਲਮਨਵੀਸ ਨੇ ਲਿਖਿਆ ਹੈ ਕਿ ਕੋਈ ਕਲਪਨਾ ਵੀ ਐਨੀ ਨਿਰਦਈ ਨਹੀਂ ਹੋ ਸਕਦੀ, ਜਿੰਨੀ ਕਿ ਇਹ ਹਕੀਕਤ ਹੈ।
ਇਸ ਕਤਲੇਆਮ ਨੂੰ ਅਮਰੀਕਨ ਸਾਮਰਾਜੀ ਹਕੂਮਤ ਵੱਲੋਂ ਮਹਿਜ਼ ਸ਼ਹਿ ਅਤੇ ਸਰਪ੍ਰਸਤੀ ਹੀ ਨਹੀਂ ਦਿੱਤੀ ਜਾ ਰਹੀ, ਸਗੋਂ ਲਗਾਤਾਰ ਫ਼ੌਜੀ, ਵਿਤੀ ਅਤੇ ਹਰ ਤਰ੍ਹਾਂ ਦੀ ਮੱਦਦ ਵੀ ਦਿੱਤੀ ਜਾ ਰਹੀ ਹੈ। ਅਮਰੀਕਾ ਅਤੇ ਇਜ਼ਰਾਇਲ ਦੇ ਨਸਲਵਾਦੀ ਗੱਠਜੋੜ ਦਾ ਨਿਸ਼ਾਨਾ ਫ਼ਲਸਤੀਨੀ ਵਸੋਂ ਨੂੰ ਖ਼ਤਮ ਕਰਕੇ ਫ਼ਲਸਤੀਨ ਦੀ ਧਰਤੀ ਉੱਪਰ ਮੁਕੰਮਲ ਕਬਜ਼ਾ ਕਰਨਾ ਹੈ। ਇਹੀ ਵਜਾ੍ਹ ਹੈ ਕਿ ਅਮਰੀਕਾ ਦੇ ਥਾਪੜੇ ਨਾਲ ਇਜ਼ਰਾਇਲ ਵੱਲੋਂ ਸੰਯੁਕਤ ਰਾਸ਼ਟਰ ਦੇ ਮਤਿਆਂ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਗਾਜ਼ਾ ਨੂੰ ਖਾਣ-ਪੀਣ ਦੇ ਸਮਾਨ ਦੀ ਸਪਲਾਈ ਅਤੇ ਹੋਰ ਮੱਦਦ ਦੀ ਲਗਾਤਾਰ ਨਾਕਾਬੰਦੀ ਕਰਕੇ ਫ਼ਲਸਤੀਨੀਆਂ ਨੂੰ ਭੁੱਖ, ਕੁਪੋਸ਼ਣ ਅਤੇ ਬੀਮਾਰੀਆਂ ਨਾਲ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਉਦੇਸ਼ ਬਿਲਕੁਲ ਸਪਸ਼ਟ ਹੈ, ਜਵਾਨ ਉਮਰ ਦੇ ਲੋਕਾਂ ਨੂੰ ਬੰਬਾਰੀ ਨਾਲ ਖ਼ਤਮ ਕਰ ਦਿਓ ਅਤੇ ਗਰਭਵਤੀ ਮਾਵਾਂ ਤੇ ਬੱਚਿਆਂ ਨੂੰ ਭੁੱਖੇ-ਪਿਆਸੇ ਮਾਰਕੇ ਨਸਲਕੁਸ਼ੀ ਕਰ ਦਿਓ। ਇਜ਼ਰਾਇਲ ਨੇ 9 ਹਫ਼ਤਿਆਂ ਲਈ ਕੁਲ ਸਪਲਾਈ ਲਾਈਨ ਬੰਦ ਕੀਤੀ ਹੋਈ ਹੈ।
ਵਸੋਂ ਵਾਲੇ ਇਲਾਕਿਆਂ ਉੱਪਰ ਮਿੱਥ ਕੇ ਬੰਬਾਰੀ ਅਤੇ ਨਾਕਾਬੰਦੀ ਦੀ ਇਜ਼ਰਾਇਲੀ ਯੁੱਧਨੀਤੀ ਕਾਰਨ ਗਾਜ਼ਾ ਪੱਟੀ ਦੇ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਅਲ-ਜ਼ਜ਼ੀਰਾ ਦੀ ਰਿਪੋਰਟ ਅਨੁਸਾਰ ਇਸਦੇ ਸਿੱਟੇ ਵਜੋਂ 2.9 ਲੱਖ ਦੇ ਕਰੀਬ ਗਾਜ਼ਾ ਦੇ ਬੱਚੇ ‘ਮੌਤ ਦੇ ਕਿਨਾਰੇ’ ਪਹੁੰਚਾ ਦਿੱਤੇ ਗਏ ਹਨ। ਕੁਝ ਦਿਨ ਪਹਿਲਾਂ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਨੇ ਚੇਤਾਵਨੀ ਦਿੱਤੀ ਸੀ ਕਿ ਗਾਜ਼ਾ ਵਿਚ ਸਹਾਇਤਾ ਦਾ ਮਾਨਵਤਾਵਾਦੀ ਹੁੰਗਾਰਾ ‘ਮੁਕੰਮਲ ਖ਼ਤਮ ਹੋਣ ਦੇ ਕੰਢੇ ’ਤੇ ਹੈ’ ਅਤੇ ਸਥਿਤੀ ਨੂੰ ਹੋਰ ਵਿਗੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਨਹੀਂ ਦੇਣੀ ਚਾਹੀਦੀ।
ਗਾਜ਼ਾ ਸਰਕਾਰ ਦੇ ਮੀਡੀਆ ਦਫ਼ਤਰ (ਜੀਐੱਮਓ) ਨੇ ਕਿਹਾ ਹੈ ਕਿ ਪੰਜ ਸਾਲ ਦੀ ਉਮਰ ਤੋਂ ਘੱਟ ਉਮਰ ਦੇ ਲੱਗਭੱਗ 3,500 ਬੱਚਿਆਂ ਦੇ ਤੁਰੰਤ ਭੁੱਖ ਨਾਲ ਮਰਨ ਦਾ ਖ਼ਤਰਾ ਹੈ, ਜਦਕਿ ਲੱਗਭੱਗ 70,000 ਬੱਚੇ ਪੌਸ਼ਟਿਕਤਾ ਦੀ ਬੇਹੱਦ ਘਾਟ ਕਾਰਨ ਹਸਪਤਾਲਾਂ ‘ਚ ਦਾਖ਼ਲ ਹਨ। ਇਹ ਸਾਰੀ ਸਥਿਤੀ ਇਜ਼ਰਾਈਲ ਵੱਲੋਂ ਦੋ ਮਹੀਨੇ ਤੋਂ ਵੱਧ ਸਮੇਂ ਦੀ ਮੁਕੰਮਲ ਨਾਕਾਬੰਦੀ ਦੇ ਦੌਰਾਨ ਬਣੀ ਹੈ।
ਐਤਵਾਰ ਨੂੰ ਟੈਲੀਗ੍ਰਾਮ ‘ਤੇ ਜਾਰੀ ਬਿਆਨ ਵਿਚ ਜੀਐਮਓ ਨੇ ਕਿਹਾ, ‘ਇਸ ਸਿਲਸਿਲੇਵਾਰ ਨਾਕਾਬੰਦੀ ਤਹਿਤ ਪੰਜ ਸਾਲ ਤੋਂ ਘੱਟ ਉਮਰ ਦੇ 3,500 ਤੋਂ ਵੱਧ ਬੱਚੇ ਭੁੱਖ ਨਾਲ ਤੁਰੰਤ ਮਰਨ ਵਾਲੇ ਹਨ, ਜਦਕਿ ਲੱਗਭੱਗ 2.9 ਲੱਖ ਬੱਚੇ ਮੌਤ ਦੇ ਕਿਨਾਰੇ ਖੜੇ ਹਨ।’ ਬਿਆਨ ਵਿਚ ਅੱਗੇ ਕਿਹਾ ਗਿਆ, ‘ਇਕ ਸਮੇਂ ਜਦੋਂ 11 ਲੱਖ ਬੱਚਿਆਂ ਨੂੰ ਰੋਜ਼ਾਨਾ ਜੀਊਣ ਲਈ ਲੋੜੀਂਦੇ ਘੱਟੋ-ਘੱਟ ਪੌਸ਼ਟਿਕ ਤੱਤ ਨਹੀਂ ਮਿਲ ਰਹੇ, ਇਜ਼ਰਾਈਲੀ ਕਬਜ਼ੇ ਵਾਲੀ ਸਰਕਾਰ ਵੱਲੋਂ ਭੁੱਖ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ, ਜਦਕਿ ਅੰਤਰਰਾਸ਼ਟਰੀ ਚੁੱਪ ਸ਼ਰਮਨਾਕ ਹੈ।’
ਘੱਟੋ-ਘੱਟ 57 ਫਲੀਸਤੀਨੀ ਭੁੱਖ ਨਾਲ ਮਰ ਚੁੱਕੇ ਹਨ, ਜਿਸ ਨੇ ਆਲਮੀ ਪੱਧਰ ‘ਤੇ ਨਾਰਾਜ਼ਗੀ ਤਾਂ ਪੈਦਾ ਕੀਤੀ ਹੈ, ਪਰ ਇਹ ਇਜ਼ਰਾਈਲ ਨੂੰ 23 ਲੱਖ ਦੀ ਆਬਾਦੀ ਵਾਲੇ ਇਲਾਕੇ ਵਿਚ ਸਹਾਇਤਾ ਭੇਜੇ ਜਾਣ ਦੀ ਇਜਾਜ਼ਤ ਦੇਣ ਲਈ ਮਨਾਉਣ ਵਿਚ ਅਸਫ਼ਲ ਰਹੀ ਹੈ।
