ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ

ਚੰਡੀਗੜ੍ਹ:ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਵਰਕਿੰਗ ਕਮੇਟੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਪਾਰਟੀ 12 ਅਪ੍ਰੈਲ ਨੂੰ ਸਵੇਰੇ ਗਿਆਰਾਂ ਵਜੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਨਵੇਂ ਪ੍ਰਧਾਨ ਦੀ ਚੋਣ ਲਈ ਆਪਣਾ ਜਨਰਲ ਡੈਲੀਗੇਟ ਇਜਲਾਸ ਕਰੇਗੀ। ਇਸੇ ਦਿਨ ਨਵੀਂ ਵਰਕਿੰਗ ਕਮੇਟੀ ਅਤੇ ਅਕਾਲੀ ਦਲ ਦੇ ਹੋਰ ਅਹੁਦੇਦਾਰ ਵੀ ਚੁਣੇ ਜਾਣਗੇ।

ਇਹ ਫੈਸਲਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਵਿਸਾਖੀ ਮੌਕੇ 13 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਖੇ ਸਿਆਸੀ ਕਾਨਫਰੰਸ ਕੀਤੀ ਜਾਵੇਗੀ। ਇਸ ਮੀਟਿੰਗ ਤੋਂ ਪਹਿਲਾਂ ਮੰਗਲਵਾਰ ਸਵੇਰ ਦੀਆਂ ਅਖ਼ਬਾਰਾਂ ਵਿੱਚ ਇਹ ਰਿਪੋਰਟਾਂ ਛਪੀਆਂ ਹਨ ਕਿ ਸੁਖਬੀਰ ਸਿੰਘ ਬਾਦਲ ਦਾ ਮੁੜ ਪ੍ਰਧਾਨ ਬਣਨਾ ਲਗਪਗ ਤੈਅ ਹੈ। ਪਾਰਟੀ ਨੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਹੈ। ਜ਼ਿਲ੍ਹਾ ਡੈਲੀਗੇਟ ਨੇ ਪ੍ਰਧਾਨ ਦੀ ਚੋਣ ਸਬੰਧੀ ਸਾਰੇ ਅਧਿਕਾਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪ ਦਿੱਤੇ ਹਨ।
ਨਵੇਂ ਪ੍ਰਧਾਨ ਦਾ ਤਾਜ ਸੁਖਬੀਰ ਬਾਦਲ ਦੇ ਸਿਰ ‘ਤੇ ਸਜਾਉਣ ਲਈ ਸਾਰੀ ਪ੍ਰਕਿਰਿਆ ਕਰੀਬ ਪੂਰੀ ਹੋ ਚੁੱਕੀ ਹੈ। ਸਿਰਫ਼ ਰਸਮੀ ਐਲਾਨ ਬਾਕੀ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਮੰਗਲਵਾਰ ਬਾਅਦ ਦੁਪਹਿਰ ਦੋ ਵਜੇ ਹੋਈ, ਜਿਸ ਵਿਚ ਡੈਲੀਗੇਟ ਅਤੇ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਤਰੀਕ ਨੂੰ ਅੰਤਮ ਰੂਪ ਦਿੱਤਾ ਗਿਆ। ਹਰੇਕ ਜ਼ਿਲ੍ਹੇ, ਵਿਧਾਨ ਸਭਾ ਹਲਕੇ ਵਿਚੋਂ ਚਾਰ ਡੈਲੀਗੇਟ ਸਟੇਟ ਲਈ ਚੁਣਨ ਦਾ ਫ਼ੈਸਲਾ ਲਿਆ ਗਿਆ ਹੈ। ਇਹ ਸਟੇਟ ਡੈਲੀਗੇਟ ਪਾਰਟੀ ਦੇ ਪ੍ਰਧਾਨ ਚੁਣਨਗੇ।
ਚਰਚਾ ਹੈ ਕਿ ਵਿਸਾਖੀ ਤੋਂ ਪਹਿਲਾਂ ਚੋਣ ਪ੍ਰਕਿਰਿਆ ਪੂਰੀ ਕਰਨ ਦਾ ਫੈਸਲਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਹੋਣ ਵਾਲੀ ਕਾਨਫਰੰਸ ਵਿਚ ਪਾਰਟੀ ਦੇ ਨਵੇਂ ਪ੍ਰਧਾਨ ਨੂੰ ਲੋਕਾਂ ਦੇ ਰੂਬਰੂ ਕੀਤਾ ਜਾ ਸਕੇ। ਵਿਸਾਖੀ ਕਾਨਫਰੰਸ ਅਕਾਲੀ ਸਿਆਸਤ ਵਿਚ ਕਾਫ਼ੀ ਮਹੱਤਵ ਰੱਖਦੀ ਹੈ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰਧਾਨ ਦੀ ਚੋਣ ਕਰਵਾਉਣ ਬਾਰੇ ਫ਼ੈਸਲਾ ਲਿਆ ਗਿਆ ਹੈ।