ਮੁੜ ਪ੍ਰਧਾਨ ਬਣ ਕੇ ਵੀ ਨਹੀਂ ਘਟੀਆਂ ਸੁਖਬੀਰ ਸਿੰਘ ਬਾਦਲ ਲਈ ਚੁਣੌਤੀਆਂ

ਵਿਰੋਧੀਆਂ ਨੇ ‘ਬੋਗਸ ਭਰਤੀ’ ਨਾਲ ਪ੍ਰਧਾਨ ਬਣਨ ਦੀ ਗੱਲ ਆਖੀ
ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਮੁੜ ਤੋਂ ਪ੍ਰਧਾਨ ਬਣੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ ਹਨ। ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਖਾਸ ਤੌਰ ‘ਤੇ ਅਕਾਲ ਤਖਤ ਦੀ ਕਮੇਟੀ ਦੇ ਬਰਾਬਰ ਭਰਤੀ ਮੁਹਿੰਮ ਨਾਲ ਇਹ ਚੁਣੌਤੀ ਹੋਰ ਵੱਡੀ ਹੋ ਗਈ ਹੈ।

ਪਾਰਟੀ ਦੇ ਜ਼ਿਆਦਾਤਰ ਸੀਨੀਅਰ ਨੇਤਾ ਕਮੇਟੀ ਦੀ ਭਰਤੀ ਮੁਹਿੰਮ ਦੇ ਪੱਖ ‘ਚ ਹਨ। ਸਵਾਲ ਇਹ ਹੈ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹਾਲਾਤ ਕੀ ਹੋਣਗੇ? ਕੀ ਇਸ ‘ਚ ਸ਼ਾਮਲ ਹੋਣ ਵਾਲੇ ਕਾਰਕੁੰਨ ਤੇ ਨੇਤਾ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਨਣਗੇ ਜਾਂ ਇਕ ਨਵਾਂ ਅਕਾਲੀ ਦਲ ਬਣਾਉਣਗੇ। ਸੁਖਬੀਰ ਬਾਦਲ ਲਈ ਚੁਣੌਤੀ ਇਹ ਵੀ ਹੈ ਕਿ ਉਹ ਆਪਣੇ ਪੁਰਾਣੇ ਸਹਿਯੋਗੀਆਂ ਨੂੰ ਵਾਪਸ ਪਾਰਟੀ ‘ਚ ਕਿਵੇਂ ਲਿਆਉਣਗੇ। ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਮਾਲਵਾ ਅੱਜ-ਕੱਲ੍ਹ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ। ਉਥੇ ਨਵੇਂ ਸਿਰੇ ਤੋਂ ਮਜ਼ਬੂਤ ਹੋਣਾ ਅਕਾਲੀ ਦਲ ਲਈ ਸੌਖਾ ਨਹੀਂ ਹੈ ਕਿਉਂਕਿ ਹੁਣ ਪੰਜਾਬ ਦੀ ਰਾਜਨੀਤੀ ‘ਚ ਬਹੁਕੋਨੀ ਲੜਾਈ ਹੋ ਰਹੀ ਹੈ। ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਸੁਖਬੀਰ ਜਿਸ ਤਰ੍ਹਾਂ ਭਾਜਪਾ ਤੋਂ ਵੱਖ ਹੋਏ ਸਨ, ਉਸ ਤੋਂ ਬਾਅਦ ਦੋਵੇਂ ਵੱਡੀਆਂ ਪਾਰਟੀਆਂ ‘ਚ ਆਪਸੀ ਤਾਲਮੇਲ ਨਹੀਂ ਬਣਿਆ।
ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਦਾ ਪੂਰਨ ਵੇਰਵਾ
ਅੰਮ੍ਰਿਤਸਰ:ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼ਨਿਚਰਵਾਰ ਨੂੰ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਚੱਲੇ ਡੈਲੀਗੇਟਸ ਇਜਲਾਸ ‘ਚ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਸੀਨੀਅਰ ਆਗੂ ਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਬਾਦਲ ਦਾ ਨਾਂ ਪੇਸ਼ ਕੀਤਾ, ਜਿਸ ਦੀ ਤਾਈਦ ਪਰਮਜੀਤ ਸਿੰਘ ਸਰਨਾ ਤੇ ਮਜੀਦ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕੀਤੀ। ਡੈਲੀਗੇਟਾਂ ਵੱਲੋਂ ਕਿਸੇ ਹੋਰ ਉਮੀਦਵਾਰ ਦਾ ਨਾਂ ਪੇਸ਼ ਨਹੀਂ ਕੀਤਾ ਗਿਆ, ਜਿਸ ਮਗਰੋਂ ਪਾਰਟੀ ਦੇ ਮੁੱਖ ਚੋਣ ਅਫਸਰ ਗੁਲਜ਼ਾਰ ਸਿੰਘ ਰਣੀਕੇ ਨੇ ਜੈਕਾਰਿਆਂ ਦੀ ਗੂੰਜ ‘ਚ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਐਲਾਨ ਦਿੱਤਾ। ਇਸ ਦੌਰਾਨ ਇਕ ਮਤੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਗਈ ਕਿ ਉਹ 2 ਦਸੰਬਰ 2024 ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਖਿਤਾਬ ਵਾਪਸ ਲੈਣ ਦੇ ਫੈਸਲੇ ‘ਤੇ ਮੁੜ-ਵਿਚਾਰ ਕਰਨ ਅਤੇ ਖਿਤਾਬ ਸਵ. ਬਾਦਲ ਨੂੰ ਵਾਪਸ ਦੇਣ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ 25 ਅਪ੍ਰੈਲ ਨੂੰ ਲੰਬੀ ਵਿਚ ਮਨਾਈ ਜਾਵੇਗੀ। ਇਸ ਮੌਕੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਪ੍ਰਧਾਨਗੀ ਸੰਭਾਲਣ ਤੋਂ ਬਾਅਦ ਆਪਣੇ ਸੰਬੋਧਨ ‘ਚ ਸੁਖਬੀਰ ਨੇ ਸੱਦਾ ਦਿੱਤਾ ਕਿ ਪੰਜਾਬ ਵਿਚ 2027 ‘ਚ ਅਕਾਲੀ ਦਲ ਦੀ ਮੁੜ ਸਰਕਾਰ ਬਣਾਉਣ ਲਈ ਵਰਕਰ ਪੂਰੀ ਮਿਹਨਤ ਤੇ ਲਗਨ ਨਾਲ ਜੁੱਟ ਜਾਣ।