ਤਿਹਾੜ ਦੀਆਂ ਸੀਖ਼ਾਂ ਦੇ ਪਿੱਛੇ ਬੰਦ ਮੁਸਲਮਾਨ ਕੁੜੀ ਦੀ ਦਾਸਤਾਨ
-ਬੂਟਾ ਸਿੰਘ ਮਹਿਮੂਦਪੁਰ
ਪਿਛਲੇ ਪੰਜ ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ ਦੀਆਂ ਸੀਖ਼ਾਂ ਪਿੱਛੇ ਇਕ 31 ਸਾਲਾ ਮੁਸਲਮਾਨ ਕੁੜੀ, ਗੁਲਫ਼ਿਸ਼ਾਂ ਫ਼ਾਤਿਮਾ ਕੈਦ ਹੈ। ਨਾਗਰਿਕਤਾ ਸੋਧ ਕਾਨੂੰਨ (ਛੳੳ) ਦੇ ਖਿਲਾਫ਼ ਆਪਣੀ ਅਸਹਿਮਤੀ ਦਰਸਾਉਣ ਦਾ ਮੁੱਲ ਉਸਨੂੰ ਇਸ ਲੰਮੀ ਕੈਦ ਦੇ ਰੂਪ ਵਿਚ ਤਾਰਨਾ ਪਿਆ ਹੈ। ਜੇਲ੍ਹ ਵਿਚ ਸਿਰਫ਼ ਗੁਲਫ਼ਿਸ਼ਾਂ ਹੀ ਬੰਦ ਨਹੀਂ ਹੈ — ਉਸ ਦੇ ਨਾਲ ਇਸ ਹੋਣਹਾਰ ਧੀ ਦੇ ਖ਼ਵਾਬ, ਉਸ ਦੀਆਂ ਉਮੀਦਾਂ, ਉਸ ਦੇ ਬੁੱਢੇ ਮਾਂ-ਪਿਓ ਦੀਆਂ ਰਿਹਾਈ ਉਡੀਕਦੀਆਂ ਅੱਖਾਂ, ਵਿਤਕਰੇ ਦੇ ਖਿਲਾਫ਼ ਖੜ੍ਹੇ ਹੋਣ ਦਾ ਸਵੈਵਿਸ਼ਵਾਸ ਵੀ ਕੈਦ ਹੈ। ਇਨ੍ਹਾਂ ਪੱਖਾਂ ਦੀ ਚਰਚਾ ਇਸ ਲੇਖ ਵਿਚ ਕੀਤੀ ਗਈ ਹੈ। -ਸੰਪਾਦਕ॥
ਦਸੰਬਰ 2019 ’ਚ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ‘ਨਾਗਰਿਕਤਾ ਸੋਧ ਕਾਨੂੰਨ’ ਵਿਰੁੱਧ ਘੱਟਗਿਣਤੀ ਮੁਸਲਮਾਨ ਫਿਰਕੇ ਦੇ ਲੋਕਾਂ ਨੂੰ ਆਪਣਾ ਨਾਗਰਿਕਤਾ ਦਾ ਹੱਕ ਬਚਾਉਣ ਲਈ ਸੜਕਾਂ ’ਤੇ ਆਉਣਾ ਪਿਆ ਸੀ। ਦਿੱਲੀ ਵਿਚ ਸ਼ਾਹੀਨ ਬਾਗ਼ ਅਤੇ ਪੂਰੇ ਮੁਲਕ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸੇ ਤਰਜ਼ ਦੇ ਪੱਕੇ ਮੋਰਚਿਆਂ ਦੀ ਦ੍ਰਿੜ ਆਵਾਜ਼ ਤੋਂ ਭੈਭੀਤ ਹੋਈ ਭਗਵਾ ਹਕੂਮਤ ਐਨੀ ਜ਼ਿਆਦਾ ਬੌਖਲਾ ਗਈ ਕਿ ਸ਼ਾਂਤਮਈ ਅੰਦੋਲਨ ਨੂੰ ਖਦੇੜਨ ਲਈ ਪੁਲਿਸ ਅਤੇ ਭਗਵਾ ਦਹਿਸ਼ਤੀ ਗਰੋਹਾਂ ਦੇ ਕਟਕ ਚਾੜ੍ਹ ਦਿੱਤੇ ਗਏ। 23 ਫਰਵਰੀ 2020 ਨੂੰ ਮੁਸਲਮਾਨਾਂ ਨੂੰ ਖ਼ਾਸ ਨਿਸ਼ਾਨਾ ਬਣਾ ਕੇ ਹਿੰਸਾ ਕੀਤੀ ਗਈ ਅਤੇ ਪੂਰੇ ਤਿੰਨ ਦਿਨ ਪੂਰਬ-ਉੱਤਰੀ ਦਿੱਲੀ ਵਿਚ ਸਾੜ-ਫੂਕ, ਵੱਢ-ਟੁੱਕ ਅਤੇ ਕਤਲਾਂ ਦਾ ਨੰਗਾ ਨਾਚ ਨੱਚਿਆ ਗਿਆ। ਕਪਿਲ ਮਿਸ਼ਰੇ ਵਰਗੇ ਭਾਜਪਾ ਆਗੂ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ’ਚ ਫਿਰਕੂ ਹਜੂਮ ਨੂੰ ਮੁਸਲਮਾਨਾਂ ਉੱਪਰ ਹਮਲੇ ਕਰਨ ਲਈ ਉਕਸਾਉਂਦੇ ਦੇਖੇ ਗਏ। ਇਹ ਸਭ ਮੀਡੀਆ ਕੈਮਰਿਆਂ ਨੇ ਪ੍ਰਸਾਰਿਤ ਵੀ ਕੀਤਾ। ਇਨ੍ਹਾਂ ਹਮਲਿਆਂ ਵਿਚ 53 ਲੋਕ ਮਾਰੇ ਗਏ ਜਦਕਿ 700 ਫੱਟੜ ਹੋਏ। ਇਹ ਮੁੱਖ ਤੌਰ ’ਤੇ ਮੁਸਲਮਾਨ ਸਨ। ਬਹੁਤ ਸਾਰੀਆਂ ਲਾਸ਼ਾਂ ਨਾਲਿਆਂ, ਡਰੇਨਾਂ ਵਿਚੋਂ ਮਿਲੀਆਂ। ਮਜ਼ਲੂਮ ਮੁਸਲਮਾਨ ਘੱਟਗਿਣਤੀ ਦੇ ਘਰ, ਦੁਕਾਨਾਂ ਤੇ ਹੋਰ ਕਾਰੋਬਾਰ ਤੋੜ ਦਿੱਤੇ ਗਏ। ਮਸਜਿਦਾਂ ਨੂੰ ਤੋੜਨਾ ਅਤੇ ਅੱਗਾਂ ਲਾਉਣਾ ਇਸ ਹਮਲੇ ਦਾ ਖ਼ਾਸ ਟੀਚਾ ਸੀ।
ਫਿਰ ਹਮਲੇ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ। ਮੁਜਰਿਮ ਹੀ ਹੁਕਮਰਾਨ ਸਨ। ਉਨ੍ਹਾਂ ਦੀ ਆਪਣੀ ਹਕੂਮਤ ਹੋਣ ਕਾਰਨ ਅਤੇ ਮੁੱਖਧਾਰਾ ਮੀਡੀਆ ਆਰ.ਐੱਸ.ਐੱਸ.-ਭਾਜਪਾ ਦੀ ਸੇਵਾ ’ਚ ਹਾਜ਼ਰ ਹੋਣ ਕਾਰਨ ਉਨ੍ਹਾਂ ਲਈ ਕੋਈ ਵੀ ਝੂਠਾ ਬਿਰਤਾਂਤ ਪ੍ਰਚਾਰਨ ਅਤੇ ਮਜ਼ਲੂਮ ਘੱਟਗਿਣਤੀ ਨੂੰ ਹੀ ਦੋਸ਼ੀ ਕਰਾਰ ਦੇਣ ’ਚ ਕੋਈ ਰੁਕਾਵਟ ਨਹੀਂ ਸੀ। ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਪੁਲਿਸ ਨੇ ਮੁਸਲਮਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ’ਚ ਡੱਕਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਇਹ ਪ੍ਰਚਾਰਿਆ ਗਿਆ ਕਿ ਇਹ ਹਿੰਸਾ ‘ਟਰੰਪ ਦੀ ਫੇਰੀ ਮੌਕੇ (22-23 ਫਰਵਰੀ) ਗੜਬੜ ਫੈਲਾ ਕੇ ਸਰਕਾਰ ਦੀਆਂ ਗੋਡਣੀਆਂ ਲਵਾਉਣ ਅਤੇ ਭਾਰਤ ਨੂੰ ਬਦਨਾਮ ਕਰਨ’ ਦੀ ਡੂੰਘੀ ਸਾਜ਼ਿਸ਼ ਤਹਿਤ ਕਰਵਾਈ ਗਈ ਹੈ। ‘ਸਾਜ਼ਿਸ਼’ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਸੌਂਪੀ ਗਈ ਜਿਸ ਦੀ ਦਹਿਸ਼ਤਵਾਦ ਕਾਂਡਾਂ ਦੇ ਝੂਠੇ ਕੇਸ ਬਣਾ ਕੇ ਬੇਕਸੂਰ ਮੁਸਲਮਾਨਾਂ ਨੂੰ ਦਸ-ਪੰਦਰਾਂ ਸਾਲ ਬਿਨਾਂ ਜ਼ਮਾਨਤ ਜੇਲ੍ਹਾਂ ਵਿਚ ਸਾੜਨ ਦੀ ਖ਼ਾਸ ਮੁਹਾਰਤ ਹੈ।
‘ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ਉਪਰੋਕਤ ਹਿੰਸਾ ਦੇ ਕੇਸਾਂ ਵਿਚ 2617 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਪੈਸ਼ਲ ਸੈੱਲ ਨੇ ਕਾਰਕੁਨ ਵਿਦਿਆਰਥੀ ਸ਼ਰਜੀਲ ਇਮਾਮ, ਗੁਲਫ਼ਿਸ਼ਾਂ ਫਾਤਿਮਾ, ਦੇਵਾਂਗਨਾ ਕਲੀਤਾ, ਨਤਾਸ਼ਾ ਨਰਵਾਲ, ਸਫ਼ੂਰਾ ਜ਼ਰਗਰ, ਕਾਰਕੁਨ ਉਮਰ ਖ਼ਾਲਿਦ, ਸਲੀਮ ਮਲਿਕ ਸਮੇਤ 21 ਵਿਅਕਤੀਆਂ ਨੂੰ ਇਸ ਸਾਜ਼ਿਸ਼ ਦੇ ਦੋਸ਼ੀ ਦੱਸਿਆ। ਇਨ੍ਹਾਂ ਸਾਰਿਆਂ ਨੇ ਸ਼ਾਂਤਮਈ ਧਰਨਿਆਂ-ਮੁਜ਼ਾਹਰਿਆਂ ਰਾਹੀਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਈ ਸੀ। ਪੜ੍ਹੇ-ਲਿਖੇ ਮੁਸਲਮਾਨ ਮੁੰਡੇ-ਕੁੜੀਆਂ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਯੂਏਪੀਏ ਲਗਾ ਕੇ ਅਣਮਿੱਥੇ ਸਮੇਂ ਲਈ ਬਿਨਾਂ ਜ਼ਮਾਨਤ ਜੇਲ੍ਹਾਂ ਵਿਚ ਸਾੜਿਆ ਜਾ ਰਿਹਾ ਹੈ। ਆਰ.ਐੱਸ.ਐੱਸ.-ਭਾਜਪਾ ਤਾਂ ਆਪਣੇ ‘ਹਿੰਦੂ ਰਾਸ਼ਟਰ’ ਦੇ ਰਾਜਨੀਤਕ ਪ੍ਰੋਜੈਕਟ ਤਹਿਤ ਮੁਸਲਮਾਨਾਂ ਨੂੰ ਦੋਇਮ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਾਉਣ ਲਈ ਕਾਨੂੰਨੀ-ਗ਼ੈਰਕਾਨੂੰਨੀ ਹਰ ਹਰਬਾ ਵਰਤ ਰਹੀ ਹੈ, ਫਿਰ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ ਕਿ ਮੁਸਲਮਾਨ ਔਰਤਾਂ ਹਕੂਮਤ ਦੇ ਕਾਨੂੰਨਾਂ ਨੂੰ ਸੜਕਾਂ ਉੱਪਰ ਬੈਠ ਕੇ ਚੁਣੌਤੀ ਦੇਣ।
ਇਹ ਜੱਗ ਜ਼ਾਹਿਰ ਹੈ ਕਿ ਉਹ ਉਪਰੋਕਤ ਫਿਰਕੂ ਕਾਨੂੰਨ ਵਿਰੁੱਧ ਆਵਾਜ਼ ਉਠਾਉਣ ਲਈ ਆਪਣੇ ਸੰਵਿਧਾਨਕ ਹੱਕ ਤਹਿਤ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਦਿੱਲੀ ਪੁਲਿਸ ਨੇ ਉਚੇਚਾ ਤਰੱਦਦ ਕਰਕੇ 25000 ਪੰਨਿਆਂ ਦੀਆਂ ਪੰਜ ਚਾਰਜਸ਼ੀਟਾਂ ਪੇਸ਼ ਕੀਤੀਆਂ ਹਨ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਬਹੁਤ ਵੱਡੀ ਦੇਸ਼-ਧਰੋਹੀ ਸਾਜ਼ਿਸ਼ ਹੋਣ ਕਾਰਨ ਇਨ੍ਹਾਂ ਵਿਰੁੱਧ ਦਹਿਸ਼ਤਵਾਦ ਵਿਰੋਧੀ ਵਿਸ਼ੇਸ਼ ਕਾਨੂੰਨ, ਯੂਏਪੀਏ, ਅਤੇ ਹੋਰ ਸਖ਼ਤ ਕਾਨੂੰਨੀ ਧਾਰਾਵਾਂ ਲਗਾ ਕੇ ਇਨ੍ਹਾਂ ਨੂੰ ਬਿਨਾਂ ਜ਼ਮਾਨਤ ਜੇਲ੍ਹ ਵਿਚ ਰੱਖਣਾ ਇਕਦਮ ਸਹੀ ਹੈ। ਚਾਰਜਸ਼ੀਟ ਕੀਤੇ 18 ਵਿਚੋਂ 16 ਮੁਸਲਮਾਨ ਹਨ। ਪੁਲਿਸ ਦੀ ਕਹਾਣੀ ਅਨੁਸਾਰ ਸੜਕ ਜਾਮ ਕਰਨਾ ਅਤੇ ਉਨ੍ਹਾਂ ਕੋਲੋਂ ਮਿਰਚਾਂ ਦਾ ਪਾਊਡਰ ਮਿਲਣਾ ਵੱਡੀ ਸਾਜ਼ਿਸ਼ ਦਾ ਸਬੂਤ ਹੈ! ਇਸੇ ਸਿੱਕੇ ਦਾ ਦੂਜਾ ਪਾਸਾ ਇਹ ਹੈ ਕਿ ਹਿੰਸਾ ਦੇ ਇਕ ਮੁੱਖ ਸਰਗਣੇ ਕਪਿਲ ਮਿਸ਼ਰੇ ਵਿਰੁੱਧ ਦਿੱਲੀ ਪੁਲਿਸ ਨੇ ਭੜਕਾਊ ਭਾਸ਼ਣ ਦੀ ਰਿਕਾਰਡਿੰਗ ਸਮੇਤ ਸਾਰੇ ਸਬੂਤ ਹੋਣ ਅਤੇ ਚਸ਼ਮਦੀਦ ਗਵਾਹਾਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਕੇਸ ਦਰਜ ਨਹੀਂ ਕੀਤਾ। ਦਲੀਲ ਇਹ ਦਿੱਤੀ ਗਈ ਕਿ ਸ਼ਿਕਾਇਤਕਰਤਾਵਾਂ ਦਾ ਇਸ ਪਿੱਛੇ ਲੁਕਵਾਂ ਏਜੰਡਾ ਹੈ ਅਤੇ ਇਸੇ ਤਹਿਤ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਰਚ 2025 ’ਚ ਇਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਪੁਲਿਸ ਨੂੰ ਉਸ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿੱਤਾ ਹੈ ਅਤੇ ਜ਼ਾਹਿਰ ਹੈ ਕਿ ਪੁਲਿਸ ਉੱਚ ਅਦਾਲਤ ਵਿਚ ਜਾ ਕੇ ਇਸ ਹੁਕਮ ਵਿਰੁੱਧ ਸਟੇਅ ਲੈ ਲਵੇਗੀ। ਹੁਣ ਤਾਂ ਉਸ ਵਿਰੁੱਧ ਕਾਰਵਾਈ ਦਾ ਸਵਾਲ ਹੀ ਨਹੀਂ ਹੈ ਕਿਉਂਕਿ ਉਹ ਤਰੱਕੀ ਕਰਕੇ ਦਿੱਲੀ ਸਰਕਾਰ ਵਿਚ ਮੰਤਰੀ ਬਣ ਗਿਆ ਹੈ!
ਹੁਣ ਤਾਂ ਪੂਰੀ ਦੁਨੀਆ ਬਖ਼ੂਬੀ ਜਾਣਦੀ ਹੈ ਕਿ ਭਾਰਤੀ ਹੁਕਮਰਾਨਾਂ ਵੱਲੋਂ ਇਸ ਕਾਨੂੰਨ ਦਾ ਖ਼ਾਸ ਨਿਸ਼ਾਨਾ ਉਨ੍ਹਾਂ ਪੱਤਰਕਾਰਾਂ, ਚਿੰਤਕਾਂ, ਕਾਰਕੁਨਾਂ ਅਤੇ ਸੱਤਾ ਨੂੰ ਸਵਾਲ ਕਰਨ ਨੂੰ ਬਣਾਇਆ ਜਾਂਦਾ ਹੈ ਤਾਂ ਜੋ ਬਾਕੀ ਸਮਾਜ ਸੱਤਾ ਦੀ ਕਰੂਰਤਾ ਤੋਂ ਖ਼ੌਫ਼ਜ਼ਦਾ ਹੋ ਕੇ ਵਿਰੋਧ ਕਰਨ ਦੀ ਹਿੰਮਤ ਨਾ ਕਰੇ। ਦਿੱਲੀ ਪੁਲਿਸ ਦੀਆਂ ਪੂਰੀ ਤਰ੍ਹਾਂ ਝੂਠੀਆਂ ਕਹਾਣੀਆਂ ਪ੍ਰਤੀ ਅੱਖਾਂ ਮੀਟ ਕੇ ਅਦਾਲਤਾਂ ਵਾਰ-ਵਾਰ ਉਨ੍ਹਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਰਹੀਆਂ ਹਨ।
