ਵਕ਼ਫ਼ ਦੀ ਵਾਕਫ਼ੀਅਤ

ਬਲਜੀਤ ਬਾਸੀ
ਫੋਨ: 734-259-9353
ਮੋਟੇ ਤੌਰ ‘ਤੇ ਇਸਲਾਮ ਦੇ ਅੰਤਰਗਤ ਪੁੰਨ ਕੀਤੀਆਂ ਸੰਪਤੀਆਂ ਨੂੰ ਵਕ਼ਫ਼ ਕਿਹਾ ਜਾਂਦਾ ਹੈ। ਵਕ਼ਫ਼ ਸੰਸਥਾ ਦਾ ਇਤਿਹਾਸਕ ਤੌਰ ‘ਤੇ ਇਸਲਾਮ ਵਿਚ ਮਹੱਤਵਪੂਨ ਸਥਾਨ ਹੈ। ਇਸ ਦੇ ਅਸੂਲ ਮੁਹੰਮਦ ਵੇਲੇ ਦੀਆਂ ਰਸਮਾਂ ਅਤੇ ਹਦੀਸ ਦੀਆਂ ਹਦਾਇਤਾਂ ਤੋਂ ਸ਼ੁਰੂ ਹੋਏ ਦੱਸੇ ਜਾਂਦੇ ਹਨ।

ਮੁਹੰਮਦ ਸਾਹਿਬ ਨੇ ਮਦੀਨਾ ਵਿਚ ਖਜੂਰਾਂ ਦਾ ਇੱਕ ਝੁੰਡ ਗਰੀਬਾਂ ਨੂੰ ਅਰਪਿਤ ਕੀਤਾ ਸੀ। ਸਮੇਂ ਨਾਲ ਇਸਲਾਮ ਪ੍ਰਭਾਵਤ ਮੁਲਕਾਂ ਵਿਚ ਲੋੜਵੰਦਾਂ, ਧਾਰਮਕ ਸੇਵਾਵਾਂ ਅਤੇ ਹੋਰ ਸਮਾਜਕ ਕਾਰਜਾਂ ਲਈ ਵਕ਼ਫ਼ ਇੱਕ ਅਹਿਮ ਅਦਾਰਾ ਬਣਦਾ ਗਿਆ। ਨੌਵੀਂ ਸਦੀ ਵਿਚ ਉਮਰ ਇਬਨ ਅਲ-ਖੱਤਾਬ ਨੇ ਖੈਬਾਰ ਵਿਚ ਸਦੀਵੀ ਚੱਲਣ ਵਾਲਾ ਵਕ਼ਫ਼ ਸਥਾਪਤ ਕੀਤਾ ਜਿਸ ਤੋਂ ਪ੍ਰਾਪਤ ਆਮਦਨ ਨੂੰ ਖਰਾਇਤੀ ਕਾਰਜਾਂ ਲਈ ਵਰਤੇ ਜਾਣ ਦਾ ਮਨਸ਼ਾ ਸੀ। ਉਸਮਾਨੀ ਦੌਰ ਵਿਚ ਵਕ਼ਫ਼ ਵਿਕਾਸ ਕਰਦਾ ਇਸਲਾਮੀ ਸਮਾਜ ਦਾ ਇੱਕ ਸਥਾਈ ਅੰਗ ਬਣ ਗਿਆ। ਭਾਰਤ ਵਿਚ ਸੁਲਤਾਨੀ ਹਕੂਮਤਾਂ ਸਮੇਂ ਇਸ ਨੇ ਪੈਰ ਜਮਾ ਲਏ। ਆਜ਼ਾਦੀ ਪਿੱਛੋਂ ਸਮੇਂ ਸਮੇਂ ਵਕ਼ਫ਼ ਨੂੰ ਨਿਯੰਤ੍ਰਿਤ ਕਰਨ ਲਈ ਕਾਨੂੰਨ ਬਣਾ ਕੇ ਰਾਜਾਂ ਵਿਚ ਬੋਰਡ ਸਥਾਪਤ ਕੀਤੇ ਗਏ। ਹਾਲ ਹੀ ਵਿਚ ਸਰਕਾਰ ਨੇ ਵਕ਼ਫ਼ ਵਿਚ ਕਥਿਤ ਭ੍ਰਿਸ਼ਟ ਅਤੇ ਅਨਿਯਮਤਾਈਆਂ ਨੂੰ ਕੰਟਰੋਲ ਕਰਨ ਦੇ ਬਹਾਨੇ ਵਕ਼ਫ਼ ਸੋਧ ਕਾਨੂੰਨ ਬਣਾ ਦਿੱਤਾ ਹੈ। ਵਿਰੋਧੀ ਧਿਰਾਂ ਨੇ ਸੰਸਦ ਵਿਚ ਪੇਸ਼ ਇਸ ਬਿੱਲ ਦੀ ਇਸ ਗੱਲੋਂ ਜ਼ਬਰਦਸਤ ਨੁਕਤਾਚੀਨੀ ਕੀਤੀ ਕਿ ਇਹ ਸੰਵਿਧਾਨ ਦੀਆਂ ਧਾਰਮਕ ਆਜ਼ਾਦੀਆਂ ਨੂੰ ਯਕੀਨੀ ਬਣਾਉਂਦੀਆਂ ਧਾਰਾਵਾਂ ਦੇ ਖਿਲਾਫ਼ ਹੈ, ਕਿਉਂਕਿ ਇਹ ਵਕ਼ਫ਼ ਦੀ ਖੁਦਮੁਖਤਾਰੀ ਨੂੰ ਘਟਾਉਂਦਾ ਹੈ। ਬਣੇ ਕਾਨੂੰਨ ਅਨੁਸਾਰ ਬੋਰਡ ਦੇ ਮੈਂਬਰ ਮਨੋਨੀਤ ਹੋਣਗੇ ਅਤੇ ਗੈਰ-ਮੁਸਲਮਾਨ ਵੀ ਇਸ ਦੇ ਮੈਂਬਰ ਬਣ ਸਕਦੇ ਹਨ। ਘੱਟੋ-ਘੱਟ ਪੰਜ ਸਾਲ ਪਹਿਲਾਂ ਬਣਿਆ ਮੁਸਲਮਾਨ ਹੀ ਵਕਫ਼ ਦੇਣ ਦਾ ਹੱਕਦਾਰ ਹੋ ਸਕਦਾ ਹੈ। ਕਿਸੇ ਝਗੜੇ ਨੂੰ ਨਿਪਟਾਉਣ ਦੇ ਸਾਰੇ ਹੱਕ ਕੁਲੈਕਟਰ ਨੂੰ ਹੀ ਦੇ ਦਿੱਤੇ ਹਨ।
ਸੋਧਾਂ ਕਾਰਨ ਇਤਿਹਾਸਕ ਵਕ਼ਫ਼ ਸੰਪਤੀਆਂ ਤੇ ਨਾਜਾਇਜ਼ ਕਬਜ਼ਿਆਂ ਦਾ ਰੁਝਾਨ ਵਧ ਜਾਵੇਗਾ। ਆਲੋਚਕਾਂ ਅਨੁਸਾਰ ਇਨ੍ਹਾਂ ਸੋਧਾਂ ਪਿਛੋਂ ਮੁਕੱਦਮੇਬਾਜ਼ੀ ਵਧ ਜਾਵੇਗੀ, ਵਕ਼ਫ਼ ਸੰਪਤੀਆਂ ਦਾ ਕੁਪ੍ਰਬੰਧਨ ਹੋਣ ਲੱਗੇਗਾ ਅਤੇ ਮੁਸਲਮਾਨ ਸਮੁਦਾਇ ਦਾ ਇਨ੍ਹਾਂ ਉਤੇ ਕੰਟਰੋਲ ਘਟ ਜਾਵੇਗਾ। ਹੋਰ ਧਰਮਾਂ, ਜਿਵੇਂ ਹਿੰਦੂ ਸਿੱਖ ਆਦਿ ਵਿਚ ਲੋਕ ਆਪਣੇ ਇਸ਼ਟ ਨੂੰ ਖੂਬ ਚੜ੍ਹਾਵਾ ਚੜ੍ਹਾਊਂਦੇ ਹਨ ਇਸ ਲਈ ਇਨ੍ਹਾਂ ਕੋਲ ਬੇਹੱਦ ਮਾਇਆ ਇਕੱਠੀ ਹੋ ਜਾਂਦੀ ਹੈ ਜਿਸ ‘ਤੇ ਕੋਈ ਕੰਟਰੋਲ ਨਹੀਂ। ਪਰ ਮੁਸਲਮਾਨਾਂ ਵਿਚ ਇਹ ਪ੍ਰਥਾ ਨਹੀਂ ਹੈ ਇਸ ਲਈ ਉਹ ਵਕ਼ਫ਼ ‘ਤੇ ਨਿਰਭਰ ਰਹਿੰਦੇ ਹਨ। ਇਸ ਤਰ੍ਹਾਂ ਇਹ ਅਦਾਰਾ ਇਸਲਾਮ ਦੀ ਅਸਮਤ ਨਾਲ ਜੁੜਿਆ ਹੋਇਆ ਹੈ। ਅਸਲ ਵਿਚ ਇਹ ਕਾਨੂੰਨਾਂ ਹੋਰ ਮੁਸਲਮਾਨ ਵਿਰੋਧੀ ਕਾਨੂੰਨਾਂ ਤੇ ਕਦਮਾਂ ਦੀ ਲੜੀ ਵਿਚ ਦੇਖਿਆ ਗਿਆ ਹੈ ਜਿਨ੍ਹਾਂ ਦਾ ਮਕਸਦ ਸੱਤਾ ਧਿਰ ਵਲੋਂ ਧਾਰਮਕ ਧਰੁਵੀਕਰਣ ਕਰਕੇ ਚੋਣਾਂ ਵਿਚ ਲਾਭ ਲੈਣਾ ਹੈ।
