ਸਰਬਜੀਤ ਧਾਲੀਵਾਲ
ਚੰਦਨ ਵਾਕਿਆ ਈ ਚੰਦਨ ਹੈ। ਉਸਦੀ ਵਾਰਤਿਕ ‘ਚੋਂ ਚੰਦਨ ਦੀ ਖੁਸ਼ਬੋ ਆਉਂਦੀ ਹੈ। ਉਸਦੇ ਵਾਕ ਚੰਦਨਵਾੜੀ ਦੀ ਸੈਰ ਵਰਗਾ ਲੁਤਫ਼ ਦਿੰਦੇ ਨੇ। ਗੱਲ ਅਮਰਜੀਤ ਚੰਦਨ ਦੀ ਹੋ ਰਹੀ ਹੈ। ਮੈਨੂੰ ਨਹੀਂ ਪਤਾ ਕੇ ਉਸਦੇ ਨਾਮ ਨਾਲ ਕਦੋਂ, ਕਿਉਂ, ਕਿਸਨੇ ਚੰਦਨ ਲਾਇਆ, ਪਰ ਜਿਵੇਂ-ਕਿਵੇਂ ਵੀ ਲੱਗਿਆ,
ਚੰਦਨ ਲੇਖਕ ਦੇ ਤੌਰ ‘ਤੇ ਉਸ ‘ਤੇ ਖਰਾ ਉਤਰਿਆ ਹੈ। ਇਸ ਵੇਲੇ ਉਸਦੀ ਕਿਤਾਬ ਜੀਵਨਪਤ੍ਰੀ ਬਾਰੇ ਚਰਚਾ ਸਰਗਰਮੀ ਫੜ੍ਹਨ ਲੱਗ ਪਈ ਹੈ। ਇਹ ਕਿਤਾਬ ਬੰਦੇ ਨੂੰ ਬੰਨ੍ਹ ਕੇ ਬਿਠਾ ਲੈਂਦੀ ਹੈ। ਖ਼ਾਸ ਕਰਕੇ ਉਨ੍ਹਾਂ ਨੂੰ, ਜਿਨ੍ਹਾਂ ਆਪਣੀ ਸੁਰਤ ਪਿਛਲੀ ਸਦੀ ਦੇ ਸੱਠਵਿਆਂ-ਸੱਤਰਵਿਆਂ ਵਿਚ ਸੰਭਾਲੀ ਸੀ ਤੇ ਪੰਜਾਬ ਨੂੰ ਪਹਿਲਾਂ ਲਾਲ ਤੇ ਫਿਰ ਕੇਸਰੀ ਹੁੰਦਾ ਵੇਖਿਆ ਸੀ।
ਇਹ ਕਿਤਾਬ ਪੜ੍ਹ ਕੇ ਕਈ ਚੰਦਨ ਤੇ ਮੀਂਹ ਵਾਂਗ ਵਰ੍ਹਨਗੇ; ਆਪਣੇ ਬੌਧਿਕ ਤੇ ਵਿਚਾਰਧਾਰਕ ਚਸ਼ਮੇ ਰਾਹੀਂ ਵੇਖ ਕੇ ਉਸ ਬਾਰੇ ਭਾਂਜਵਾਦੀ, ਸੋਧਵਾਦੀ, ਸੱਜਪਿਛਾਖੜ ਤੇ ਜਾਤੀਵਾਦੀ ਵਰਗੇ ਲਕਬ ਵਰਤਣਗੇ। ਕਈ ਖੁਸ਼ ਹੋਣਗੇ ਤੇ ਉਸਦੀ ਮਹਿਮਾ ਕਰਨਗੇ। ਇਹ ਕਿਤਾਬ ਕਈਆਂ ਦੇ ਜਖਮ ਉਚੇੜੇਗੀ ਤੇ ਕਈਆਂ ਦੇ ਮਲ੍ਹਮ ਲਾਏਗੀ। ਸਹਿਮਤੀ, ਅਸਹਿਮਤੀ ਤੇ ਨਾਰਾਜਗੀ ਮਨੁੱਖ ਦੇ ਮੂਲ ਅਧਿਕਾਰਾਂ ਦੀ ਪੂੰਜੀ ਹੈ ਤੇ ਜਾਗਰੂਕ ਸਮਾਜ ‘ਚ ਇਸਦਾ ਪ੍ਰਗਟਾ ਸਹਿਜ ਰੂਪ ‘ਚ ਹੋਣਾ ਵੀ ਚਾਹੀਦਾ ਹੈ। ਇਹ ਕਿਸੇ ਵੀ ਸਮਾਜ ਤੇ ਸੱਭਿਅਤਾ ਦੀ ਨਿੱਘਰ ਉਸਾਰੀ ਲਈ ਲਾਜਮੀ ਤੱਤ ਹੈ।
ਲੰਬਾ ਸਮਾਂ ਨਕਸਲਬਾੜੀ ਵਿਚਾਰਧਾਰਾ ਨਾਲ ਜੁੜਿਆ ਰਿਹਾ ਚੰਦਨ ਇਸ ਲਹਿਰ ਦਾ ਸਰਗਰਮ ਝੰਡਾਬਰਦਾਰ ਰਿਹਾ ਹੈ। ਜੀਵਨਪਤ੍ਰੀ ਦਾ ਜਿਆਦਾ ਸਰੋਕਾਰ ਇਸ ਲਹਿਰ ਤੇ ਇਸ ਨਾਲ ਜੁੜੇ ਬਹੁਤ ਸਾਰੇ ਸਿਖਰਲੇ ਹਾਕਿਮ ਸਿੰਘ ਸਮਾਓਂ, ਬਾਬਾ ਬੁਝਾ ਸਿੰਘ, ਦਰਸ਼ਨ ਖਟਕੜ, ਗੰਧਰਵ ਸੇਨ, ਹਰਭਜਨ ਹਲਵਾਰਵੀ ਵਰਗੇ ਪਾਤਰਾਂ ਨਾਲ ਹੈ। ਪ੍ਰੀਤਲੜੀ ਨਾਲ ਵੀ ਹੈ। ਇਨਕਲਾਬ ਨਾਲ ਹੈ। ਤੇ ਇਸ ਵਿਚ ਉਹ ਆਪਣੇ ਪਰਿਵਾਰ ਬਾਰੇ ਲਿਖਦਾ ਹੈ, ਆਪਣੀ ‘ਜਲਾਵਤਨੀ’ ਬਾਰੇ ਦੱਸਦਾ ਹੈ। ਪਾਸ਼, ਵਰਿਆਮ ਸੰਧੂ, ਸੁਰਜੀਤ ਹਾਂਸ ਤੇ ਕੁਝ ਹੋਰ ਨਾਮੀ ਸਖਸ਼ੀਅਤ ਨਾਲ ਦੋਸਤੀ ਦਾ ਖਾਸਾ ਜਿਕਰ ਹੈ। ਪਾਸ਼ ਦੇ ਕਤਲ ਉਪਰੰਤ ਉਸ ਅੰਦਰ ਪਈ ਖੋਹ ਬਾਰੇ ਵੀ ਇਸ ਕਿਤਾਬ ‘ਚ ਇਕ ਅਧਿਆਏ ਹੈ।
ਮੇਰੀ ਨਜ਼ਰ ‘ਚ ਇਹ ਉਸਦਾ ਆਪਣੇ ਅਤੇ ਲਹਿਰ ਬਾਰੇ ਇਕਬਾਲੀਆ ਬਿਆਨ ਹੈ। ਇਹ ਮੁਕੰਮਲ ਬਿਆਨ ਹੈ ਜਾਂ ਅਧੂਰਾ, ਨਿਰੋਲ ਜਾਂ ਮਿਲਾਵਟੀ; ਇਸਦਾ ਫੈਸਲਾ ਪਾਠਕ, ਬੁਧੀਜੀਵੀ, ਆਲੋਚਕ, ਚਿੰਤਕ ਤੇ ਲਹਿਰ ਨਾਲ ਕਿਸੇ ਸਮੇਂ ਜਿਸਮਾਨੀ ਜਾਂ ਰੂਹਾਨੀ ਤੌਰ ‘ਤੇ ਜੁੜੇ ਰਹੇ ਲੋਕ ਕਰਨਗੇ। ਆਪਣੇ ਬਾਰੇ, ਘਟਨਾਵਾਂ ਤੇ ਪਾਤਰਾਂ ਬਾਰੇ ਲਿਖਦਾ ਚੰਦਨ ਸੁਹਿਰਦ, ਇਮਾਨਦਾਰ ਤੇ ਬੇਬਾਕ ਲੱਗਦਾ ਹੈ। ਲਹਿਰਾਂ ਦਾ ਲੇਖਾ-ਜੋਖਾ ਹੁੰਦਾ ਆਇਆ ਹੈ। ਪੰਜਾਬ ਦੀ ਕਮਿਉਨਿਸਟ ਲਹਿਰ, ਜੋ ਬਹੁਭਾਂਤੀ ਤੇ ਬਹੁਪਰਤੀ ਸੀ, ਦਾ ਹੁਣ ਕੀ ਹੋ ਰਿਹਾ ਹੈ। ਇਸ ‘ਚ ਸਰਗਰਮ ਰਹੇ ਲੋਕਾਂ ਨੇ ਪਿਛਲੇ ਸਮੇਂ ਚ ਕੁਝ ਕਿਤਾਬਾਂ ਲਿਖੀਆਂ ਨੇ। ਚੰਦਨ ਦੀ ਕਿਤਾਬ ਉਨ੍ਹਾਂ ਵਿਚੋਂ ਇੱਕ ਹੈ। ਚੰਦਨ ਕਿਸੇ ਗੱਲ ਨੂੰ ਆਪਣੀ ਕਿਤਾਬ ‘ਚ ਖਿੱਚਦਾ ਜਾਂ ਕਹੋ ਲੰਮਕਾਉਂਦਾ ਨਹੀਂ। ਇਹ ਉਸਦੀ ਖੂਬਸੂਰਤੀ ਹੈ, ਇਹ ਉਸਦੀ ਵਾਰਤਕ ਨੂੰ ਖੇੜਾ ਬਖ਼ਸ਼ਦੀ ਹੈ। ਉਸਦਾ ਗੱਲ ਕਹਿਣ ਦਾ ਅੰਦਾਜ਼ ਜ਼ਹੀਨ ਹੈ। ਇਸ ਵਿਚ ਕੋਈ ਸ਼ੱਕ ਹੀ ਨਹੀਂ।
ਕਿਤਾਬ ਚ ਸ਼ਾਮਿਲ ਸਵਰਾਜਬੀਰ (ਲੇਖਕ, ਬੁਧੀਜੀਵੀ ਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ) ਨਾਲ ਮੁਲਾਕਾਤ ਵਿਚ ਚੰਦਨ ਕਹਿੰਦਾ ਹੈ, ‘ਨਕਸਲਵਾਦ ਤਾਂ ਲੈਨਿਨ ਦੇ ਕਹਿਣ ਵਾਂਙ ਬਚਪਨੇ ਦਾ ਰੋਗ ਸੀ। ਮਾਰਕਸ ਨੇ ਮੁਲਕਾਂ, ਕੌਮ ਦੇ ਵੱਡੇ ਹਾਦਸਿਆਂ ਨੂੰ ਇਤਿਹਾਸਿਕ ਅਟੱਲਤਾ ਆਖਿਆ ਸੀ। ਉਹ ਸ਼ਬਦ ਨਿਜੀ ਜੀਵਨ ‘ਤੇ ਵੀ ਲਾਗੂ ਕੀਤੇ ਜਾ ਸਕਦੇ ਨੇ। ਮੇਰੇ ਘਰ ਗ਼ਦਰ, ਕਿਰਤੀ ਲਹਿਰ ਦੀਆਂ ਨਿਤ ਹੁੰਦੀਆਂ ਗੱਲਾਂ, ਭਗਤ ਸਿੰਘ ਤੇ ਵੀਅਤਨਾਮ-ਗੁਰਦਵਾਰੇ ਸ਼ਹੀਦਾਂ ਦਾ ਧਿਆਨ ਧਰ ਕੇ ਕੀਤੀਆਂ ਅਰਦਾਸਾਂ ਨੇ ਤਾਂ ਰੰਗ ਲਿਆਉਣਾ ਈ ਸੀ। ਅਸਾਂ ਵੀ ਇਨਕਲਾਬ ਦੀ ਗੱਡੀ ਨੱਸ ਕੇ ਫੜ੍ਹ ਲਈ। ਪਤਾ ਨਾ ਸੀ ਕੇ ਇੰਜਣ ਦਾ ਡਰੈਵਰ ਤੇ ਗਾਰਡ ਮਨੋਰੋਗੀ ਹੈ। ਕਲਮ ਮੇਰਾ ਹਥਿਆਰ ਸੀ…।
ਮੈਂ ਪਰਚੇ ਕੱਢੇ; ਕਿਤਾਬਾਂ ਛਾਪੀਆਂ। ਕਵਿਤਾਵਾਂ ਲਿਖੀਆਂ; ਬਾਹਰ ਵੀ, ਜੇਲ ਜਾ ਕੇ ਵੀ। ਪਰ ਆਪ ਕਦੇ ਚੱਕ-ਲੈ, ਚੱਕ-ਲੈ ਵਾਲੀ ਕਵਿਤਾ ਨਹੀਂ ਲਿਖੀ। ਮੇਰੇ ਬੰਬ ਵਾਲੇ ਝੋਲੇ ‘ਚ ਲਾਲ ਸਿੰਘ ਦਿਲ ਦੀ ਕਵਿਤਾ ਵੀ ਪਈ ਹੁੰਦੀ ਸੀ। ਮੈਨੂੰ ਲੰਦਨ ਰਹਿੰਦੇ ਨੂੰ ਚਾਲੀ ਸਾਲ ਹੋ ਜਾਣੇ ਹਨ…ਪ੍ਰਦੇਸ ਰੋਗ ਹੈ। ਇਹਦੀ ਇਕੱਲ ਬੜੀ ਘਾਤਕ ਹੈ। ਲੰਦਨ ਚ ਰਹਿੰਦਾ ਮਾਰਕਸ ਆਪ ਪ੍ਰਦੇਸੀ ਸੀ। ਪਰ ਉਸਨੇ ਇਸ ਵਿਜੋਗ (ਏਲੀਏਨੇਸ਼ਨ) ਦੀ ਗੱਲ ਨਹੀਂ ਕੀਤੀ।’
ਅੱਜ ਦੀ ਪੰਜਾਬੀ ਕਵਿਤਾ ਕਿਹੋ ਜਿਹੀ ਲੱਗਦੀ ਐ?
