ਸੱਚਮੁੱਚ ਸਿੱਖਿਆ ਕ੍ਰਾਂਤੀ ਦੀ ਲੋੜ

ਗੁਰਮੀਤ ਸਿੰਘ ਪਲਾਹੀ
ਅੱਜ ਜਿਵੇਂ ਸਿਆਸਤਦਾਨ ਇੱਕ-ਦੂਜੇ ਨਾਲ ਵਿਵਹਾਰ ਕਰਦੇ ਹਨ, ਇੱਕ-ਦੂਜੇ ਬਾਰੇ ਬੋਲਦੇ, ਤਾਹਨੇ-ਮਿਹਣੇ ਦਿੰਦੇ ਇੱਕ-ਦੂਜੇ ਦੇ ਪੋਤੜੇ ਫੋਲਦੇ, ਇੱਕ-ਦੂਜੇ `ਤੇ ਊਜਾਂ ਲਾਉਂਦੇ ਹਨ, ਕੀ ਇਹ ਕਿਸੇ ਸਿੱਖਿਅਤ ਸ਼ਖ਼ਸੀਅਤ ਦਾ ਵਿਵਹਾਰ ਹੈ? ਲੋਕਾਂ ਦੇ ਮਸਲਿਆਂ ਨੂੰ ਨਾ ਸਮਝਣਾ, ਕੁਰਸੀ ਯੁੱਧ ਨੂੰ ਅਹਿਮੀਅਤ ਦੇਣੀ, ਨੈਤਿਕਤਾ ਦਾ ਪੱਲਾ ਹੱਥੋਂ ਛੱਡ ਦੇਣਾ, ਕਿਸ ਕਿਸਮ ਦੀ ਸਿਆਸਤ ਹੈ? ਪੰਜਾਬ ਦੇ ਪੜ੍ਹੇ-ਲਿਖੇ ਕਿੰਨੇ ਸਿਆਸਤਦਾਨ, ਲੋਕਾਂ ਦਾ ਦਰਦ ਪਛਾਣਦੇ ਹਨ, ਲੋਕਾਂ ਦੇ ਮਸਲਿਆਂ ਦਾ ਹੱਲ ਲੱਭਣ ਲਈ ਡੂੰਘਾਈ ‘ਚ ਅਧਿਐਨ ਕਰਦੇ ਹਨ, ਆਪਣੇ ਸੂਬੇ ਦਾ ਕੇਸ ਉਪਰਲੀ ਅਦਾਲਤ, ਜਾਂ ਉਪਰਲੀ ਸਰਕਾਰ ਤੱਕ ਲੈ ਕੇ ਜਾਂਦੇ ਹਨ?

ਕੀ ਸਿਆਸਤਦਾਨ ਪੰਜਾਬ ਦੀ ਆਪਣੀ ਖੇਤੀ ਨੀਤੀ ਬਣਾ ਸਕੇ ਜਾਂ ਵਿਦਵਾਨਾਂ, ਪੜ੍ਹਾਕੂਆਂ, ਪਾਰਖੂਆਂ ਤੋਂ ਬਣਵਾ ਸਕੇ? ਕੀ ਪੰਜਾਬ ਦੀ ਸਿੱਖਿਆ ਨੀਤੀ ਬਣਵਾ ਸਕੇ? ਜਿਸ ਦੀ ਲੋੜ ਅੱਜ ਦੇ ਸਮੇਂ ‘ਚ ਵਧੇਰੇ ਹੈ ਪੰਜਾਬੀਆਂ ਨੂੰ। ਕੀ ਇਹ ਸਭ ਕੁਝ ਸਿੱਖਿਆ ਦੀ ਘਾਟ ਦਾ ਸਿੱਟਾ ਨਹੀਂ ਹੈ?
