ਸ੍ਰੀਨਗਰ:ਪਹਿਲਗਾਮ ਕਤਲੇਆਮ ਤੋਂ ਬਾਅਦ ਹੁਣ ਸੁਰੱਖਿਆ ਬਲ ਨੇ ਅੱਤਵਾਦ ‘ਤੇ ਚੌਤਰਫ਼ਾ ਹਮਲਾ ਸ਼ੁਰੂ ਕਰ ਦਿੱਤਾ ਹੈ। ਦੱਖਣੀ ਕਸ਼ਮੀਰ ‘ਚ ਵੱਖ-ਵੱਖ ਖੇਤਰਾਂ ‘ਚ ਅੱਤਵਾਦੀਆਂ ਦੇ ਸਫ਼ਾਏ ਲਈ ਮੁਹਿੰਮ ਜਾਰੀ ਹੈ। ਆਪਣੀ ਤਰ੍ਹਾਂ ਦੀ ਪਹਿਲੀ ਕਾਰਵਾਈ ‘ਚ ਸ਼ੁੱਕਰਵਾਰ ਨੂੰ ਪਹਿਲਗਾਮ ਹਮਲੇ ‘ਚ ਸ਼ਾਮਲ ਦੋਵਾ ਸਥਾਨਕ ਅੱਤਵਾਦੀਆਂ ਆਦਿਲ ਠੋਕਰ ਉਰਫ਼ ਆਦਿਲ ਗੁਰੀ ਤੇ ਅਹਿਸਾਮਨ ਅਹਿਮਦ ਸ਼ੇਖ ਸਮੇਤ ਲਸ਼ਕਰ ਦੇ ਤਿੰਨ ਅੱਤਵਾਦੀਆਂ ਦੇ ਮਕਾਨ ਧਮਾਕੇ ਨਾਲ ਉਡਾ ਦਿੱਤੇ ਗਏ।
ਤੀਜਾ ਅੱਤਵਾਦੀ ਹਾਰਿਸ ਨਜ਼ੀਰ ਵੀ ਸੂਚੀਬੱਧ ਅੱਤਵਾਦੀਆਂ ਦੀ ਸੂਚੀ ‘ਚ ਹੈ। ਇਕ ਹੋਰ ਘਟਨਾ ਚੱਕਰ ‘ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਆਸਿਫ਼ ਸ਼ੇਖ ਦਾ ਤਾਲ ਸਥਿਤ ਘਰ ਵੀ ਇਕ ਆਈਈਡੀ ਧਮਾਕੇ ‘ਚ ਨਸ਼ਟ ਹੋ ਗਿਆ ਤੇ ਉਸ ਦੌਰਾਨ ਤਲਾਸ਼ੀ ਲੈਣ ਗਿਆ ਦਲ ਧਮਾਕੇ ‘ਚ ਵਾਲ-ਵਾਲ ਬਚ ਗਿਆ। ਉੱਥੇ ਹੀ ਪਹਿਲਗਾਮ ‘ਚ 200 ਘੋੜੇ ਵਾਲਿਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ।
ਪਹਿਲਗਾਮ ਹਮਲੇ ਨੂੰ ਅੰਜਾਮ ਦੇਣ ‘ਚ ਅਨੰਤਨਾਗ ਦੇ ਬਿਜਬਿਹਾੜਾ ਵਾਸੀ ਅੱਤਵਾਦੀ ਆਦਿਲ ਠੋਕਰ ਤੇ ਪੁਲਵਾਮਾ ਦੇ ਮੁਰਨ ਵਾਸੀ ਅਹਿਸਾਨ ਅਹਿਮਦ ਸ਼ੇਖ ਸਮੇਤ ਤਿੰਨ ਪਾਕਿਸਤਾਨੀ ਅੱਤਵਾਦੀ ਸ਼ਾਮਲ ਦੱਸੇ ਜਾ ਰਹੇ ਹਨ। ਸ਼ੁੱਕਰਵਾਰ ਤੜਕੇ ਤੋਂ ਲੈ ਕੇ ਦੇਰ ਸ਼ਾਮ ਤੱਕ ਇਹੀ ਕਾਰਵਾਈ ਹੋਈ। ਇਸੇ ਤਰ੍ਹਾਂ ਪੁਲਵਾਮਾ ‘ਚ ਹੀ ਲਸ਼ਕਰ ਦੇਇਕ ਹੋਰ ਅੱਤਵਾਦੀ ਹਾਰਿਸ ਨਜੀਰ ਦੀ ਰਿਹਾਇਸ਼ ਨੂੰ ਤਬਾਹ ਕੀਤਾ ਗਿਆ। ਹਾਰਿਸ 24 ਜੂਨ 2023 ਨੂੰ ਅੱਤਵਾਦੀ ਬਣਿਆ ਸੀ ਤੇ ਜੰਮੂ ਕਸ਼ਮਿਰ ਦੇ ਸੂਚੀਬੱਧ ਅੱਤਵਾਦੀਆਂ ਦੀ ਸ਼੍ਰੇਣੀ ‘ਚ ਹੈ।
ਸੂਤਰਾਂ ਨੇ ਦੱਸਿਆ ਕਿ 22 ਅਪ੍ਰੈਲ ਨੂੰ ਹੋਏ ਪਹਿਲਗਾਮ ਕਤਲੇਆਮ ‘ਚ ਆਦਿਲ ਹੁਸੈਨ ਠੋਕਰ ਉਰਫ਼ ਆਦਿਲ ਗੁਰੀ ਵੀ ਸ਼ਾਮਲ ਸੀ। ਉਹ ਸਾਲ 2018 ‘ਚ ਅੰਮ੍ਰਿਤਸਰ ਦੇ ਅਟਾਰੀ ਵਾਹਗਾ ਦੇ ਰਸਤੇ ਤੋਂ ਜਾਇਜ਼ ਵੀਜ਼ੇ ਦੇ ਆਧਾਰ ‘ਤੇ ਪਾਕਿਸਤਾਨ ਗਿਆ ਸੀ। ਉਸ ਤੋਂ ਬਾਅਦ ਉਸ ਦਾ ਸੁਰਾਗ ਨਹੀਂ ਮਿਲਿਆ। ਸਮਝਿਆ ਜਾਂਦਾ ਹੈ ਕਿ ਉਹ ਸੱਤ ਮਹੀਨੇ ਪਹਿਲਾਂ ਕੁਝ ਅੱਤਵਾਦੀਆਂ ਨਾਲ ਕਸ਼ਮੀਰ ‘ਚ ਘੁਸਪੈਠ ਕਰ ਕੇ ਪਹੁੰਚਿਆ ਸੀ। ਉਹ ਦੱਖਣੀ ਕਸ਼ਮੀਰ ‘ਚ ਹੀ ਸਰਗਰਮ ਹੈ। ਹਮਲੇ ਤੋਂ ਬਾਅਦ ਚਸ਼ਮਦੀਦਾਂ ਨੇ ਜਿਨ੍ਹਾਂ ਅੱਤਵਾਦੀਆਂ ਦਾ ਹੁਲੀਆ ਦੱਸਿਆ ਹੈ, ਉਨ੍ਹਾਂ ‘ਚ ਆਦਿਲ ਵੀ ਹੈ। ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਫੜਨ ਲਈ ਸੁਰੱਖਿਆ ਦਸਤਿਆਂ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੇਰ ਰਾਤ ਗਏ ਸੁਰੱਖਿਆ ਦਸਤਿਆਂ ਦੇ ਇਕ ਦਲ ਨੇ ਕਥਿਤ ਤੌਰ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਕਾਨ ਤੋਂ ਬਾਹਰ ਜਾਣ ਲਈ ਕਿਹਾ। ਇਸ ਤੋਂ ਬਾਅਦ ਉਸ ਦੇ ਮਕਾਨ ਨੂੰ ਧਮਾਕੇ ਨਾਲ ਢਾਹ ਦਿੱਤਾ। ਹਮਲੇ ‘ਚ ਸ਼ਾਮਲ ਪੁਲਵਾਮਾ ਵਾਸੀ ਲਸ਼ਕਰ ਅੱਤਵਾਦੀ ਅਹਿਸਾਨ ਅਹਿਮਦ ਸੇਖ ਵੀ ਕੁਝ ਸਾਲ ਪਹਿਲਾਂ ਵੀਜ਼ੇ ਲੈ ਕੇ ਪਾਕਿਸਤਾਨ ਗਿਆ ਸੀ ਤੇ ਫਿਰ ਲਸ਼ਕਰ ਨਾਲ ਜੁੜ ਗਿਆ।
ਦੂਜੇ ਪਾਸੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਆਸਿਫ਼ ਸੇਖ ਦੇ ਤ੍ਰਾਲ ਦੇ ਹੀਪੋਰਾ ਸਥਿਤ ਘਰ ‘ਚ ਤਲਾਸ਼ੀ ਲੈਣ ਗਿਆ ਪੁਲਿਸ ਦਲ ਉੱਥੇ ਰੱਖੀ ਇਕ ਆਈਈਡੀ ਦੇ ਧਮਾਕੇ ‘ਚ ਵਾਲ-ਵਾਲ ਥਚ ਗਿਆ, ਪਰ ਮਕਾਨ ਨਸ਼ਟ ਹੋ ਗਿਆ। ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਦਾ ਘੇਰਾ ਅਨੰਤਨਾਗ ਤੇ ਕੁਲਗਾਮ ਤੋਂ ਅੱਗੇ ਵਧਦੇ ਹੋਏ ਸ਼ੋਪੀਆਂ ਤੱਕ ਪੁੱਜ ਗਿਆ ਹੈ। ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਏਜੰਸੀਆਂ ਨੇ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ।
ਬੈਸਰਨ (ਪਹਿਲਗਾਮ) ਦੇ ਉੱਪਰੀ ਹਿੱਸਿਆਂ ਤੋਂ ਇਲਾਵਾ ਆਡੂ ਘਾਟੀ ਨੂੰ ਤਰਾਲ ਨਾਲ ਜੋੜਨ ਵਾਲੇ ਪਹਾੜੀ ਰਸਤਿਆਂ ਤੇ ਕੋਕਰਨਾਗ ਦੇ ਉੱਪਰੀ ਹਿੱਸਿਆਂ ‘ਚ ਫ਼ੌਜ ਦੇ ਨੀਮ ਕਮਾਂਡੋ ਦੇ ਅਲੱਗ-ਅਲੱਗ ਦਸਤੇ ਵੀ ਤਲਾਸ਼ੀ ਕਾਰਵਾਈ ਲਈ ਉਤਾਰੇ ਗਏ ਹਨ। ਕੁਲਗਾਮ ਤੇ ਸ਼ੋਪੀਆਂ ‘ਚ 25 ਸਾਬਕਾ ਅੱਤਵਾਦੀਆਂ ਤੇ ਓਵਰਗਰਾਊਂਡ ਵਰਕਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਹੈ।
—