ਇਨ੍ਹਾਂ 21 ‘ਯੋਜਨਾ ਘਾੜਿਆਂ’ ਵਿਚ ਇਕ ਨਾਮ ਗੁਲਫ਼ਿਸ਼ਾਂ ਫਾਤਿਮਾ ਹੈ। ਸਧਾਰਨ ਕਿਰਤੀ ਪਰਿਵਾਰ ਨਾਲ ਸੰਬੰਧਤ ਇਹ ਬੇਹੱਦ ਸੰਵੇਦਨਸ਼ੀਲ ਹੋਣਹਾਰ ਲੜਕੀ ਹੈ। ਉਸਨੇ ਆਪਣੇ ਸਮਾਜ ਦੇ ਭਵਿੱਖ ਲਈ ਉਪਰੋਕਤ ਫਿਰਕੂ ਕਾਨੂੰਨ ’ਚੋਂ ਸਮੋਏ ਖ਼ਤਰਿਆਂ ਨੂੰ ਸਮਝਿਆ ਅਤੇ ਇਸਦਾ ਵਿਰੋਧ ਕਰਨ ਲਈ ਆਪਣੇ ਸੰਵਿਧਾਨਕ ਹੱਕ ਵਰਤਣ ਦਾ ਰਾਹ ਚੁਣਿਆ। ਉਸਦਾ ਪਰਿਵਾਰ, ਸੰਗੀ-ਸਾਥੀ ਤੇ ਹੋਰ ਜਾਣਕਾਰ ਕਹਿੰਦੇ ਹਨ ਕਿ ਉਹ ਦੂਜਿਆਂ ਨੂੰ ਹੌਸਲਾ ਦੇਣ ਵਾਲੀ ਬਹੁਤ ਹੀ ਬਹਾਦਰ ਕੁੜੀ ਹੈ ਅਤੇ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵਿਚ ਵੀ ਹਮੇਸ਼ਾ ਸਾਰਥਕ ਸੋਚਣ ਲਈ ਪ੍ਰੇਰਦੀ ਹੈ।
ਹੋਰ ਕਾਰਕੁਨਾਂ ਵਾਂਗ ਗੁਲਫ਼ਿਸ਼ਾਂ ਉੱਪਰ ਵੀ ਪੂਰਬ-ਉੱਤਰੀ ਦਿੱਲੀ ਵਿਚ ਹੋਈ ‘ਹਿੰਸਾ’ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ। ਉਸ ਨੂੰ 9 ਅਪ੍ਰੈਲ 2020 ਵਿਚ ‘ਗੈਰਕਾਨੂੰਨੀ ਕਾਰਵਾਈਆਂ (ਰੋਕੂ) ਕਾਨੂੰਨ’ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਉਸ ਸਮੇਂ ਗੁਲਫ਼ਿਸ਼ਾਂ ਸਿਰਫ਼ 26 ਸਾਲ ਦੀ ਸੀ। ਓਦੋਂ ਉਸਨੇ ਅਜੇ ਐਮ.ਬੀ.ਏ. ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਅੱਗੇ ਪੀ.ਐਚ.ਡੀ ਕਰਨਾ ਚਾਹੁੰਦੀ ਸੀ। ਉਸਦੇ ਆਪਣੀ ਜ਼ਿੰਦਗੀ, ਆਪਣੇ ਮਾਂ-ਪਿਓ ਤੇ ਪਰਿਵਾਰ ਲਈ ਜੋ ਖ਼ਵਾਬ ਸਨ ਉਹ ਉਸਦੇ ਨਾਲ ਹੀ ਜੇਲ੍ਹ ਵਿਚ ਬੰਦ ਹੋ ਗਏ।
ਗੁਲਫ਼ਿਸ਼ਾਂ ਨੂੰ ਕਿਤਾਬਾਂ ਨਾਲ ਬਹੁਤ ਪਿਆਰ ਹੈ। ਜੇਲ੍ਹ ਵਿਚ ਵੀ ਉਹ ਆਪਣੀ ਚਟਾਈ ’ਤੇ ਬੈਠੀ ਹਮੇਸ਼ਾ ਕੁਝ ਨਾ ਕੁਝ ਪੜ੍ਹਦੀ ਜਾਂ ਲਿਖਦੀ ਰਹਿੰਦੀ ਹੈ। ਜਦੋਂ ਵੀ ਉਸ ਨਾਲ ਮੁਲਾਕਾਤ ਕਰਨ ਵਾਲਾ ਉਸ ਨੂੰ ਪੁੱਛਦਾ ਹੈ ਕਿ ਤੇਰੇ ਲਈ ਕੀ ਲਿਆਈਏ ਤਾਂ ਉਹ ਸਿਰਫ਼ ਕਿਤਾਬਾਂ ਦੀ ਮੰਗ ਕਰਦੀ ਹੈ।
ਉਸ ਨੂੰ ਲਿਖਣਾ ਬਹੁਤ ਪਸੰਦ ਹੈ। ਜੇਲ੍ਹ ਵਿਚ ਰਹਿੰਦਿਆਂ ਲਿਖੀਆਂ ਕਵਿਤਾਵਾਂ, ਉਸ ਦੀਆਂ ਬਣਾਈਆਂ ਪੇਂਟਿੰਗ, ਅਤੇ ਜੋ ਚਿੱਠੀਆਂ ਉਹ ਜੇਲ੍ਹ ’ਚੋਂ ਲਿਖਦੀ ਹੈ, ਉਹ ਉਸਦੀ ਸੰਵੇਦਨਸ਼ੀਲਤਾ ਦਾ ਮੂੰਹ-ਬੋਲਦਾ ਸਬੂਤ ਹਨ। ਧਰਨੇ ਵਿਚ ਵੀ ਉਹ ਔਰਤਾਂ ਅਤੇ ਬੱਚਿਆਂ ਨੂੰ ਪੜ੍ਹਾਉਣ ਦਾ ਕੋਈ ਮੌਕਾ ਨਹੀਂ ਗਵਾਉਂਦੀ ਸੀ।
