ਨਵੀਂ ਦਿੱਲੀ:ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਫ਼ੌਜੀ ਕਾਰਵਾਈ ਦੇ ਖ਼ਦਸ਼ੇ ਨੂੰ ਦੇਖਦਿਆਂ ਪਾਕਿਸਤਾਨ ‘ਚ ਤਰੱਥਲੀ ਮਚ ਗਈ ਹੈ। ਪਾਕਸਿਤਾਨ ਨੇ ਅੱਤਵਾਦੀਆਂ ਨੂੰ ਮਕਬੂਜ਼ਾ ਜੰਮੂ-ਕਸ਼ਮੀਰ (ਪੀਓਜੇਕੇ) ਦੇ ਲਾਂਚ ਪੈਡ ਤੋਂ ਹਟਾ ਕੇ ਸੁਰੱਖਿਅਤ ਟਿਕਾਣਿਆਂ ‘ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਹਾਵਲਪੁਰ ‘ਚ ਜੈਸ਼-ਏ-ਮੁਹੰਮਦ ਤੇ ਮੁਨੀਰਕੇ ‘ਚ ਲਸ਼ਕਰ-ਏ-ਤਇਬਾ ਦੇ ਹੈੱਡਕੁਆਰਟਰ ਤੋਂ ਵੀ ਅੱਤਵਾਦੀਆਂ ਨੂੰ ਹਟਾਇਆ ਜਾ ਰਿਹਾ ਹੈ। ਸਰਜੀਕਲ ਤੇ ਏਅਰ ਸਟ੍ਰਾਈਕ ਨੂੰ ਦੇਖਦਿਆਂ ਪਾਕਿਸਤਾਨ ਨੂੰ ਸਭਤੋਂ ਵੱਡੀ ਚਿੰਤਾ ਅੱਤਵਾਦੀਆਂ ਨੂੰ ਬਚਾਉਣ ਦੀ ਹੈ।
ਭਾਰਤੀ ਸੁਰੱਖਿਆ ਏਜੰਸੀਆਂ ਮੁਤਾਬਕ, ਪਹਿਲਗਾਮ ਅੱਤਵਾਦੀ ਹਮਲੇ ਸਮੇਂ ਵੀ ਪੀਓਜੇਕੇ ‘ਚ ਅੱਤਵਾਦੀਆਂ ਦੇ ਕੁਲ.42 ਲਾਂਚ ਪੈਡ, ਸਰਗਰਮ ਸਨ ਤੇ ਉੱਥੋਂ 130 ਤੋਂ ਵੱਧ ਅੱਤਵਾਦੀ ਠਹਿਰੇ ਹੋਏ ਸਨ। ਇਨ੍ਹਾਂ ਲਾਂਚ ਪੈਡ ਤੋਂ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਭੇਜਿਆ ਜਾਂਦਾ ਸੀ। ਪਹਿਲਗਾਮ ‘ਚ ਹਮਲਾ ਕਰਨ ਵਾਲੇ ਅੱਤਵਾਦੀ ਇਨ੍ਹਾਂ ਹੀ ਲਾਂਚ ਪੈਡਾ ਤੋਂ ਭਾਰਤ ‘ਚ ਵੜੇ ਸਨ। ਅੱਤਵਾਦੀਆਂ ਦੇ ਇਹ ਲਾਂਚ ਪੈਡ ਪਾਕਿਸਤਾਨੀ ਫ਼ੌਜ ਦੀ ਨਿਗਰਾਨੀ ‘ਚ ਚੱਲਦੇ ਹਨ ਤੇ ਉੱਥੋਂ ਉਨ੍ਹਾਂ ਨੂੰ ਜੰਮੂ-ਕਸ਼ਮੀਰ ‘ਚ ਘੁਸਪੈਠ ਕਰਨ ‘ਚ ਮਦਦ ਕਰਦੀ ਹੈ। ਪਾਕਿਸਤਾਨੀ ਫ਼ੌਜ ਜ਼ਰੂਰਤ ਪੈਣ ‘ਤੇ ਭਾਰਤੀ ਸੁਰੱਖਿਆ ਬਲਾਂ ਦਾ ਧਿਆਨ ਭਟਕਾਉਣ ਲਈ ਫਾਇਰਿੰਗ ਵੀ ਕਰਦੀ ਹੈ। ਪਰ ਭਾਰਤ ਵੱਲੋਂ ਹਮਲੇ ਦੇ ਖ਼ਦਸ਼ੇ ਨੂੰ ਦੇਖਦਿਆਂ ਸਾਰੇ ਲਾਂਚ ਪੈਡ ਖਾਲੀ ਕਰਵਾਏ ਜਾ ਰਹੇ ਹਨ ਤੇ ਅੱਤਵਾਦੀਆਂ ਨੂੰ ਸੁਰੱਖਿਅਤ’ ਟਿਕਾਣਿਆਂ ‘ਤੇ ਪਹੁੰਚਾਇਆ ਜਾ ਰਿਹਾ ਹੈ।
ਪੀਓਜੇਕੇ ਸਥਿਤ ਲਾਂਚ ਪੈਡ ਨਾਲ ਬਹਾਵਲਪੁਰ ਤੇ ਮੁਨੀਰਕੇ ‘ਚ ਰਹਿ ਰਹੇ ਅੱਤਵਾਦੀਆਂ ਤੇ ਉਨ੍ਹਾਂ ਦੇ ਆਕਾਵਾਂ ਨੂੰ ਹਟਾ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਭਾਰਤੀ ਸੁਰੱਖਿਆ ਏਜੰਸੀਆਂ ਕੋਲ ਅੱਤਵਾਦੀਆਂ ਨੂੰ ਹਟਾਉਣ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਠੋਸ ਜਾਣਕਾਰੀ ਹੈ। 2016 ‘ਚ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਹੋਏ ਸਰਜੀਕਲ ਸਟ੍ਰਾਈਕ ‘ਚ ਭਾਰਤੀ ਫ਼ੌਜ ਨੇ ਪੀਓਜੇਕੇ ਸਥਿਤ ਅੱਤਵਾਦੀਆਂ ਦੇ ਲਾਂਚ ਪੈਡ ਨੂੰ ਨਿਸ਼ਾਨਾ ਬਣਾਇਆ ਸੀ ਤੇ ਸੈਂਕੜੇ ਅੱਤਵਾਦੀਆਂ ਨੂੰ ਢੇਰ ਕਰ ਕੇ ਭਾਰਤੀ ਫ਼ੌਜੀ ਸੁਰੱਖਿਅਤ ਪਰਤ ਆਏ ਸਨ। 2019 ‘ਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਨੂੰ ਭਾਰਤ ਵੱਲੋਂ ਪੀਓਜੇਕੇ ‘ਚ ਅੱਤਵਾਦੀ ਕੈਂਪਾਂ ‘ਤੇ ਹਮਲੇ ਦਾ ਖ਼ਦਸ਼ਾ ਸੀ ਤੇ ਉਸ ਨੇ ਪਹਿਲਾਂ ਹੀ ਅੱਤਵਾਦੀਆਂ ਨੂੰ ਉੱਥੋਂ ਹਟਾ ਕੇ ਪਾਕਿਸਤਾਨ ਸਰਹੱਦ ਦੇ ਅੰਦਰ ਬਾਲਾਕੋਟ ਦੇ ਅੱਤਵਾਦੀ ਸਿਖਲਾਈ ਕੈਂਪ ‘ਚ ਪਹੁੰਚਾ ਦਿੱਤਾ ਸੀ।
