ਸ਼ਰਬਤ ਜਿਹਾਦ

ਬਲਜੀਤ ਬਾਸੀ
ਫੋਨ: 734-259-9353
‘ਮੁਸਲਮਾਨ ਬਹੁਤ ਸ਼ਰਾਰਤੀ ਤੇ ਖ਼ਤਰਨਾਕ ਲੋਕ ਹਨ, ਦੁਨੀਆ ਭਰ ਵਿਚ ਕੋਈ ਨਾ ਕੋਈ ਗੜਬੜ ਕਰੀ ਰੱਖਦੇ ਹਨ। ਭਾਰਤ ਵੱਡਾ ਸ਼ਾਂਤਮਈ ਦੇਸ਼ ਹੈ, ਏਥੋਂ ਦੇ ਧਰਮ, ਸ਼ਾਂਤੀ ਤੇ ਅਹਿੰਸਾ ਦੀਆਂ ਕਦਰਾਂ-ਕੀਮਤਾਂ ਨਾਲ ਓਤ-ਪੋਤ ਹਨ। ਪਰ ਇਹ ਮੁਗਲਾਂ ਦੀ ਔਲਾਦ ਪੁਰਅਮਨ ਹਿੰਦੂਆਂ, ਨਾ ਸੱਚ ਭਾਰਤੀਆਂ ਨੂੰ ਜੀਉਣ ਹੀਂ ਨਹੀਂ ਦਿੰਦੀ।

ਪਿਛਲੇ ਦਸ ਗਿਆਰਾਂ ਸਾਲਾਂ ‘ਤੋਂ ਜਦੋਂ ਦੇ ਸ਼ਾਂਤੀ ਦੇ ਪੁੰਜ, ਸਰਬੱਤ ਦੇ ਖੈਰਖਵਾਹ, ਵਿਸ਼ਵਗੁਰੂ, ਭਗਵਾਨ ਸਰੂਪ ਸਾਡੇ ਮੋਦੀ ਜੀ ਨੇ ਦੇਸ਼ ਦੀ ਵਾਗਡੋਰ ਸੰਭਾਲੀ ਹੈ, ਇਹ ਹਰਾਮੀ ਕੋਈ ਨਾ ਕੋਈ ਜਿਹਾਦ ਖੜਾ ਕਰ ਦਿੰਦੇ ਹਨ, ਜਿਹਾਦ ਇਨ੍ਹਾਂ ਦੇ ਹੱਡਾਂ ਵਿਚ ਰਚਿਆ ਹੋਇਆ ਹੈ। ਇਨ੍ਹਾਂ ਪਹਿਲਾਂ ਲਵ ਜਿਹਾਦ, ਫਿਰ ਵੋਟ ਜਿਹਾਦ ਤੇ ਫਿਰ ਲੈਂਡ ਜਿਹਾਦ ਛੇੜ ਕੇ ਦੇਸ਼ ਦਾ ਹਿੰਦੂ ਢਾਂਚਾ ਅਤੇ ਅਮਨ ਕਾਨੂੰਨ ਵਿਗਾੜਿਆ।’ ਮੁਸਲਮਾਨਾਂ ਦੇ ਕਿਰਦਾਰ ਬਾਰੇ ਅਜਿਹਾ ਪਰਚਾਰ ਭਾਰਤ ਵਿਚ ਨਿੱਤ ਧੁਮ-ਧੜੱੱਕੇ ਨਾਲ ਪਰਚਾਰਿਆ ਜਾਂਦਾ ਹੈ। ਅੱਜ ਕਲ੍ਹ ਭਾਰਤ ਦੀ ਅਦੁੱਤੀ ਪ੍ਰਾਪਤੀ ਯਾਨੀ ਯੋਗਾ ਨੂੰ ਦੁਨੀਆ ਭਰ ਵਿਚ ਹਰਮਨਪਿਆਰਾ ਬਣਾਉਣ ਵਾਲੇ, ਆਯੁਰਵੇਦ ਦੇ ਵੱਡੇ ਆਲੰਬਰਦਾਰ, ਪਤੰਜਲੀ ਕਾਰਪੋਰੇਟ ਦੇ ਅਰਬਾਂਪਤੀ ਮਾਲਕ ਬਾਬਾ ਰਾਮਦੇਵ ਜੀ ਨੇ ਮੁਸਲਮਾਨਾਂ ਵਲੋਂ ਛੇੜੇ ਗੁਝੇ ‘ਸ਼ਰਬਤ ਜਿਹਾਦ’ ਦਾ ਪਰਦਾਫਾਸ਼ ਕੀਤਾ ਹੈ। ਭਾਰਤੀਆਂ ਨੂੰ ਇੱਕ ਸਦੀ ਤੋਂ ਵੀ ਵੱਧ ਸਮੇਂ ‘ਤੋਂ ਇਹ ਮਾਲੂਮ ਹੀ ਨਹੀਂ ਹੋਇਆ ਕਿ ਜਿਹਾਦੀਆਂ ਨੇ ਉਨ੍ਹਾਂ ਨੂੰ ਰੂਹ ਅਫ਼ਜ਼ਾ ਨਾਂ ਦਾ ਸ਼ਰਬਤ ਪਿਲਾ-ਪਿਲਾ ਕੇ ਉਨ੍ਹਾਂ ਦੀਆਂ ਰੂਹਾਂ ਵਿਚ ਅਛੋਪਲੇ ਹੀ ਮਲੇਛਪੁਣਾ, ਦੇਸ਼-ਧਰੋਹ ਅਤੇ ਸ਼ਰਾਰਤ ਦੇ ਗੁਣ ਫੂਕ ਦਿੱਤੇ ਹਨ। ਤੁਸੀਂ ਜੋ ਇੱਕ ਘੁਟ ਵੀ ਰੂਹ ਅਫਜ਼ਾ ਦਾ ਪੀਂਦੇ ਹੋ, ਇਸ ਨਾਲ ਇਸ ਵਿਚ ਪਾਈਆਂ ਸ਼ੈਤਾਨੀ ਜੜੀ ਬੂਟੀਆਂ ਨਾਲ ਤੁਹਾਡੀ ਪਿਆਸ ਕੋਈ ਨਹੀਂ ਬੁਝਦੀ, ਬਲਕਿ ਦੁਨੀਆਂ ਭਰ ਵਿਚ ਇਸਲਾਮ ਫੈਲਾਉਣ ਲਈ ਮਦਰਸੇ ਮਸਜਿਦਾਂ ਉਸਾਰਨ ਦਾ ਢੋਅ ਬਣਦਾ ਹੈ। ਪਰ ਪਰੇਸ਼ਾਨ ਹੋਣ ਦੀ ਲੋੜ ਨਹੀਂ, ਸਨਾਤਨ ਭਗਤ, ਦੇਸ਼ ਭਗਤ, ਮਹਾਂਯੋਗੀ ਜੀ ਨੇ ਇਸ ਸ਼ੈਤਾਨੀ ਮਸ਼ਰੂਬ ਤੋਂ ਮੁਕਤੀ ਦਾ ਕਾਰਗਰ ਮਹੁਰਾ ਕਢ ਮਾਰਿਆ ਹੈ, ਯਾਨੀ ‘ਗੁਲਾਬ ਸ਼ਰਬਤ’ ਜਿਸ ਵਿਚ ਕੋਹ ਹਿਮਾਲਾ ਦੀਆਂ ਪਵਿੱਤਰ ਜੜੀ-ਬੂਟੀਆਂ ਮਿਲਾਈਆਂ ਗਈਆਂ ਹਨ। ਇਸ ਠੰਡੀ ਤਾਸੀਰ ਵਾਲੇ ਸ਼ਰਬਤ ਦੀ ਬੂੰਦ-ਬੂੰਦ ਦਾ ਸੇਵਣ ਨਾ ਸਿਰਫ਼ ਸਰੀਰਕ ਪਿਆਸ ਬਲਕਿ ਆਤਮਿਕ ਸ਼ਾਂਤੀ, ਸਗੋਂ ਵਿਸ਼ਵ ਸ਼ਾਂਤੀ ਦੇ ਦਰ ਖੋਲੇ੍ਹਗੀ। ਇਸ ‘ਤੋਂ ਹਾਸਿਲ ਮਾਇਆ ਦੇਸ਼ ਵਿਚ ਗੁਰੂਕੁਲਾਂ, ਅਚਾਰੀਆ ਕੁਲਮ, ਪਤੰਜਲੀ ਯੁਨੀਵਰਸਿਟੀ ਅਤੇ ਭਾਰਤੀ ਸਿਖਿਆ ਬੋਰਡ ਦੀ ਉਸਾਰੀ ਲਈ ਵਰਤੀ ਜਾਵੇਗੀ।
ਹੁਣ ਤੱਕ ਸਭ ਨੂੰ ਪਤਾ ਲੱਗ ਚੁੱਕਾ ਹੋਵੇਗਾ ਕਿ ਬਾਬਾ ਰਾਮਦੇਵ ਨੇ ਆਪਣੀ ਪਤੰਜਲੀ ਕੰਪਨੀ ਵਲੋਂ ਬਣਾਏ ਗੁਲਾਬ ਸ਼ਰਬਤ ਦਾ ਉਦਘਾਟਨ ਕਰਦਿਆਂ ਕਿਸ ਤਰਾਂ ਦੇਸ਼-ਦੇਸ਼ਾਂਤਰ ਵਿਚ ਮਸ਼ਹੂਰ ਰੂਹ ਅਫ਼ਜ਼ਾ ਨਾਮੀ ਸ਼ਰਬਤ ਦੀ ਫਿਰਕੂ ਸ਼ਬਦਾਂ ਨਾਲ ਭੰਡੀ ਕੀਤੀ। ਬਟਵਾਰੇ ਦੇ ਦਿਨਾਂ ਤੱਕ ਹਿੰਦੂ ਪਾਣੀ ਮੁਸਲਮਾਨ ਪਾਣੀ ਸੁਣਿਆ ਜਾਂਦਾ ਸੀ, ਬਾਬੇ ਨੇ ‘ਹਿੰਦੂ ਸ਼ਰਬਤ ਮੁਸਲਮਾਨ ਸ਼ਰਬਤ’ ਕਰ ਕੇ ਇਸ ਨੂੰ ਨਾ ਸਿਰਫ਼ ਪੁਨਰ-ਸੁਰਜੀਤ ਕੀਤਾ ਬਲਕਿ ਹੋਰ ਉਚਾਈਆਂ ‘ਤੇ ਪਹੁੰਚਾ ਦਿੱਤਾ ਹੈ। ਇਸ ਪ੍ਰਸੰਗ ਵਿਚ ਬਾਬੇ ਵਲੋਂ ਬਦਨਾਮ ਕੀਤੇ ਜਾ ਰਹੇ ਰੂਹ ਅਫਜ਼ਾ ਦਾ ਥੋੜਾ ਇਤਿਹਾਸ ਜਾਣ ਲਈਏ। ਇਸ ਸ਼ਰਬਤ ਦੀ ਸ਼ੁਰੂਆਤ 1906 ਵਿਚ ਦਿੱਲੀ ਵਿਚ ਸਮਰਪਿਤ ਹਕੀਮ, ਸਮਾਜ ਸੇਵੀ ਅਤੇ ਦੇਸ਼ ਭਗਤ ਹਮਦਰਦ ਕੰਪਨੀ ਦੇ ਸੰਸਥਾਪਕ ਹਕੀਮ ਹਾਫਿਜ਼ ਅਬਦੁਲ ਮਜੀਦ ਵਲੋਂ ਕੀਤੀ ਗਈ। ਇਸ ਵਿਚ ਯੁਨਾਨੀ ਤਬੀਬ ਪ੍ਰਣਾਲੀ ਅਨੁਸਾਰ ਠੰਡਕ ਪਹੁੰਚਾਉਣ ਵਾਲੇ ਗੁਲਾਬ ਤੋਂ ਇਲਾਵਾ ਅਨੇਕਾਂ ਫਲ-ਫਰੂਟ ਅਤੇ ਜੜੀ ਬੂਟੀਆਂ ਮਿਲਾ ਕੇ ਇਹ ਸ਼ਰਬਤ ਬਣਾਇਆ ਗਿਆ। ਰੂਹ ਅਫਜ਼ਾ ਦਾ ਮਤਲਬ ਹੈ ਰੂਹ ਨੂੰ ਤਾਜ਼ਗੀ ਦੇਣ ਵਾਲਾ। ਭਾਰਤ ਪਾਕਿਸਤਾਨ ਤੇ ਬੰਗਲਾ ਦੇਸ਼ ਵਿਚ ਸਥਿਤ ਹਮਦਰਦ ਕੰਪਨੀਆਂ ਵਲੋਂ ਇਹ ਬਣਾਇਆ ਜਾਂਦਾ ਹੈ। ਇਹ ਕੰਪਨੀ ਵਕLਫ ਸਮਰਪਿਤL ਹੈ ਅਰਥਾਤ ਇਸ ਤੋਂ ਪ੍ਰਾਪਤ ਆਮਦਨੀ ਲੋਕ ਭਲਾਈ ਲਈ ਵਰਤੀ ਜਾਂਦੀ ਹੈ।
ਬਾਬਾ ਰਾਮਦੇਵ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਰੂਹ ਅਫਜ਼ਾ ਨੂੰ ਕਾਟ ਕਰਨ ਵਾਲੇ ਉਸ ਵਲੋਂ ਨਿਰਮਿਤ ਸ਼ਾਂਤੀ-ਪ੍ਰਦਾਤਾ, ਮੁਕਤੀ-ਪ੍ਰਦਾਤਾ ਪੇਅ ਦਾ ਨਾਂ ‘ਗੁਲਾਬ ਸ਼ਰਬਤ’ ਰੱਖ ਕੇ ਉਸ ਨੇ ਖੁਦ ਵੀ ਅਚੇਤ ਹੀ ਇਸਲਾਮ ਨੂੰ ਉਤਸ਼ਾਹਤ ਕੀਤਾ ਹੈ, ਕਿਉਂਕਿ ਗੁਲਾਬ ਸ਼ਰਬਤ ਦੇ ਦੋਨੋਂ ਸ਼ਬਦ ਮੁਸਲਮਾਨੀ ਜ਼ਬਾਨ ਯਾਨੀ ਫਾਰਸੀ-ਅਰਬੀ ਦੇ ਹਨ। ਇਸ ਬਹਾਨੇ ਅੱਜ ਸ਼ਰਬਤ ਅਤੇ ਇਸ ਨਾਲ ਸਬੰਧਤ ਹੋਰ ਸ਼ਬਦਾਂ ਦੀ ਚਰਚਾ ਕਰ ਲੈਂਦੇ ਹਾਂ। ਗੁਲਾਬ ਸ਼ਬਦ ਬਾਰੇ ਬਹੁਤ ਪਹਿਲਾਂ ਲਿਖ ਚੁੱਕੇ ਹਾਂ।