ਗੁਲਫ਼ਿਸ਼ਾਂ ਦੀ ਜ਼ਮਾਨਤ ਦੀ ਅਪੀਲ ਤਿੰਨ ਸਾਲ ਤੋਂ ਦਿੱਲੀ ਹਾਈਕੋਰਟ ਵਿਚ ਲਟਕੀ ਹੋਈ ਹੈ। ਜੱਜਾਂ ਦੇ ਬੈਂਚ ਬਦਲਦੇ ਗਏ। ਹਾਈਕੋਰਟ ਦੇ ਤਿੰਨ ਬੈਂਚਾਂ ਨੂੰ ਚਾਰ-ਚਾਰ ਸਾਲ ਤੋਂ ਜੇਲ੍ਹਾਂ ’ਚ ਸੜ ਰਹੇ ਇਨ੍ਹਾਂ ਕਾਰਕੁਨਾਂ ਦੀਆਂ ਅਪੀਲਾਂ ਦੀ ਸੁਣਵਾਈ ਕਰਨ ਦਾ ਸਮਾਂ ਨਹੀਂ ਮਿਲਿਆ! ਉਸਦਾ ਪਰਿਵਾਰ ਅਤੇ ਹੋਰ ਹਿਤੈਸ਼ੀ ਜਾਣਦੇ ਹਨ ਕਿ ਉਸ ਉੱਪਰ ਲਗਾਏ ਸੰਗੀਨ ਦੋਸ਼ ਪੂਰੀ ਤਰ੍ਹਾਂ ਝੂਠੇ ਹਨ ਅਤੇ ਇਕ ਦਿਨ ਉਸਨੇ ਜੇਲ੍ਹ ਦੀਆਂ ਸੀਖ਼ਾਂ ਤੋਂ ਆਜ਼ਾਦ ਹੋਣਾ ਹੀ ਹੈ। ਪਰ ਇਹ ਉਮੀਦ ਨਿਆਂ ਦੀ ਉਮੀਦ ਨਹੀਂ ਹੈ ਕਿਉਂਕਿ ਹਕੂਮਤ ਨੇ ਅਦਾਲਤੀ ਪ੍ਰਣਾਲੀ ਨੂੰ ਤਰੱਕੀਆਂ ਦੇ ਲਾਲਚ, ਸੱਤਾ ਦੇ ਖ਼ੌਫ਼ ਅਤੇ ਵਿਚਾਰਧਾਰਕ-ਰਾਜਨੀਤਕ ਰਸੂਖ਼ ਨਾਲ ਇਸ ਕਦਰ ਕਾਬੂ ਕਰ ਲਿਆ ਹੈ ਕਿ ਕਿਸੇ ਵਿਰਲੀ-ਟਾਵੀਂ ਮਿਸਾਲ ਨੂੰ ਛੱਡ ਕੇ ਜ਼ਿਆਦਾਤਰ ਜੱਜਾਂ ਵਿਚ ਇਹ ਜ਼ੁਅਰਤ ਹੀ ਨਹੀਂ ਹੈ ਕਿ ਉਹ ਸੱਤਾ ਦੇ ਇਸ਼ਾਰੇ ’ਤੇ ਬਣਾਏ ਪੂਰੀ ਤਰ੍ਹਾਂ ਝੂਠੇ ਕੇਸਾਂ ਵਿਚ ਸਰਕਾਰੀ ਜਾਂਚ ਏਜੰਸੀਆਂ ਅਤੇ ਸੱਤਾ ਪੱਖ ਦੀਆਂ ਬੇਤੁਕੀਆਂ ਦਲੀਲਾਂ/ਕਹਾਣੀਆਂ ਨੂੰ ਰੱਦ ਕਰ ਸਕਣ। ਭੀਮਾ-ਕੋਰੇਗਾਓਂ ਅਤੇ ਦਿੱਲੀ ਸਾਜ਼ਿਸ਼ ਕੇਸ ਇਸ ਦੀਆਂ ਮੁੱਖ ਮਿਸਾਲਾਂ ਹਨ।
ਇਹ ਸਧਾਰਨ ਮੁਸਲਮਾਨ ਪਰਿਵਾਰ ਬਹੁਤ ਹੀ ਮੁਸ਼ਕਿਲ ਹਾਲਾਤ ਨਾਲ ਜੂਝ ਰਹੇ ਹਨ। ਹਿੰਦੂਤਵੀ ਪ੍ਰੋਜੈਕਟ ਕਾਰਨ ਮੁਸਲਮਾਨ ਆਵਾਮ ਤਾਂ ਪਹਿਲਾਂ ਹੀ ਆਪਣੇ ਹੀ ਮੁਲਕ ਵਿਚ ਬੇਗਾਨੇ ਬਣਾ ਦਿੱਤੇ ਜਾਣ ਦਾ ਸੰਤਾਪ ਝੱਲ ਰਹੇ ਹਨ। ਪੂਰੇ ਘੱਟਗਿਣਤੀ ਭਾਈਚਾਰੇ ਨੂੰ ਧੱਕ ਕੇ ਕੰਧ ਨਾਲ ਲਾ ਦਿੱਤਾ ਗਿਆ ਹੈ। ਹਿੰਸਕ ਹਮਲਿਆਂ ਕਾਰਨ ਉਨ੍ਹਾਂ ਦੇ ਕਾਰੋਬਾਰ ਤਬਾਹ ਹੋ ਗਏ ਹਨ ਜਾਂ ਅਜਿਹੇ ਕੇਸਾਂ ਕਾਰਨ ਠੱਪ ਹੋ ਗਏ ਹਨ। ਜੇਲ੍ਹਾਂ ਵਿਚ ਡੱਕੇ ਆਪਣੇ ਪਿਆਰੇ ਜੀਆਂ ਦੀ ਕਾਨੂੰਨੀ ਪੈਰਵੀ ਦਾ ਆਰਥਕ ਬੋਝ ਵੱਖਰਾ ਝੱਲਣਾ ਪੈਂਦਾ ਹੈ। ਇਹ ਲੜਾਈ ਬੇਹੱਦ ਔਖੀ ਹੈ। ਇਨ੍ਹਾਂ ਤਮਾਮ ਮੁਸੀਬਤਾਂ ਦੇ ਬਾਵਜੂਦ ਇਨ੍ਹਾਂ ਪਰਿਵਾਰਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਜਾਗਰੂਕ ਬੱਚਿਆਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ, ਉਨ੍ਹਾਂ ਨੇ ਤਾਂ ਆਪਣੇ ਵਤਨ ਲਈ ਪ੍ਰੇਮ ਵਿਚੋਂ ਅਨਿਆਂ ਵਿਰੁੱਧ ਆਵਾਜ਼ ਉਠਾਉਣ ਦਾ ਆਪਣਾ ਫਰਜ਼ ਨਿਭਾਇਆ ਹੈ। ਗੁਲਫ਼ਿਸ਼ਾਂ ਦੇ ਅੰਮੀ-ਅੱਬਾ ਕਹਿੰਦੇ ਹਨ ਕਿ ‘ਕੀ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਗਲਤ ਕੰਮਾਂ ਦੇ ਖਿਲਾਫ਼ ਖੜ੍ਹੇ ਹੋਈਏ? ਉਹ ਇਕ ਬਹਾਦਰ ਕੁੜੀ ਹੈ। ਸਾਨੂੰ ਉਸ ‘ਤੇ ਫਖ਼ਰ ਹੈ।’