ਸਹਾਇਤਾ ਸੰਸਥਾਵਾਂ ਅਨੁਸਾਰ ਖਾਣੇ ਅਤੇ ਜ਼ਰੂਰੀ ਸਾਮੱਗਰੀ ਦੀ ਭਾਰੀ ਘਾਟ ਨੇ ਇਸ ਖੇਤਰ ਨੂੰ ਭੁੱਖਮਰੀ ਦੇ ਮੂੰਹ ’ਚ ਧੱਕ ਦਿੱਤਾ ਹੈ। ਭੁੱਖਮਰੀ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਅਤੇ ਸਮੱਗਰੀ ਮੁੱਕ ਗਈ ਹੈ ਜਾਂ ਮੁੱਕਣ ਦੇ ਕਿਨਾਰੇ ਹੈ, ਜਦਕਿ ਕੁਪੋਸ਼ਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿਹੜਾ ਥੋੜ੍ਹਾ ਬਹੁਤ ਖਾਣ-ਪੀਣ ਦਾ ਸਮਾਨ ਬਚਿਆ ਹੈ, ਉਹ ਅਕਸਰ ਏਨਾ ਮਹਿੰਗਾ ਹੈ ਕਿ ਜ਼ਿਆਦਾਤਰ ਗਾਜ਼ਾ ਵਾਸੀਆਂ ਲਈ ਖਰੀਦਣਾ ਹੀ ਵੱਸ ਤੋਂ ਬਾਹਰ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਇੱਥੋਂ ਦੀ 80 ਫ਼ੀਸਦੀ ਤੋਂ ਵੱਧ ਆਬਾਦੀ ਸਹਾਇਤਾ ‘ਤੇ ਨਿਰਭਰ ਹੈ।
ਸਹਾਇਤਾ ਸੰਸਥਾਵਾਂ ਅਤੇ ਮਾਨਵ ਅਧਿਕਾਰ ਜਥੇਬੰਦੀਆਂ ਦਾ ਇਹ ਦੋਸ਼ ਬੇਬੁਨਿਆਦ ਨਹੀਂ ਹੈ ਕਿ ਇਜ਼ਰਾਈਲ ਭੁੱਖ ਨੂੰ ਯੁੱਧ ਦੇ ਹਥਿਆਰ ਵਜੋਂ ਵਰਤ ਰਿਹਾ ਹੈ। ਇਜ਼ਰਾਈਲ ਵੱਲੋਂ ਨਾਕਾਬੰਦੀ ਨੂੰ ਜਾਇਜ਼ ਠਹਿਰਾਉਣ ਲਈ ਇਹ ਬਹਾਨਾ ਬਣਾਇਆ ਗਿਆ ਹੈ ਕਿ ਇਹ ਤਾਂ ਹਮਾਸ ‘ਤੇ ਦਬਾਅ ਬਣਾਉਣ ਲਈ ਲਗਾਈ ਗਈ ਹੈ ਤਾਂ ਜੋ ਉਹ ਆਪਣੇ ਕੋਲ ਕੈਦ ਵਿਅਕਤੀਆਂ ਨੂੰ ਰਿਹਾ ਕਰੇ। ਕਿਹਾ ਜਾਂਦਾ ਹੈ ਕਿ ਗਾਜ਼ਾ ‘ਚ ਹਾਲੇ ਵੀ 59 ਇਜ਼ਰਾਇਲੀ ਕੈਦ ਹਨ, ਜਿਨ੍ਹਾਂ ਵਿਚੋਂ 24 ਦੇ ਜਿਉਂਦਾ ਹੋਣ ਦੀ ਸੰਭਾਵਨਾ ਹੈ।