ਗੱਲ ਇਕੱਲੀ ਸਿਆਸਤਦਾਨਾਂ ਦੀ ਹੀ ਨਹੀਂ ਹੈ। ਗੱਲ ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਜ ਸੇਵਕਾਂ ਨਾਲ ਵੀ ਜੁੜੀ ਹੋਈ ਹੈ। ਗੱਲ ਸੂਬੇ ਦੇ ਵਿਚਾਰਵਾਨਾਂ, ਲੇਖਕਾਂ, ਬੁੱਧੀਜੀਵੀਆਂ ਨਾਲ ਵੀ ਜੁੜੀ ਹੋਈ ਹੈ, ਜਿਹੜੇ ਆਪਣਾ ਬਣਦਾ-ਸਰਦਾ ਰੋਲ ਨਿਭਾਉਣ ਤੋਂ ਅੱਖਾਂ ਮੀਟ ਕੇ ਸਿਰਫ਼ ਆਪਣੇ ‘ਰੋਟੀ-ਪਾਣੀ’ ਦੇ ਚੱਕਰ ‘ਚ ਅੱਖਾਂ ਮੀਟੀ ਬੈਠੇ ਰਹੇ? ਕਿੰਨੇ ਕੁ ਨੀਤੀਵਾਨ, ਵਿਚਾਰਵਾਨ ਇਹੋ ਜਿਹੇ ਹਨ, ਜਿਹੜੇ ਗਰਕ ਹੋ ਰਹੇ, ਉਜੜ ਰਹੇ ਪੰਜਾਬ ਦੀਆਂ ਸਮੱਸਿਆਵਾਂ ਦੇ ਕਾਰਨਾਂ ਨੂੰ ਲੋਕਾਂ ਸਾਹਵੇਂ ਲਿਆ ਰਹੇ ਹਨ? ਜਿਹੜਾ ਕਿ ਉਨ੍ਹਾਂ ਦਾ ਫ਼ਰਜ਼ ਹੈ। ਯੂਨੀਵਰਸਿਟੀਆਂ ਸੁੱਤੀਆਂ ਪਈਆਂ ਹਨ। ਹਜ਼ਾਰਾਂ ਲੋਕ ਸਿਰਫ਼ ਖੋਜ ਦੇ ਨਾਂ ‘ਤੇ ਪੀ.ਐੱਚ.ਡੀ. ਕਰਦੇ ਹਨ, ਆਪਣਾ ਕਰੀਅਰ ਬਣਾਉਣ ਲਈ, ਪੈਸੇ ਕਮਾਉਣ ਲਈ ਅਤੇ ਬੱਸ ਸੁਰਖ਼ਰੂ ਹੋ ਜਾਂਦੇ ਹਨ। ਭੁੱਲ ਹੀ ਗਏ ਹਨ ਸਿੱਖਿਆ ਦੇ ਅਰਥ! ਭੁੱਲ ਹੀ ਗਏ ਹਨ ਕਿ ਵਿਦਵਾਨਾਂ, ਖੋਜੀਆਂ ਦਾ ਫਰਜ਼ ਲੋਕਾਂ ਨੂੰ ਚਾਨਣਾ ਦੇਣਾ ਹੈ, ਸਿਰਫ਼ ਵਾਹ-ਵਾਹ ਖੱਟਣਾ ਜਾਂ ਚੇਲਿਆਂ-ਬਾਲਕਿਆਂ ਤੋਂ ਵਾਹ-ਵਾਹ ਕਰਵਾਉਣਾ ਨਹੀਂ।
ਆਜ਼ਾਦੀ ਉਪਰੰਤ ਪੰਜਾਬ ਦੋ ਹਿੱਸਿਆਂ ‘ਚ ਵੰਡਿਆ ਗਿਆ। ਲੱਖਾਂ ਬੱਚੇ, ਸਕੂਲਾਂ ਤੋਂ ਵਾਂਝੇ ਹੋ ਗਏ। ਗਰਮ-ਸਰਦ ਸਮਿਆਂ ‘ਚ ਪੰਜਾਬ ਦੀ ਸਿੱਖਿਆ ਮਧੋਲੀ ਗਈ। ਸਮਾਂ ਬੀਤਣ ‘ਤੇ ਬੇਰੁਜ਼ਗਾਰੀ ਵਧੀ। ਪ੍ਰਵਾਸ ਵਧਿਆ। ਆਇਲੈਟਸ ਨੇ ਪੰਜਾਬ ਦੀ ਸਿੱਖਿਆ ਤੇ ਸਿੱਖਿਆ ਸੰਸਥਾਵਾਂ ਰੋਲ ਦਿੱਤੀਆਂ, ਬੰਦ ਕਰਵਾ ਦਿੱਤੀਆਂ। ਕਿਹੜੀ ਸਰਕਾਰ ਕਾਰਨ ਜਾਣ ਸਕੀ ਕਿ ਇਹ ਪ੍ਰਵਾਸ ਨੌਜਵਾਨਾਂ ਦੀ ਮਜਬੂਰੀ ਕਿਉਂ ਬਣ ਰਿਹਾ ਹੈ?