ਉਸਦੀ ਨਹੱਕੀ ਕੈਦ ਦੇ ਪੰਜ ਸਾਲ ਪੂਰੇ ਹੋਣ ਦੇ ਮੌਕੇ ਉਸਦੀ ਰਿਹਾਈ ਲਈ ਦੇਸ਼-ਬਦੇਸ਼ ’ਚੋਂ ਜ਼ੋਰਦਾਰ ਆਵਾਜ਼ ਉੱਠੀ ਹੈ। ਬਹੁਤ ਸਾਰੇ ਕਲਾਕਾਰਾਂ, ਲੇਖਕਾਂ, ਪੱਤਰਕਾਰਾਂ ਅਤੇ ਅਕਾਦਮਿਕਾਂ ਨੇ ਗੁਲਫ਼ਿਸ਼ਾਂ ਦੀ ਦਾਸਤਾਂ ਦੁਨੀਆ ਨੂੰ ਦੱਸਣ ਲਈ ਸੋਸ਼ਲ ਮੀਡੀਆ ਉੱਪਰ ਵਿਸ਼ੇਸ਼ ਮੁਹਿੰਮ ਚਲਾਈ ਹੈ। ਕਈਆਂ ਨੇ ਜੇਲ੍ਹ ’ਚ ਲਿਖੀਆਂ ਉਸਦੀਆਂ ਕਵਿਤਾਵਾਂ ਪੜ੍ਹ ਕੇ ਉਸ ਨਾਲ ਇਕਮੁੱਠਤਾ ਪ੍ਰਗਟਾਈ ਹੈ। ਨਸੀਰੂਦੀਨ ਸ਼ਾਹ, ਰਤਨਾ ਪਾਠਕ ਸ਼ਾਹ ਅਤੇ ਸਵਾਰਾ ਭਾਸਕਰ ਵਰਗੇ ਫਿਲਮੀ ਸਿਤਾਰੇ ਵੀ ਇਸ ਮੁਹਿੰਮ ਦਾ ਹਿੱਸਾ ਬਣੇ ਹਨ। ਨਸੀਰੂਦੀਨ ਕਹਿੰਦੇ ਹਨ, ‘ਬਲਾਤਕਾਰੀਆਂ ਅਤੇ ਕਾਤਲਾਂ ਨੂੰ ਤਾਂ ਜ਼ਮਾਨਤਾਂ ਮਿਲ ਜਾਂਦੀਆਂ ਹਨ, ਗੁਲਫ਼ਿਸ਼ਾਂ ਅਤੇ ਉਮਰ ਖ਼ਾਲਿਦ ਵਰਗੇ ਕਾਰਕੁਨਾਂ ਨੂੰ ਜ਼ਮਾਨਤਾਂ ਦੇਣ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ।’ ਗੁਲਫ਼ਿਸ਼ਾਂ ਦੀ ਕਵਿਤਾ ਪੜ੍ਹਦਿਆਂ ਸਵਾਰਾ ਭਾਸਕਰ ਨੇ ਕਿਹਾ, ‘2020 ਤੋਂ ਲੈ ਕੇ ਬਹੁਤ ਸਾਰੇ ਵਿਦਿਆਰਥੀ, ਕਾਰਕੁਨ ਅਤੇ ਬੁੱਧੀਮਾਨ ਲੋਕ ਸੀ.ਏ.ਏ.-ਐੱਨ.ਆਰ.ਸੀ. ਖਿæਲਾਫ਼ ਸ਼ਾਂਤਮਈ ਵਿਰੋਧ-ਪ੍ਰਦਰਸ਼ਨ ਕਰਨ ਕਰਕੇ ਜੇਲ੍ਹਾਂ ਵਿਚ ਬੰਦ ਹਨ। ਬਹੁਤ ਸਾਰਿਆਂ ਨੂੰ ਸਿਰਫ਼ ਆਪਣੇ ਜਮਹੂਰੀ ਹੱਕ ਇਸਤੇਮਾਲ ਕਰਨ ਲਈ ਦਹਿਸ਼ਤੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਲਫ਼ਿਸ਼ਾਂ ਉਨ੍ਹਾਂ ਵਿਚੋਂ ਇਕ ਹੈ। ਬਤੌਰ ਨਾਗਰਿਕ ਅਤੇ ਦੇਸ਼ਪ੍ਰੇਮੀ, ਸਾਨੂੰ ਇਸ ਅਨਿਆਂ ਵਿਰੁੱਧ ਆਪਣੀ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ।’
‘ਮੈਂ ਆਜ਼ਾਦੀ ਲਈ ਤਾਂਘ ਰਹੀ ਹਾਂ’
ਗੁਲਫ਼ਿਸ਼ਾਂ ਫ਼ਾਤਿਮਾ ਪਿਛਲੇ ਪੰਜ ਸਾਲਾਂ ‘ਤੋਂ ਤਿਹਾੜ ਜੇਲ੍ਹ ਵਿਚ ਹੈ। ਹੇਠਾਂ ਉਹ ਖ਼ਤ ਹੈ ਜੋ ਉਸਨੇ ਹਾਲ ਹੀ ਵਿਚ ਜੇਲ੍ਹ ਵਿਚੋਂ ਆਪਣੇ ਦੋਸਤਾਂ ਨੂੰ ਲਿਖਿਆ, ਜਿਸ ਵਿਚ ਉਸਨੇ ਆਪਣਾ ਪੰਜ ਸਾਲ ਦਾ ਅਨੁਭਵ ਸਾਂਝਾ ਕੀਤਾ ਹੈ। ਇਸਦਾ ਅਨੁਵਾਦ ਸਾਡੇ ਕਾਲਮ ਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਨਮਸਤੇ,
ਰਾਤ ਨੂੰ ਮੈਂ ਟੀਵੀ ‘ਤੇ ਖ਼ਬਰਾਂ ਅਤੇ ਬਹਿਸਾਂ ਦੇਖਦੀ ਹਾਂ। ਇਹ ਸਿਰਫ਼ ਦਿਖਾਈ ਨਹੀਂ ਦਿੰਦਾ, ਬਲਕਿ ਕਿਸੇ ਵੀ ਸਮਝਦਾਰ ਵਿਅਕਤੀ ਨੂੰ ਇਹ ਸਪੱਸ਼ਟ ਹੈ ਕਿ ਚੀਕਣ ਵਾਲਾ ਮੁੱਖ ਧਾਰਾ ਮੀਡੀਆ ਜਨਤਾ ਨੂੰ ਇਹ ਅਹਿਸਾਸ ਦਿਵਾਉਣ ‘ਤੇ ਤੁਲਿਆ ਹੈ ਕਿ ਤੁਹਾਨੂੰ ਕਿਸੇ ਖ਼ਾਸ ਫਿਰਕੇ ਦੁਆਰਾ ਸ਼ੋਸ਼ਿਤ ਕੀਤਾ, ਅਪਮਾਨਿਤ ਕੀਤਾ ਅਤੇ ਦਬਾਇਆ ਗਿਆ ਹੈ, ਨਾ ਕਿ ਕਿਸੇ ਤਾਨਾਸ਼ਾਹੀ ਰਾਜਨੀਤਿਕ ਵਿਵਸਥਾ ਦੁਆਰਾ। ਪੱਖਪਾਤੀ ਮੀਡੀਆ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਹਾਡੇ ਨਾਲ ਅੱਜ ਵੀ ਜੋ ਕੁਝ ਬੁਰਾ ਹੁੰਦਾ ਹੈ, ਉਸਦਾ ਇਕੋ ਕਾਰਨ ਇੱਕ ਖ਼ਾਸ ਫਿਰਕਾ ਹੈ। ਹਰ ਘੱਟਗਿਣਤੀ ਨੂੰ ਇਸ ਤਰ੍ਹਾਂ ਖੁੱਲ੍ਹਮ-ਖੁੱਲ੍ਹਾ ਬਦਨਾਮ ਨਹੀਂ ਕੀਤਾ ਜਾਂਦਾ ਜਿਵੇਂ ‘ਇੱਕ ਖ਼ਾਸ ਫਿਰਕੇ’ ਨੂੰ।
ਇਸ ਸਭ ਦੇ ਬਾਵਜੂਦ, ਮੈਨੂੰ ਪੂਰਾ ਯਕੀਨ ਹੈ ਕਿ ਭਾਰਤ ਦੀ ਜਨਤਾ ਅੰਦਰੋਂ ਨਾ ਤਾਂ ਅਸਹਿਣਸ਼ੀਲ ਹੈ ਅਤੇ ਨਾ ਹੀ ਹਿੰਸਕ। ਮੈਂ ਸੁੱਖ ਦਾ ਸਾਹ ਲੈਂਦੀ ਹਾਂ ਜਦੋਂ ਦੇਖਦੀ ਹਾਂ ਕਿ ਇਸ ਐਨੀ ਜ਼ਿਆਦਾ ਧਰੁਵੀਕ੍ਰਿਤ ਹੁੰਦੀ ਜਾ ਰਹੀ ਦੁਨੀਆ ਵਿਚ ਲੋਕ ਏਕਤਾ ਅਤੇ ਸਥਿਰਤਾ ਲਈ ਜੂਝ ਰਹੇ ਹਨ। ਇੱਕ ਹੋਰ ਗੱਲ ਜੋ ਮੈਂ ਮਹਿਸੂਸ ਕੀਤੀ ਹੈ, ਉਹ ਇਹ ਹੈ ਕਿ ਧਰਮ ਅਤੇ ਰਾਜਨੀਤੀ ਹਮੇਸ਼ਾ ਨਾਲੋ-ਨਾਲ ਚਲਦੇ ਹਨ।
ਪਿਛਲੀ ਵਾਰ ਕੋਰਟਰੂਮ ਵਿਚ, ਮੈਂ ਆਪਣੇ ਪਾਪਾ ਨੂੰ ਹਕਲਾਉਂਦੇ ਹੋਏ ਦੇਖ ਕੇ ਪੁੱਛਿਆ, ‘ਤੁਹਾਨੂੰ ਇਹ ਤਕਲੀਫ਼ ਕਦੋਂ ‘ਤੋਂ ਹੋਣ ਲੱਗੀ ਹੈ?’ ਤਾਂ ਉਨ੍ਹਾਂ ਨੇ ਬਹੁਤ ਧੀਮੀ ਆਵਾਜ਼ ’ਚ ਕਿਹਾ, ‘ਹਮੇਸ਼ਾ ਡਰ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਜਿਵੇਂ ਹੁਣੇ ਕੁਝ ਮਾੜਾ ਹੋਣ ਵਾਲਾ ਹੈ, ਇਸ ਲਈ ਬੋਲਦੇ-ਬੋਲਦੇ ਅਟਕ ਜਾਂਦਾ ਹਾਂ।’ ਉਨ੍ਹਾਂ ਦੇ ਇਹ ਸ਼ਬਦ, ਜੋ ਕਿ ਸੱਚ ਹਨ, ਮੇਰੇ ਦਿਮਾਗ ਵਿਚ ਵਸ ਗਏ ਹਨ ਅਤੇ ਵਾਰ-ਵਾਰ ਘੁੰਮਦੇ ਰਹਿੰਦੇ ਹਨ।
ਜਦੋਂ ਮੇਰੇ ਮਾਤਾ-ਪਿਤਾ ਨੂੰ ਸਾਡੇ ਸੰਘਰਸ਼ ਦੀ ਹਮਾਇਤ ਵਿਚ ਜਾਂ ਕਿਸੇ ਸੈਮੀਨਾਰ ਜਾਂ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਬੁਲਾਇਆ ਜਾਂਦਾ ਹੈ, ਤਾਂ ਉਹ ਦੇਖਦੇ ਹਨ ਕਿ ਲੋਕ ਅਜੇ ਵੀ ਏਕਤਾ, ਸ਼ਾਂਤੀ, ਨਿਆਂ ਲਈ ਅਤੇ ਜਬਰ, ਅਨਿਆਂ ਦੇ ਖਿਲਾਫ਼ ਬੋਲਣ ਦੀ ਹਿੰਮਤ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲਦੀ ਹੈ, ਚਾਹੇ ਕੁਝ ਸਮੇਂ ਲਈ ਹੀ ਸਹੀ। ਉਨ੍ਹਾਂ ਦੀ ਹਮਾਇਤ ਦਾ ਸਭ ਤੋਂ ਕਾਬਲੇ-ਤਾਰੀਫ਼ ਪਹਿਲੂ ਇਹ ਹੈ ਕਿ ਉਨ੍ਹਾਂ ਨੇ ਸਾਨੂੰ ਕਦੇ ਨਹੀਂ ਦੇਖਿਆ, ਨਾ ਹੀ ਨਿੱਜੀ ਤੌਰ ‘ਤੇ ਸਾਨੂੰ ਜਾਣਦੇ ਹਨ। ਫਿਰ ਵੀ, ਇੱਕ ਸਾਂਝੇ ਮਕਸਦ ਲਈ ਸਾਡੇ ਨਾਲ ਖੜ੍ਹੇ ਹਨ। ਸੱਚ ਕਹਾਂ ਤਾਂ, ਵੱਖ-ਵੱਖ ਵਿਚਾਰਧਾਰਾਵਾਂ, ਧਾਰਮਿਕ ਵਿਸ਼ਵਾਸਾਂ ਵਾਲੇ ਲੋਕਾਂ ਤੋਂ ਇਹ ਨਿਰਸਵਾਰਥ ਪਿਆਰ ਦੇਖ ਕੇ ਮੈਂ ਭਾਵੁਕ ਹੋ ਜਾਂਦੀ ਹਾਂ।
ਕੁਝ ਲੋਕ ਅਜਿਹੇ ਵੀ ਹਨ ਜੋ ਮਨੁੱਖਤਾ ਅਤੇ ਇੱਕਜੁਟ ਭਾਰਤ ਦੇ ਹਿੱਤ ਵਿਚ ਮਤਭੇਦਾਂ ਨੂੰ ਵਿਵਾਦ ਵਿਚ ਨਹੀਂ ਬਦਲਣ ਦਿੰਦੇ। ਉਹ ‘ਇੱਕ ਖ਼ਾਸ ਫਿਰਕੇ’ ਦੇ ਵਿਸ਼ੇਸ਼ ਸਨੇਹ ਅਤੇ ਸਨਮਾਨ ਦੇ ਹੱਕਦਾਰ ਹਨ।
ਆਉਣ ਵਾਲੀ ਈਦ-ਉਲ-ਫਿਤਰ ਮੇਰੀ 6ਵੀਂ ਈਦ ਹੋਵੇਗੀ ਜੋ ਮੈਂ ਇੱਥੇ (ਜੇਲ੍ਹ ਵਿਚ) ਮਨਾਵਾਂਗੀ। ਉਸ ਦਿਨ ਲਈ ਮੈਂ ਸਿਲਾਈ ਸੈਂਟਰ ‘ਤੋਂ ਕੁਝ ਗਹਿਣੇ ਅਤੇ ਕਾਜਲ ਖ਼ਰੀਦ ਲਏ ਹਨ। ਮੈਂ ਕੋਈ ਵੀ ਤਿਉਹਾਰ ਮਨਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀ, ਚਾਹੇ ਇਹ ਰੱਖੜੀ ਹੋਵੇ, ਮਹਿਲਾ ਦਿਵਸ, ਹੋਲੀ, ਈਸਟਰ, ਵਗੈਰਾ। ਜਦੋਂ ਮੈਂ ਰੱਖੜੀ ਬੰਨ੍ਹਦੀ ਹਾਂ, ਤਾਂ ਮੈਂ ਆਪਣੀਆਂ ਸਹਿ-ਕੈਦਣਾਂ ਨੂੰ ਕਹਿੰਦੀ ਹਾਂ ਕਿ ਇਸ ਰੱਖੜੀ ਦੇ ਬਦਲੇ ਮੈਨੂੰ…….ਤੋਂ ਬਚਾਓ। ਹੇਹੇਹੇ…ਦਰਅਸਲ, ਮੈਂ ਹਰ ਮੌਕੇ ਨੂੰ ਭਰਪੂਰ ਜੀਣ ਦੀ ਕੋਸ਼ਿਸ਼ ਕਰਦੀ ਹਾਂ। ਕਿਉਂਕਿ ਮੈਂ ਹਕੀਕਤ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਵਿਚ ਵਿਸ਼ਵਾਸ ਰੱਖਦੀ ਹਾਂ, ਫਿਰ ਬਹੁਤ ਚਿੰਤਾ ਕਿਉਂ ਕੀਤੀ ਜਾਵੇ? ‘ਜੇਕਰ ਮੈਂ ਬਾਹਰ ਹੁੰਦੀ ਤਾਂ ਮੈਂ ਇਹ ਕਰਦੀ, ਉਹ ਕਰਦੀ।’ ਸੋਚਣ ਦਾ ਕੀ ਫ਼ਾਇਦਾ। ਹਕੀਕਤ ਇਹ ਹੈ ਕਿ ਮੈਂ ਜੇਲ੍ਹ ਵਿਚ ਹਾਂ। ਹੁਣ ਇਹ ਪੂਰੀ ਤਰ੍ਹਾਂ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਮਨ ਅਤੇ ਰੂਹ ਨੂੰ ਕਿਸ ਦਿਸ਼ਾ ‘ਚ ਲੈ ਕੇ ਜਾਣਾ ਹੈ। ਕਈ ਵਾਰ, ਮੈਂ ਆਪਣੇ ਆਪ ਨੂੰ ਦਾਰਸ਼ਨਿਕ ਲੱਗਦੀ ਹਾਂ, ਪਰ ਅਨਜਾਣੇ ਹੀ ਇਹ ਸੱਚ ਹੈ ਕਿ ਕੈਦ ਨੇ ਮੈਨੂੰ ਹੋਰ ਵੀ ਅਧਿਆਤਮਕ ਬਣਾ ਦਿੱਤਾ ਹੈ। ਮੈਂ ਚਾਹੁੰਦੀ ਹਾਂ ਕਿ ਜੋ ਲੋਕ ਆਪਣੇ ਆਪ ਨੂੰ ਧਾਰਮਿਕ ਮੰਨਦੇ ਹਨ, ਉਹ ਵੀ ਆਪਣੀ ਆਤਮਾ ਨੂੰ ਅਧਿਆਤਮਕਤਾ ਦੇ ਰਸਤੇ ‘ਤੇ ਚੱਲਣ ਦਾ ਮੌਕਾ ਦੇਣ। ਅਧਿਆਤਮਕ ਤੌਰ ‘ਤੇ ਜਾਗਰੂਕ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੁੱਖ, ਨਿਰਾਸ਼ਾ, ਜਾਂ ਭਟਕਣ ਦਾ ਅਨੁਭਵ ਬੰਦ ਹੋ ਜਾਂਦਾ ਹੈ। ਇਹ ਸਭ ਤਾਂ ਹੁੰਦਾ ਹੈ। ਮੈਂ ਆਜ਼ਾਦੀ ਲਈ ਤੜਫਦੀ ਹਾਂ ਅਤੇ ਰਿਹਾਈ ਦੀ ਅਨੰਤ ਅਨਿਸ਼ਚਿਤਤਾ ਬਹੁਤ ਡੂੰਘੀ ਲੱਗਦੀ ਹਾਂ। ਪਰ ਇਸ ਨੇ ਮੈਨੂੰ ਜੀਵਨ ਦੀ ਨਾਜ਼ੁਕਤਾ ਦਾ ਅਹਿਸਾਸ ਕਰਾਇਆ ਹੈ।
ਪਿਛਲੇ ਮਹੀਨੇ ਮੈਂ ਹਿੰਦੀ ਵਿਚ ਵਿਵੇਕਾਨੰਦ ਸਾਹਿਤ ਪੜ੍ਹ ਰਹੀ ਸੀ। ਮੈਨੂੰ ਉਨ੍ਹਾਂ ਦੇ ਬਹੁਤ ਸਾਰੇ ਵਿਚਾਰ ਮਹਾਨ ਲੱਗੇ। ਸਾਨੂੰ ਉਨ੍ਹਾਂ ਦੇ ਨਜ਼ਰੀਏ ਨੂੰ ਵਿਸ਼ਾਲ ਪ੍ਰਸੰਗ ਵਿਚ ਸਮਝਣ ਦੀ ਲੋੜ ਹੈ, ਜੋ ਆਮ ਲੋਕਾਂ ਨੂੰ ਫ਼ਰਕਾਂ ਅਤੇ ਵੰਨ-ਸੁਵੰਨਤਾ ਦੀ ਖੂਬਸੂਰਤੀ ਬਾਰੇ ਸਮਝਾ ਸਕਦੇ ਹਨ।
ਅੰਤ ਵਿਚ, ਮੈਂ ਆਪਣੇ ਪਰਿਵਾਰ, ਦੋਸਤਾਂ, ਵਕੀਲਾਂ ਅਤੇ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਨਹੀਂ ਛੱਡਿਆ, ਬਲਕਿ ਪੰਜ ਸਾਲਾਂ ਦੀ ਇਸ ਬੇਵਜ੍ਹਾ ਕੈਦ ਦੌਰਾਨ ਮੇਰੇ ਸਾਥ ਨਾਲ ਡੱਟ ਕੇ ਖੜ੍ਹੇ ਰਹੇ।
