ਸ੍ਰੀਨਗਰ:ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨੇ ਮੰਗਲਵਾਰ ਨੂੰ ਮਸ਼ਹੂਰ ਸੈਰ ਸਪਾਟਾ ਕੇਂਦਰ ਪਹਿਲਗਾਮ ਦੇ ਬੈਸਰਨ ਇਲਾਕੇ ‘ਚ ਸੈਲਾਨੀਆਂ ‘ਤੇ ਬਹੁਤ ਨੇੜਿਓਂ ਗੋਲ਼ੀਆਂ ਮਾਰੀਆਂ। ਇਸ ‘ਚ 28 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਮ੍ਰਿਤਕਾਂ ‘ਚ ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਨੇਪਾਲ ਦੇ ਦੋ ਵਿਦੇਸ਼ੀ ਸੈਲਾਨੀ ਵੀ ਸ਼ਾਮਿਲ ਹਨ,ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਸੈਲਾਨੀ ਤੇ ਸਥਾਨਕ ਲੋਕ ਵੀ ਸ਼ਾਮਿਲ ਹਨ। ਪਿਛਲੇ ਢਾਈ ਦਹਾਕਿਆਂ ‘ਚ ਇਹ ਕਸ਼ਮੀਰ ‘ਚ ਸੈਲਾਨੀਆਂ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਹਮਲੇ ਤੋਂ ਬਾਅਦ ਫ਼ਰਾਰ ਹੋਏ ਅੱਤਵਾਦੀਆਂ ਨੂੰ ਢੇਰ ਕਰਨ ਲਈ ਸੁਰੱਖਿਆ ਬਲਾਂ ਨੇ ਵੱਡੀ ਮੁਹਿੰਮ ਛੇੜ ਦਿੱਤੀ ਹੈ। ਹੈਲੀਕਾਪਟਰ ਰਾਹੀਂ ਇਲਾਕੇ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਕਸ਼ਮੀਰ ‘ਚ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਅਮਰੀਕੀ ਰਾਸ਼ਟਰਪਤੀ ਜੇਡੀ ਵੇਂਸ ਭਾਰਤ ਦੇ ਦੌਰੇ ‘ਤੇ ਆਏ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ। ਦੇਰ ਸ਼ਾਮ ਅਮਿਤ ਸ਼ਾਹ ਸ੍ਰੀਨਗਰ ਪੁੱਜ ਗਏ ਤੇ ਰਾਜਭਵਨ ‘ਚ ਸੁਰੱਖਿਆ ਅਧਿਕਾਰੀਆਂ ਨਾਲ ਬੈਠਕ ਕੀਤੀ। ਸ੍ਰੀਨਗਰ ਪੁੱਜਣ ਤੋਂ ਪਹਿਲਾਂ ਗ੍ਰਹਿ ਮੰਤਰੀ ਸ਼ਾਹ ਨੇ ਉਪ ਰਾਜਪਾਲ ਮਨੋਜ ਸਿਨਹਾ ਤੇ ਸਬੰਧਤ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਫੋਨ ‘ਤੇ ਹਾਲਾਤ ਦੀ ਜਾਣਕਾਰੀ ਲਈ। ਮੁੱਖ ਮੰਤਰੀ ਉਮਰ ਅਬਦੁੱਲਾ ਦੁਪਹਿਰ ਨੂੰ ਹੀ ਰਾਮਬਨ ‘ਚ ਲੈਂਡ ਸਲਾਈਡਿੰਗ ਕਾਰਨ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਜੰਮੂ ਪੁੱਜੇ ਸਨ। ਉਹ ਵੀ ਮੁੱਖ ਸਕੱਤਰ ਅਟਲ ਡੁੱਲੂ ਨਾਲ ਦੇਰ ਸ਼ਾਮ ਪਹਿਲਗਾਮ ਪੁੱਜ ਗਏ। ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਬੈਸਰਨ ਤੋਂ ਹੇਠਾਂ ਲਿਆਉਣ ‘ਚ ਹੈਲੀਕਾਪਟਰਾਂ ਦਾ ਇਸਤੇਮਾਲ ਕੀਤਾ ਗਿਆ। ਸਿਹਤ ਤੇ ਮੈਡੀਕਲ ਮੰਤਰੀ ਸਕੀਨਾ ਇੱਟੂ ਨੇ ਵੀ ਅਨੰਤਨਾਗ ਹਸਪਤਾਲ ‘ਚ ਜਾ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ। ਇਸੇ ਦੌਰਾਨ, ਹਮਲੇ ਦੀ ਜ਼ਿੰਮੇਵਾਰੀ ਕਸ਼ਮੀਰ ‘ਚ ਅੱਤਵਾਦ ਦਾ ਨਵਾਂ ਰੂਪ ਬਣੇ ਲਸ਼ਕਰ-ਏ-ਤਇਬਾ ਦੇ ਮੁਖੌਟਾ ਸੰਗਠਨ ਦਿ ਰਜ਼ਿਸਟੈਂਸ ਫੋਰਸ (ਟੀਆਰਐੱਫ) ਨੇ ਲਈ ਹੈ। ਜ਼ਿਕਰਯੋਗ ਹੈਕਿ ਇਸ ਤੋਂ ਪਹਿਲਾਂ ਦੋ ਅਗਸਤ 2000 ਨੂੰ ਅੱਤਵਾਦੀਆਂ ਨੇ ਪਹਿਲਗਾਮ ‘ਚ ਹੀ ਅਮਰਨਾਥ ਸ਼ਰਧਾਲੂਆਂ ‘ਤੇ ਹਮਲਾ ਕੀਤਾ ਸੀ, ਜਿਸ ‘ਚ 21 ਸ਼ਰਧਾਲੂਆਂ ਸਮੇਤ 32 ਲੋਕ ਮਾਰੇ ਗਏ ਸਨ। ਪਹਿਲਗਾਮ ਤੋਂ ਬੈਸਰਨ ਕਰੀਬ ਛੇ ਕਿਲੋਮੀਟਰ ਦੂਰ ਹੈ, ਜਿਹੜਾ ਸੰਘਣੇ ਦੇਵਦਾਰ ਦੇ ਜੰਗਲ ਤੇ ਪਹਾੜਾਂ ਨਾਲ ਘਿਰਿਆ ਹੋਇਆ ਵੱਡਾ ਮੈਦਾਨ ਹੈ।
ਬੈਸਰਨ ਤੱਕ ਸਿਰਫ਼ ਪੈਦਲ ਜਾਂ ਘੋੜਿਆਂ ਰਾਹੀਂ ਹੀ ਪੁੱਜਿਆ ਜਾ ਸਕਦਾ ਹੈ। ਇਸ ਲਈ ਜ਼ਖ਼ਮੀਆਂ ਨੂੰ ਕੱਢਣ ਲਈ ਹੈਲੀਕਾਪਟਰ ਲਗਾਏ ਗਏ ਹਨ। ਕੁਝ ਨੂੰ ਹੈਲੀਕਾਪਟਰ ਰਾਹੀਂ ਪਹਿਲਗਾਮ ‘ਚ ਮੁੱਢਲੇ ਇਲਾਜ ਤੋਂ ਬਾਅਦ ਜੀਐੱਮਸੀ ਹਸਪਤਾਲ ਅਨੰਤਨਾਗ ਤੇ ਸ਼ੇਰੇ ਕਸ਼ਮੀਰ ਆਯੁਰਵਿਗਿਆਨ ਸੰਸਥਾਨ ਸ੍ਰੀਨਗਰ ਲਿਜਾਇਆ ਗਿਆ। ਮਾਰੇ ਗਏ ਤੇ ਜ਼ਖ਼ਮੀ ਲੋਕਾਂ ਦੇ ਪਰਿਵਾਰਾਂ ਨੂੰ ਸਖ਼ਤ ਸੁਰੱਖਿਆ ‘ਚ ਪਹਿਲਗਾਮ ਕਲੱਬ ਲਿਜਾਇਆ ਗਿਆ ਹੈ। ਇਸੇ ਦੌਰਾਨ ਸੂਚਨਾ ਹੈ ਕਿ ਕਰਨਾਟਕ ਤੋਂ ਤੋਂ ਵੀ ਅਧਿਕਾਰੀਆਂ ਦੀ ਇਕ ਟੀਮ ਕਸ਼ਮੀਰ ਲਈ ਰਵਾਨਾ ਹੋ ਗਈ ਹੈ। ਸਬੰਧਤ ਅਧਿਕਾਰੀਆਂ ਨੇ ਵੀ ਦੱਸਿਆ ਕਿ ਜਿਸ ਥਾਂ ਇਹ ਹਮਲਾ ਹੋਇਆ, ਉੱਥੇ ਪੁੱਜਣਾ ਆਸਾਨ ਨਹੀਂ ਹੈ। ਹਮਲੇ ਤੋਂ ਬਾਅਦ ਪੁਲਿਸ, ਫ਼ੌਜ ਤੇ ਸੀਆਰਪੀਐੱਫ ਦੇ ਜਵਾਨਾਂ ਦਾ ਦਸਤਾ ਮੌਕੇ ‘ਤੇ ਪੁੱਜ ਚੁੱਕਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸੰਭਵ ਹੈ ਕਿ ਅੱਤਵਾਦੀ ਜੰਮੂ ਦੇ ਕਿਸ਼ਤਵਾੜ ਤੋਂ ਦੱਖਣੀ ਕਸ਼ਮੀਰ ਦੇ ਕੋਕਰਨਾਗ ਰਸਤੇ ਬੈਸਰਨ ਪੁੱਜੇ ਹੋਣ।
ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ ਲਈ ਪਹਿਲਗਾਮ ਰੂਟ ਅਹਿਮ ਹੈ। ਇਸ ਰੂਟ ਤੋਂ ਗੁਫ਼ਾ ਤੱਕ ਪੁੱਜਣ ‘ਚ ਤਿੰਨ ਦਿਨ ਲੱਗਦੇ ਹਨ। ਪਹਿਲਗਾਮ ਤੋਂ ਪਹਿਲਾ ਪੜਾਅ ਚੰਦਨਵਾੜੀ ਹੈ, ਜਿੱਥੋਂ ਚੜ੍ਹਾਈ ਸ਼ੁਰੂ ਹੁੰਦੀ ਹੈ। ਇਹ ਬੇਸ ਕੈਂਪ ਤੋਂ 16 ਕਿਲੋਮਟੀਰ ਦੂਰ ਹੈ। ਤਿੰਨ ਕਿਮੀ ਚੜ੍ਹਾਈ ਤੋਂ ਬਾਅਦ ਯਾਤਰਾ ਪਿੱਸੂ ਟਾਪ ‘ਤੇ ਪੁੱਜਦੀ ਹੈ, ਜਿੱਥੋਂ ਪੈਦਲ ਚੱਲਦਿਆਂ ਸ਼ਾਮ ਤੱਕ ਯਾਤਰਾ ਸ਼ੇਸ਼ਨਾਗ ਪੁੱਜਦੀ ਹੈ। ਇਹ ਸਫ਼ਰ ਕਰੀਬ ਨੌਂ ਕਿਲੋਮਟੀਰ ਦਾ ਹੈ। ਅਗਲੇ ਦਿਨ ਯਾਤਰੀ ਸ਼ੇਸ਼ਨਾਗ ਤੋਂ 14 ਕਿਲੋਮੀਟਰ ਦੂਰ ਪੰਚਤਰਨੀ ਜਾਂਦੇ ਹਨ। ਪੰਚਤਰਨੀ ਤੋਂ ਗੁਫ਼ਾ ਦੂਰੀ ਸਿਰਫ਼ ਛੇ ਕਿਲੋਮੀਟਰ ਹੈ।