ਬੇਰੁਜ਼ਗਾਰੀ, ਨਸ਼ਿਆਂ ਦਾ ਵਗਦਾ ਦਰਿਆ, ਸਿੱਖਿਆ ਦੀ ਘਾਟ ਦਾ ਹੀ ਤਾਂ ਸਿੱਟਾ ਹੈ। ਸਿੱਖਿਆ ਹੋਏਗੀ, ਚੰਗੀ ਖੇਤੀ ਹੋਏਗੀ। ਸਿੱਖਿਆ ਹੋਏਗੀ ਰੁਜ਼ਗਾਰ ਹੋਏਗਾ, ਕਾਰੋਬਾਰ ਹੋਏਗਾ। ਪਰ ਜੇਕਰ ਸਿੱਖਿਆ ਦੇ ਮੁੱਢਲੇ ਅਧਿਕਾਰ ਨੂੰ ਸਰਕਾਰਾਂ ਭੁੱਲ ਕੇ ਪਬਲਿਕ ਸਕੂਲਾਂ ਰਾਹੀਂ ਲੋਕਾਂ ਤੋਂ ਪੈਸਾ ਬਟੋਰਨ ਦੇ ਚੱਕਰ ‘ਚ ਆਪਣਾ ਫ਼ਰਜ਼ ਹੀ ਭੁੱਲ ਜਾਣਗੀਆਂ ਤਾਂ ਉਸ ਖਿੱਤੇ ਦੇ ਲੋਕਾਂ ਦਾ ਆਖ਼ਰ ਹਾਲ ਕੀ ਹੋ ਜਾਏਗਾ? ਉਹੋ ਹਾਲ ਹੋਏਗਾ, ਜੋ ਪੰਜਾਬ ਦੇ ਲੋਕਾਂ ਦਾ ਇਸ ਵੇਲੇ ਹੋਇਆ ਪਿਆ ਹੈ। ਲੱਖ ਸਰਕਾਰ ਇਹ ਕਹੇ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਢਾਂਚਾ ਸੁਧਾਰ ਦਿੱਤਾ ਹੈ, ਇਸਨੂੰ ਪਬਲਿਕ ਸਕੂਲਾਂ ਦੇ ਹਾਣ ਦਾ ਕਰ ਦਿੱਤਾ ਹੈ। ਕਹਿਣ ਨੂੰ ਇਹ ਸਿੱਖਿਆ ਕ੍ਰਾਂਤੀ ਹੈ ਪਰ ਅੱਜ ਵੀ ਸਰਕਾਰੀ ਸਕੂਲ ਆਮ ਆਦਮੀ ਦੀ ਆਖ਼ਰੀ ਮਜਬੂਰੀ ਬਣੇ ਹੋਏ ਹਨ, ਜਿਥੇ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਮਨੋ ਨਹੀਂ, ਬੇਬਸੀ ‘ਚ ਭੇਜਦਾ ਹੈ। ਹਾਲ ਪਬਲਿਕ ਸਕੂਲਾਂ ਦਾ ਵੀ ਇਹੋ ਹੈ, ਜਿਥੇ ਸਿੱਖਿਆ ਦਿੱਤੀ ਨਹੀਂ ਜਾਂਦੀ, ਵੇਚੀ ਜਾਂਦੀ ਹੈ। ਹਾਲ ਪ੍ਰੋਫੈਸ਼ਨਲ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਪ੍ਰੋਫੈਸ਼ਨਲ ਕਾਲਜਾਂ ਦਾ ਵੀ ਇਹੋ ਹੈ। ਸਵਾਲ ਉੱਠਦਾ ਹੈ ਕਿ ਕੀ ਸਿੱਖਿਆ ਕੋਈ ਵੇਚਣ ਵਾਲੀ ਚੀਜ਼ ਹੈ?
ਪੰਜਾਬ ‘ਚ 17 ਯੂਨੀਵਰਸਿਟੀਆਂ ਹਨ, ਜੋ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਹਨ। 14 ਪ੍ਰਾਈਵੇਟ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਹਨ। 8 ਮੈਡੀਕਲ ਕਾਲਜ ਹਨ। ਦਰਜਨਾਂ ਇੰਜੀਨੀਅਰਿੰਗ ਟੈਕਨਾਲੌਜੀ ਕਾਲਜ ਹਨ। ਆਰਟਸ ਕਾਲਜਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਪਬਲਿਕ ਮਾਡਲ ਸਕੂਲ ਥਾਂ-ਥਾਂ ਖੁਲ੍ਹੇ ਹੋਏ ਹਨ। ਪਰ ਇਨ੍ਹਾਂ ਸਾਰਿਆਂ ਤੋਂ ਵੱਧ ਮਨਜ਼ੂਰਸ਼ੁਦਾ ਅਤੇ ਗ਼ੈਰ-ਮਨਜ਼ੂਰਸ਼ੁਦਾ ਆਇਲੈਟਸ ਸੈਂਟਰ ਹਨ। ਪਰ ਬਹੁਤ ਹੀ ਘੱਟ ਗਿਣਤੀ ‘ਚ ਪੀ.ਸੀ.ਐੱਸ., ਆਈ.ਏ.ਐੱਸ., ਆਈ.ਪੀ.ਐੱਸ., ਕੰਪੀਟੀਸ਼ਨ ਦੀ ਤਿਆਰੀ ਕਰਵਾਉਣ ਵਾਲੇ ਸੈਂਟਰ ਹਨ।
ਲਗਭਗ ਹਰ ਪਿੰਡ ਅਤੇ ਸ਼ਹਿਰ ‘ਚ ਸਰਕਾਰੀ ਪ੍ਰਾਇਮਰੀ ਸਕੂਲ ਹੈ, ਤੇ ਵੱਡੀ ਗਿਣਤੀ ‘ਚ ਮਿਡਲ, ਹਾਈ, ਹਾਇਰ ਸੈਕੰਡਰੀ ਸਕੂਲ ਹਨ। ਉਸ ਸੂਬੇ ‘ਚ ਜਿਥੇ ਸਕੂਲਾਂ, ਕਾਲਜਾਂ, ਪ੍ਰੋਫੈਸ਼ਨਲ ਕਾਲਜਾਂ ਦੀ ਭਰਮਾਰ ਹੋਵੇ ਉਥੇ ਇਨ੍ਹਾਂ ਵਿਦਿਅਕ ਸੰਸਥਾਵਾਂ ‘ਚ ਜਦੋਂ ਅਸਲ ਸਿੱਖਿਆ ਦੀ ਘਾਟ ਹੋਵੇ, ਤਾਂ ਸਵਾਲ ਚੁੱਕਣਾ ਤਾਂ ਬਣਦਾ ਹੀ ਹੈ ਕਿ ਇਹ ਸਿੱਖਿਆ ਅਦਾਰੇ ਆਖ਼ਰ ਖੋਲ੍ਹੇ ਹੀ ਕਿਉਂ ਗਏ ਹਨ? ਕੀ ਇਨ੍ਹਾਂ ਦੇ ਖੋਲ੍ਹਣ ਪਿੱਛੇ ਸੇਵਾ ਭਾਵਨਾ ਹੈ, ਜਾਂ ਕਾਰੋਬਾਰੀ ਭਾਵਨਾ? ਕਦੇ ਮਿਸ਼ਨਰੀ ਲੋਕਾਂ ਨੇ ਪੰਜਾਬ ਨੂੰ ਸਿੱਖਿਅਤ ਕਰਨ ਲਈ ਆਰੀਆ, ਖ਼ਾਲਸਾ, ਕ੍ਰਿਸਚੀਅਨ ਸਕੂਲ ਖੋਲ੍ਹੇ ਸਨ, ਪਰ ਸਰਕਾਰੀ ਨੀਤੀਆਂ ਨੇ ਇਨ੍ਹਾਂ ਸੰਸਥਾਵਾਂ ਨੂੰ ਨਿਹੱਥੇ ਕਰ ਦਿੱਤਾ। ਪਬਲਿਕ ਸਕੂਲਾਂ, ਪ੍ਰੋਫੈਸ਼ਨਲ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਇਨ੍ਹਾਂ ਸੰਸਥਾਵਾਂ ਨੂੰ ਪਿੱਛੇ ਧੱਕ ਕੇ, ਸਰਕਾਰੀ ਸਕੂਲਾਂ, ਕਾਲਜਾਂ ਦੀ ਫੱਟੀ-ਬਸਤਾ ਵੀ ਪੋਚ ਦਿੱਤਾ।
ਅੱਜ ਸੂਬੇ ਦੇ ਸਿੱਖਿਆ ਪੱਖੋਂ ਹਾਲਾਤ ਮਾੜੇ ਹਨ। ਬਾਵਜੂਦ ਇਸ ਸਭ ਕੁਝ ਦੇ ਕਿ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ। ਸਕੂਲਾਂ ‘ਚ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਘਾਟ ਹੈ। ਬੁਨਿਆਦੀ ਢਾਂਚੇ ਦੀ ਕਮੀ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਕੂਲਾਂ ਵਿਚ ਕੱਚੇ, ਪੱਕੇ ਠੇਕੇ ‘ਤੇ, ਕਮੇਟੀ ਵਾਲੇ ਟੀਚਰ ਪੜ੍ਹਾਈ ਕਰਵਾ ਰਹੇ ਹਨ। ਕਮੇਟੀ ਵਾਲੇ ਟੀਚਰਾਂ ਦੀ ਤਨਖ਼ਾਹ ਦੋ ਜਾਂ ਤਿੰਨ ਹਜ਼ਾਰ ਰੁਪਏ ਮਹੀਨਾ ਹੈ। ਇਹ ਕਿਸ ਕਿਸਮ ਦੀ ਪੜ੍ਹਾਈ ਪਰੋਸੀ ਜਾ ਰਹੀ ਹੈ? ਕਈ ਪ੍ਰਾਈਵੇਟ ਸਕੂਲ ਅਜਿਹੇ ਹਨ ਜਿਥੇ ਖਾਤਿਆਂ ‘ਚ ਤਨਖ਼ਾਹਾਂ ਦੇਣ ਸਮੇਂ ਪੂਰਾ ਗ੍ਰੇਡ ਦਿੱਤਾ ਜਾ ਰਿਹਾ ਹੈ ਪਰ ਤਨਖ਼ਾਹਾਂ ਵਾਪਿਸ ਜਮ੍ਹਾਂ ਕਰਵਾਈਆਂ ਜਾ ਰਹੀਆਂ ਹਨ। ਅਜਿਹੇ ਅਧਿਆਪਕ ਕਿਹੋ ਜਿਹੀ ਸਿੱਖਿਆ ਦੇਣਗੇ? ਨਵੇਂ ਸਰਕਾਰੀ ਕਾਲਜ ਖੋਲ੍ਹੇ ਜਾ ਰਹੇ ਹਨ, ਟੀਚਰ ਇਥੇ ਵੀ ਠੇਕੇ ‘ਤੇ ਹਨ।
ਪੰਜਾਬ ਦੇ ਪ੍ਰਾਇਮਰੀ, ਮਿਡਲ ਸਰਕਾਰੀ ਸਕੂਲਾਂ ‘ਚ ਪੰਜ-ਪੰਜ ਕਲਾਸਾਂ ਲਈ ਇੱਕ ਅਧਿਆਪਕ ਹੈ। ਬੀਤੇ ਸਮਿਆਂ ‘ਚ ਵਿਦਿਆਰਥੀ ਤੱਪੜ ‘ਤੇ ਬੈਠਦੇ ਸੀ, ਚੰਗੇ ਗਿਆਨਵਾਨ ਟੀਚਰਾਂ ਤੋਂ ਪੜ੍ਹਦੇ ਸੀ। ਆਲੇ-ਦੁਆਲੇ ਨੂੰ ਵੇਖਦੇ ਸੀ, ਚੰਗੀ ਸੋਚ ਬਣਦੀ ਸੀ। ਹੁਣ ਸੋਚ ਉਤੇ ਪਰਦਾ ਪੈ ਗਿਆ ਹੈ। ਪਬਲਿਕ ਸਕੂਲ ਮਾਂ-ਬੋਲੀ ਪੰਜਾਬੀ ਤੋਂ ਪ੍ਰਹੇਜ਼ ਕਰਦੇ ਹਨ, ਮਾਪੇ ਬੱਚਿਆਂ ਨੂੰ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਸਿੱਧਾ ਆਇਲੈਟਸ ਕਰਵਾ ਕੇ ਬੇਗਾਨੇ ਮੁਲਕਾਂ ‘ਚ ਭੇਜ ਰਹੇ ਹਨ। ਬਰੇਨ ਡਰੇਨ ਹੋ ਰਿਹਾ, ਧਨ ਦੀ ਇਥੋਂ ਨਿਕਾਸੀ ਹੋ ਰਹੀ ਹੈ। ਇਥੇ ਖੋਲ੍ਹੇ ਆਰਟਸ ਤੇ ਪ੍ਰੋਫੈਸ਼ਨਲ ਕਾਲਜ ਬੰਦ ਹੋ ਰਹੇ ਹਨ, ਸੀਟਾਂ ਨਹੀਂ ਭਰੀਆਂ ਜਾ ਰਹੀਆਂ। ਯੂਨੀਵਰਸਿਟੀਆਂ ਜਿਨ੍ਹਾਂ ਵਿਚਾਰਵਾਨ ਪੈਦਾ ਕਰਨੇ ਹਨ, ਪ੍ਰੋਫੈਸਰਾਂ, ਅਧਿਆਪਕਾਂ ਤੋਂ ਸੱਖਣੀਆਂ ਹਨ। ਸਰਕਾਰਾਂ ਨੇ, ਸਿੱਖਿਆ ਸਿਸਟਮ ਨੇ ਅਧਿਆਪਕਾਂ ਨੂੰ ਚੁੱਪ-ਚਾਪ ਦੁੱਖ ਸਹਿਣ ਵਾਲੇ ਮਜ਼ਦੂਰ ਬਣਾ ਦਿੱਤਾ ਹੈ।
ਪੰਜਾਬ ਨੂੰ ਸੱਚੀਂ-ਮੁੱਚੀ ਸਿੱਖਿਆ ਕ੍ਰਾਂਤੀ ਦੀ ਲੋੜ ਹੈ। ਪੰਜਾਬ ‘ਸਿੱਖਿਆ ਦੇ ਖੇਤਰ’ ‘ਚ ਸੰਕਟ ‘ਚ ਹੈ। ਉਸੇ ਕਿਸਮ ਦੇ ਸੰਕਟ ‘ਚ ਜਿਵੇਂ ਦੇ ਸੰਕਟ ‘ਚ ਪੰਜਾਬ ਦਾ ਸਭਿਆਚਾਰ ਹੈ। ਪੰਜਾਬ ਦੀ ਧਰਤੀ ਹੈ, ਜੋ ਪਾਣੀ ਦੀ ਥੁੜ੍ਹੋਂ ਮਾਰੂਥਲ ਹੋਣ ਵੱਲ ਵਧ ਰਹੀ ਹੈ। ਪੰਜਾਬੀ ਭਾਈਚਾਰੇ ਦਾ, ਪੰਜਾਬ ਦੀ ਧਰਤੀ ਦਾ ਮੂਲ ਸਿਧਾਂਤ ਪੰਚਾਇਤੀ ਸੱਥ ਟੁਟ ਚੁੱਕੀ ਹੈ। ਫ਼ੈਸਲੇ ਹੁਣ ਪਰਿਆ ‘ਚ ਨਹੀਂ, ਅਦਾਲਤੀ, ਥਾਣਿਆਂ ਜਾਂ ਸਿਆਸੀ ਢੁੱਠਾ ਵਾਲੇ ਲੋਕਾਂ ਦੇ ਦਰਾਂ ‘ਤੇ ਹੁੰਦੇ ਹਨ। ਆਪਸੀ ਵਿਚਾਰ-ਵਟਾਂਦਰਾ ਸੱਥਾਂ ‘ਚੋਂ ਗਾਇਬ ਕਰ ਦਿੱਤਾ ਗਿਆ ਹੈ। ਤਾਕਤ ਪੈਸੇ ਵਾਲਿਆਂ ਹੱਥ ਫੜਾ ਦਿੱਤੀ ਗਈ ਹੈ।
ਸਿਆਸਤਦਾਨ ਦੀ ਤਰਜੀਹ ਹੁਣ ਜਨ ਕਲਿਆਣ ਜਾਂ ਲੋਕ ਸਰੋਕਾਰ ਨਹੀਂ, ਸਿਰਫ਼ ਚੋਣ ਸਮੀਕਰਨ ਰਹਿ ਗਈ ਹੈ। ਉਨ੍ਹਾਂ ਦੀ ਤਰਜੀਹ ਲੋਕਾਂ ਨੂੰ ਨਿਕੰਮੇ, ਅਸਿੱਖਿਅਤ ਰੱਖਣ ਵੱਲ ਵਧੇਰੇ ਹੈ ਤਾਂ ਕਿ ਕੋਈ ਸਵਾਲ ਹੀ ਨਾ ਉਠੇ ਪਰ ਸਿੱਖਿਆ ਸਵਾਲ ਉਠਾਉਂਦੀ ਹੈ, ਸਿੱਖਿਆ ਵਿਚਾਰ ਪੈਦਾ ਕਰਦੀ ਹੈ, ਸਿੱਖਿਆ ਅਤੇ ਕਿਤਾਬ ਮਨ ਅਤੇ ਤਨ ਨੂੰ ਤਾਕਤਵਰ ਕਰਦੀ ਹੈ।
ਪੰਜਾਬ ਦਾ ਵਿਰਸਾ, ਪੰਜਾਬ ਦੀ ਬੋਲੀ ਬਹੁਤ ਅਮੀਰ ਹੈ। ਪੰਜਾਬ ਦੇਸ਼ ਦਾ ਅੰਨ ਦਾਤਾ ਹੈ। ਪੰਜਾਬ ਪੂਰੇ ਦੇਸ਼ ਵਿਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਪੰਜਾਬ ਕਦੇ ਪੰਜ ਦਰਿਆਵਾਂ ਦੀ ਧਰਤੀ ਸੀ। ਇਹ ਖਿੱਤੇ ਦਾ ਸਭ ਤੋਂ ਸਿਆਣਾ ਇਲਾਕਾ ਸੀ, ਜਿਥੇ ਸਿਆਣੇ ਲੋਕ ਵਸਦੇ ਸਨ, ਜਿਥੇ ਰੂਹਾਨੀ ਰੂਹਾਂ ਨੇ ਜਨਮ ਲਿਆ। ਲਿਖਣਾ-ਪੜ੍ਹਨਾ, ਵਿਚਾਰਨਾ ਜਿਨ੍ਹਾਂ ਦੇ ਲਹੂ ‘ਚ ਸੀ ਅਤੇ ਲਹੂ ‘ਚ ਸੀ ਆਪਣੀ ਅਣਖ ਲਈ ਖੜ੍ਹਨਾ, ਮਰਨਾ। ਚੰਗਾ ਵਾਤਾਵਰਨ, ਵਸਦੇ ਦਰਿਆ, ਜਰਖੇਜ਼ ਜ਼ਮੀਨ ਜਿਨ੍ਹਾਂ ਦਾ ਧਨ ਸੀ।
ਸਿਆਸੀ ਖੇਡਾਂ ਇਸਦਾ ਲੱਕ ਤੋੜਿਆ ਅਤੇ ਪੰਜਾਬ ਢਾਈ ਦਰਿਆਵਾਂ ਤੱਕ ਸੀਮਤ ਕਰ ਦਿੱਤਾ ਗਿਆ। ਵੱਢ-ਵਢਾਂਗਾ, ਭਾਈ-ਮਾਰ, ਸਾਜ਼ਿਸ਼ਾਂ, ਸਵਾਰਥੀ ਸੋਚ ਪਿੱਠ-ਛੁਰਾ ਇਨ੍ਹਾਂ ਦੇ ਪੱਲੇ ਪਾ ਦਿੱਤਾ ਗਿਆ। ਗਿਆਨ ਤੋਂ ਦੂਰ ਕਰ ਕੇ ਸਿਆਣਿਆਂ ਤੇ ਯੋਧਿਆਂ ਨੂੰ ਐਸਾ ਲਪੇਟਿਆ ਸੰਕੀਰਨ ਸੋਚ ਨਾਲ ਕਿ ਅੱਜ ਸੋਚੋ ਹਰਿਆ-ਭਰਿਆ ਪੰਜਾਬ, ਪੰਜਾਬ ਹੀ ਨਹੀਂ ਦਿਸਦਾ। ਸਿਊਂਕ ਨਾਲ ਭੰਨਿਆ, ਬੀਮਾਰੀਆਂ ਨਾਲ ਖਾਧਾ ਨਰਕੀ ਪੰਜਾਬ ਦਿਸਦਾ ਹੈ, ਜਿਥੇ ਨਸ਼ੇ ਹਨ। ਜਿਥੇ ਮਾਰ-ਧਾੜ ਹੈ। ਧਰਤੀ ਨਾਲੋਂ ਟੁਟਿਆ ਕੁਨਬਾ ਹੈ, ਜਿਹੜਾ ਆਪਣੀ ਧਰਤ ਛੱਡ ਬੇਗਾਨੀ ਧਰਤੀ ਦੀ ਬੁੱਕਲ ਲੱਭਦਾ ਹੈ।
ਕਾਰਨ ਇਕੋ ਨਹੀਂ, ਪਰ ਵੱਡਾ ਹੈ ਪੰਜਾਬੀਆਂ ਨੇ ਸਿੱਖਿਆ-ਸੋਚ ਨਾਲੋਂ ਮੋਹ ਤੋੜ ਲਿਆ ਹੈ। ਅਕਲ ‘ਤੇ ਪੱਲਾ ਪਾ ਲਿਆ ਹੈ। ਸੋਚ ਨਿਰੀ-ਪੁਰੀ ਵਿਵਹਾਰਕ ਕਰ ਲਈ ਹੈ। ਜੰਮਦੇ ਹੀ, ਮਰਨ ਤੱਕ ਚੰਗੀ ਖੱਬੀ ਖਾਨ ਜ਼ਿੰਦਗੀ ਗੁਜ਼ਾਰਨ ਲਈ ਸਾਧਨ ਜੁਟਾਉਣ ਦੇ ਰਾਹ ਪੈ ਗਏ ਹਾਂ। ਬੱਚਿਆਂ ਨੂੰ ਇਹੋ ਜਿਹੇ ਸੰਸਕਾਰ ਦੇ ਰਹੇ ਹਾਂ, ਵੱਡਾ ਕਮਾਓ, ਮੌਜਾਂ ਕਰੋ। ਜੇਕਰ ਇਥੇ ਕੁਝ ਨਹੀਂ ਲੱਭਦਾ ਇਥੋਂ ਤੁਰ ਜਾਓ, ਪ੍ਰਵਾਸ ਦੇ ਰਾਹ ਪੈ ਜਾਓ, ਉਥੇ ਹਰ ਕਿਸਮ ਦੀ ਕਿਰਤ ਕਰੋ ਅਤੇ ਬੱਸ ਜ਼ਿੰਦਗੀ ਗੁਜ਼ਾਰ ਦਿਓ। ਪੰਜਾਬ ਦੀ ਸੋਚ ਕਿਥੇ ਗਈ? ਵਿਚਾਰ ਕਿਥੇ ਗਏ? ਨੈਤਿਕ ਕਦਰਾਂ-ਕੀਮਤਾਂ ਕਿਥੇ ਰਹਿ ਗਈਆਂ?
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵਿਚਾਰ ਪ੍ਰਧਾਨ ਖਿੱਤੇ ਪੰਜਾਬ ਦੇ ਲੋਕ, ਹੋਰ ਹੀ ਵਹਿਣਾਂ ‘ਚ ਰੁੜ੍ਹ ਗਏ। ਆਪਣੀ ਸਿੱਖਿਆ ਨੀਤੀ ਤੱਕ ਨਹੀਂ ਘੜ ਸਕੇ।
ਸੂਬਾ ‘ਦਾਨ-ਪੁੰਨ’ ਕਰਨ ਵਾਲਾ ਹੈ। ਸੋਚ ਪੰਜਾਬੀਆਂ ਦੀ ਦਯਾ ਕਰਨ ਦੀ ਹੈ। ਧਾਰਮਿਕ ਸਥਾਨਾਂ, ਡੇਰਿਆਂ ‘ਤੇ ਰੌਣਕਾਂ ਹਨ। ਸ਼ਰਧਾ ਹੈ, ਦਿਖਾਵਾ ਹੈ। ਸੁੰਦਰ ਸਥਾਨ ਹਨ, ਪਰ ਜਿਨ੍ਹਾਂ ਵਿਚਾਰਾਂ ਨੇ ਬੰਦੇ ਨੂੰ ਇਨਸਾਨ ਬਣਾਉਣਾ ਹੈ, ਉਹਦੀ ਕਮੀ ਹੈ। ਅਸੀਂ ਦਾਨ-ਪੁੰਨ ਕਰਦੇ ਹਾਂ। ਸਾਡੇ ਲਈ ਲੰਗਰ ਸੇਵਾ ਵੱਡੀ ਹੈ। ਪਰ ਪੰਜਾਬੀ ਭਾਈਚਾਰਾ ਕਿੰਨੇ ਕੁ ਸਕੂਲ, ਕਾਲਜ ਖੋਲ੍ਹਦਾ ਹੈ? ਇਸ ਲਈ ਕਿੰਨਾ ਕੁ ਦਾਨ ਦਿੰਦਾ ਹੈ? ਕਿੰਨਾ ਖਰਚਾ ਆਪਣੇ ਬੱਚਿਆਂ ਦੀ ਪੜ੍ਹਾਈ ‘ਤੇ ਕਰਦਾ ਹੈ?