ਚੰਦਨ ਦਾ ਜਵਾਬ ਹੈ: ਕੂੜਾ ਛਪੀ ਜਾਂਦੈ। ਹਾਂਸ (ਸੁਰਜੀਤ) ਨੇ ਸ਼ਬਦ ਘੜਿਆ: ਸ਼ਬਦਰੋਗ। ਇਸ ਕੂੜੇ ਬਾਰੇ ਸਿਹਰੇ ਸਿਖਿਆ ਵਾਂਙ ਹਰ ਕਿਸੇ ਦੇ ਫਿੱਟ ਆਉਂਦੇ ਇਹੋ ਜਿਹੇ ਸ਼ਬਦ ਪੜ੍ਹਨ ਵਾਲੇ ਹੁੰਦੇ ਨੇ: ਅਖੇ ਇਹ ਕਵਿਤਾ ਸਿਮਰਤੀ ਦੀ ਪੁਨਰ ਸਿਰਜਣਾ ਕਰਦੀ ਹੈ; ਇਹ ਵਰਲਡ ਪੱਧਰ ‘ਤੇ ਵਰਤ ਰਹੇ ਵਰਤਾਰੇ ਦਾ ਪਰਛਾਵਾਂ ਹੈ; ਇਹ ਸਥਾਪਤ ਯਾਨਰ ਤੋੜਦੀ ਹੈ; ਮਾਨਵੀ ਅਵਚੇਤਨ, ਅਹਿਸਾਸਾਂ ਤੇ ਸਰੋਕਾਰਾਂ ਦੇ ਪੈਰਾਡਾਈਮ ਦਾ ਮਲਟੀਪਲ ਮੈਟਾਫ਼ਰੀ ਪਾਠ ਸਿਰਜਦੀ ਹੈ। ਉਹ ਅਗੇ ਕਹਿੰਦਾ ਹੈ: ਮਾਂ-ਬੋਲੀ ਨਾਲ ਐਸਾ ਜਬਰ-ਜਨਾਹ ਸਾਡੀਆਂ ਅੱਖਾਂ ਸਾਹਮਣੇ ਹੋਈ ਜਾਂਦਾ ਤੇ ਕੋਈ ਕੁਸਕਦਾ ਨਹੀਂ। ਅਜੋਕੀ ਕਵਿਤਾ ‘ਚੋਂ ਪੰਜਾਬੀ ਦਾ ਮੁਹਾਵਰਾ ਅਲੋਪ ਹੋ ਚੁਕਾ ਹੈ। ਇਹ ਹਿੰਦੀ ਕਵਿਤਾ ਦੀ ਨਕਲ ਹੈ। ਹਿੰਦੀ ਵਾਲੇ ਅਗਾਂਹ ਪੂਰਬੀ ਯੂਰਪ ਦੀ ਨਕਲ ਮਾਰੀ ਜਾਂਦੇ ਨੇ। ਪਰ ਜਸਵੰਤ ਦੀਦ, ਅੰਬਰੀਸ਼ ਤੇ ਸੁਖਪਾਲ ਦੀਆਂ ਕੁਝ ਕਵਿਤਾਵਾਂ ਵਿਚ ਜਾਨ ਹੈ। ਬਾਕੀ ਸੁਖ ਲੇਖਾ।
ਚੰਦਨ ਨੇ ਰਾਣੀ-ਤੱਤ ਪੜ੍ਹੀ ਹੈ ਜਾਂ ਨਹੀ, ਮੈਨੂੰ ਨਹੀਂ ਪਤਾ। ਜੇ ਨਹੀਂ ਪੜ੍ਹੀ ਤਾਂ ਨੂੰ ਜਰੂਰ ਪੜ੍ਹ੍ਹਨੀ ਚਾਹੀਦੀ ਹੈ ਤੇ ਉਸ ‘ਤੇ ਉਸ ਵੱਲੋਂ ਟਿਪਣੀ ਕਰਨੀ ਬਣਦੀ ਹੈ। ਪੰਜਾਬ ਨੇ ਇਸ ਕਿਤਾਬ ਨੂੰ ਵੱਡਾ ਹੁੰਗਾਰਾ ਦਿੱਤਾ ਹੈ। ਇਸੇ ਤਰ੍ਹਾਂ ਉਸਨੂੰ ਜਸਬੀਰ ਮੰਡ ਦੀਆਂ ਤਿੰਨ ਕਿਤਾਬਾਂ- ‘ਬੋਲ ਮਰਦਾਨਿਆਂ’, ‘ਚੁਰਾਸੀ ਲੱਖ ਯਾਦਾਂ’ ਤੇ ‘ਆਖਰੀ ਬਾਬੇ’- ‘ਤੇ ਆਪਣੇ ਵਿਚਾਰ ਰੱਖਣੇ ਚਾਹੀਦੇ ਨੇ। ਇਨ੍ਹਾਂ ਕਿਤਾਬਾਂ ਨੇ ‘ਬੌਧਿਕ’ ਵਰਗ ਦੀ ਸਿਮਰਤੀ ਨੂੰ ਹਲੂਣਿਆ ਹੈ।
ਕਾਮਰੇਡਾਂ, ਜਿਨ੍ਹਾਂ ਵਿਚ ਚੰਦਨ ਵੀ ਸ਼ਾਮਿਲ ਹੈ, ਨੇ ਇਹ ਗੱਲ ਕਬੂਲ ਕਰਨੀ ਸ਼ੁਰੂ ਕਰ ਦਿਤੀ ਹੈ ਕਿ ਭਾਰਤ ਵਰਗੇ ਦੇਸ਼ ਵਿਚ ਧਰਮ ਦੇ ਖਿਲਾਫ ਪੇਚਾ ਪਾ ਲੈਣਾ ਸੱਭ ਤੋਂ ਵੱਡੀ ਮੂਰਖਤਾ ਤੇ ਵਿਚਾਰਧਾਰਕ ਬਚਪਨਾ ਸੀ। ਇਹ ਉਹ ਦੇਸ਼ ਹੈ, ਜਿਥੇ ਪਿਆਕੜ ਵੀ ਆਪਣੇ ਗਿਲਾਸ ‘ਚਂੋ ਉਂਗਲ ਨਾਲ ਪਹਿਲਾਂ ਸ਼ਰਾਬ ਦੀ ਬੂੰਦ ਧਰਤੀ ਨੂੰ ਭੇਟ ਕਰ ਕੇ ਹੀ ਗਿਲਾਸ ਮੂੰਹ ਨੂੰ ਲਾਉਂਦੇ ਨੇ। ਇਹ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ‘ਚੋਂ ਉਪਜਿਆ ਵਰਤਾਰਾ ਹੈ। ਗੁਰਪ੍ਰੀਤ ਘੁੱਗੀ ਦਾ ਲਿਖਿਆ ਤੇ ਜਸਬੀਰ ਜੱਸੀ ਦਾ ਗਾਇਆ ਗੀਤ ਹੁਣੇ ਹੀ ਮਾਰਕੀਟ ਵਿਚ ਆਇਆ। ਇਹ ਗੀਤ ਪੰਜਾਬ ਦੀ ਧਾਰਮਕ ਅਟੱਲਤਾ ਤੇ ਅਡੋਲਤਾ ਨੂੰ ਬੜੇ ਖੂਬਸੂਰਤ ਢੰਗ ਨਾਲ ਰੂਪਮਾਨ ਕਰਦਾ ਹੈ। ਇਸ ਦੇ ਬੋਲ ਹਨ: ‘ਜਿੱਥੇ ਜਪੁਜੀ ਦੇ ਜਾਪੁ ਨਾਲ ਚੜ੍ਹਦੇ ਸਵੇਰੇ,
ਮਿਟੀ ਨਾਨਕ ਦੇ ਪੈਰਾਂ ਵਾਲੀ ਖੁਸ਼ਬੋ ਬਖੇਰੇ,
ਰੰਗ ਰਹਿਰਾਸ ਵਾਲਾ ਚੜ੍ਹ ਜਾਂਦਾ ਸ਼ਾਮ ‘ਤੇ,
ਪੰਜਾਬ ਵਸਦਾ ਹੈ ਗੁਰਾਂ ਦੇ ਨਾਮ ‘ਤੇ।’
ਪੰਜਾਬ ਦਾ ਸੱਚ ਵੀ ਇਹੀ ਹੈ। ਪੰਜਾਬ ‘ਚ ਸਵੇਰੇ ਚਾਰ ਵਜੇ ਹਰ ਪਿੰਡ ਤੇ ਸ਼ਹਿਰ ਦੇ ਗੁਰਦਵਾਰੇ ਵਿਚ ਜੁਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਹੈ। ਹਰ ਕੰਮ ਸ਼ੁਰੂ ਕਰਨ ‘ਤੋਂ ਪਹਿਲਾਂ ਗੁਰੂ ਦਾ ਨਾਮ ਲੈਣਾ ਸਾਡੀ ਸਿਮਰਤੀ ਦਾ ਮੂਲ ਹੈ। ਅਜਿਹੇ ਸੂਬੇ ਵਿਚ ਧਰਮ ਦੇ ਖਿਲਾਫ ਖੜਾ ਹੋਣਾ ਵਿਚਾਰਧਾਰਕ ਖ਼ੁਦਕੁਸ਼ੀ ਨਹੀਂ ਸੀ ਤਾਂ ਹੋਰ ਕੀ ਸੀ। ਪਿਛਲੀ ਸਦੀ ਦੇ ਸੱਤਰਵੇਂ ਦਹਾਕੇ ਦੇ ਸ਼ੁਰੂ ‘ਚ ਪੰਜਾਬ ਨੂੰ ਲਾਲ ਰੰਗ ਚੜ ਗਿਆ ਸੀ। ਇਹ ਲਾਲ ਰੰਗ ਕਿਹੜੇ ਵੇਲੇ ਤੇ ਕਿਉਂ ਕੇਸਰੀ ਹੋ ਗਿਆ ਇਹ ਕਾਮਰੇਡਾਂ ਨੂੰ ਸਮਝ ਹੀ ਨਹੀਂ ਆਇਆ। ਅਸੀਂਵੇ ਦਹਾਕੇ ਦੇ ਸ਼ੁਰੂ ‘ਚ ਹੀ ਪੰਜਾਬ ‘ਚੋਂ ਕੇਸਰੀ ਭਾ ਮਾਰਨ ਲੱਗ ਪਈ ਸੀ ਤੇ ਲਾਲ ਫਰੇਰੇ ਦਾ ਰੰਗ ਤੇਜੀ ਨਾਲ ਫਿਟਣਾ ਸ਼ੁਰੂ ਹੋ ਗਿਆ ਸੀ। ਪੰਜਾਬ ਨੂੰ ਰੰਗ ਚੜ੍ਹਦੇ- ਉਤਰਦੇ ਰਹੇ ਨੇ, ਰਹਿਣੇ ਨੇ ਪਰ ਇਸ ‘ਚੋਂ ਧਰਮ ਕਦੇ ਵੀ ਮਨਫ਼ੀ ਨਹੀਂ ਹੋਣਾ। ਕਿਉਂਕਿ ਇਸ ਧਰਮ ਵਿਚ ਨਾਮ, ਕਿਰਤ ਤੇ ਵੰਡ ਛਕਣ ਨੂੰ ਵਡਿਆਇਆ ਗਿਆ ਤੇ ਭਾਈ ਲਾਲੋ ਇਸਦੀ ਰੂਹ ‘ਚ ਉਤਰਿਆ ਹੋਇਆ ਹੈ।
ਚੰਦਨ ਆਪਣੀ ਕਿਤਾਬ ‘ਚ ਲਿਖਦਾ ਹੈ ਕਿ ‘ਧਰਮ ਅਫੀਮ ਹੈ’ ਵਾਲੀ ਮਾਰਕਸ ਦੀ ਇਕੋ ਸਤਰ ਬਿਨਾ ਸਮਝੇ ਰਗੜ-ਰਗੜ ਕੇ ਕਮਿਊਨਿਸਟਾਂ ਨੇ ਮੁਲਕ ਵਿਚ ਰੱਬ ਤੇ ਧਰਮ ਨਾਲ ਵੈਰ ਸਹੇੜ ਲਿਆ। (ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰ ਕੇ ਝੋਨਾ ਲਾਉਣ ਵਾਲੀ ਗੱਲ ਅੰਮ੍ਰਿਤਸਰ ਵਿਚ ਤਰਨ ਤਾਰਨ ਦੇ ਕਿਸੇ ਪੰਜਾਬੀ ਕਮਿਊਨਿਸਟ ਬੁਲਾਰੇ ਨੇ ਹੀ ਕੀਤੀ ਸੀ) ਦੁਨੀਆ ਵਿਚ ਔਖਤੀ ਸਮਾਜਵਾਦ ਦੇ ਢਹਿ-ਢੇਰੀ ਹੋਣ ਦਾ ਵੱਡਾ ਕਰਨ ਧਰਮ ਨਾਲ ਲਾਇਆ ਵਾਧੂ ਆਢਾ ਸੀ। ਸਤਾਲਿਨਸ਼ਾਹੀ ਵੇਲੇ ਰੂਸ ਵਿਚ ਸੈਂਕੜੇ ਗਿਰਜੇ ਢਾਹੇ ਗਏ ਸਨ। ਹੁਣ ਮਾਓਵਾਦੀ ਤਿੱਬਤ ਵਿਚ ਛੇ ਹਜ਼ਾਰ ਤੋਂ ਵੱਧ ਬੋਧੀ ਮੰਦਿਰ ਢਾਹ ਚੁਕੇ ਹਨ।