ਚਲੋ ਵਕਫ਼ ਸ਼ਬਦ ਨਾਲ ਕੁਝ ਵਾਕਫ਼ੀਅਤ ਪਾਈਏ। ਇਹ ਜਮਾਂਦਰੂ ਤੌਰ ‘ਤੇ ਅਰਬੀ ਭਾਸ਼ਾ ਦਾ ਲਫ਼ਜ਼ ਹੈ ਜੋ ਫਾਰਸੀ ਰਾਹੀਂ ਸਾਡੀਆਂ ਜ਼ਬਾਨਾਂ ਵਿਚ ਆਇਆ। ਇਹ ਲਫ਼ਜ਼ ਅਰਬੀ ਦੇ ਤਿੰਨ ਅੱਖਰੀ ਮੂਲ ‘ਵਾ-ਕLਾਫ਼-ਫੇ’ ਤੋਂ ਵਿਉਤਪਤ ਹੋਇਆ ਹੈ ਜਿਸ ਵਿਚ ਖੜੇ ਹੋਣ, ਰੋਕਣ, ਥੰਮਣ, ਅਟਕਣ, ਠਹਿਰਨ ਦੇ ਭਾਵ ਹਨ। ਨਾਂਵ ਦੇ ਤੌਰ ‘ਤੇ ਵਕ਼ਫ਼ ਸ਼ਬਦ ਵਿਚ ਮੁੱਖ ਤੌਰ ‘ਤੇ ਖੜੇ ਹੋਣ ਦਾ ਭਾਵ ਹੈ। ਅਰਬੀ ਭਾਸ਼ਾ ਵਿਚ ਇਸ ਦੇ ਅਰਥਾਂ ਦਾ ਇਸ ਪ੍ਰਕਾਰ ਵਿਸਥਾਰ ਹੋਇਆ: ਖੜਨ, ਰੋਕਣ; ਉਡੀਕਣ, ਇੰਤਜ਼ਾਰ; ਵਿਰਾਮ; ਉਤਾਵਲਾ ਹੋਣ, ਤਤਪਰ ਹੋਣ; ਸਮਝਣ; ਦਾਨ ਦੀ ਵਸੀਅਤ, ਧਰਮਾਰਥ ਦਾਨ ਅਤੇ ਦਾਨ ਕੀਤੀ ਸੰਪਤੀ; ਸ਼ਾਂਤੀ, ਦ੍ਰਿੜਤਾ; ਸਥਿਰਤਾ। ਤਰਕ ਨਾਲ ਇਨ੍ਹਾਂ ਸਾਰੇ ਅਰਥਾਂ ਨੂੰ ਆਪਸ ਵਿਚ ਜੋੜਿਆ ਜਾ ਸਕਦਾ ਹੈ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਇਸ ਸ਼ਬਦ ਵਿਚ ਮੁਖ ਭਾਵ ਖੜਾ ਹੋਣ ਦਾ ਹੈ। ਖੜਾ ਹੋਣ ਦਾ ਮਤਲਬ ਰੁਕਣਾ ਵੀ ਹੈ। ਜਦੋਂ ਅਸੀਂ ਕਹਿੰਦੇ ਹਾਂ ‘ਖੜ ਜਾ ਜ਼ਰਾ’ ਤਾਂ ਸਾਡਾ ਆਸ਼ਾ ਕਿਸੇ ਚੱਲ ਰਹੇ ਕੰਮ ਜਾਂ ਗੱਲਬਾਤ ਨੂੰ ਥੋੜੇ ਸਮੇਂ ਲਈ ਰੋਕਣ ‘ਤੋਂ ਹੁੰਦਾ ਹੈ, ਰੋਕਣ ਤੋਂ ਉਡੀਕਣ ਦਾ ਭਾਵ ਵੀ ਸਹਿਜੇ ਹੀ ਉਜਾਗਰ ਹੁੰਦਾ ਹੈ। ਆਪੇ ਨੂੰ ਕਿਸੇ ਹੋਰ ਵਹਿਣ ਤੋਂ ਰੋਕ ਕੇ ਕਿਸੇ ਖਾਸ ਮੁੱਦੇ ਵੱਲ ਧਿਆਨ ਕੇਂਦ੍ਰਿਤ ਕਰਨ ਅਰਥਾਤ ਉਤਾਵਲਾ ਜਾਂ ਤਤਪਰ ਹੋਣ ਦਾ ਭਾਵ ਵੀ ਏਥੋਂ ਹੀ ਉਭਰਦਾ ਹੈ। ਸਰੀਰਕ ਤੌਰ ‘ਤੇ ਖੜੇ ਹੋਣ ਤੋਂ ਸਮਝਣ, ਜਾਨਣ ਦੇ ਭਾਵ ਦਾ ਵਿਕਸਿਤ ਹੋਣਾ ਇੱਕ ਸੰਕਲਪਾਤਮਕ ਉਛਾਲਾ ਹੀ ਕਿਹਾ ਜਾ ਸਕਦਾ ਹੈ। ਇਨਸਾਨ ਨੂੰ ਸਮਝ ਉਸ ਵੇਲੇ ਆਉਂਦੀ ਹੈ ਜਦੋਂ ਉਹ ਮਾਨਸਿਕ ਤੇ ਬੌਧਿਕ ਤੌਰ ‘ਤੇ ਰੁਕਦਾ ਹੈ, ਠਹਿਰਾਉ ਦੀ ਸਥਿਤੀ ਵਿਚ ਹੁੰਦਾ ਹੈ, ਕਾਸੇ ਤੇ ਗ਼ੌਰ ਜਾਂ ਵਿਚਾਰ ਕਰਦਾ ਹੈ ਤੇ ਫਿਰ ਜਾਨਣ ਲਗਦਾ ਹੈ। ਅੰਗਰੇਜ਼ੀ ਕਵੀ ਵਿਲੀਅਮ ਹੈਨਰੀ ਡੇਵੀਜ਼ ਦੀ ਤੁਕ ਹੈ,
What is this life if full of care,
We have no time to stand and stare
ਭਾਵ ਜ਼ਿੰਦਗੀ ਨੂੰ ਸਮਝਣ ਲਈ ਖੜਨਾ/ਰੁਕਣਾ ਜ਼ਰੂਰੀ ਹੈ। ਸਬੱਬ ਹੈ ਕਿ ਸਮਝਣ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ Understand ਵਿਚ ਖੜੇ ਹੋਣ ਦੇ ਅਰਥਾਂ ਵਾਲਾ stand ਝਲਕਦਾ ਹੈ। ਅੰਡਰਸਟੈਂਡ ਦਾ ਸ਼ਾਬਦਿਕ ਅਰਥ ਬਣਦਾ ਹੈ (ਕਾਸੇ ਦੇ) ਵਿਚਕਾਰ ਜਾਂ ਅਧੀਨ ਖੜਨਾ ਮਤਲਬ ਕਿਸੇ ਮਸਲੇ ਆਦਿ ਨੂੰ ਆਪਣੀ ਪਕੜ ਵਿਚ ਲੈ ਲੈਣਾ, ਸੋ ਸਮਝ ਲੈਣਾ। ਜੋ ਚੀਜ਼ ਖੜੋਤ ਵਿਚ ਹੈ ਉਹ ਸ਼ਾਂਤ ਵੀ ਹੈ ਜਿਵੇਂ ਚਲਦੇ ਪਾਣੀਆਂ ਦੇ ਟਾਕਰੇ ‘ਤੇ ਖੜਾ ਪਾਣੀ ਸ਼ਾਂਤ ਹੁੰਦਾ ਹੈ। ਏਥੋਂ ਹੀ ਅੱਗੇ ਦ੍ਰਿੜ, ਸਥਿਰ, ਡਟੇ ਹੋਣ ਅਰਥਾਤ ਆਪਣੇ ਸਟੈਂਡ ‘ਤੇ ਖੜੇ ਹੋਣ ਦੇ ਭਾਵ ਵਿਕਸਿਤ ਹੁੰਦੇ ਹਨ। ਖੜੇ ਹੋਣ ਦੀ ਸਥਿਤੀ ਵਿਚ ਵਿਰਾਮ ਹੁੰਦਾ ਹੈ। ਕੁਰਾਨ ਨੂੰ ਸਪੱਸ਼ਟਤਾ ਨਾਲ ਸਮਝਣ ਲਈ ਇਸ ਦੇ ਪਾਠ ਉਪਰ ਕਈ ਤਰ੍ਹਾਂ ਦੇ ਵਿਰਾਮ ਦੇਣ ‘ਤੇ ਜ਼ੋਰ ਦਿੱਤਾ ਜਾਂਦਾ ਹੈ ਜਿਸ ਨੂੰ ਵਕ਼ਫ਼ ਕਿਹਾ ਜਾਂਦਾ ਹੈ, ਕੁਝ ਕੁਝ ਰਹਾਉ ਦੀ ਤਰ੍ਹਾਂ। ਵਕ਼ਫ਼ ਦੇਣ ਵਾਲੇ ਨੂੰ ਵਕਿਫ ਕਿਹਾ ਜਾਂਦਾ ਹੈ। ਅਰਬੀ ਵਿਚ ਵਕ਼ਫ਼ ਦਾ ਬਹੁਵਚਨ ਔਕੂਫ਼ ਹੈ ਅਰਥਾਤ ਦਾਨ ਕੀਤਾ ਸਭ ਕੁਝ। ਵਕਫ਼ਨਾਮਾ ਉਹ ਦਸਤਾਵੇਜ਼ ਹੁੰਦੀ ਹੈ ਜਿਸ ਵਿਚ ਅਰਪਿਤ ਕੀਤੇ ਜਾਣ ਵਾਲੇ ਔਕਾਫ਼ ਦਰਜ ਕਰਾਏ ਜਾਂਦੇ ਹਨ।
ਭਾਰਤੀ ਭਾਸ਼ਾਵਾਂ ਵਿਚ ਵਕ਼ਫ਼ ਸ਼ਬਦ ਸਿਰਫ਼ ਧਰਮਾਰਥ ਜਾਇਦਾਦਾਂ ਦੇ ਪ੍ਰਸੰਗ ਵਿਚ ਹੀ ਜਾਣਿਆ ਜਾਂਦਾ ਹੈ। ਇਸਲਾਮ ਵਿਚ ਧਰਮ ਹਿੱਤ ਦਾਨ ਕੀਤੀ ਜਾਂਦੀ ਜ਼ਮੀਨ, ਜਾਇਦਾਦ, ਧੰਨ ਆਦਿ ਸਦੀਵੀ ਤੌਰ ‘ਤੇ ਅਰਪਿਤ ਕੀਤੇ ਗਏ ਸਮਝੇ ਜਾਂਦੇ ਹਨ, ਯਾਨੀ ਇਹ ਨਾ ਹੁਣ ਤੇ ਨਾ ਹੀ ਭਵਿੱਖ ਵਿਚ ਵਾਪਿਸ ਲਏ ਜਾ ਸਕਦੇ ਹਨ, ਇਹ ਅਜ਼ਲੀ ਹਨ। ਵਕ਼ਫ਼ ਸ਼ਬਦ ਦਾ ਇਹ ਅਰਥ ਇਸ ਗੱਲ ਤੋਂ ਵਿਕਸਿਤ ਹੁੰਦਾ ਹੈ ਕਿ ਵਕਿਫ ਨੇ ਆਪਣੀ ਸੰਪਤੀ ਆਪਣੇ ਨਿੱਜੀ ਮੁਫ਼ਾਦ ‘ਤੋਂ ਰੋਕ ਕੇ ਖ਼ੁਦਾਈ ਜਾਂ ਖਰਾਇਤੀ ਮੰਤਵ ਹਿਤ ਹਮੇਸ਼ਾ ਲਈ ਭੇਟ ਕਰ ਦਿੱਤੀ ਹੈ। ਪਾਕਿਸਤਾਨ ਦੇ ਇਤਿਹਾਸਕ ਗੁਰਦਵਾਰੇ ਪਾਕਿਸਤਾਨ ਔਕੂਫ਼ ਬੋਰਡ ਦੇ ਅਧੀਨ ਹਨ। ਔਕੂਫ਼ ਸੰਪਤੀਆ ਅੱਗੇ ਵੇਚੀਆਂ ਨਹੀਂ ਜਾ ਸਕਦੀਆਂ, ਹੋਰ ਕਿਸੇ ਦੇ ਨਾਂ ਚੜ੍ਹਾਈਆਂ ਨਹੀਂ ਜਾ ਸਕਦੀਆਂ ਅਤੇ ਨਾ ਹੀ ਕਿਸੇ ਹੋਰ ਮਕਸਦ ਲਈ ਵਰਤੀਆਂ ਜਾ ਸਕਦੀਆਂ ਹਨ। ਇਹ ਖਰਾਇਤੀ ਮੰਤਵਾਂ ਜਿਵੇਂ ਹਸਪਤਾਲ, ਮਸਜਿਦ, ਕਬਰਿਸਤਾਨ, ਮੁਸਾਫਰਖਾਨਾ, ਚੌਂਤਰੇ, ਦਰਗਾਹਾਂ, ਤਕੀਏ, ਮਦਰਸੇ ਉਸਾਰਨ, ਉਨ੍ਹਾਂ ਦੀ ਦੇਖ ਰੇਖ ਕਰਨ ਜਾਂ ਹੋਰ ਲੋਕ ਭਲਾਈ ਦੇ ਕੰਮਾਂ ਲਈ ਵਰਤੀਆਂ ਜਾਂਦੀਆਂ ਹਨ। ਦਰਅਸਲ ਔਕੂਫ ਦਾ ਇਹ ਅਬਦਲ ਖਾਸਾ ਇਸ ਲਈ ਹੈ, ਕਿਉਂਕਿ ਇਹ ਅੱਲਾ ਨੂੰ ਭੇਟ ਕੀਤੀਆਂ ਗਈਆਂ ਹਨ, ਅੱਲਾ ਨਮਿੱਤ ਕੀਤੀ ਚੀਜ਼ ਵਾਪਿਸ ਥੋੜੀ ਲਈ ਜਾ ਸਕਦੀ ਹੈ। ਇਸਲਾਮ ਦਾ ਇਹ ਸੰਕਲਪ ਹੋਰ ਧਰਮਾਂ ਨਾਲੋਂ ਕੁਝ ਵੱਖਰਾ ਹੈ। ਧਿਆਨ ਰਹੇ ਨਿਆਂ-ਸਾLਸਤਰ ਅਨੁਸਾਰ ਕੋਈ ਵੀ ਦੈਵ ਸ਼ਕਤੀ (ਅੱਲਾ, ਪਰਮਾਤਮਾ, ਦੇਵਤਾ ਆਦਿ) ਮਨੁੱਖ ਦੀ ਤਰ੍ਹਾਂ ਨਿਆਂ ਦੇ ਨਜ਼ਰੀਏ ਤੋਂ ਪੁਰਖ ਹਨ ਅਰਥਾਤ ਕਿਸੇ ਮੰਦਰ, ਮਸਜਿਦ, ਮੂਰਤੀ ਬਾਰੇ ਜੇ ਕੋਈ ਕਾਨੂੰਨੀ ਝਗੜਾ ਹੁੰਦਾ ਹੈ ਤਾਂ ਉਨ੍ਹਾਂ ਦੀ ਅਭਿਵਿਅਕਤੀ ਕਰਦੀ ਦੈਵ ਸ਼ਕਤੀ ਨੂੰ ਆਪਣਾ ਕੇਸ ਲੜਨ ਦਾ ਅਧਿਕਾਰ ਹੈ, ਭਾਵੇਂ ਕਿ ਉਨ੍ਹਾਂ ਵਲੋਂ ਕੇਸ ਲੜਦਾ ਕੋਈ ਵਕੀਲ ਹੀ ਹੈ। ਬਾਬਰੀ ਮਸਜਿਦ ਕੇਸ ਵਿਚ ਰਾਮ ਲੱਲਾ ਇੱਕ ਕਾਨੂੰਨੀ ਧਿਰ ਸੀ। ਵਕ਼ਫ਼ ਦੇ ਟਰੱਸਟੀ ਨੂੰ ਮੁਤਵੱਲੀ ਕਿਹਾ ਜਾਂਦਾ ਹੈ।
ਵਕLਫ਼ ਮੂਲ ਤੋਂ ਅਰਬੀ ਵਿਚ ਹੋਰ ਕਈ ਸ਼ਬਦ ਬਣੇ ਹਨ ਪਰ ਅਸੀਂ ਏਥੇ ਪੰਜਾਬੀ ਵਿਚ ਜਾਣੇ ਜਾਂਦੇ, ਵਰਤੇ ਜਾਂਦੇ ਸ਼ਬਦਾਂ ਦਾ ਹੀ ਜ਼ਿਕਰ ਕਰਾਂਗੇ। ਪਹਿਲਾਂ ‘ਵਕਫ਼ਾ’ ਸ਼ਬਦ ਲੈਂਦੇ ਹਾਂ ਜਿਸ ਦਾ ਅਰਥ ਹੈ ਸਮੇਂ ਤੇ ਸਥਾਨ ਦਾ ਫਰਕ, ਵਿੱਥ, ਮੁਹਲਤ, ਪਾੜ। ਇਸ ਸ਼ਬਦ ਵਿਚ ਵੀ ਸਮੇਂ ਤੇ ਸਥਾਨ ਵਿਚਕਾਰ ਖੜੋਤ, ਠਹਿਰਾਅ ਜਾਂ ਰੋਕ ਦਾ ਭਾਵ ਹੀ ਕੰਮ ਕਰ ਰਿਹਾ ਹੈ। ਹਰਿਭਜਨ ਸਿੰਘ ਦੀ ਕਵਿਤਾ ਵਿਚ ਇਸ ਸ਼ਬਦ ਦੇ ਦਰਸ਼ਨ ਕਰੋ,
ਦਰਵਾਜ਼ੇ ਦੀ ਇਹ ਦਸਤਕ ਤਾਂ
ਅੱਖ ਵਾਲੀ ਹੈ
ਸਮਝ ਰਹੀ ਹੈ ਘਰ ਨੰਗਾ ਹੈ
ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ
ਇਕ ਵਕਫ਼ਾ ਹੈ ਕੱਜਣ ਜੇਡਾ
ਠਕ ਠਕ ਤੋਂ ਪਹਿਲਾਂ
ਏਥੇ ਸਭ ਅੰਨ੍ਹੀ ਚੁਪ ਸੀ
ਕਿਸੇ ਨੰਗ ਨੂੰ ਕੱਜਣ ਸੰਦੀ
ਲੋੜ ਨਹੀਂ ਸੀ
‘ਵਕਫ਼ਾ ਦੇਣਾ’ ਦਾ ਮਤਲਬ ਚਲੰਤ ਕਾਰਵਾਈ ਕੁਝ ਸਮੇਂ ਲਈ ਰੋਕ ਕੇ ਕਿਸੇ ਨੂੰ ਕਿਸੇ ਕੰਮ ਲਈ ਹੋਰ ਸਮਾਂ ਦੇਣਾ ਅਰਥਾਤ ਸਥਗਿਤ ਕਰਨਾ, ਮਨਸੂਖ ਕਰਨਾ ਹੁੰਦਾ ਹੈ। ਵਕ਼ਫ਼ ਤੋਂ ਵਕਫੀ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ ਥੋੜ ਚਿਰਾ, ਵਕਤੀ, ਅਸਥਾਈ। ਸਭ ਤੋਂ ਵੱਧ ਜਾਣਿਆ ਜਾਂਦਾ ਸ਼ਬਦ ਹੈ ਜਾਣਕਾਰੀ ਦੇ ਹੀ ਅਰਥਾਂ ਵਾਲਾ ਵਾਕਫ਼ੀਅਤ ਜਿਸ ਦਾ ਸੰਖੇਪ ਵਾਕਫ਼ੀ ਹੈ। ਜਾਣਕਾਰ ਲਈ ਵਾਕਿਫ਼ ਜਾਂ ਵਾਕਿਫ਼ਕਾਰ ਸ਼ਬਦ ਹੈ। ਵਾਕਿਫ਼ ਦਾ ਅਰਬੀ ਫਾਰਸੀ ਵਿਚ ਲਫ਼ਜ਼ੀ ਮਾਅਨਾ ਤਾਂ ਖੜਾ, ਖੜੋਤਾ, ਰੁਕਿਆ ਹੈ ਪਰ ਪੰਜਾਬੀ ਵਿਚ ਇਸ ਤੋਂ ਵਿਕਸਿਤ ਹੋਇਆ ਜਾਣਕਾਰ, ਜਾਣੂ ਵਾਲਾ ਅਰਥ ਹੀ ਚਲਦਾ ਹੈ। ਕਾਦਰ ਯਾਰ ਦੀ ਸੋਹਣੀ ਮਾਹੀਵਾਲ ਵਿਚ ਵਾਕਿਫ਼ ਸ਼ਬਦ ਆਇਆ ਹੈ,
ਮਾਂ ਸੋਹਣੀ ਨੂੰ ਆਖਿਆ ਗੱਲ ਨਹੀ ਏਹ ਕੂੜ।
ਏਹ ਨੇਕ ਨਾ ਕਾਮਾਂ ਜਾਪਦਾ ਕਰੋ ਘਰਾਂ ਤੇ ਦੂਰ।
ਪਰ ਇਕ ਸਹੇਲੀ ਖ਼ਾਸ ਸੀ ਸੋਹਣੀ ਦੇ ਹਮਸਾਇ।
ਵਾਕਿਫ਼ ਥੀ ਹਰ ਭੇਦ ਦੀ ਅਕਲ ਸੁਘੜ ਦਾਨਾਇ।
ਕੁਲ ਹਕੀਕਤ ਓਸਦੀ ਸਮਝ ਲਈ ਦਿਲ ਪਾਇ।
ਅਰਬੀ ਸ਼ਬਦ-ਰਚਨਾ ਅਨੁਸਾਰ ਵਕ਼ਫ਼ ਤੋਂ ਇੱਕ ਸ਼ਬਦ ਬਣਦਾ ਹੈ ‘ਵਕ਼ੂਫ਼’ ਸਮਝ, ਅਕਲ। ਭਾਵੇਂ ਇਹ ਸ਼ਬਦ ਆਮ ਨਹੀਂ ਵਰਤਿਆ ਜਾਂਦਾ ਪਰ ਸੂਫੀ ਤੇ ਕਿੱਸਾ ਕਵਿਤਾ ਵਿਚ ਮਿਲ ਜਾਂਦਾ ਹੈ। ਅਰਬੀ ਫਾਰਸੀ ਮਲਫ਼ੂਫ਼ ਵਾਰਿਸ ਸ਼ਾਹ ਦੀ ਹੀਰ ਵਿਚ ਹੈ ਦੇਖੋ,
