ਟਰੰਪ ਨੇ ਬਾਜ਼ਾਰ ਦੀ ਮੰਦੀ ਨੂੰ ‘ਦਵਾਈ` ਦਾ ਅਸਰ ਦੱਸਿਆ

ਨਵੀਂ ਦਿੱਲੀ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨੇ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਵੇਰੇ ਨੌਂ ਵਜੇ ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਕੁਝ ਸਕਿੰਟਾਂ ‘ਚ ਨਿਵੇਸ਼ਕਾਂ ਦੇ 20 ਲੱਖ ਕਰੋੜ ਡੁੱਬ ਗਏ।

ਟਰੰਪ ਦੇ ਟੈਰਿਫ ਦੇ ਡਰ ਨਾਲ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ ਸੈਂਸੇਕਸ ਕਾਰੋਬਾਰੀ ਦਿਨ ਦੌਰਾਨ 3,940 ਤੇ ਨਿਫਟੀ 1,160 ਅੰਕ ਤੋਂ ਜ਼ਿਆਦਾ ਡਿੱਗ ਕੇ ਖੁੱਲ੍ਹੇ। ਸਾਰਾ ਦਿਨ ਚੱਲੇ ਉਤਰਾਅ-ਚੜ੍ਹਾਅ ਦਰਮਿਆਨ ਬਾਜ਼ਾਰ ਬੰਦ ਹੋਣ ਤੱਕ ਇਸ ਵਿਚ ਕੁਝ ਸੁਧਾਰ ਦਿਸਿਆ। ਸੈਂਸੇਕਸ ਕਾਰੋਬਾਰੀ ਦਿਨ ਦੌਰਾਨ 5.22 ਫ਼ੀਸਦੀ ਅੰਕਾਂ ਦੀ ਵੱਡੀ ਗਿਰਾਵਟ ਦੇਖਣ ਦੇ ਬਾਅਦ ਆਖਰ 2,227 ਅੰਕ (2.95 ਫ਼ੀਸਦੀ) ਡਿੱਗ ਕੇ 71,138 ਅੰਕਾਂ ‘ਤੇ ਬੰਦ ਹੋਇਆ।
ਵਾਸ਼ਿੰਗਟਨ ਤੋਂ ਖਬਰ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵੱਡੇ ਪੱਧਰ ‘ਤੇ ਯੋਜਨਾਵਾਂ ਨੇ ਸੋਮਵਾਰ ਨੂੰ ਆਲਮੀ ਵਿੱਤੀ ਬਾਜ਼ਾਰਾਂ ਨੂੰ ਪ੍ਰਭਾਵਿਤ ਕੀਤਾ। ਟਰੰਪ ਨੇ ਵਿੱਤੀ ਬਾਜ਼ਾਰਾਂ ‘ਚ ਭਾਰੀ ਉਥਲ-ਪੁਥਲ ਨੂੰ “ਦਵਾਈ“ ਦਾ ਅਸਰ ਕਰਾਰ ਦਿੱਤਾ ਹੈ। ਉਨ੍ਹਾਂ ਵਿਦੇਸ਼ੀ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਇਨ੍ਹਾਂ ਟੈਕਸਾਂ ਨੂੰ ਹਟਾਉਣ ਲਈ ਬਹੁਤ ਸਾਰਾ ਪੈਸਾ ਦੇਣਾ ਹੋਵੇਗਾ। ਏਸ਼ਿਆਈ ਸ਼ੇਅਰ ਬਾਜ਼ਾਰ ਡੁੱਬ ਗਏ, ਯੂਰਪੀ ਸ਼ੇਅਰ ਬਾਜ਼ਾਰ 16 ਮਹੀਨੇ ਦੇ ਹੇਠਲੇ ਪੱਧਰ ‘ਤੇ ਆ ਗਏ ਤੇ ਤੇਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆਈ। ਨਿਵੇਸ਼ਕਾਂ ਨੂੰ ਡਰ ਹੈ ਕਿ ਟਰੰਪ ਵੱਲੋਂ ਪਿਛਲੇ ਹਫਤੇ ਐਲਾਨੇ ਟੈਕਸਾਂ ਕਾਰਨ ਕੀਮਤਾਂ ਵੱਧ ਸਕਦੀਆਂ ਹਨ, ਮੰਗ ਕਮਜ਼ੋਰ ਹੋ ਸਕਦੀ ਹੈ ਤੇ ਆਲਮੀ ਮੰਦੀ ਦਾ ਖ਼ਦਸ਼ਾ ਡੂੰਘਾ ਹੋ ਸਕਦਾ ਹੈ। ਐਤਵਾਰ ਨੂੰ ਏਅਰ ਫੋਰਸ ਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਘਾਟੇ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸਨੇ ਆਲਮੀ ਸ਼ੇਅਰ ਬਾਜ਼ਾਰਾਂ ‘ਚ ਖ਼ਰਬਾਂ ਡਾਲਰਾਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਕੁਝ ਵੀ ਡਿੱਗੇ ਪਰ ਕਦੀ-ਕਦੀ ਤੁਹਾਨੂੰ ਸਭ ਕੁਝ ਠੀਕ ਕਰਨ ਲਈ ਦਵਾਈ ਲੈਣੀ ਪੈਂਦੀ ਹੈ। ਮੈਂ ਹਫਤੇ ਦੇ ਅੰਤ ‘ਚ ਯੂਰਪ ਤੇ ਏਸ਼ੀਆ ਦੇ ਨੇਤਾਵਾਂ ਨਾਲ ਗੱਲ ਕੀਤੀ ਸੀ, ਜੋ ਮੈਨੂੰ ਟੈਰਿਫ ਨੂੰ ਘੱਟ ਕਰਨ ਲਈ ਮਨਾਉਣ ਦੀ ਉਮੀਦ ਕਰ ਰਹੇ ਹਨ। ਟਰੰਪ ਲਗਾਤਾਰ ਆਪਣੀ ਗੱਲ ‘ਤੇ ਅੜੇ ਰਹੇ। ਚੀਨ ਨੇ ਅਮਰੀਕਾ ‘ਤੇ ਟੈਰਿਫ਼ ਨੂੰ ਲੈ ਕੇ ਇਕਪਾਸੜ ਕਦਮ ਚੁੱਕਣ, ਸੁਰੱਖਿਆਵਾਦ ਤੇ ਆਰਥਿਕ ਬਦਮਾਸ਼ੀ ਦਾ ਦੋਸ਼ ਲਗਾਇਆ ਤੇ ਟੈਸਲਾ ਸਮੇਤ ਅਮਰੀਕੀ ਕੰਪਨੀਆਂ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਠੋਸ ਕਾਰਵਾਈ ਕਰਨ ਦਾ ਸੱਦਾ ਦਿੱਤਾ।