ਸਵਰਾਜਬੀਰ ਨਾਲ ਕੀਤੀ ਮੁਲਾਕਾਤ ਵਿਚ ਇਕ ਹੋਰ ਸਵਾਲ ਦਾ ਜਬਾਬ ਦਿੰਦੇ ਹੋਏ ਚੰਦਨ ਕਹਿੰਦਾ ਹੈ: ‘ਸਾਰਾ ਕਾਮਰੇਡੀ ਸਾਹਿਤ ਇਸ ਗਲੋਂ ਅਵੇਸਲਾ ਰਿਹਾ ਕਿ ਪੰਜਾਬੀਅਤ ਦੇ ਤਿੰਨ ਮੁਖ ਸੋਮੇ ਹਨ: ਲੋਕਬਾਣੀ, ਸੂਫੀਬਾਣੀ ਤੇ ਗੁਰਬਾਣੀ। ਸੇਖੋਂ (ਸੰਤ ਸਿੰਘ) ਲੋਕਬਾਣੀ ਨੂੰ ਨਿਮਨ ਸਾਹਿਤ ਕਹਿੰਦਾ ਸੀ। ਜਨਾਬ ਪਾਸ਼ ਗੁਰਬਾਣੀ ਨੂੰ ‘ਸੂਡੋ ਰਹੱਸਵਾਦ’ ਆਂਹਦੇ ਸਨ ਤੇ ਸੂਫੀਬਾਣੀ ਮੁਸਲਮਾਨਾਂ ਦੀ ਲਿਖੀ ਹੋਣ ਕਰਕੇ ਅਸਾਂ ਕਿਤੇ ਪਾਸੇ ਰਖੀ ਛੱਡੀ ਸੀ। ਚੰਦਨ ਦਾ ਮੰਨਣਾ ਹੈ ਕਿ ‘ਅਨੰਤ ਬ੍ਰਹਿਮੰਡ ਗੁਰਬਾਣੀ ਦਾ ਜੁਗਰਾਫ਼ੀਆ ਹੈ…। ਇਸ ਵਿਚੋਂ ਜੀਆਘਾਤੀ, ਪੰਜਾਬਘਾਤੀ, ਪੰਥਘਾਤੀ, ਆਤਮਘਾਤੀ ਖਾਲਿਸਤਾਨ ਨਹੀਂ ਨਿਕਲਦਾ।’ ਉਹ ਕਹਿੰਦਾ ਹੈ ‘ਗੁਰਬਾਣੀ ਨਾਲ ਮੇਰਾ ਰਿਸ਼ਤਾ ਜਗਿਆਸੂ ਵਾਲਾ ਹੈ। ਮੈਂ ਨਿਤਨੇਮੀ ਨਹੀਂ। ਬਚਪਨ ਵਿਚ ਕੀਤਾ ਪਾਠ ਮਨ ਵਿਚ ਵਸਿਆ ਹੋਇਆ ਹੈ। ਰਚਨਹਾਰਿਆਂ ਨਾਲ ਉਡਾਰੀਆਂ ਲਾਉਣ ਦਾ ਆਪਣਾ ਆਨੰਦ ਹੈ। ਗੁਰਬਾਣੀ ਦੇ ਹਵਾਲੇ ਲੱਭਣੇ ਕੰਪਿਊਟਰ ਨੇ ਬੜੇ ਸੌਖੇ ਕਰ ਦਿਤੇ ਨੇ। ਭਾਈ ਕਾਨ੍ਹ ਸਿੰਘ ਦਾ ਵੀ ਬੜਾ ਆਸਰਾ ਹੈ।’
ਨਕਸਲਬਾੜੀ ਲਹਿਰ ਬਾਰੇ ਚੰਦਨ ਲਿਖਦਾ ਹੈ ਕਿ ‘ਪੰਜਾਬ ਵਿਚ ਨਕਸਲਬਾੜੀ ਲਹਿਰ ਚਾਰ-ਪੰਜ ਸਾਲ ਆਤਿਸ਼ਬਾਜੀ ਵਾਂਙ ਚਲੀ ਤੇ ਫਿਰ ਠੁਸ ਹੋ ਗਈ। ਮੇਰੇ ਕੋਈ ਇਕ ਸੌ ਸਾਥੀ ਸਰਕਾਰ ਨੇ ਫੜ੍ਹ-ਫੜ੍ਹ ਕੇ ਕਤਲ ਕਰ ਦਿਤੇ; ਏਨੇ-ਕੁ ਹੀ ਸਰਕਾਰੀ ਧਿਰ ਦੇ ਨਕਸਲੀਆਂ ਨੇ ਮਾਰੇ ਸਨ। ਸਾਨੂੰ ਅਜਾਂਈ ਦਿਤੀ ਕੁਰਬਾਨੀ ਦਾ ਉਦੋਂ ਹੀ ਗਿਆਨ ਹੋ ਗਿਆ ਸੀ। ਅਸੀਂ ਇਹਨੂੰ ਖੱਬੇ ਪੱਖੀ ਮਾਅਰਕੇਬਾਜੀ ਵੈਗਰਾ ਦੇ ਕਿਤਾਬੀ ਸਿਧਾਂਤਾਂ ‘ਤੇ ਪਰਖ ਕੇ ਸੱਚੇ ਹੋ ਲੈਂਦੇ ਸੀ। ਪਰ ਦੋ ਦਹਾਕਿਆਂ ਬਾਅਦ ਇਹ ਜੋ ਸਮਾਜਵਾਦ ਸਫ਼ੀਨਾ ਹੀ ਡੁੱਬ ਗਿਆ ਹੈ, ਇਸਨੂੰ ਕਿਤਾਬਾਂ ਕੀ ਤਾਰ ਸਕਣਗੀਆਂ?’
