ਪਾਕਿਸਤਾਨ ਨੇ ਮੁੜ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਨਵੀਂ ਦਿੱਲੀ:ਪਾਕਿਸਤਾਨ ਦਾ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਮੁੜ ਸਾਹਮਣੇ ਆਇਆ ਹੈ। ਐਤਵਾਰ ਨੂੰ ਪਾਕਿਸਤਾਨ ਵੱਲੋਂ ਭਾਰਤ ਖ਼ਿਲਾਫ਼ ਪਰਮਾਣੂ ਹਮਲੇ ਦੀ ਸਿੱਧੀ ਧਮਕੀ ਦਿੱਤੀ ਗਈ। ਇਹ ਧਮਕੀ ਸ਼ਹਿਬਾਜ਼ ਸ਼ਰੀਫ਼ ਸਰਕਾਰ ‘ਚ ਰੇਲ ਮੰਤਰੀ ਹਨੀਫ ਅੱਬਾਸੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਪਰਮਾਣੂ ਹਥਿਆਰ

ਤੇ ਸ਼ਾਹੀਨ ਵਰਗੀਆਂ ਮਿਜ਼ਾਈਲਾਂ ਸਜਾ ਕੇ ਰੱਖਣ ਲਈ ਨਹੀਂ ਬਣਾਈਆਂ ਸਗੋਂ ਇਨ੍ਹਾਂ ਨੂੰ ਭਾਰਤ ਖ਼ਿਲਾਫ਼ ਵਰਤਣ ਲਈ ਹੀ ਤਿਆਰ ਕੀਤਾ ਹੈ। ਭਾਰਤ ਨੇ ਇਸ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਪਰ ਸਰਕਾਰੀ ਸੂਰਤ ਇਸ ਨੂੰ ਪਾਕਿਸਤਾਨ ਵੱਲੋਂ ਬੁਖਲਾਹਟ ‘ਚ ਦਿੱਤਾ ਗਿਆ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦੱਸ ਰਹੇ ਹਨ। ਪਾਕਿਸਤਾਨ ਦਾ ਅਜਿਹਾ ਬਿਆਨ ਉਸ ਨੂੰ ਹੀ ਕਟਹਿਰੇ ‘ਚ ਖੜ੍ਹਾ ਕਰਦਾ ਹੈ ਕਿਉਂਕਿ ਦੁਨੀਆ ਉਸ ਦਾ ਵਿਹਾਰ ਦੇਖ ਰਹੀ ਹੈ। ਭਾਰਤ ਪਹਿਲਾਂ ਵੀ ਪਾਕਿਸਤਾਨ ਦੀ ਅੰਦਰੂਨੀ ਅਸਥਿਰਤਾ ਨੂੰ ਦੇਖਦੇ ਹੋਏ ਉੱਥੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟਾ ਚੁੱਕਾ ਹੈ। ਕਈ ਕੌਮਾਂਤਰੀ ਮਾਹਰਾਂ ਨੇ ਵੀ ਪਿਛਲੇ ਸਮੇਂ ਦੌਰਾਨ ਪਾਕਿਸਤਾਨ ‘ਚ ਪਰਮਾਣੂ ਹਥਿਆਰਾਂ ਦੇ ਅੱਤਵਾਦੀਆਂ ਹੱਥ ਲੱਗਣ ਦੀ ਸੰਭਾਵਨਾ ਪ੍ਰਗਟਾਈ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਜੇ ਉਸ ਦੇ ਦੇਸ਼ ‘ਚ ਆਉਣ ਵਾਲਾ ਪਾਣੀ ਰੋਕਿਆ ਗਿਆ ਤਾਂ ਉਹ ਇਸ ਨੂੰ ਜੰਗ ਹੀ ਮੰਨੇਗਾ। ਇਸੇ ਸੰਦਰਭ ‘ਚ ਪਾਕਿਸਤਾਨ ਦੇ ਰੇਲ ਮੰਤਰੀ ਅੱਬਾਸੀ ਨੇ ਕਿਹਾ, ‘ਸਾਡਾ ਪਾਣੀ ਬੰਦ ਕਰੋਗੇ ਤਾਂ ਜੰਗ ਲਈ ਤਿਆਰ ਹੋ ਜਾਓ। ਇਹ ਗੌਰੀ, ਸ਼ਾਹੀਨ ਤੇ ਗਜ਼ਨਵੀ ਮਿਜ਼ਾਈਲਾਂ ਚੌਕਾਂ ‘ਚ ਸਜਾਉਣ ਲਈ ਨਹੀਂ ਹਨ।
ਅਸੀਂ ਇਹ ਹਿੰਦੁਸਤਾਨ ਲਈ ਰੱਖੀਆਂ ਹਨ। ਸਾਡੇ ਕੋਲ 130 ਪਰਮਾਣੂ ਹਥਿਆਰ ਹਨ, ਉਨ੍ਹਾਂ ਨੂੰ ਅਸੀਂ ਸਿਰਫ਼ ਮਾਡਲ ਵਜੋਂ ਨਹੀਂ ਬਣਾਇਆ। ਤੁਹਾਨੂੰ ਪਤਾ ਹੀ ਨਹੀਂ ਕਿ ਪਾਕਿਸਤਾਨ ‘ਚ ਅਸੀਂ ਇਨ੍ਹਾਂ ਨੂੰ ਕਿੱਥੇ-ਕਿੱਥੇ ਛੁਪਾ ਕੇ ਰੱਖਿਆ ਹੈ। ਮੈਂ ਦੁਹਰਾਉਂਦਾ ਹਾਂ ਕਿ ਇਹ ਜਿਹੜੀਆਂ ਬੈਲਿਸਟਿਕ ਮਿਜ਼ਾਈਲਾਂ ਹਨ, ਇਹ ਜਿਹੜੀਆਂ ਕਰੂਜ਼ ਮਿਜ਼ਾਈਲਾਂ ਹਨ, ਇਹ ਜਿਹੜੀਆਂ ਸ਼ਾਹੀਨ (ਪਾਕਿਸਤਾਨ ਦੀ ਮਿਜ਼ਾਈਲ) ਹਨ, ਇਨ੍ਹਾਂ ਦਾ ਮੂੰਹ ਭਾਰਤ ਵੱਲ ਹੀ ਹੈ, ਕਿਸੇ ਹੋਰ ਵੱਲ ਨਹੀਂ।