ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਮੋਦੀ ਵਲੋਂ ਫ਼ੌਜਾਂ ਨੂੰ ਖੁਲ੍ਹੀ ਛੁੱਟੀ

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਲਈ ਦੇਸ਼ ਦੀਆਂ ਤਿੰਨਾਂ ਫ਼ੌਜਾਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ। ਇਸ ਹਮਲੇ ‘ਚ 26 ਬੇਕਸੂਰ ਨਾਗਰਿਕਾਂ ਦੀ ਹੱਤਿਆ ਤੋਂ ਬਾਅਦ ਦੇਸ਼ ‘ਚ ਪੈਦਾ ਗੁੱਸੇ ਦਰਮਿਆਨ, ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੇ ਰੱਖਿਆ

ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਅਨਿਲ ਚੌਹਾਨ ਤੇ ਤਿੰਨਾਂ ਫ਼ੌਜਾਂ ਦੇ ਮੁਖੀਆਂ ਨਾਲ ਇਕ ਉੱਚ ਪੱਧਰੀ ਬੈਠਕ ਕੀਤੀ। ਇਸ ਵਿਚ ਮੋਦੀ ਨੇ ਫ਼ੌਜੀ ਦਸਤਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਦੀ ਹਰੀ ਝੰਡੀ ਦੇ ਦਿੱਤੀ। ਭਾਰਤੀ ਫ਼ੌਜ ਹੁਣ ਕਾਰਵਾਈ ਦਾ ਸਮਾਂ ਤੇ ਟਾਰਗੈਟ ਆਪਣੇ ਹਿਸਾਬ ਨਾਲ ਤੈਅ ਕਰੇਗੀ। ਕੇਂਦਰ ਸਰਕਾਰ ਦੇ ਸੂਤਰਾਂ ਨੇ ਬੈਠਕ ਤੋਂ ਬਾਅਦ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਇਸ ਉੱਚ ਪੱਧਰੀ ਰਣਨੀਤਿਕ ਬੈਠਕ ‘ਚ ਦੇਸ਼ ਦੀਆਂ ਫ਼ੌਜਾਂ ਦੀ ਸਮਰੱਥਾ ‘ਚ ਸੰਪੂਰਨ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਅੱਤਵਾਦ ਨੂੰ ਕਰਾਰਾ ਜਵਾਬ ਦੇਣਾ ਸਾਡਾ ਦ੍ਰਿੜ੍ਹ ਰਾਸ਼ਟਰੀ ਸੰਕਲਪ ਹੈ।
ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਸਬੰਧ ‘ਚ ਕਾਰਵਾਈ ਕੀਤੇ ਜਾਣ ਦੇ ਬਦਲਾਂ ‘ਤੇ ਫ਼ੌਜੀ ਅਫਸਰਾਂ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਸਾਡੀ ਜਵਾਬੀ ਕਾਰਵਾਈ ਦਾ ਤਰੀਕਾ ਕੀ ਹੋਵੇ, ਇਸ ਦੇ ਟਾਰਗੈਟ ਕੌਣ ਹੋਣ ਤੇ ਇਸ ਦਾ ਸਮਾਂ ਕੀ ਹੋਵੇ, ਇਸ ਤਰ੍ਹਾਂ ਦੇ ਆਪ੍ਰੇਸ਼ਨਲ ਫ਼ੈਸਲੇ ਲੈਣ ਲਈ ਫ਼ੌਜੀ ਦਸਤਿਆਂ ਨੂੰ ਖੁੱਲ੍ਹੀ ਛੋਟ ਹੈ। ਮੋਦੀ ਨੇ ਕਿਹਾ ਕਿ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਬਗ਼ੈਰ ਕਿਸੇ ਕੀਮਤ ‘ਤੇ ਨਹੀਂ ਛੱਡਾਂਗੇ, ਬੇਸ਼ੱਕ ਉਹ ਕਿਤੇ ਵੀ ਹੋਣ। ਉਨ੍ਹਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਵੀ ਸਖ਼ਤ ਸਜ਼ਾ ਦਿੱਤੀ ਜਾਵੇਗੀ।