ਨਕਸਲਬਾੜੀ ਲਹਿਰ ਬਾਰੇ ਚੰਦਨ ਇਕ ਹੋਰ ਵਿਅੰਗਮਈ ਪਰ ਅਰਥ ਭਰਭੂਰ ਟਿਪਣੀ ਕਰਦਾ ਹੈ: ‘ਪੰਜਾਬੀ ਲਿਖਾਰੀ ਢਾਡੀਆਂ ਵਾਂਙੂੰ ਸੂਰਮਿਆਂ ਦੀ ਸ਼ਹੀਦੀ, ਹਕੂਮਤੀ ਜ਼ੁਲਮ ਦੀਆਂ ਵਾਰਾਂ ਗਾ ਕੇ ਪਾਠਕ ਨੂੰ ਪੈਂਦੀ ਸਟੇ ਜਜ਼ਬਾਤੀ ਕਰ ਲੈਂਦੇ ਨੇ। ਕੋਈ ਇਹ ਸਵਾਲ ਨਹੀਂ ਪੁੱਛਦਾ ਕਿ ਬੰਗਾਲੋਂ ਪੰਜਾਬ
‘ਚ ਧੂਹ ਕੇ ਲਿਆਂਦੀ ਨਕਸਲੀ ਲਹਿਰ ਦਾ ਮਕਸਦ ਕੀ ਸੀ? ਪੰਜਾਬ ‘ਚ ਕਿਹੜੀ ਜਾਗੀਰਦਾਰੀ ਸੀ, ਜਿਹਨੂੰ ਇਹ ਮਾਰਨ ਤੁਰੇ ਸੀ। ਪੰਜਾਬ ‘ਚ ਦਮ ਤਾਂ ਕਮਿਊਨਿਸਟ ਲਹਿਰ ਸਨਅਤੀ ਮਜਦੂਰਾਂ ਦਾ ਭਰਦੀ ਰਹੀ ਹੈ, ਪਰ ਇਹਦਾ ਸਾਰਾ ਦਾਰੋ-ਮਦਾਰ ਖਾਂਦੇ-ਪੀਂਦੇ ਜੱਟ ਹੀ ਰਹੇ। ਮੈਨੂੰ ਇਹ ਸਵਾਲ ਦਾ ਜਵਾਬ ਅਜੇ ਤਕ ਕਿਤਿਓਂ ਨਹੀਂ ਮਿਲਿਆ ਕਿ ਪੰਜਾਬ ਦਾ ਜੱਟ ਕਮਿਊਨਿਸਟਾਂ ਦੇ ਪਿੱਛੇ ਕਿਉਂ ਲੱਗਿਆ? ਕਮਿਊਨਿਜ਼ਮ ਤਾਂ ਉਹ ਨਿਜ਼ਾਮ ਹੈ, ਜਿਹਨੇ ਜੱਟ ਕੋਲੋਂ ਜਮੀਨ ਖੋਹਣੀ ਹੈ ਤੇ ਉਹਦਾ ਰੱਬ ਵੀ।’
ਉਹ ਅਗੇ ਕਹਿੰਦਾ ਹੈ: ਲੋਕਾਂ ਦਾ ਨਾਂ ਲੈ ਕੇ ਚਲਾਈ ਇਹ ਲਹਿਰ ਨਾ ਮਾਰਕਸੀ ਸੀ ਤੇ ਨਾ ਲੈਨਿਨੀ। ਇਹ ਰੂਸ ਦੀ 19ਵੀਂ ਸਦੀ ਦੇ ਅਖੀਰ ‘ਚ ਚਲੀ ਦਹਿਸ਼ਤਗਰਦ ਨਰੋਦਿਨਕ ਲਹਿਰ ਦਾ ਚਰਬਾ ਸੀ। ਇਸ ਲਹਿਰ ਦੇ ਡੰਗਿਆਂ ਹੋਇਆਂ ਨੇ ਸਾਹਿਤ-ਪਿਤਾਮਾ ਗੁਰਬਖਸ਼ ਸਿੰਘ ਤੇ ਨਵੇਂ ਪੰਜਾਬ ਦੇ ਉਸਰਈਏ ਮਹਿੰਦਰ ਸਿੰਘ ਰੰਧਾਵਾ ਨੂੰ ਕਤਲ ਕਰਨ ਦਾ ਸੋਚਿਆ ਸੀ। ਇਨ੍ਹਾਂ ਦੀਆਂ ਨਜਰਾਂ ‘ਚ ਪ੍ਰੀਤ ਲੜੀ ‘ਸੋਵੀਅਤ ਸਮਾਜਿਕ-ਸਾਮਰਾਜ ਦਾ ਧੂਤੂ ਤੇ ਰੰਧਾਵਾ ਅਮਰੀਕੀ ਏਜੇਂਟ ਸੀ। ਰੰਧਾਵਾ, ਜੋ ਬਾਅਦ ਵਿਚ ‘ਦੀ ਟ੍ਰਿਬਿਊਨ ਟ੍ਰਸੱਟ’ ਦਾ ਚੇਅਰਮੈਨ ਬਣਿਆ, ਨੂੰ ਨਕਸਲੀਆਂ ‘ਤੋਂ ਬਚਾਉਣ ‘ਚ ਹਰਭਜਨ ਹਲਵਾਰਵੀ ਨੇ ਅਹਿਮ ਭੂਮਿਕਾ ਨਿਭਾਈ। ਹਲਵਾਰਵੀ ਬਾਅਦ ਚ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਬਣਿਆ।
ਆਪਣੇ ਨਕਸਲਬਾੜੀ ਲਹਿਰ ‘ਚ ਸ਼ਾਮਿਲ ਹੋਣ ਬਾਰੇ ਚੰਦਨ ਲਿਖਦਾ ਹੈ: ‘1968 ਦਾ ਸਾਲ ਸੀ। ਵੀਅਤਨਾਮ ਦੀ ਜੰਗ ਸਿਖਰ ‘ਤੇ ਸੀ। ਦੁਨੀਆ ਭਰ ਦੀ ਕਮਿਊਨਿਸਟ ਲਹਿਰ ਅਨੋਖੇ ਆਸ਼ਾਵਾਦ ਨਾਲ ਭਰੀ ਪਈ ਸੀ। ਬੰਗਾਲ ਵਿਚ ਨਕਸਲਬਾੜੀ ਲਹਿਰ ਚਲ ਪਈ ਸੀ। ਪੰਜਾਬੀ ਨੌਜਵਾਨ ਉਤਾਵਲੇ ਸਨ ਕਿ ਪੰਜਾਬ ‘ਚ ਐਸਾ ਕੁਝ ਕਿਉਂ ਨਹੀਂ ਹੋ ਰਿਹਾ? ਉਨ੍ਹਾਂ ਨੇ ਇਹ ਲਹਿਰ ਧੂਹ ਕੇ ਪੰਜਾਬ ਵਿਚ ਲੈ ਆਂਦੀ। ਮੈਂ ਸਿਆਸੀ ਨਹੀਂ; ਸਾਹਤਿਕ ਜੀਵ ਹਾਂ। ਮੈਂ ਸਾਹਿਤ ਵਿਚ ਕੋਈ ਮਾਅਰਕਾ ਮਾਰਨ ਲਈ ਉਤਾਵਲਾ ਸੀ ਤੇ ਇਸ ਲਈ ਨਕਸਲੀਆਂ ਦੀ ਪਾਰਟੀ ‘ਚ ਰਲਣਾ ਜਰੂਰੀ ਸੀ। ਚਾਰੂ ਮਜੂਮਦਾਰ ਨੇ ਇਨਕਲਾਬ ਦਾ ਸੰਨ 1975 ਦਾ ਸਾਹਾ ਬੰਨ੍ਹ ਦਿੱਤਾ ਸੀ।’