ਦਰਅਸਲ ‘ਸ਼ਰਬਤ’ ਸ਼ਬਦ ਦਾ ‘ਸ਼ਰਾਬ’ ਨਾਲ ਗਹਿਰਾ ਖੂਨੀ ਸਬੰਧ ਹੈ, ਇਸ ਲਈ ਸ਼ਰਾਬ ਤੋਂ ਹੀ ਸਾਰੀ ਗੱਲ ਸ਼ੁਰੂ ਕਰਨੀ ਚਾਹੁੰਦਾ ਹਾਂ ਤੇ ਨਸ਼ੇ-ਨਸ਼ੇ ਵਿਚ ਸ਼ਰਬਤ ‘ਤੇ ਪਹੁੰਚਾਂਗੇ। ਢੇਰ ਸਮਾਂ ਪਹਿਲਾਂ ਕਿਸੇ ਸ਼ਰਾਬ-ਵਿਰੋਧੀ ਪ੍ਰਚਾਰਕ ਨੇ ਇਸ ਦੀ ਝੂਠੀ ਵਿਉਤਪਤੀ ਇਸ ਤਰ੍ਹਾਂ ਕਰ ਦਿੱਤੀ, ‘ਸ਼ਰਾਬ ਸ਼ਬਦ ਬਣਦਾ ਹੈ, ‘ਸ਼ਰ+ਆਬ’ ਤੋਂ। ਇਸ ਵਿਚ ਸ਼ਰ ਦਾ ਅਰਥ ਸ਼ਰਾਰਤ ਅਤੇ ਆਬ ਦਾ ਅਰਥ ਪਾਣੀ ਹੈ, ਮਤਲਬ ਅਜਿਹੀ ਚੀਜ਼ ਜਿਸ ਦੇ ਪੀਣ ਨਾਲ ਸ਼ਰਾਰਤ ਸੁਝਦੀ ਹੋਵੇ’। ਫਿਰ ਕੀ ਸੀ, ਸ਼ਰਾਬ ਦੇ ਨਿੰਦਕਾਂ ਨੂੰ ਇਸ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਲਈ ਖੂਬ ਦਲੀਲ ਲੱਭ ਪਈ। ਅਕਸਰ ਸੰਤ ਮਹਾਤਮਾ ਵੀ ਆਪਣੇ ਸ਼ਰਾਬੀ ਭਗਤਾਂ ਨੂੰ ਇਹ ਲੱਤ ਛੱਡਣ ਦੀ ਸਿਖਿਆ ਦਿੰਦਿਆ ਕਹਿ ਦਿੰਦੇ ਹਨ, ‘ਸ਼ਰਾਬ ਦਾ ਨਸ਼ਾ ਸਭ ਬੁਰਾਈਆਂ ਦੀ ਜੜ੍ਹ ਹੈ। ਸ਼ਰ+ਆਬ, ਭਾਵ ਸ਼ਰਾਰਤ ਦਾ ਪਾਣੀ ਜਿਸ ਦੇ ਅੰਦਰ ਚਲੇ ਜਾਂਦਾ ਹੈ, ਇਹ ਹੋਰ ਭੈੜੀਆਂ ਵਾਦੀਆਂ ਨੂੰ ‘ਵਾਜਾਂ ਮਾਰਨ ਲੱਗ ਪੈਂਦਾ ਹੈ।’ ਕੁਝ ਲੋਕ ਤਾਂ ਇਸ ਨੂੰ ਸ਼ਰਾਬ ਦੇ ਅਰਥਾਂ ਵਾਲੇ ਸੁਰਾ ਸ਼ਬਦ ਨਾਲ ਵੀ ਜੋੜ ਦਿੰਦੇ ਹਨ। ਇਸ ਮਸਲੇ ਨਾਲ ਅੱਗੇ ਜਾ ਕੇ ਸਿਝਦੇ ਹਾਂ।
ਸ਼ਰਾਬ ਹਜ਼ਾਰਾਂ ਸਾਲਾਂ ਤੋਂ ਭਿੰਨ-ਭਿੰਨ ਸੱਭਿਅਤਾਵਾਂ ਵਿਚ ਪੀਤੀ ਜਾਂਦੀ ਰਹੀ ਹੈ। ਹਰ ਸੱਭਿਅਤਾ ਨੇ ਇਸ ਦੇ ਸਾਕਾਰਾਤਮਕ ਅਤੇ ਨਾਕਾਰਾਤਮਕ ਪਹਿਲੂਆਂ ਨੂੰ ਨੋਟ ਕੀਤਾ ਹੈ। ਇਸ ਦੀ ਦਵਾਈ ਵਜੋਂ ਵਰਤੋਂ ਦੀ ਸਿਫਾਰਿਸ਼ ਵੀ ਕੀਤੀ ਹੈ ਤੇ ਮੌਜ ਮਸਤੀ ਲਈ ਵੀ, ਪਰ ਸੰਜਮ ਵਿਚ ਰਹਿ ਕੇ। ਧਰਮਾਂ ਦਾ ਇਸ ਪ੍ਰਤੀ ਵਤੀਰਾ ਵੀ ਵਿਰੋਧਾਭਾਸ ਵਾਲਾ ਰਿਹਾ ਹੈ। ਇਸਲਾਮ ਵਿਚ ਸ਼ਰਾਬ ਪੀਣ ਦੀ ਮਨਾਹੀ ਹੈ ਕਿਉਂਕਿ ਇਸ ਦਾ ਨਸ਼ਾ ਧਰਮ-ਕਰਮ ਵਿਚ ਵਿਘਨ ਪਾਉਂਦਾ ਹੈ। ਪਰ ਸੂਫੀ ਧਾਰਾ ਨੇ ਇਸ ਦੀ ਪਰਵਾਹ ਨਹੀਂ ਕੀਤੀ। ਬੁੱਲ੍ਹੇ ਸ਼ਾਹ ਤਾਂ ਇਥੋਂ ਤੱਕ ਕਹਿ ਚੁਕਾ ਹੈ, ‘ਬੁੱਲਿ੍ਹਆ ਪੀ ਸ਼ਰਾਬ ਤੇ ਖਾਹ ਕਬਾਬ, ਹੇਠ ਬਾਲ ਹੱਡਾਂ ਦੀ ਅੱਗ।’ ਫਾਰਸੀ, ਉਰਦੂ ਸ਼ਾਇਰੀ ਸ਼ਰਾਬ ਨਾਲ ਸ਼ਰਾਬੋਰ ਹੈ। ਪੰਜਾਬੀ ਕਵਿਤਾ ਵੀ ਘਟ ਨਹੀਂ। ਵਾਰਿਸ ਸ਼ਾਹ ਹੀਰ ਦੇ ਹੁਸਨ ਦੀ ਤਾਰੀਫ ਕਰਦਾ ਕਹਿੰਦਾ ਹੈ,
ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ
ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ।
ਖੂਨੀ ਚੂੰਡੀਆਂ ਰਾਤ ਜਿਉ ਚੰਨ ਦਵਾਲੇ
ਸੁਰਖ ਰੰਗ ਜਿਉਂ ਰੰਗ ਸ਼ਰਾਬ ਦਾ ਜੀ।…
ਜੰਗ ਵਿਚ ਬਹਾਦਰੀ ਜਗਾਉਣ ਲਈ ਸ਼ਰਾਬ ਜ਼ਰੂਰੀ ਹੁੰਦੀ ਹੈ:
ਦਾਰੂ ਵੰਡਿਆ ਜੰਗੀਆਂ ਸੂਰਿਆਂ ਨੂੰ
ਦੋ ਦੋ ਬੋਤਲਾਂ ਕੈਫ ਖੁਮਾਰ ਮੀਆਂ।
ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ
ਹੋਏ ਜੰਗ ਨੂੰ ਤੁਰਤ ਤਿਆਰ ਮੀਆਂ।
ਪੰਜਾਬੀ ਭਾਸ਼ਾ ਵਿਚ ਵੀ ਸ਼ਰਾਬ ਨੇ ਰੰਗ ਲਿਆਂਦੇ ਹਨ। ਰਿੰਦ, ਜ਼ਾਹਿਦ, ਸਾਕੀ, ਜਾਮ, ਸਾਗਰ, ਨੁਕਲ, ਸ਼ਰਾਬਖੋਰੀ, ਸ਼ਰਾਬਨੋਸ਼ੀ, ਮਹਿਫਿਲ, ਸ਼ਰਾਬਖਾਨਾ, ਮੈਖਾਨਾ, ਸੋਫੀ ਆਦਿ ਲਫਜ਼ ਸ਼ਰਾਬ ਬਿਨਾ ਕਿੱਥੋਂ ਆਉਣੇ ਸੀ! ਫਿਰ ਹੋਰ ਕਈ ਸ਼ਬਦ ਤੇ ਉਕਤੀਆਂ ਜਿਵੇਂ ਹਾਤਾ, ਠੇਕਾ, ਪਿਆਲਾ, ਬੋਤਲ, ਮੱਟ, ਪੀਣੀ, ਗਲਾਸੀ, ਚੱਕੋ ਚੱਕੋ, ਛਿੱਟ ਛਿੱਟ ਆਦਿ ਸ਼ਰਾਬ ਦੇ ਲਾਗੇ ਨਾਲ ਸ਼ਰਾਬੀ ਹੀ ਹੋ ਗਏ ਹਨ। ਲੂਣ, ਅਚਾਰ, ਗੰਢਿਆਂ ਅਤੇ ਸਾਈਕਲ ਦੀ ਘੰਟੀ ਦੇ ਨਵੇਂ ਉਪਯੋਗ ਸਾਹਮਣੇ ਆਏ। ਯੂਨੀਵਰਸਿਟੀ ਦੇ ਸਾਡੇ ਸਹਿਕਰਮੀ ਸਾਨੂੰ ਸ਼ਰਾਬ ਪੀਣੇ ਆਖਦੇ ਪਰ ਆਪ ਸ਼ਾਮ ਨੂੰ ਪੰਦਰਾਂ ਸੈਕਟਰ ਦੀ ਮਾਰਕਿਟ ਸਣਮਲਾਈ ਦੁੱਧ ਵਿਚ ਜਲੇਬੀਆਂ ਡੁਬੋ-ਡੁਬੋ ਖਾਂਦੇ ਸਨ। ਮਿੱਠਾ ਤੇ ਕੌੜਾ ਇੱਕੋ ਸਿੱਕੇ ਦੇ ਦੋ ਪਾਸੇ ਹਨ ਬਲਕਿ ਦੋ ਸਿੱਕਿਆਂ ਦਾ ਇੱਕੋ ਪਾਸਾ ਹਨ।
ਸ਼ਰਾਬ ਬੁਨਿਆਦੀ ਤੌਰ ‘ਤੇ ਅਰਬੀ ਦਾ ਸ਼ਬਦ ਹੈ। ਸ਼ਰਾਬ ਦੀ ਮਨਘੜੰਤ ਵਿਉਤਪਤੀ ਵਿਚ ਵਰਣਨ ਕੀਤਾ ਸ਼ਰਾਰਤ ਸ਼ਬਦ ਵੀ ਅਰਬੀ ਦਾ ਹੀ ਹੈ ਪਰ ਇਸ ਦਾ ਬੁਰਾਈ ਨਾਲ ਸਬੰਧ ਹੈ, ਤਥਾ ਕਥਿਤ ‘ਬੁਰਾਈ ਦੀ ਜੜ੍ਹ’ ਨਾਲ ਨਹੀਂ। ਸ਼ਰਾਬ ਸ਼ਬਦ ਸਾਡੇ ਕੋਲ ਫਾਰਸੀ ਰਾਹੀਂ ਆਇਆ। ਸਾਡੇ ਪੁਰਾਣੇ ਸ਼ਬਦ ਮਦ, ਮਦਿਰਾ ਜਾਂ ਸੁਰਾ ਹਨ, ਜਿਨ੍ਹਾਂ ਦਾ ਗੁਰਬਾਣੀ ਵਿਚ ਵੀ ਉਲੇਖ ਹੈ, ਪਰ ਅੱਜ ਸ਼ਰਾਬ ਦੇ ਦੌਰ ਹੀ ਚਲਦੇ ਹਨ, ਮਦ/ਮਦਿਰਾ/ਸੁਰਾ ਨਹੀਂ ਵਰਤਾਈ ਜਾਂਦੀ। ਸ਼ਰਾਬ ਮੁਢਲੇ ਤੌਰ ‘ਤੇ ਅਰਬੀ ਦਾ ਸ਼ਬਦ ਹੈ ਜੋ ਬਣਦਾ ਹੈ, ਸ਼ਰਬ (ਸ਼ੀਨ ਨੂਨ ਦਾਲ) ਤੋਂ ਜਿਸ ਵਿਚ (ਕੁਝ ਵੀ) ਪੀਣ ਦਾ ਭਾਵ ਹੈ। ਗ਼ੌਰਤਲਬ ਹੈ ਕਿ ‘ਸ਼ਰਬ’ ਇੱਕ ਸਮੱਗਰ, ਅਟੁੱਟ ਸ਼ਬਦ ਹੈ, ਦੋ ਸ਼ਬਦਾਂ ਦਾ ਸਮਾਸ ਨਹੀਂ। ਅਰਬੀ ‘ਸ਼ਰਿਬਹ’ ਦਾ ਅਰਥ ਪੀਣਾ ਹੈ। ਇਸ ਦਾ ਭਾਵ ਸਿਗਰਟ, ਹੁੱਕਾ ਪੀਣਾ ਵੀ ਹੈ।
ਕੁਝ ਹੋਰ ਅਰਥ ਹਨ: ਪਿਲਾਉਣਾ, ਤ੍ਰਿਪਤ ਕਰਨਾ, ਗੜੁੱਚ ਕਰਨਾ। ਅਰਬੀ ਸ਼ਰਿਬ ਦੀ ਤਰ੍ਹਾਂ ਪੰਜਾਬੀ ‘ਪੀਣਾ’ ਅਤੇ ਅੰਗਰੇਜ਼ੀ ‘ਡਰਿੰਕ’ ਦਾ ਵੀ ਵਿਸ਼ੇਸ਼ੀਕ੍ਰਿਤ ਅਰਥ ਸ਼ਰਾਬ ਪੀਣਾ ਹੀ ਹੈ। ਨਾਂਵ ਦੇ ਤੌਰ ‘ਤੇ ਤਾਂ ਅੰਗਰੇਜ਼ੀ ਡਰਿੰਕ ਦਾ ਅਰਥ ਵੀ ਸ਼ਰਾਬ ਜਾਂ ਹਾੜਾ ਹੀ ਹੋ ਗਿਆ ਹੈ, ਅਰਬੀ ਮਸ਼ਰੂਬ ਦਾ ਮਤਲਬ ਹੈ, ਪੀਤਾ ਗਿਆ, ਪੀਣ ਵਾਲੀ ਸ਼ੈਅ। ਮਸ਼ਰਬਾਤ ਰੂਹਿਆ ਦਾ ਮਤਲਬ ਹੈ, ਸ਼ਰਾਬਾਂ। ਬਹੁਤੀ ਪੀਣ ਵਾਲੇ ਨੂੰ ਸ਼ੱਰਾਬ, ਸਿੱਰੀਬ ਆਖਦੇ ਹਨ। ਅਰਬੀ ਸ਼ਰਾਬ ਦੇ ਮਾਅਨੇ ਮਦਿਰਾ, ਦਾਰੂ ਤੋਂ ਬਿਨਾ ਫਲਾਂ ਦਾ ਰਸ, ਸ਼ਰਬਤ ਵੀ ਹੈ। ਸ਼ਰਾਬ-ਅਲ-ਲੈਮੂਨ ਸ਼ਕੰਜਵੀ ਹੈ। ਮਸ਼ਰਬ ਦਾ ਅਰਥ ਪੀਣ ਪਦਾਰਥ; ਪਿਆਊ, ਪੀਣ ਵਾਲੀ ਥਾਂ (ਚੁਬੱਚਾ, ਫੁਹਾਰਾ ਆਦਿ); ਰੈਸਤੋਰਾਂ, ਰੁਚੀ, ਭੁਸ ਹੁੰਦਾ-ਹੁੰਦਾ ਲਹਿਰ, ਮਤ, ਸੰਪਰਦਾਇ, ਸਕੂਲ ਆਦਿ ਵੀ ਬਣ ਗਿਆ ਹੈ। ਖਵਾਜਾ ਗੁਲਾਮ ਫਰੀਦ ਨੇ ਇਸ ਅਰਥ ਵਿਚ ਵਰਤਿਆ ਹੈ, ‘ਰਿੰਦੀ ਮਸ਼ਰਬ ਸਾਂਗ ਰਸਾਇਆ।’
ਅਰਬ ਖਿੱਤਾ ਯੂਰਪ ਅਤੇ ਏਸ਼ੀਆ ਦੇ ਗੱਭੇ ਜਿਹੇ ਹੈ, ਇਸ ਲਈ ਅਰਬੀ ਭਾਸ਼ਾ ਦੇ ਸ਼ਬਦ ਦੋਵੇਂ ਪਾਸੇ ਗਏ ਹਨ। ਕੁਝ ਸ੍ਰੋਤਾਂ ਅਨੁਸਾਰ ਸ਼ਰਾਬ ਸ਼ਬਦ ਮੁਗਲਾਂ ਦੇ ਨਾਲ ਭਾਰਤ ਆਇਆ। ਅਰਬੀ ਵਿਚ ਸ਼ਰਾਬ ਦੇ ਅਰਥ ਕੋਈ ਵੀ ਪੀਣ ਪਦਾਰਥ ਦੇ ਨਾਲ ਨਾਲ ਮਦਿਰਾ ਵੀ ਹੈ। ਯੂਨਾਨੀ ਅਤੇ ਅਰਬੀ ਹਿਕਮਤ ਦੇ ਨਾਲ ਇਹ ਸ਼ਬਦ ਯੂਰਪੀ ਦੇਸ਼ਾਂ ਵੱਲ ਵੀ ਗਏ, ਪਰ ਯੂਰਪ ਵਿਚ ਇਸ ਸ਼ਬਦ ਨੇ ਮਿੱਠਾ ਰੁੱਖ ਹੀ ਅਖਤਿਆਰ ਕੀਤਾ। ਅਰਥਾਤ ਇਸ ਤੋਂ ਬਣੇ ਸ਼ਬਦ ਪਾਣੀ ਵਿਚ ਘੋਲੇ ਮਿੱਠੇ ਅਤੇ ਹੋਰ ਚੀਜ਼ਾਂ ਮਿਲਾ ਕੇ ਬਣੇ ਪੀਣ ਪਦਾਰਥ ਨੂੰ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਸ਼ਰਬਿਟ (sherbet) ਉਹ ਪੀਣ ਪਦਾਰਥ ਹੈ, ਜੋ ਫਲਾਂ ਦੇ ਰਸ ਵਿਚ ਖੰਡ ਘੋਲ ਕੇ ਬਣਾਇਆ ਜਾਂਦਾ ਹੈ। ਇਹ ਸ਼ਬਦ ਅਰਬੀ ਸ਼ਰਬਤ ਤੋਂ ਫਾਰਸੀ ਵਿਚ ਗਿਆ ਤੇ ਉਥੋਂ ਤੁਰਕੀ ਰਾਹੀਂ ਅੰਗਰੇਜ਼ੀ ਵਿਚ। ਪੈਨਕੇਕ ਤੇ ਦਬੱਲ ਕੇ ਚੋਪੜੇ ਜਾਂਦੇ ਸ਼ੀਰੇ ਵਰਗੇ ਗਾੜ੍ਹੇ ਤਰਲ ਨੂੰ ਅੰਗਰੇਜ਼ੀ ਵਿਚ ਸਿਰਿਪ (syrip) ਆਖਿਆ ਜਾਂਦਾ ਹੈ। ਅੰਗਰੇਜ਼ੀ ਵਿਚ ਇਹ ਸ਼ਬਦ 15ਵੀਂ ਸਦੀ ਦੇ ਸ਼ੁਰੂ ਵਿਚ ਗਿਆ। ਖਿਆਲ ਹੈ ਕਿ ਇਹ ਇਤਾਲਵੀ ਦੇ sroppo ਤੋਂ 14ਵੀਂ ਸਦੀ ਦੀ ਪੁਰਾਣੀ ਫਰਾਂਸੀਸੀ ਵਿਚ ਸਿਰੋਪ ਵਜੋਂ ਦਾਖਿਲ ਹੋਇਆ ਤੇ ਅੱਗੇ ਅੰਗਰੇਜ਼ੀ ਵਿਚ ਸਿਰਿਪ ਬਣਿਆ। ਸਪੈਨਿਸ਼ ਭਾਸ਼ਾ ਦੇ Jarabe, Jarope ਅਤੇ ਮੱਧਕਾਲੀ ਲਾਤੀਨੀ ਦੇ scroppo ਵੀ ਇਸੇ ਦੇ ਰੂਪ ਹਨ। ਅੰਗਰੇਜ਼ੀ ਦਾ ਇੱਕ ਸ਼ਬਦ shrub ਹੈ ਜਿਸ ਦਾ ਅਰਥ ‘ਝਾੜੀ’ ਹੁੰਦਾ ਹੈ ਪਰ ਇੱਕ ਹੋਰ ਸ਼ਰੱਬ ਹੈ ਜੋ ਇਕ ਤਰ੍ਹਾਂ ਦਾ ਪੀਣ ਵਾਲਾ ਸਿਰਕਾ ਹੁੰਦਾ ਹੈ। 17ਵੀਂ-18ਵੀਂ ਸਦੀ ਦੌਰਾਨ ਇੰਗਲੈਂਡ ਵਿਚ ਰਮ ਜਾਂ ਬਰਾਂਡੀ ਵਿਚ ਮਿੱਠਾ ਅਤੇ ਸੰਤਰੇ ਆਦਿ ਦੀਆਂ ਛਿੱਲਾਂ ਮਿਲਾ ਕੇ ਬਣਾਈ ਜਾਂਦੀ ਸੀ ਕੌਕਟੇਲ। ਅਰਬੀ ਸ਼ਰਬਤ ਹਿਕਮਤ ਅਤੇ ਫਾਰਸੀ ਰਾਹੀਂ ਉਰਦੂ, ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਰਚਮਿਚ ਗਿਆ। ਫਾਰਸੀ ਵਿਚ ਇਸ ਦੇ ਅਰਥ ਘੁੱਟ; ਦਵਾਈ ਦੀ ਖੁਰਾਕ ਵੀ ਹਨ।
ਇਸ ਤਰਾਂ ਕੌੜੇ ਤੇ ਮਿੱਠੇ ਅਰਥ ਸਮਾਈ ਅਰਬੀ ਭਾਸ਼ਾ ਤੋਂ ਸ਼ੁਰੂ ਹੋਏ ਸ਼ਬਦ ਦੁਨੀਆ ਭਰ ਵਿਚ ਫੈਲ ਗਏ। ਰਾਮਦੇਵ ਅਨੁਸਾਰ ਭਾਰਤ ਵਿਚ ਅੱਜ ਸ਼ਰਾਬ ਨੇ ਨਹੀਂ ਬਲਕਿ ਇੱਕ ਸ਼ਰਬਤ ਨੇ ਸ਼ਰਾਰਤ ਫੈਲਾਉਣ ਦਾ ਕੰਮ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮਹਾਂਯੋਗੀ ਜੀ ਮੁਸਲਮਾਨ ਅਰਬ ‘ਤੋਂ ਆਈ ਸ਼ਰਾਬ ਦਾ ਵੀ ਕੋਈ ਭਾਰਤੀ ਬਦਲ ਕਢ ਮਾਰਨਗੇ।