ਪੰਜਾਬੀ ਵਿਚਾਰਾਂ ਤੋਂ ਸੱਖਣਾ ਕਿਤਾਬ ਪੜ੍ਹਨ ਤੋਂ ਆਤੁਰ ਹੈ, ਨਸ਼ਾ ਤੇ ਹੋਰ ਵਸਤਾਂ ਖਰੀਦਦਾ ਹੈ, ਕਿਤਾਬ ਨਹੀਂ ਖਰੀਦਦਾ। ਪਿੰਡਾਂ, ਸ਼ਹਿਰਾਂ ‘ਚ ਲਾਇਬ੍ਰੇਰੀਆਂ ਨਹੀਂ ਬਣਾਉਂਦਾ। ਪੀਰਾਂ, ਫ਼ਕੀਰਾਂ, ਬਾਬਿਆਂ ਨੂੰ ਪੂਜੀ ਜਾਂਦਾ ਹੈ। ਸਮਾਂ ਨਸ਼ਟ ਕਰੀ ਜਾਂਦਾ ਹੈ। ਸਰਕਾਰਾਂ ਵੀ ਇਸੇ ਰਸਤੇ ਤੁਰੀਆਂ ਹੋਈਆਂ ਹਨ। ਸਿੱਖਿਆ ਕ੍ਰਾਂਤੀ ਦੇ ਨਾਂਅ ‘ਤੇ ਪੰਜਾਬ ਇਸ ਵੇਲੇ ‘ਪ੍ਰਚਾਰੀ ਚਰਚਾ’ ‘ਚ ਹੈ। ਇਸ ਨਾਲ ਲੋਕਾਂ ਨੂੰ ਕੀ ਪ੍ਰਾਪਤ ਹੋਏਗਾ?
ਕੀ ਸਿਰਫ਼ ਬਣਾਏ ਜਾ ਰਹੇ ਕਮਰੇ, ਪਖ਼ਾਨੇ ਵਿਦਿਆਰਥੀਆਂ ਦੀ ਬੌਧਿਕ ਲੋੜ ਪੂਰੀ ਕਰ ਸਕਣਗੇ? ਕੀ ਅਮੈਰੀਟਸ ਸਕੂਲ, ਵਿਦਿਆਰਥੀ ਦੇ ਸਰਬ-ਪੱਖੀ ਵਿਕਾਸ ਦੇ ਹਾਣ ਦੇ ਹਨ? ਕੀ ਇਹ ਸਕੂਲ ਅਤੇ ਸਧਾਰਨ ਪੇਂਡੂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਦਾ ਪਾੜਾ ਵੱਡਾ ਨਹੀਂ ਹੋ ਰਿਹਾ?
ਇਸ ਸਭ ਕੁਝ ਦਾ ਅਰਥ ਇਹ ਵੀ ਨਹੀਂ ਕਿ ਪੰਜਾਬੀ ਵਿਚਾਰਵਾਨਾਂ ਦੀ ਕਮੀ ਹੈ। ਦੇਸ਼-ਵਿਦੇਸ਼ ‘ਚ ਸਿਆਣੇ ਪੰਜਾਬੀਆਂ ਦਾ ਬੋਲ ਬਾਲਾ ਹੈ, ਜਿਥੇ ਵਿਦੇਸ਼ਾਂ ‘ਚ ਚੰਗੇ ਕਾਰੋਬਾਰੀ ਹਨ, ਸਾਇੰਸਦਾਨ ਹਨ, ਸਿੱਖਿਆ ਸ਼ਾਸਤਰੀ ਹਨ, ਉਥੇ ਪੰਜਾਬੀ ਦਾਨੀ ਪੁਰਖਾਂ ਦੀ ਵੀ ਕਮੀ ਨਹੀਂ ਹੈ।
ਲੋੜ ਹੈ ਪੰਜਾਬੀ ਲੋਕ ਬਾਕੀ ਦਿਖਾਵੇ ਛੱਡ ਕੇ ਸਿੱਖਿਆ ਖੇਤਰ ‘ਚ ਪੁਲਾਘਾਂ ਭਰਨ। ਧਾਰਮਿਕ ਸਥਾਨਾਂ ਦੀ ਥਾਂ ਯੂਨੀਵਰਸਿਟੀਆਂ, ਸਕੂਲ, ਕਾਲਜ, ਲਾਇਬ੍ਰੇਰੀਆਂ ਖੋਲ੍ਹਣ, ਬੱਚਿਆਂ ਨੂੰ ਪੜ੍ਹਾਉਣ ਵੱਲ ਲੈ ਕੇ ਜਾਣ। ਇਹੀ ਅਸਲ ਅਰਥਾਂ ‘ਚ ਸਿੱਖਿਆ ਕ੍ਰਾਂਤੀ ਦੀ ਨੀਂਹ ਹੋ ਸਕੇਗੀ।