ਇਜ਼ਰਾਇਲੀ ਮੀਡੀਆ ਦੀਆਂ ਰਿਪੋਰਟਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਨੇਤਨਯਾਹੂ ਵੱਲੋਂ ਅਗਲੇ ਦਿਨਾਂ ’ਚ ਗਾਜ਼ਾ ਵਿਚ ਸਹਾਇਤਾ ਯਾਨੀ ਰਾਸ਼ਨ, ਦਵਾਈਆਂ ਅਤੇ ਹੋਰ ਸਮਾਨ ਵੰਡਣ ਦੀ ਨਵੀਂ ਯੋਜਨਾ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਜਿਸ ਵਿਚ ਪ੍ਰਾਈਵੇਟ ਠੇਕੇਦਾਰਾਂ ਨੂੰ ਸ਼ਾਮਲ ਕੀਤਾ ਜਾਣਾ ਹੈ ਅਤੇ ਇਸ ਖੇਤਰ ਦੇ ਦੱਖਣੀ ਹਿੱਸੇ ਵਿਚ ਕੁਝ ‘ਹੱਬ’ ਬਣਾਏ ਜਾਣਗੇ। ਇਹ ਇਜ਼ਰਾਇਲੀ ਹਕੂਮਤ ਦੀ ਇਕ ਹੋਰ ਦੁਸ਼ਟ ਕਾਰਵਾਈ ਹੈ, ਜਿਸ ਵੱਲੋਂ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਭੇਜੀ ਜਾ ਰਹੀ ਮਾਨਵਤਾਵਾਦੀ ਸਹਾਇਤਾ ਦੀ ਤਾਂ ਨਾਕਾਬੰਦੀ ਕੀਤੀ ਹੋਈ ਹੈ, ਅਤੇ ਨਾਕਾਬੰਦੀ ਨੂੰ ਹੁਣ ਨਵੀਂ ਯੋਜਨਾ ਦੇ ਪਰਦੇ ਹੇਠ ਜਾਰੀ ਰੱਖਿਆ ਜਾਵੇਗਾ। ਇਹ ਯੋਜਨਾ ਮਹਿਜ਼ ਦੁਨੀਆ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਹੈ।
ਇਸ ਮਹੀਨੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਾਊਦੀ ਅਰਬ, ਯੂਏਈ ਅਤੇ ਕਤਰ ਦਾ ਦੌਰਾ ਕਰਨ ਦੀਆਂ ਕੰਨਸੋਆਂ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਉਸ ਵੱਲੋਂ ਇਜ਼ਰਾਇਲ ਉੱਪਰ ਨਾਕਾਬੰਦੀ ਵਿਚ ਕੁਝ ਢਿੱਲ ਦੇਣ ਲਈ ਦਬਾਅ ਪਾਇਆ ਜਾ ਸਕਦਾ ਹੈ। ਇਕ ਹਫ਼ਤਾ ਪਹਿਲਾਂ ਹੀ ਉਸਨੇ ਨੇਤਨਯਾਹੂ ਨੂੰ ਕਿਹਾ ਸੀ ਕਿ ‘ਗਾਜ਼ਾ ਲਈ ਚੰਗੇ ਬਣੋ।’
ਜਦੋਂ ਤੱਕ ਦੁਨੀਆ ਦੇ ਲੋਕ ਅਮਰੀਕਨ ਸਾਮਰਾਜੀ ਚਾਲਾਂ ਅਤੇ ਇਜ਼ਰਾਇਲੀ ਦਹਿਸ਼ਤਵਾਦ ਨਾਲ ਇਸਦੇ ਮਾਨਵਤਾ ਵਿਰੋਧੀ ਗੱਠਜੋੜ ਦੀ ਅਸਲੀਅਤ ਨੂੰ ਨਹੀਂ ਸਮਝਦੇ ਅਤੇ ਇਸ ਗੱਠਜੋੜ ਵਿਰੁੱਧ ਡੱਟ ਕੇ ਨਹੀਂ ਲੜਦੇ, ਮਜ਼ਲੂਮ ਫ਼ਲਸਤੀਨੀਆਂ ਦੀ ਨਸਲਕੁਸ਼ੀ ਇਸੇ ਤਰ੍ਹਾਂ ਚੱਲਦੀ ਰਹੇਗੀ ਅਤੇ ਉਹ ਸ਼ਰਮਨਾਕ ਚੁੱਪ ਵੀ ਬਣੀ ਰਹੇਗੀ, ਜਿਸਦਾ ਜ਼ਿਕਰ ਗਾਜ਼ਾ ਦੇ ਜੀਐੱਮਓ ਨੇ ਆਪਣੇ ਬਿਆਨ ਵਿਚ ਕੀਤਾ ਹੈ।