ਚੰਦਨ ਦਾ ਭਾਵ ਹੈ ਕਿ ਉਸਨੇ (ਚਾਰੂ) ਐਲਾਨ ਕਰ ਦਿੱਤਾ ਸੀ ਕਿ ਦੇਸ਼ ਵਿਚ 1975 ‘ਚ ਇਨਕਲਾਬ ਆ ਜਾਵੇਗਾ। ਖੈਰ ਇਨਕਲਾਬ ਤਾਂ ਕੀ ਆਉਣਾ ਸੀ। ਇਨਕਲਾਬ ਦੀ ਪ੍ਰਾਪਤੀ ਲਈ ਲੜ ਰਹੀ ਕਮਿਊਨਿਸਟ ਲਹਿਰ ਹੀ ਖੱਖੜੀਆਂ-ਕਰੇਲੇ ਹੋ ਗਈ। ਏਨੇ ਧੜੇ ਬਣ ਗਏ ਕਿ ਗਿਣਤੀ ਕਰਨੀ ਮੁਸ਼ਕਲ ਹੋ ਗਈ। ਕੁਝ ਰੂਸ ਦੀ ਝੋਲੀ ‘ਚ ਤੇ ਕੁਝ ਚੀਨ ਦੀ ਵਿਚ ਪੈ ਗਏ। ਕੁਝ ਸਾਲਾਂ ਬਾਅਦ ਭਾਣਾ ਇਹ ਵਾਪਰਿਆ ਕਿ ਰੂਸ ਵਰਗੇ ਦੇਸ਼, ਜਿਸ ਨੇ ਸੰਸਾਰ ‘ਚ ਇਨਕæਲਾਬ ਦੀ ਮੋੜੀ ਗੱਡੀ ਸੀ, ਵਿਚ ਵੀ ਲੈਨਿਨ ਵਰਗੇ ਇਨਕਲਾਬੀਆਂ ਦੇ ਬੁਤਾਂ ਨੂੰ ਬੜੀ ਬੇਰਹਿਮੀ ਨਾਲ ਬੇਅਦਬ ਕੀਤਾ ਗਿਆ ਸੀ। ਅਖੌਤੀ ਸਮਾਜਵਾਦ ‘ਤੋਂ ਤੰਗ ਆਏ ਜਨ ਸਮੂਹਾਂ ਨੇ ਉਨ੍ਹਾਂ ਦਾ ਨਾਮੋਂ-ਨਿਸ਼ਾਨ ਮਿਟਾ ਦਿੱਤਾ ਸੀ। ਮਾਰਕਸੀ ਤੇ ਇਨਕਲਾਬੀ ਸਾਹਿਤ ਨਾਲ ਭਰੀਆਂ ਲਾਇਬ੍ਰੇਰੀਆਂ ਨੂੰ ਅੱਗਾਂ ਲਗਾ ਦਿਤੀਆਂ ਸਨ। ਚੀਨ, ਜੋ ਭਾਰਤ ਵਿਚ ਨਕਸਲਬਾੜੀ ਲਹਿਰ ਦਾ ਪ੍ਰੇਰਨਾ ਸਰੋਤ ਰਿਹਾ ਸੀ, ਨੇ ਪੂੰਜੀਵਾਦੀ ਆਰਥਿਕਤਾ ਦਾ ਰਾਹ ਫੜ੍ਹ ਲਿਆ। ਜਿੱਡਾ ਵੱਡਾ ਤੂਫ਼ਾਨ ਇਕ ਸਦੀ ਪਹਿਲਾਂ ਇਨਕਲਾਬ ਦੇ ਹੱਕ ‘ਚ ਆਇਆ ਸੀ ਤੇ ਜਿਸਨੇ ਦੁਨੀਆ ਭਰ ਦੇ ਮਜਦੂਰਾਂ, ਕਾਮਿਆਂ ਤੇ ਮਿਹਨਤਕਸ਼ਾਂ ਅੰਦਰ ਗੌਰਵਮਈ ਜੀਵਨ ਜਿਉਣ ਦੀ ਉਮੀਦ ਨੂੰ ਜਾਗ੍ਰਿਤ ਕੀਤਾ ਸੀ, ਉਸਤੋਂ ਵੱਡਾ ਤੂਫ਼ਾਨ ਇਸਦੇ ਖਿਲਾਫ ਸਮਾਜਵਾਦੀ ਦੇਸ਼ਾ ਵਿਚ ਪਿਛਲੀ ਸਦੀ ਦੇ ਨੱਬੇਵਿਆਂ ‘ਚ ਆਇਆ ਤੇ ਇਸ ਵਿਵਸਥਾ ਨੂੰ ਤਹਿਸ-ਨਹਿਸ ਕਰ ਗਿਆ। ਵਿਵਸਥਾ ਭਾਵੇਂ ਖ਼ਤਮ ਹੋ ਗਈ ਪਰ ਸਮਾਜਵਾਦੀ ਵਿਚਾਰਧਾਰਾ ਅਜੇ ਜਿਉਂਦੀ ਹੈ। ਇਸਦੇ ਖੈਰ-ਖੁਆਹ ਅਜੇ ਵੀ ਹਨ ਪਰ ਕਲਿਆਣਕਾਰੀ ਰਾਜ ਦੇ ਭੇਸ ‘ਚ ਪਸਰਿਆ ਨਵਪੂੰਜੀਵਾਦ ਇਸਦੇ ਪੈਰ ਨਹੀਂ ਲੱਗਣ ਦਿੰਦਾ।
ਕਿਤਾਬ ‘ਚ ਚੰਦਨ ਲਿਖਦਾ ਹੈ: ਮੈਨੂੰ ਤੇ ਪਾਸ਼ ਨੂੰ ਘਰੋਂ ਪੁੱਟਣ ਲਈ ਕਿਸੇ ਹਿਟਮੈਨ ਲੀਡਰ ਨੇ ਨਕੋਦਰ ਵਿਚ ਨਹੱਕਾ ਕਤਲ ਕਰ ਦਿੱਤਾ। ਪਾਸ਼ ਘਰੋਂ ਫੜਿਆ ਗਿਆ ਤੇ ਮੈਂ ਬਚ ਨਿਕਲਿਆ। ਪਾਸ਼ ‘ਤੇ ਕਤਲ ਪੈ ਗਿਆ ਤੇ ਮੇਰੇ ਤੇ ਗੈਰ ਕਾਨੂੰਨੀ ਸਾਹਿਤ ਛਾਪਣ ਦੀ ਦਫ਼ਾ ਦੇ ਵਾਰੰਟ ਨਿਕਲ ਗਏ ਅਤੇ ਮਗਰੋਂ ਇਸ਼ਤਿਹਾਰੀ ਮੁਲਜ਼ਮ (ਪੀ.