ਮਰਦ ਸਾਦ ਹਨ ਚਿਹਰੇ ਨੇਕੀਆਂ ਦੇ, ਸੂਰਤ ਰੰਨ ਦੀ ਮੀਮ ਮੌਕੂਫ਼ ਹੈ ਨੀ।
ਮਰਦ ਆਲਮ ਫਾਜ਼ਲ ਅੱਜ਼ਲ ਕਾਬਲ, ਕਿਸੇ ਰੰਨ ਨੂੰ ਕੌਣ ਵਕੂਫ਼ ਹੈ ਨੀ।
ਹਾਂ, ਅਰਬੀ ਵਕ਼ੂਫ਼ ਦੇ ਅੱਗੇ ਫਾਰਸੀ ਨਾਂਹਵਾਚਕ ਅਗੇਤਰ ‘ਬੇ’ ਲਾ ਕੇ ਬੁਧੂ, ਬੇਅਕਲ ਦੇ ਅਰਥਾਂ ਵਾਲਾ ‘ਬੇਵਕੂਫ਼’ ਸ਼ਬਦ ਸਾਡੀਆਂ ਭਾਸ਼ਾਵਾਂ ਵਿਚ ਖੂਬ ਚਲਦਾ ਹੈ ਭਾਵੇਂ ਕਵਿਤਾ ਵਿਚ ਘਟ ਹੀ ਫਿਟ ਹੁੰਦਾ ਹੈ। ਬੇਵਕੂਫ਼ਾਂ ਦੇ ਸਿਰਾਂ ‘ਤੇ ਕਿਹੜੇ ਸਿੰਗ ਹੁੰਦੇ ਹਨ। ਅਰਬੀ ਵਿਚ ‘ਮ’ ਅਗੇਤਰ ਲਾ ਕੇ ਹੋਰ ਸ਼ਬਦ ਬਣ ਜਾਂਦੇ ਹਨ। ਇਸ ਤਰ੍ਹਾਂ ਬਣੇ ਇੱਕ ਸ਼ਬਦ ਮੌਕਿਫ਼ ਦਾ ਅਰਥ ਹੈ ਦ੍ਰਿਸ਼ਟੀਕੋਣ, ਨਜ਼ਰੀਆ; ਪਾਰਕਿੰਗ ਲੌਟ, ਅੱਡਾ ਯਾਨੀ ਜਿਥੇ ਕੋਈ ਚੀਜ਼ ਠਹਿਰਾਈ ਜਾਵੇ। ਮੌਕੂਫ਼ ਦਾ ਇਸਲਾਮੀ ਪ੍ਰਸੰਗ ਵਿਚ ਮਤਲਬ ਹੈ-ਖੁਦਾ ਦੇ ਨਾਮ ‘ਤੇ ਦਿੱਤਾ, ਜਾਣੀਂ ਵਕਫ਼ ਕੀਤਾ ਗਿਆ ਪਰ ਇਸ ਦੇ ਆਮ ਅਰਥ ਹਨ, ਕੰਮ ‘ਤੋਂ ਰੋਕਿਆ ਗਿਆ, ਹਟਾਇਆ ਗਿਆ, ਬਰਖਾਸਤ, ਬਰਤਰਫ਼। ਕਰੀਮ ਬਖ਼ਸ਼ ਨੇ ਇਹ ਸ਼ਬਦ ਵਰਤਿਆ ਹੈ,
ਸੰਨ ਖ਼ੁਸ਼ਖ਼ਬਰੀ ਰਈਅਤ ਆਈ, ਲੱਗੀਆਂ ਹੋਣ ਤਾਜ਼ੀਮਾਂ।
ਦੁਸ਼ਮਣ ਹੋਏ ਮੌਕੂਫ਼ ਜਹਾਨੋਂ, ਵਾਹ ਗ਼ਫ਼ੂਰ ਰਹੀਮਾਂ।
ਵਕLਫ਼ ਲਈ ਅਰਬੀ ਵਿਚ ਹੀ ਇੱਕ ਹੋਰ ਸ਼ਬਦ ਹਬਸ ਵੀ ਚਲਦਾ ਹੈ ਜਿਸ ਦਾ ਮੁਢਲਾ ਅਰਥ ਵੀ ਰੋਕਣਾ ਹੈ ਤੇ ਵਿਸਤ੍ਰਿਤ ਅਰਥ ਧਰਮਾਰਥ ਦਾਨ ਕੀਤੀਆਂ ਜ਼ਮੀਨ ਜਾਇਦਾਦਾਂ ਪਰ ਹਬਸ ਵਾਲੀਆਂ ਜਾਇਦਾਦਾਂ ਦਾਨ ਕਰਨ ਵਾਲੇ ਕੋਲ ਇਹ ਹੱਕ ਹੁੰਦਾ ਹੈ ਕਿ ਉਹ ਫਿਰ ਕਦੇ ਇਨ੍ਹਾਂ ਨੂੰ ਹੋਰ ਤਰਾਂ ਵੇਚ ਵਰਤ ਲਵੇ।