ਓ.) ਵਾਲਾ ਇਨਾਮ ਵੀ ਰੱਖਿਆ ਗਿਆ। ਰੂਪੋਸ਼ ਹੋਏ ਚੰਦਨ ਦੇ ਠਹਿਰਨ ਦਾ ਇੰਤਜਾਮ ਪ੍ਰੇਮ ਪ੍ਰਕਾਸ਼ ਖੰਨਵੀ ਨੇ ਜਲੰਧਰ ਆਪਣੇ ਮਕਾਨ ‘ਚ ਕਰ ਦਿਤਾ ਸੀ। ਉਥੇ ਰਹਿ ਕੇ ਚੰਦਨ ਦਸਤਾਵੇਜ (ਨਕਸਲਬਾੜੀ ਲਹਿਰ ਨਾਲ ਸੰਬੰਧਿਤ ਮੈਗਜ਼ੀਨ) ਕੱਢਦਾ ਸੀ। ਖੰਨਵੀ ਸੁਰਜੀਤ ਹਾਂਸ ਵੱਲੋਂ ਭੇਜੇ ਪੈਸਿਆਂ ਨਾਲ ‘ਲਕੀਰ’ ਪਰਚਾ ਕੱਢਣ ਲਗ ਪਿਆ। ਚੰਦਨ ਨੇ ਲਾਲ ਸਿੰਘ ਦਿਲ ਦੀ ਕਿਤਾਬ ਸਤਲੁਜ ਦੇ ਹਵਾ ਛਪਾਉਣ ਲਈ ਚਾਰ ਸੌ ਰੁਪਏ ਦਾ ਇੰਤਜ਼ਾਮ ਕਰਕੇ ਦਿੱਤਾ।
ਚੰਦਨ ਅੰਮ੍ਰਿਤਸਰ ਉਸ ਸਮੇਂ ਫੜਿਆ ਗਿਆ ਜਦੋਂ ਉਹ ਉੱਚ ਦੁਲੰਮੜੇ ਕਥਾਕਾਰ ਵਰਿਆਮ ਸੰਧੂ ਦੀ ਪਹਿਲੀ ਕਿਤਾਬ ‘ਲੋਹੇ ਦੇ ਹੱਥ’ ਦਾ ਪਰੂਫ ਪੜ੍ਹ ਕੇ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਫੜ੍ਹਾਉਣ ਗਿਆ ਸੀ। ਉਸ ‘ਤੇ ਤਸ਼ੱਦਦ ਹੋਇਆ। ਦੋ ਸਾਲ ਅੰਮ੍ਰਿਤਸਰ ਜੇਲ੍ਹ ਦੀ ਚੱਕੀ ‘ਚ ਬੰਦ ਰਿਹਾ। ਉਸਦੀਆਂ ਬੇੜੀਆਂ ਜੇਲ੍ਹ ਵਿਚ ਡੇਢ ਸਾਲ ਬਾਅਦ ਖੋਲੀਆਂ ਗਈਆਂ। ਜਦੋਂ ਉਹਦੀਆਂ ਬੇੜੀਆਂ ਖੋਲ੍ਹੀਆਂ ਜਾ ਰਹੀਆਂ ਸਨ। ਉਨ੍ਹਾਂ ਪਲਾਂ ਦਾ ਕਿਤਾਬ ‘ਚ ਚੰਦਨ ਵਲੋਂ ਕੀਤਾ ਜ਼ਿਕਰ ਆਲੇ-ਦੁਵਾਲੇ ਰੂਹਾਨੀ ਖੁਸ਼ਬੋਈ ਬਖੇਰ ਦਿੰਦਾ ਹੈ। ਲੱਗਦੈ, ਜੇਲ੍ਹ ਦੇ ਆਪਣੇ ਅਤੀ ਦਰਦੀਲੇ ਅਨੁਭਵ ਕਰਕੇ ਉਸਨੇ ਗੋਰਕੀ ਦੀ ਕਾਲ ਕੋਠੜੀ ਦੇਖਣ ਤੋਂ ਬਾਅਦ ਲਿਖਿਆ: ਜੇਲ੍ਹਖਾਨੇ ਧਰਤੀ ਦੇ ਸੀਨੇ ‘ਤੇ ਰਿਸ਼ਦੇ ਘਾਓ ਹਨ। ਇਹ ਦੁਨੀਆਂ ਦੀ ਸਭ ‘ਤੋਂ ਅਨ੍ਹੇਰੀ ਥਾਂ ਹੈ। ਏਕਾਂਤ ਕੈਦ ‘ਤੋਂ ਮਾੜੀ ਹੋਰ ਕੋਈ ਸਜ਼ਾ ਨਹੀਂ ਹੁੰਦੀ। ਇਹ ਸਰੀਰ ‘ਤੇ ਨਹੀਂ, ਮਨ ‘ਤੇ ਵੀ ਮਾਰ ਕਰਦੀ ਹੈ…ਏਕਾਂਤ ਕੈਦ ਬੰਦੇ ਨੂੰ ਸਹਿਕਣ ਜੋਗਾ ਹੀ ਛੱਡਦੀ ਹੈ। ਏਨਾ ਜ਼ਬਰ ਤਾਂ ਜਾਨਵਰ ਵੀ ਆਪਣੀ ਨਸਲ ‘ਤੇ ਨਹੀਂ ਕਰਦੇ। ਆਪਣੀ ਜੇਲ੍ਹ ਯਾਤਰਾ ਬਾਰੇ ਚੰਦਨ ਕਿਤਾਬ ‘ਚ ਇਕ ਪੂਰਾ ਅਧਿਆਏ ‘ਕੰਧਾਂ’ ਸ਼ਾਮਿਲ ਕੀਤਾ ਹੈ। ਕਿਤਾਬ ‘ਚ ਜੇਲ੍ਹ ਵਿਚੋਂ ਰਿਹਾਈ ਦਾ ਜ਼ਿਕਰ ਬਹੁਤ ਹੀ ਕਰੁਣਾਮਈ ਹੈ। ਉਸਨੂੰ ਕੋਈ ਲੈਣ ਨਹੀਂ ਆਇਆ। ਉਹ ਲਿਖਦਾ ਹੈ: ‘ਮੇਰੀ ਰਿਹਾਈ 13 ਅਗਸਤ 1973 ਵਾਲੇ ਦਿਨ ਹੋਈ ਸੀ। ਬਾਹਰ ਆ ਕੇ ਐਂ ਲੱਗਿਆ, ਜਿਦਾਂ ਪਾਣੀ ‘ਤੇ ਤੁਰਿਆ ਜਾਂਦਾਂ। ਮਈ 1980 ਜਰਮਨੀ ਆਉਣ ਤੱਕ ਸਤ ਸਾਲ ਔਖੇ ਨਿਕਲੇ ਸੀ।
ਕਿਤਾਬ ‘ਚ ਕਈ ਹੋਰ ਅਹਿਮ ਖੁਲਾਸੇ ਵੀ ਹਨ। ਇਸ ਵਿਚ ਇਕ ਵੀ ਲਾਈਨ ਬੇਮਤਲਬੀ ਨਹੀਂ। ਇਸ ਕਿਤਾਬ ਦਾ ਸੰਬੰਧ ਅਜੋਕੇ ਪੰਜਾਬ ਦੇ ਇਤਿਹਾਸ ਦੇ ਇਕ ਅਹਿਮ ਪੜ੍ਹਾਅ ਨਾਲ ਹੈ। ਇਹ ਇਕ ਤਰ੍ਹਾਂ ਨਾਲ ਇਕਬਾਲੀਆ ਬਿਆਨ ਦੇ ਨਾਲ ਨਾਲ ਇਤਿਹਾਸਕ ਦਸਤਾਵੇਜ ਵੀ ਹੈ।
ਫੋਨ: 98141-23338
